(ਸਮਾਜ ਵੀਕਲੀ)
ਦੰਗਾ ਸਵਾਰਥੀ ਸੋਚ ਨਾਲ਼
ਧਰਮ ਦਾ ਵਿਗਾੜਿਆ ਹੋਇਆ
ਸਭ ਤੋਂ ਭਿਆਨਕ ਰੂਪ ਹੈ
ਆਪਣੇ ਧਰਮ ਦੀ ਵਿਆਖਿਆ
ਹਥਿਆਰਾਂ ਨਾਲ਼ ਕਰਨ ਲੱਗ ਜਾਣਾ
ਦੰਗਾ ਹੈ।
ਭੀੜ ਦੇ ਨਾਅਰਿਆਂ ਵਿੱਚ
ਆਪਣੀ ਸੋਚ ਦਾ ਗੋਡੇ ਟੇਕਣਾ
ਤੇ ਆਪਣਾ ਸਰੀਰ ਭੀੜ ਨੂੰ ਦੇ ਦੇਣਾ
ਤੇ ਫਿਰ ਸਰੀਰ, ਸਰੀਰ ਨਹੀਂ
ਹਥਿਆਰ ਹੋ ਜਾਂਦਾ ਹੈ ਦੰਗਿਆਂ ਦਾ ।
ਇੱਕ ਪਾਵਨ ਪੁਸਤਕ ਨੂੰ
ਦੂਜੀ ਪਾਵਨ ਪੁਸਤਕ ਨਾਲ਼ੋਂ
ਮਹਾਨ ਦੱਸਣਾ
ਦੰਗਈ ਬਣ ਜਾਣਾ ਹੈ।
ਆਪਣੀਆਂ ਅੱਖਾਂ, ਕੰਨ
ਜੀਭ ਤੇ ਸੰਵੇਦਨਾ ਨੂੰ
ਆਪਣੇ ਧਰਮ ਦੇ
ਪਰਚਮਾਂ ਉੱਤੇ ਟੰਗ ਦੇਣਾ
ਦੰਗੇ ਦੀ ਸ਼ੁਰੂਆਤ ਹੈ।
ਹਥਿਆਰਾਂ ਦਾ
ਕਿਲਕਾਰੀਆਂ ਤੇ ਵੰਗਾਂ ਨਾਲ਼
ਲੜਨ ਤੁਰ ਪੈਣਾ ਦੰਗਾ ਹੈ।
ਅੱਗ ਦਾ
ਚੁੱਲ੍ਹਿਆਂ ਤੋਂ ਛੱਤਾਂ ਵੱਲ
ਤੇ ਸਿਵਿਆਂ ਤੋਂ ਜਿਉਂਦਿਆਂ ਵੱਲ ਤੁਰਨਾ
ਦੰਗਾ ਹੈ।
ਬੱਚਿਆਂ ਦੇ ਸੁੱਕਦੇ ਬੁੱਲ੍ਹਾਂ ਨਾਲ਼ੋਂ
ਪਾਣੀ ਲਈ ਬਾਹਰ ਜਾਣਾ
ਜਦੋਂ ਮਹਿੰਗਾ ਹੁੰਦਾ ਹੈ
ਗਲ਼ੀਆਂ ‘ਚ ਫਿਰਦੀ ਜਨੂੰਨੀ ਦਹਾੜ ਨਾਲ਼ੋਂ
ਜਦੋਂ ਦਰਵਾਜ਼ਿਆਂ ਪਿੱਛੇ ਛੁਪੀ
ਦਿਲ ਦੀ ਧੜਕਣ ਤੇ ਸਾਹਾਂ ਦੀ ਆਵਾਜ਼
ਉੱਚੀ ਜਾਪਦੀ ਹੈ
ਤਾਂ ਉਦੋਂ ਦੰਗਿਆਂ ਦਾ ਪਲ ਹੀ ਹੁੰਦਾ ਹੈ।
ਦੰਗਿਆਂ ਦੇ ਦਿਨਾਂ ‘ਚ ਹਥਿਆਰ
ਉੱਚੇ ਹੋ-ਹੋ ਅਸਮਾਨ ਵੱਲ ਉੱਛਲਦੇ ਨੇ
ਤੇ ਬੰਦੇ ਨੀਵੇਂ ਹੁੰਦੇ-ਹੁੰਦੇ
ਪਤਾਲ ‘ਚ ਵੜਨਾ ਲੋਚਦੇ ਨੇ।
ਦੰਗਿਆਂ ‘ਚ ਖ਼ੂਨ ਦੇ ਰਿਸ਼ਤਿਆਂ ਸਾਹਵੇਂ
ਇਨਸਾਨੀਅਤ ਦੇ ਸਾਰੇ ਰਿਸ਼ਤੇ
ਕੋਹੇ ਜਾਂਦੇ ਨੇ।
ਦੰਗਾ ਹੀ ਹੁੰਦਾ ਹੈ ਜਦੋਂ
ਫੁੱਲਾਂ ਦਾ, ਤਿਤਲੀਆਂ ਦਾ, ਸੰਗੀਤ ਦਾ
ਪੌਣ ਦਾ, ਪਾਣੀਆਂ ਦਾ
ਧਰਮ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ
ਇਸੇ ਲਈ ਮਾਲੀ
ਖੁਦ ਫੁੱਲ ਤੋੜਦਾ ਹੈ
ਖੁਦ ਤਿਤਲੀਆਂ ਦੇ ਖੰਭ ਸਾੜਦਾ ਹੈ
ਸੰਗੀਤ ਵੈਣ ਬਣ ਜਾਂਦਾ ਹੈ
ਪੌਣ ਡਰ ਕੇ ਭੱਜਦੀ
ਹਨੇਰ ਗਰਦੀ ਹੋ ਜਾਂਦੀ ਹੈ
ਤੇ ਸ਼ਾਇਦ ਪਾਣੀ ਖ਼ੂਨ ‘ਚ ਰਲ ਜਾਂਦਾ ਹੈ।
ਦੰਗਿਆਂ ਦੇ ਮੋਹਰੀ ਦੀ ਸਿਆਸਤ
ਉਜੜਿਆਂ ਘਰਾਂ ਦੀਆਂ ਛੱਤਾਂ ‘ਚੋਂ
ਥੰਮ੍ਹੀਆਂ ਕੱਢ ਕੁਰਸੀਆਂ ਤਰਾਸ਼ਣ ਤੱਕ
ਚਲੀ ਜਾਂਦੀ ਹੈ।
ਦੰਗਿਆਂ ‘ਚ ਡੁੱਲ੍ਹੇ ਖ਼ੂਨ ਦੀਆਂ
ਲਕੀਰਾਂ ਦਾ ਸਰਾਪ
ਕਈ ਵਾਰ ਸਰਹੱਦਾਂ ਵੀ ਬਣ ਜਾਂਦਾ ਹੈ।
ਦੰਗਿਆਂ ਤੋਂ ਬਾਅਦ
ਜਦੋਂ ਆਪਣੇ ਧਰਮ ਦੇ ਪਰਚਮਾਂ ਤੋਂ
ਆਪਣੀਆਂ ਅੱਖਾਂ, ਕੰਨ, ਜੀਭ
ਤੇ ਸੰਵੇਦਨਾ ਉਤਾਰੇ ਜਾਂਦੇ ਨੇ
ਉਸ ਵੇਲ਼ੇ
ਅੱਖਾਂ ਨੂੰ ਸਿਰਫ ਲਾਲ ਰੰਗ ਹੀ ਦਿਸਦਾ ਹੈ
ਕੰਨਾਂ ਨੂੰ ਜੀਭ ਨਹੀਂ ਮਿਲਦੀ
ਜੀਭ ਨੂੰ ਕੰਨ ਨਹੀਂ ਮਿਲਦੇ
ਤੇ ਸੰਵੇਦਨਾ ਕੋਲ਼ੋਂ
ਹੰਝੂ ਮੁੱਕ ਚੁੱਕੇ ਹੁੰਦੇ ਨੇ।
ਅਮਰਜੀਤ ਸਿੰਘ ਅਮਨੀਤ
+918872266066
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly