ਨਵੀਂ ਦਿੱਲੀ, (ਸਮਾਜ ਵੀਕਲੀ): ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ ਨੇ ਇੱਕ ਪੱਤਰਕਾਰ ਮਿਲਣੀ ਦੌਰਾਨ ਜਾਣਕਾਰੀ ਦਿੱਤੀ ਕਿ ਉਸ ਨੂੰ 2020 ਦੀਆਂ ਚੋਣਾਂ ਦੌਰਾਨ ਜਮ੍ਹਾਂ ਕਰਵਾਏ ਗਏ ਇੱਕ ਐਫੀਡੈਵਿਟ ਦੇ ਆਧਾਰ ’ਤੇ ਆਮਦਨੀ ਕਰ ਵਿਭਾਗ ਵੱਲੋਂ ਨੋਟਿਸ ਭੇਜਿਆ ਗਿਆ ਹੈ। ਇਸ ’ਤੇ ਆਤਿਸ਼ੀ ਨੇ ਇਸ ਨੋਟਿਸ ਨੂੰ ‘ਖੋਖਲੀਆਂ ਧਮਕੀਆਂ’ ਗਰਦਾਨਦਿਆਂ ਇਸ ਲਈ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਆਤਿਸ਼ੀ ਦੇ ਸਮਰਥਨ ਵਿੱਚ ਉਸ ਦੀ ਪਾਰਟੀ ਨੇ ਵੀ ਇਸ ਨੋਟਿਸ ਨੂੰ ‘ਹਾਸੋਹੀਣਾ’ ਕਰਾਰ ਦਿੱਤਾ।
ਪਾਰਟੀ ਨੇ ਕਿਹਾ ਕਿ ਇਸ ਨੋਟਿਸ ਨਾਲ ਲਿੰਗਕ ਤੇ ਜਾਤੀ ਆਧਾਰਿਤ ਵਿਤਕਰੇ ਕਰਨ ਵਾਲੀ ਭਾਜਪਾ ਦਾ ਚਿਹਰਾ ਸਾਹਮਣੇ ਆਇਆ ਹੈ। ਆਤਿਸ਼ੀ ਨੇ ਕਿਹਾ, ‘ਇਹ ਨੋਟਿਸ ਮੈਨੂੰ ਡਰਾਉਣ ਲਈ ਭੇਜਿਆ ਗਿਆ ਹੈ, ਪਰ ਅਸੀਂ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲਣ ਲਈ ਬਹੁਤ ਹੀ ਔਖੇ ਰਾਹਾਂ ’ਚੋਂ ਲੰਘ ਕੇ ਆਏ ਹਾਂ ਤੇ ਅਸੀਂ ਭਾਜਪਾ ਦੀਆਂ ਇਨ੍ਹਾਂ ਖੋਖਲੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ।’ ਆਤਿਸ਼ੀ ਨੇ ਕਿਹਾ, ‘ਮੈਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਤੁਹਾਡੀਆਂ ਧਮਕੀਆਂ ਤੋਂ ਨਹੀਂ ਡਰਦੇ। ਮੋਦੀ ਸਰਕਾਰ ਨੇ ‘ਆਪ’ ਆਗੂਆਂ ਨੂੰ ਤੰਗ ਕਰਨ ਲਈ ਹਰ ਏਜੰਸੀ ਦੀ ਵਰਤੋਂ ਕੀਤੀ ਹੈ, ਪਰ ਹੁਣ ਤੱਕ ਇੱਕ ਵੀ ਆਗੂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕਰਵਾ ਸਕੀ।’
ਆਤਿਸ਼ੀ ਨੇ ਕਿਹਾ, ‘ਮੇਰੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ। ਆਈ ਟੀ ਵਿਭਾਗ ਜਦੋਂ ਅਤੇ ਜਿਥੇ ਆਖੇਗਾ, ਮੈਂ ਆਪਣੇ ਸਾਰੇ ਬੈਂਕ ਖਾਤਿਆਂ ਦੇ ਵੇਰਵੇ ਨਾਲ ਲੈ ਕੇ ਜਾਵਾਂਗੀ। ਮੈਂ ਭਾਜਪਾ ਆਗੂਆਂ ਨੂੰ ਲਲਕਾਰ ਕੇ ਕਹਿੰਦੀ ਹਾਂ ਕੇ ਉਹ ਵੀ ਆਪਣੇ ਬੈਂਕ ਖਾਤਿਆਂ ਦੇ ਵੇਰਵੇ ਜਨਤਕ ਕਰਨ।’
ਇਸ ਮੌਕੇ ਹਾਜ਼ਰ ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਇਹ ਨੋਟਿਸ ਆਤਿਸ਼ੀ ਵੱਲੋਂ 2020 ਦੀਆਂ ਚੋਣਾਂ ਦੋਰਾਨ ਦਿੱਤੇ ਗਏ ਐਫੀਡੈਵਿਟ ਦੇ ਆਧਾਰ ’ਤੇ ਭੇਜਿਆ ਗਿਆ ਹੈ, ਜਿਸ ਵਿੱਚ ਆਤਿਸ਼ੀ ਵੱਲੋਂ ਆਪਣੀ 59 ਲੱਖ ਦੀ ਸੰਪਤੀ ਦੀ ਜਾਣਕਾਰੀ ਦਿੱਤੀ ਗਈ ਸੀ, ਜੋ ਐੱਫਡੀਆਂ ਅਤੇ ਮਿਊਚੂਅਲ ਫੰਡਾਂ ਦੇ ਰੂਪ ਵਿੱਚ 2012 ਤੋਂ ਪਹਿਲਾਂ ਦੀ ਉਸ ਕੋਲ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly