ਹੁਸ਼ਿਆਰਪੁਰ ,(ਕੁਲਦੀਪ ਚੁੰਬਰ) (ਸਮਾਜ ਵੀਕਲੀ)- ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਅਨਿਨ ਸੇਵਕ ਬਾਬਾ ਸਾਹਿਬ ਦਿਆਲ ਜੀ ਦੇ ਤਪ ਅਸਥਾਨ ਕੋਠੜੀ ਸਾਹਿਬ ਜੀ ਦੇ ਨਵੇਂ ਦਰਬਾਰ ਸਾਹਿਬ ਦਾ ਨੀਂਹ ਪੱਥਰ ਵੱਖ ਵੱਖ ਮਹਾਂਪੁਰਸ਼ਾਂ ਵੱਲੋਂ ਸਮੁੱਚੀਆਂ ਧਾਰਮਿਕ ਰਸਮਾਂ ਅਦਾ ਕਰਨ ਉਪਰੰਤ ਪਿੰਡ ਮਜਾਰਾ ਰਾਜਾ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰਦਿਆਂ ਦਰਬਾਰ ਨੂੰ ਸੱਜਦਾ ਸਲਾਮ ਕੀਤਾ ।
ਇਸ ਤੋਂ ਪਹਿਲਾਂ ਦਰਬਾਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਰੱਬੀ ਬਾਣੀ ਦਾ ਇਲਾਹੀ ਕੀਰਤਨ ਗਾਇਨ ਕੀਤਾ ਗਿਆ । ਇਲਾਕੇ ਦੇ ਪਰਮ ਪੂਜਨੀਕ ਸੰਤ ਮਹਾਂਪੁਰਸ਼ਾਂ ਨੇ ਆਪਣੇ ਕਰ ਕਮਲਾਂ ਨਾਲ ਬਾਬਾ ਸਾਹਿਬ ਦਿਆਲ ਜੀ ਦੇ ਤਪ ਅਸਥਾਨ ਦੇ ਨੀਂਹ ਪੱਥਰ ਤੇ ਪੰਜ ਇੱਟਾਂ ਆਪਣੇ ਕਰ ਕਮਲਾਂ ਨਾਲ ਰੱਖੀਆਂ ਅਤੇ ਅਰਦਾਸ ਬੇਨਤੀ ਕਰਕੇ ਸੁੰਦਰ ਮਹਿਲ ਉਸਾਰੇ ਜਾਣ ਦੀ ਮਹਾਂਪੁਰਸ਼ਾਂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ।
ਇਸ ਮੌਕੇ ਮਹਾਂਪੁਰਸ਼ਾਂ ਦਾ ਸਨਮਾਨ ਸਤਿਕਾਰ ਕੀਤਾ ਗਿਆ । ਇਸ ਰਸਮ ਮੌਕੇ ਐੱਸਐੱਸਪੀ ਸ. ਕੁਲਵੰਤ ਸਿੰਘ ਹੀਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਸਬੰਧੀ ਤਾਜ ਫ਼ਿਲਮ ਪ੍ਰੋਡਕਸ਼ਨ ਦੇ ਪ੍ਰੋਡਿਊਸਰ ਸਟੀਵ ਹੀਰ ਅਤੇ ਮਾਈਕ ਹੋਠੀ ਤੋਂ ਇਲਾਵਾ ਬਲਵੀਰ ਹੀਰ ਕੈਨੇਡਾ ਨੇ ਦੱਸਿਆ ਕਿ ਬਾਬਾ ਸਾਹਿਬ ਦਿਆਲ ਜੀ ਨੇ ਸਾਰੀ ਉਮਰ ਜਪ ਤਪ ਕਰਦਿਆਂ ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਚਰਨ ਪਰਸੇ ਅਤੇ ਸਮੁੱਚੀ ਲੋਕਾਈ ਨੂੰ ਸੰਪੂਰਨ ਸੰਤ ਮੱਤ ਦਾ ਸੰਦੇਸ਼ ਦਿੱਤਾ । ਇਸ ਮੌਕੇ ਆਈ ਸੰਗਤ ਵਿਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly