ਪੁਣੇ (ਸਮਾਜ ਵੀਕਲੀ):ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਦਾਅਵਾ ਕੀਤਾ ਹੈ ਕਿ ਹਫ਼ਤੇ ਦੇ ਸ਼ੁਰੂ ’ਚ ਅੱਠ ਵਿਰੋਧੀ ਧਿਰਾਂ ਵੱਲੋਂ ਕੀਤੀ ਗਈ ਬੈਠਕ ’ਚ ਕੌਮੀ ਗੱਠਜੋੜ ਦੇ ਗਠਨ ਦਾ ਵਿਸ਼ਾ ਨਹੀਂ ਵਿਚਾਰਿਆ ਗਿਆ ਹੈ। ਉਂਜ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਗੱਠਜੋੜ ਬਣਦਾ ਵੀ ਹੈ ਤਾਂ ਉਸ ਦੀ ਲੀਡਰਸ਼ਿਪ ਨੂੰ ਇਕਜੁੱਟ ਹੋਣਾ ਪਵੇਗਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਰਿਹਾਇਸ਼ ’ਤੇ ਮੰਗਲਵਾਰ ਨੂੰ ਹੋਈ ਮੀਟਿੰਗ ਦਾ ਉਦੇਸ਼ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਹਮਾਇਤ ਦੇਣਾ ਸੀ।
ਸ੍ਰੀ ਪਵਾਰ ਨੇ ਕਿਹਾ,‘‘ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਇਹ ਅੰਦੋਲਨ ਸਿਆਸੀ ਨਹੀਂ ਹੈ ਪਰ ਅਸੀਂ ਸੋਚਿਆ ਕਿ ਇਹ ਖੇਤੀਬਾੜੀ ਨਾਲ ਸਬੰਧਤ ਹੈ ਅਤੇ ਇਸ ਨੂੰ ਅਸੀਂ ਕਿਵੇਂ ਹਮਾਇਤ ਦੇ ਸਕਦੇ ਹਾਂ। ਕਿਸਾਨਾਂ ਦੀ ਆਵਾਜ਼ ਸੰਸਦ ’ਚ ਬੁਲੰਦ ਕਰਕੇ ਅਸੀਂ ਉਨ੍ਹਾਂ ਨੂੰ ਕਿਵੇਂ ਸਹਾਇਤਾ ਦੇ ਸਕਦੇ ਹਾਂ, ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।’’ ਸਾਬਕਾ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀ ਸੈਕਟਰ ਬਾਰੇ ਵ੍ਹਾਈਟ ਪੇਪਰ ਪੇਸ਼ ਕਰਨ ਦਾ ਵਿਚਾਰ ਵੀ ਆਇਆ ਅਤੇ ਕੇਂਦਰ ਸਰਕਾਰ ਅੱਗੇ ਖੇਤੀ ਨਾਲ ਸਬੰਧਤ ਮੁੱਦਿਆਂ ਨੂੰ ਰੱਖਣ ਦੀ ਗੱਲ ਵੀ ਹੋਈ।
ਭਵਿੱਖ ’ਚ ਭਾਜਪਾ ਖ਼ਿਲਾਫ਼ ਗੱਠਜੋੜ ਬਣਾਉਣ ਬਾਰੇ ਪਵਾਰ ਨੇ ਕਿਹਾ ਕਿ ਅਜਿਹੀ ਕੋਈ ਚਰਚਾ ਨਹੀਂ ਹੋਈ। ‘ਉਂਜ ਮੇਰਾ ਵਿਚਾਰ ਹੈ ਕਿ ਜੇਕਰ ਕੋਈ ਗੱਠਜੋੜ ਬਣਦਾ ਹੈ ਤਾਂ ਕਾਂਗਰਸ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ।’ ਗੱਠਜੋੜ ਦੀ ਅਗਵਾਈ ਕਰਨ ਬਾਰੇ ਸੀਨੀਅਰ ਆਗੂ ਨੇ ਕਿਹਾ,‘‘ਸ਼ਰਦ ਪਵਾਰ ਨੇ ਅਜਿਹੇ ਕੰਮ ਕਈ ਸਾਲ ਕੀਤੇ ਹਨ ਪਰ ਹੁਣ ਮੇਰੀ ਭੂਮਿਕਾ ਸਹਾਇਤਾ ਅਤੇ ਦਿਸ਼ਾ-ਨਿਰਦੇਸ਼ ਦੇਣ ਦੀ ਹੋਵੇਗੀ। ਸਾਰਿਆਂ ਨੂੰ ਇਕਜੁੱਟ ਰੱਖਣ ਦੀਆਂ ਕੋਸ਼ਿਸ਼ਾਂ ਵੀ ਕਰਾਂਗਾ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਬਾਰੇ ਆਗੂਆਂ ਨਾਲ ਕੀਤੀ ਗਈ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਕਦਮ ਦਾ ਸਵਾਗਤ ਕਰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly