ਨਵੀਂ ਦਿੱਲੀ (ਸਮਾਜ ਵੀਕਲੀ): ‘ਏਮਸ’ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਦਿੱਲੀ ਵਿਚ ਆਕਸੀਜਨ ਦੀ ਮੰਗ ਬਾਰੇ ਸੁਪਰੀਮ ਕੋਰਟ ਵੱਲੋਂ ਕਰਵਾਇਆ ਆਡਿਟ ਇਕ ਅੰਤ੍ਰਿਮ ਰਿਪੋਰਟ ਹੈ, ਇਸ ਮਾਮਲੇ ਵਿਚ ਇਹ ਆਖ਼ਰੀ ਸ਼ਬਦ ਨਹੀਂ ਹਨ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਹਿਰ ਵਿਚ ਆਕਸੀਜਨ ਦੀ ਮੰਗ ਨੂੰ ਕਥਿਤ ਵਧਾ-ਚੜ੍ਹਾ ਕੇ ਦੱਸਣ ਦੇ ਮਾਮਲੇ ’ਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਦਕਿ ਕੇਜਰੀਵਾਲ ਦਾ ਕਹਿਣਾ ਹੈ ਕਿ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਵੱਡੀ ਕਮੀ ਸਾਹਮਣੇ ਆਈ ਹੈ ਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਹੈ ਕਿ ਤੀਜੀ ਲਹਿਰ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਤੇ ਇਕ ਦਿਨ ਪਹਿਲਾਂ ‘ਆਪ’ ਤੇ ਭਾਜਪਾ ਵਿਚਾਲੇ ਤਿੱਖੀ ਤਕਰਾਰ ਹੋ ਚੁੱਕੀ ਹੈ। ‘ਆਪ’ ਦੇ ਸੂਬਾ ਕਨਵੀਨਰ ਗੋਪਾਲ ਰਾਏ ਨੇ ਦੋਸ਼ ਲਗਾਇਆ ਕਿ ਭਾਜਪਾ ਤੇ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਦੇ ਹਰ ਕੰਮ ਵਿੱਚ ਰੁਕਾਵਟਾਂ ਪਾਈਆਂ ਹਨ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੀ ਇਕ ਉਪ ਕਮੇਟੀ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੂਸਰੀ ਲਹਿਰ ਵਿੱਚ ਕੇਜਰੀਵਾਲ ਸਰਕਾਰ ਨੇ ਕੇਂਦਰ ਸਰਕਾਰ ਤੋਂ ਦਿੱਲੀ ਦੇ ਹਸਪਤਾਲਾਂ ਦੀ ਜ਼ਰੂਰਤ ਨਾਲੋਂ ਚਾਰ ਗੁਣਾ ਵਧੇਰੇ ਆਕਸੀਜਨ ਦੀ ਮੰਗ ਕੀਤੀ ਸੀ। ਇਹ ਕਮੇਟੀ ਸੁਪਰੀਮ ਕੋਰਟ ਨੇ ਗੁਲੇਰੀਆ ਦੀ ਅਗਵਾਈ ਵਿਚ ਬਣਾਈ ਸੀ। ਉਨ੍ਹਾਂ ਕਿਹਾ ਕਿ ਇਹ ਅੰਤ੍ਰਿਮ ਰਿਪੋਰਟ ਹੈ ਤੇ ਆਕਸੀਜਨ ਦੀ ਮੰਗ ਦਿਨ ਪ੍ਰਤੀ ਦਿਨ ਬਦਲਦੀ ਰਹਿੰਦੀ ਹੈ। ਇਸੇ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਕਰੋਨਾ ਸਬੰਧੀ ਝੂਠੇ ਅੰਕੜੇ ਪੇਸ਼ ਕਰਕੇ ਲੋੜ ਤੋਂ ਵੱਧ ਆਕਸੀਜਨ ਪ੍ਰਾਪਤ ਕੀਤੀ ਹੈ ਜਿਸ ਦਾ ਅਸਰ ਹੋਰਨਾਂ ਰਾਜਾਂ ’ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਤੇ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly