ਹਰਿਆਣਾ: ਕਿਸਾਨਾਂ ’ਚ ਵਧਣ ਲੱਗਾ ਭਾਜਪਾ ਖ਼ਿਲਾਫ਼ ਰੋਹ

ਚੰਡੀਗੜ੍ਹ, 10 ਜੁਲਾਈ  (ਸਮਾਜ ਵੀਕਲੀ): ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਸੰਘਰਸ਼ਸ਼ੀਲ ਕਿਸਾਨਾਂ ’ਚ ਭਾਜਪਾ ਤੇ ਭਾਈਵਾਲ ਪਾਰਟੀਆਂ ਖ਼ਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਭਾਜਪਾਈਆਂ ਦਾ ਵਿਰੋਧ ਕਰ ਕੇ ਜਨਤਕ ਸਮਾਗਮਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਹਰਿਆਣਾ ਵਿੱਚ ਵੀ ਭਾਜਪਾ ਅਤੇ ਜੇਜੇਪੀ ਆਗੂਆਂ ਦੇ ਸਮਾਗਮਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜੀਂਦ, ਹਿਸਾਰ ਤੇ ਯਮੁਨਾਨਗਰ ਵਿਚ ਭਾਜਪਾ ਆਗੂਆਂ ਨੂੰ ਹਰਿਆਣਾ ਦੇ ਜੀਂਦ ਵਿੱਚ ਬੈਰੀਕੇਡ ਹਟਾਉਂਦੇ ਹੋਏ ਕਿਸਾਨ। ਕਾਲੇ ਝੰਡੇ ਦਿਖਾਏ ਅਤੇ ਘਿਰਾਓ ਕੀਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਸੂਬੇ ਵਿੱਚ ਭਾਜਪਾ ਤੇ ਜੇਜੇਪੀ ਆਗੂਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਤਾਂ ਉਹ ਜਾਣ-ਬੁੱਝ ਕੇ ਲੋਕਾਂ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕਿਉਂ ਕਰ ਰਹੇ ਹਨ।

ਹਰਿਆਣਾ ਦੇ ਜੀਂਦ ਵਿਚ ਕੈਥਲ ਰੋਡ ’ਤੇ ਸਥਿਤ ਭਾਜਪਾ ਦਫ਼ਤਰ ’ਚ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਬਾਲ ਵਿਕਾਸ ਤੇ ਮਹਿਲਾ ਭਲਾਈ ਮੰਤਰੀ ਕਮਲੇਸ਼ ਢਾਂਡਾ, ਸਿਰਸਾ ਤੋਂ ਸੰਸਦ ਮੈਂਬਰ ਸੁਨਿਤਾ ਦੁੱਗਲ ਅਤੇ ਜੀਂਦ ਤੋਂ ਵਿਧਾਇਕ ਕ੍ਰਿਸ਼ਨ ਮਿੱਢਾ ਪਹੁੰਚੇ। ਭਾਜਪਾ ਆਗੂਆਂ ਦੇ ਪਹੁੰਚਣ ਸਬੰਧੀ ਜਾਣਕਾਰੀ ਮਿਲਦੇ ਹੀ ਕਿਸਾਨ ਆਗੂ ਖਟਕੜ ਟੌਲ ਪਲਾਜ਼ਾ ’ਤੇ ਇਕੱਠੇ ਹੋਏ ਅਤੇ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਪਹੁੰਚੇ, ਜਿਨ੍ਹਾਂ ਨੂੰ ਰੋਕਣ ਲਈ ਪੁਲੀਸ ਨੇ ਚਾਰ ਥਾਈਂ ਬੈਰੀਕੇਡਿੰਗ ਕੀਤੀ ਪਰ ਕਿਸਾਨ ਸਾਰੀਆਂ ਰੋਕਾਂ ਤੋੜਦੇ ਹੋਏ ਅੱਗੇ ਵਧਦੇ ਗਏ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਵਿਚਾਲੇ ਸਥਿਤੀ ਟਕਰਾਅ ਵਾਲੀ ਬਣ ਗਈ। ਕਿਸਾਨਾਂ ਨੇ ਪੁਲੀਸ ਦੀ ਬੈਰੀਕੇਡਿੰਗ ਤੋੜਦੇ ਹੋਏ ਸ਼ਾਂਤਮਈ ਢੰਗ ਨਾਲ ਭਾਜਪਾ ਆਗੂਆਂ ਨੂੰ ਵਾਪਸ ਜਾਣ ਦਾ ਸਮਾਂ ਦਿੱਤਾ। ਉਪਰੰਤ ਭਾਜਪਾ ਆਗੂ ਉੱਥੋਂ ਲੰਘ ਗਏ।

ਜੀਂਦ ਵਿੱਚ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਭਾਜਪਾ ਆਗੂਆਂ ਵੱਲੋਂ ਲੋਕਾਂ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕੀਤੇ ਜਾਣ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਭਾਜਪਾ ਦੀਆਂ ਸਾਰੀਆਂ ਫਲੈਕਸਾਂ ਪਾੜ ਦਿੱਤੀਆਂ ਤੇ ਭਾਜਪਾ ਦੇ ਝੰਡੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਖਟਕੜ ਟੌਲ ਪਲਾਜ਼ਾ ’ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਜ਼ਾਦ ਪਲਵਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸੱਤਾਧਾਰੀ ਧਿਰ ਦੇ ਆਗੂ ਜਾਣਬੁੱਝ ਕੇ ਲੋਕਾਂ ਵਿੱਚ ਜਾ ਕੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਖੇਤੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ।

ਹਿਸਾਰ ਵਿੱਚ ਭਾਜਪਾ ਵੱਲੋਂ ਜੀਜੇ ਯੂਨੀਵਰਸਿਟੀ ਵਿੱਚ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪਾਰਟੀ ਦੇ ਸੂਬਾ ਪ੍ਰਧਾਨ ਓਪੀ ਧਨਖੜ ਨੇ ਪਹੁੰਚਣਾ ਸੀ। ਧਨਖੜ ਦੇ ਆਉਣ ਦੀ ਜਾਣਕਾਰੀ ਮਿਲਦੇ ਹੀ ਕਿਸਾਨ ਜਥੇਬੰਦੀਆਂ ਨੇ ਕਾਲਜ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਯਮੁਨਾਨਗਰ ਵਿੱਚ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਅਤੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਪਹੁੰਚੇ, ਜਿਨ੍ਹਾਂ ਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਿਰੋਧ ਕੀਤਾ। ਦੋਹਾਂ ਥਾਵਾਂ ’ਤੇ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ। ਕਿਸਾਨਾਂ ਨੇ ਬੈਰੀਕੇਡ ਪੁੱਟ ਕੇ ਸੁੱਟ ਦਿੱਤੇ ਅਤੇ ਭਾਜਪਾ ਆਗੂਆਂ ਨੂੰ ਕਾਲੇ ਝੰਡੇ ਦਿਖਾਏ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਬੈਂਸ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਆਗੂਆਂ ਦੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਹੈ, ਜਿਸ ਤਹਿਤ ਹਰਿਆਣਾ ਵਿੱਚ ਕਿਸਾਨ ਜਥੇਬੰਦੀਆਂ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ ਪਰ ਸੱਤਾਧਾਰੀ ਪਾਰਟੀ ਦੇ ਆਗੂ ਵਿਰੋਧ ਦੇ ਬਾਵਜੂਦ ਲੋਕਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਨਅ ਜੋ ਕਿ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਕੇ ਫ਼ਸਲਾਂ ਦੀ ਖ਼ਰੀਦ ਘੱਟੋ-ਘੱਟ ਸਮਰਥਨ ਮੁੱਲ ’ਤੇ ਹੋਣ ਦੀ ਕਾਨੂੰਨ ਗਾਰੰਟੀ ਨਹੀਂ ਮਿਲਦੀ ਉੱਦੋਂ ਤੱਕ ਸੰਘਰਸ਼ ਅਤੇ ਭਾਜਪਾ ਦਾ ਵਿਰੋਧ ਜਾਰੀ ਰਹੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia backs young and dynamic leaders: Survey
Next articleGurugram: 2 burnt alive as car catches fire after collision with pole