ਕੋਵਿਡ ਨੇਮਾਂ ਦਾ ਪਾਲਣ ਨਾ ਹੋਇਆ ਤਾਂ 6-8 ਹਫ਼ਤਿਆਂ ’ਚ ਤੀਜੀ ਲਹਿਰ ਸੰਭਵ: ਗੁਲੇਰੀਆ

ਨਵੀਂ ਦਿੱਲੀ (ਸਮਾਜ ਵੀਕਲੀ): ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਵਿਡ ਨੇਮਾਂ ਦਾ ਪਾਲਣ ਨਾ ਕੀਤਾ ਗਿਆ ਅਤੇ ਭੀੜ ਨੂੰ ਨਾ ਰੋਕਿਆ ਗਿਆ ਤਾਂ ਲਾਗ ਦੀ ਤੀਜੀ ਲਹਿਰ ਅਗਲੇ ਛੇ ਤੋਂ ਅੱਠ ਹਫ਼ਤਿਆਂ ’ਚ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੱਡੀ ਗਿਣਤੀ ’ਚ ਲੋਕਾਂ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਉਦੋਂ ਤੱਕ ਕੋਵਿਡ ਨੇਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰੋਨਾ ਦੇ ਕੇਸ ਵਧਦੇ ਹਨ ਤਾਂ ਉਨ੍ਹਾਂ ਇਲਾਕਿਆਂ ’ਚ ਲੌਕਡਾਊਨ ਅਤੇ ਸਖ਼ਤੀ ਨਾਲ ਨਿਗਰਾਨੀ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਲਾਕੇ ’ਚ ਪਾਜ਼ੇਟੀਵਿਟੀ ਦਰ 5 ਫ਼ੀਸਦ ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਉਥੇ ਲੌਕਡਾਊਨ ਲਾਇਆ ਜਾਵੇ ਅਤੇ ਕੰਟੇਨਮੈਂਟ ਜ਼ੋਨ ਬਣਾਏ ਜਾਣ। ਸ੍ਰੀ ਗੁਲੇਰੀਆ ਨੇ ਦੁਹਰਾਇਆ ਕਿ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਤੀਜੀ ਲਹਿਰ ਦੌਰਾਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਲੌਕਡਾਊਨ ਲਗਾਉਣਾ ਲਾਗ ਦੇ ਟਾਕਰੇ ਦਾ ਹੱਲ ਨਹੀਂ ਹੋ ਸਕਦਾ ਹੈ ਕਿਉਂਕਿ ਆਰਥਿਕ ਸਰਗਰਮੀਆਂ ਨੂੰ ਵੀ ਧਿਆਨ ’ਚ ਰਖਣਾ ਪਵੇਗਾ। ਇਸ ਤੋਂ ਪਹਿਲਾਂ ਮਾਹਿਰਾਂ ਨੇ ਸੰਕੇਤ ਦਿੱਤੇ ਸਨ ਕਿ ਕੋਵਿਡ-19 ਦੀ ਤੀਜੀ ਲਹਿਰ ਸਤੰਬਰ ਤੋਂ ਅਕਤੂਬਰ ਦੌਰਾਨ ਆ ਸਕਦੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਡਣਾ ਸਿੱਖ ਦੇ ਆਖਰੀ ਸ਼ਬਦ…. ਤਿੰਨ-ਚਾਰ ਦਿਨਾਂ ’ਚ ਠੀਕ ਹੋ ਜਾਵਾਂਗਾ
Next articleਸੂਬੇ ਪੂਰੀ ਇਹਤਿਆਤ ਨਾਲ ਲੌਕਡਾਊਨ ਖੋਲ੍ਹਣ: ਕੇਂਦਰ