ਦਿੜ੍ਹਬਾ ਮੰਡੀ,ਮਹਿਤਪੁਰ,ਨਕੋਦਰ (ਸਮਾਜ ਵੀਕਲੀ) ( ਹਰਜਿੰਦਰਪਾਲ ਛਾਬੜਾ )- ਸ੍ਰੋਮਣੀ ਅਕਾਲੀ ਦਲ ( ਬਾਦਲ) ਨੇ ਸੂਬੇ ਵਿੱਚ ਮੁੜ ਤੋਂ ਆਪਣੀ ਰਾਜਨੀਤਿਕ ਜਮੀਨ ਨੂੰ ਉਪਜਾਊ ਬਣਾਉਣ ਲਈ ਦਲਿਤ ਪੱਤਾ ਖੇਡਦਿਆ ਦੇਸ਼ ਦੀ ਦਲਿਤ ਜਮਾਤ ਦੀ ਰਹਿਨੁਮਾ ਵਜੋਂ ਹੋਂਦ ਵਿੱਚ ਆਈ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੋਤਾ ਕਰ ਲਿਆ ਹੈ ।ਇਹ ਦੋਵੇਂ ਪਾਰਟੀਆਂ ਲਈ ਅਜਿਹਾ ਮੌਕਾ ਹੈ ਜਦੋਂ ਪੰਜਾਬ ਵਿੱਚ ਦੋਵੇਂ ਪਾਰਟੀਆਂ ਦਾ ਸਿਆਸੀ ਕੱਦ ਬਹੁਤ ਘੱਟ ਹੋ ਗਿਆ ਹੈ । ਪੰਜਾਬ ਅਤੇ ਪੰਥਕ ਮਸਲਿਆ ਲਈ ਲੜਨ ਵਾਲੀ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਭਾਵੇਂ ਸੂਬੇ ਦੀ ਸੱਤਾ ਅਤੇ ਚੌਖਾ ਪ੍ਰਭਾਵ ਰਿਹਾ ਹੈ ।
ਪਰ ਪਿਛਲੇ ਸਮੇਂ ਚ ਦੇਸ਼ ਦੀ ਸੱਤਾਧਿਰ ਭਾਜਪਾ ਨਾਲ ਦੋ ਦਹਾਕੇ ਪੁਰਾਣਾ ਨਾਤਾ ਟੁੱਟਣ ਅਤੇ ਪਾਰਟੀ ਦੇ ਕਈ ਦਿੱਗਜ ਨੇਤਾਵਾ ਦੇ ਅਲੱਗ ਪਾਰਟੀ ਬਣਾ ਲੈਣ ਨਾਲ ਅਕਾਲੀ ਦਲ ਦੇ ਸਿਤਾਰ ਗਰਦਿਸ ਵਿੱਚ ਚੱਲ ਰਹੇ ਸਨ । ਇਸ ਦੇ ਨਾਲ ਹੀ ਬਸਪਾ ਦਾ ਪ੍ਰਭਾਵ ਵੀ ਪਹਿਲਾ ਵਰਗਾ ਨਹੀਂ ਰਿਹਾ । ਦੋਵੇਂ ਪਾਰਟੀਆਂ ਦੀ ਸਿਆਸੀ ਮਜਬੂਰੀ 90 ਵੇਂ ਦੇ ਦਹਾਕੇ ਤੋਂ ਬਾਅਦ ਫੇਰ ਇੱਕ ਮੰਚ ਤੇ ਲੈ ਆਈ ਹੈ ।ਅੱਜ ਜਦੋਂ ਸੂਬੇ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਵੀ ਦਲਿਤ ਪੱਤਾ ਖੇਡ ਕੇ ਸੱਤਾ ਹਥਿਆਉਣ ਲਈ ਯਤਨਸ਼ੀਲ ਹਨ ਉੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮੌਕੇ ਨੂੰ ਸੰਭਾਲ ਲਿਆ ਹੈ ।ਹੁਣ ਹਾਥੀ ਦੀ ਸਵਾਰੀ ਕਰਕੇ ਹੱਥ ਚ ਤੱਕੜੀ ਫੜ ਕੇ ਦੋਵੇਂ ਧਿਰਾਂ ਵੋਟਰਾ ਕੋਲ ਜਾਣਗੇ । ਇਸ ਸੰਦਰਭ ਵਿੱਚ ਵਿਧਾਨ ਸਭਾ ਹਲਕਾ ਦਿੜ੍ਹਬਾ ( ਰਿਜਰਵ) ਤੋਂ ਚੋਣ ਲੜਨ ਵਾਲੇ ਚਾਹਵਾਨ ਵੱਖ ਵੱਖ ਆਗੂਆਂ ਦੀ ਕੀ ਪ੍ਰਤੀਕਿਰਿਆ ਹੈ ਇਸ ਬਾਰੇ ਵੀ ਚਰਚਾ ਕਰਦੇ ਹਾਂ –
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਲਕਾ ਦਿੜ੍ਹਬਾ ਦੇ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਕੋਲ ਲੋੜੀਂਦੀ ਸਿਆਸੀ ਜਮੀਨ ਨਹੀਂ ਰਹੀ ਹੈ ।ਸੱਤਾ ਦੇ ਲਾਲਚ ਵਸ ਜਿੱਥੇ ਅਕਾਲੀ ਦਲ ਪੰਥਕ ਏਜੰਡੇ ਨੂੰ ਤਿਲਾਂਜਲੀ ਦੇ ਕੇ ਪਰਿਵਾਰਿਕ ਕੰਪਨੀ ਬਣ ਕੇ ਰਹਿ ਗਈ ਹੈ ,ਉੱਥੇ ਹੀ ਬਸਪਾ ਵੀ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਅਤੇ ਬਾਬੂ ਕਾਂਸੀ ਰਾਮ ਜੀ ਦੀ ਵਿਚਾਰਧਾਰਾ ਤੋਂ ਭੜਕ ਗਈ ਹੈ ।ਦੋਵੇਂ ਪਾਰਟੀਆਂ ਦਾ ਹੁਣ ਸੂਬੇ ਚ ਕੋਈ ਆਧਾਰ ਨਹੀਂ ਹੈ ।
ਓਧਰ ਕਾਂਗਰਸ ਪਾਰਟੀ ਦੇ ਆਲ ਇੰਡੀਆ ਯੂਥ ਜਰਨਲ ਸਕੱਤਰ ਚੇਅਰਮੈਨ ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਬਸਪਾ ਦੀਆਂ ਨੀਤੀਆਂ ਨੂੰ ਪੰਜਾਬ ਦਾ ਦਲਿਤ ਸਮਾਜ ਨਕਾਰ ਚੁੱਕਿਆ ਹੈ । ਉੱਥੇ ਆਪਣੇ ਦਸ ਸਾਲ ਦੇ ਰਾਜ ਦੌਰਾਨ ਗਰੀਬਾ ਨੂੰ ਆਪਣੀਆਂ ਬੱਸਾ ਹੇਠ ਕੁਚਲਣ ਵਾਲੀ ਅਕਾਲੀ ਦਲ ਬਾਦਲ ਨੂੰ ਸਾਡਾ ਦਲਿਤ ਵੋਟਰ ਸਵੀਕਾਰ ਨਹੀਂ ਕਰਦਾ । ਅੱਜ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਲੋਕ ਸਤੁੰਟਸ ਹਨ ।
ਭਾਜਪਾ ਦੇ ਜਿਲ੍ਹਾ ਪ੍ਰਧਾਨ ਰਿਸ਼ੀਪਾਲ ਖੈਰਾ ਜੋ ਦਲਿਤ ਸਮਾਜ ਦੀ ਅਗਵਾਈ ਵੀ ਕਰਦੇ ਹਨ ,ਉਹਨਾਂ ਕਿਹਾ ਕਿ ਅੱਜ ਕੇਂਦਰ ਨੇ ਪੰਜਾਬ ਲਈ ਦਲਿਤ ਮੁੱਖ ਮੰਤਰੀ ਦਾ ਐਲਾਨ ਕਰਕੇ ਜਿੱਥੇ ਸਭ ਦੇ ਮਨ ਜਿੱਤ ਲਏ ਹਨ ।ਉੱਥੇ ਹੀ ਅੱਜ ਘਰ ਘਰ ਵਿੱਚ ਉਜਾਲਾ ਯੋਜਨਾ,ਜਨ ਧਨ ਯੋਜਨਾ ,ਗਰੀਬਾ ਨੂੰ ਫਰੀ ਰਾਸ਼ਨ ਵਰਗੀਆਂ ਅਨੇਕਾ ਸਹੂਲਤਾ ਦਿੱਤੀਆਂ ਹਨ ।ਦਲਿਤ ਸਮਾਜ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹੈ । ਬਸਪਾ ਦਾ ਯੂਪੀ ਤੋਂ ਅਤੇ ਅਕਾਲੀ ਦਲ (ਬਾਦਲ) ਦਾ ਸੂਬੇ ਤੋਂ ਸਫਾਇਆ ਹੋਣਾ ਤੈਅ ਹੈ ।
ਇਸ ਦੇ ਨਾਲ ਹੀ ਅਕਾਲੀ ਦਲ ( ਬਾਦਲ) ਦੇ ਹਲਕਾ ਇਚਾਰਜ ਗੁਲਜਾਰ ਸਿੰਘ ਮੂਣਕ ਨੇ ਇਸ ਗਠਜੋੜ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਸੂਬੇ ਵਿੱਚ ਆਈ ਹੈ ਤਾਂ ਗਰੀਬ ਲੋਕਾਂ ਲਈ ਵਿਸ਼ੇਸ ਸਹੂਲਤਾ ਦਿੱਤੀਆਂ ਹਨ ।ਉਹ ਭਾਵੇਂ ਆਟਾ ਦਾਲ,ਮੁਫਤ ਬਿਜਲੀ,ਕਿਸਾਨਾ ਨੂੰ ਟਿਊਬਵੈਲ ਬਿਜਲੀ ਮੁਫਤ,ਸ਼ਗਨ ਸਕੀਮ ,ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਆਦਿ ਅਨੇਕਾ ਸਹੂਲਤਾਂ ਬਾਦਲ ਸਰਕਾਰ ਦੀ ਦੇਣ ਹਨ ।ਉਹਨਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਹੋਣ ਨਾਲ ਦਲਿਤ ਸਮਾਜ ਦੀ ਨਵੀਂ ਕ੍ਰਾਂਤੀ ਦੇ ਜੁੱਗ ਦੀ ਸ਼ੁਰੂਆਤ ਹੈ ।
ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਰਣ ਸਿੰਘ ਮਹਿਲਾ ਨੇ ਦੱਸਿਆ ਕਿ ਬਸਪਾ ਦਾ ਸੂਬੇ ਦੇ ਹਰ ਹਲਕੇ ਵਿੱਚ ਵੱਡਾ ਆਧਾਰ ਹੈ ਖਾਸਕਰ ਰਾਖਵੀਆਂ ਸੀਟਾਂ ਨੂੰ ਇਹ ਗਠਜੋੜ ਮਜਬੂਤ ਕਰੇਗਾ । ਉਹਨਾਂ ਦੱਸਿਆ ਕਿ ਦਿੜ੍ਹਬਾ ਸੀਟ ਜੇਕਰ ਬਸਪਾ ਦੇ ਹਿੱਸੇ ਆਉਂਦੀ ਹੈ ਤਾਂ ਜਿੱਤ ਯਕੀਨੀ ਹੋਵੇਗੀ ।
ਇਸ ਤਰਾਂ੍ਹ ਇਸ ਗਠਜੋੜ ਨੂੰ ਲੈ ਕੇ ਸਭ ਦਾ ਆਪਣਾ ਨਜਰੀਆਂ ਹੈ ।ਪਰ ਦੇਖਣਾ ਬਣਦਾ ਹੈ ਕਿ 2022 ਦੀਆਂ ਚੋਣਾ ਵਿੱਚ ਤੱਕੜੀ ਅਤੇ ਹਾਥੀ ਦਾ ਸਾਥ ਕਿੰਨਾਂ ਅਸਰਦਾਰ ਰਹੇਗਾ ।ਇਹ ਸਮੇਂ ਦੇ ਗਰਭ ਵਿੱਚ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly