(ਸਮਾਜ ਵੀਕਲੀ)- ਬੀਤੇ 26 ਮਈ 2021 ਬੁੱਧਵਾਰ ਨੂੰ ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਦੇ ਸੱਦੇ ਉੱਤੇ ਬਰਮਿੰਘਮ ਵਿਖੇ ਭਾਰਤ ਵਿੱਚ ਘੋਲ ਕਰ ਰਹੇ ਕਿਸਾਨਾਂ ਨਾਲ ਏਕਤਾ ਦਾ ਪ੍ਰਗਟਾਵਾ ਕਰਦਿਆਂ ਵਿਖਾਵਾ ਕੀਤਾ ਗਿਆ ।
ਇਸ ਘੋਲ ਅੰਦਰ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਲੇਖਕਾਂ, ਬੁੱਧੀਜੀਵੀਆਂ, ਸਮਾਜ ਕਾਰਕੁਨਾਂ, ਨਾਟਕਕਾਰਾਂ, ਕਵੀਆਂ ਅਤੇ ਗੀਤਕਾਰਾਂ ਤੇ ਕਲਾਕਾਰਾਂ ਅਤੇ ਵਿਦੇਸ਼ਾਂ ਚ ਵਸਦੇ ਭਾਰਤੀਆਂ ਵੱਲੋਂ ਵੀ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ ਜ਼ੋ ਛੇ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਮੋਰਚੇ ਨੂੰ ਅਹਿਮ ਤਾਕਤ ਪ੍ਰਦਾਨ ਕਰ ਰਿਹਾ ਹੈ। ਦੇਸ਼ ਦੀ ਕੁੱਲ ਲੋਕਾਈ ਮੋਦੀ ਹਕੂਮਤ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਸਤਾਈ ਹੋਈ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਤੇ ਆਰ ਐਸ ਐਸ ਸਰਕਾਰ ਵੱਲੋਂ ਪਿਛਲੇ ਸੱਤ ਸਾਲਾਂ ਦੌਰਾਨ ਲਾਗੂ ਕੀਤੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੇ ਹੱਲੇ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਹੀ ਕਾਲ਼ੇ ਖੇਤੀ ਕਾਨੂੰਨ ਲਿਆਂਦੇ ਗਏ ਹਨ ਜਿਨ੍ਹਾਂ ਦਾ ਮਕਸਦ ਕਿਸਾਨਾਂ ਤੋਂ ਜ਼ਮੀਨ ਖੋਹਕੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਉਣਾ ਹੈ। ਮੋਦੀ ਸਰਕਾਰ ਵਲੋਂ ਪਿਛਲੇ ਸੱਤ ਸਾਲਾਂ ਦੌਰਾਨ ਲਾਗੂ ਕੀਤੀਆਂ ਇਨ੍ਹਾਂ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਬਦੌਲਤ ਦੀ ਆਰਥਿਕਤਾ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ ,ਬੇਰੁਜ਼ਗਾਰੀ ਸਭ ਹੱਦਾਂ ਬੰਨੇ ਟੱਪ ਗਈ ਹੈ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਚੋਂ ਜਬਰੀ ਨਿਚੋੜਕੇ ਭਰੇ ਖ਼ਜ਼ਾਨੇ ਨਾਲ਼ ਉਸਾਰੇ ਰੇਲਵੇ,ਹਵਾਈ ਅੱਡੇ, ਪੈਟਰੋਲੀਅਮ, ਖਾਣਾ ਤੇ ਥਰਮਲ ਵਰਗੇ ਪਬਲਿਕ ਖੇਤਰ ਦੇ ਅਦਾਰੇ ਕੌਡੀਆਂ ਦੇ ਭਾਅ ਕਾਰਪੋਰੇਟਾ ਦੀ ਝੋਲੀ ਪਾਏ ਗਏ । ਮੋਦੀ ਦੀ ਫਿਰਕੂ ਫਾਸ਼ੀ ਹਕੂਮਤ ਵੱਲੋਂ ਦੇਸ਼ ਚ ਜਾਤਪਾਤੀ ਤੇ ਫਿਰਕੂ ਜਨੂੰਨ ਭੜਕਾਉਣ ਰਾਹੀਂ ਦਲਿਤਾਂ ਤੇ ਮੁਸਲਿਮ ਭਾਈਚਾਰੇ ਨੂੰ ਚੋਣਵੇਂ ਜ਼ਬਰ ਦਾ ਨਿਸ਼ਾਨਾ ਬਣਾਇਆ ਗਿਆ ।
ਮੋਦੀ ਸਰਕਾਰ ਦੇ ਸਾਮਰਾਜ ਪੱਖੀ ਤੇ ਲੋਕ ਵਿਰੋਧੀ ਵਿਕਾਸ ਮਾਡਲ ਖਿਲਾਫ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਨਤਾ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ ।