ਸੂਰਜ ,ਚੰਨ , ਸਿਤਾਰੇ

ਬਲਬੀਰ ਕੌਰ ਬੱਬੂ ਸੈਣੀ

(ਸਮਾਜ ਵੀਕਲੀ)

ਆਪੋ ਅਪਣੀ ਥਾਵੇਂ ਸਭ ਨੇ ਸੂਰਜ ਚੰਨ ਸਿਤਾਰੇ ,
ਖੌਫਜ਼ਦਾ ਹੈ ਮਾਨਵ ਜਾਤੀ ਬੈਠੀ ਮਰਨ ਕਿਨਾਰੇ !

ਬੱਦਲ ਪਿਆਸੇ ਘੁੰਮ ਰਹੇ ਨੇ, ਧਰਤੀ ਬੰਜਰ ਹੋਈ ,
ਮਿੱਠੇ ਜਲ ਨੂੰ ਤਰਸ ਰਹੇ ਹਨ ਸੱਤ ਸਮੁੰਦਰ ਖਾਰੇ !

ਹੱਥੀਂ ਆਪ ਕਰੇ ਨੇ ਦੂਸ਼ਿਤ ਸ਼ੁੱਧ ਹਵਾ ਤੇ ਪਾਣੀ ,
ਜੰਗਲ ਬੇਲੇ ਕਟ ਕੇ ਬੰਦਾ ਮੰਗੇ ਸਾਹ ਉਧਾਰੇ !

ਨਕਲੀ ਹਾਸੇ ਬੁੱਲਾਂ ਤੇ ,ਗੁੱਝੀਆਂ ਹਨ ਮੁਸਕਾਨਾਂ ,
ਮਤਲਬ ਦੇ ਨੇ ਹੁਣ ਤਾਂ ਯਾਰੋ ਰਿਸ਼ਤੇ ਨਾਤੇ ਸਾਰੇ !

ਰੱਬ ਲਿਆ ਹੈ ਕਬਜ਼ੇ ਅੰਦਰ ਕੁੱਝ ਕੁ ਫਿਰਕੂ ਲੋਕਾਂ ,
ਰੌਲਾ- ਰੱਪਾ ਸ਼ੋਰ ਸ਼ਰਾਬਾ ਮਚਦਾ ਧਰਮ ਦਵਾਰੇ !

ਕੋਲ ਕਿਸੇ ਨ ਸਮਾਂ ਹੈ ਵਾਧੂ ਜੋ ਦੇਖੇ ਕੁਦਰਤ ਵੱਲੇ,
ਕਿਹੜਾ ਬਹਿ ਕੇ ਵਿਹਲਾ ਹੁਣ ਪੰਛੀ ਲਈ ਚੋਗ ਖਿਲਾਰੇ ,

ਹਰ ਇਕ ਸੁਵਿਧਾ ਮਾਣ ਰਿਹਾ ਹੈ ਹਾਕਮ ਮਹਿਲੀਂ ਬੈਠਾ ,
ਥਾਂ ਥਾਂ ਉੱਤੇ ਮਜ਼ਲੂਮਾਂ ਨੂੰ ਮਿਲਦੇ ਧੱਕੇ ਲਾਰੇ !

ਸਰਕਾਰਾਂ ਨੇ ਬੁੱਤ ਬਣਾਏ ਲਾ ਕੇ ਦੌਲਤ ਅਰਬਾਂ ,
ਵੈਂਟੀਲੇਟਰ ਦੀ ਥੁੜ੍ਹ ਤੋਂ ਪਰ ਲੱਖਾਂ ਜੀਵਨ ਹਾਰੇ !

ਅੱਕੇ ਥੱਕੇ ਲੋਕੀ ਪੈਂਦੇ ਇਕ ਦੂਜੇ ਨੂੰ ਵੱਢਣ ,
ਮੁੱਕੀ ਸਾਂਝ ਦਿਲਾਂ ਦੀ ਬੱਬੂ ਦੇਵੇ ਕੌਣ ਸਹਾਰੇ !

ਬਲਬੀਰ ਕੌਰ ਬੱਬੂ ਸੈਣੀ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਪਿੰਡ ਦੀ ਗਲੀਆਂ….
Next articleਕਿਰਤੀ ਦਾ ਸਤਿਕਾਰ