(ਸਮਾਜ ਵੀਕਲੀ)
ਅਸੀਂ ਸੱਧਰਾਂ ਦਿਲ ਵਿੱਚ ਨੱਪੀਆਂ
ਅਸੀਂ ਭੱਠੇ ਇੱਟਾਂ ਥੱਪੀਆਂ
ਅਸੀਂ ਰਹੇ ਆਂ ਨਿੱਤ ਕਰਜ਼ਾਈ
ਤੋੜ ਨਾ ਸਕੇ ਭੁੱਖ ਦੇ ਘੇਰੇ
ਸਾਨੂੰ ਆਖਣ ਲੋਕ ਪਥੇਰੇ
ਮੁੱਖ ਤੇ ਹਾਸੇ ਆ ਨਹੀਂ ਸਕਦੇ
ਅਸੀਂ ਰੱਜ ਕੇ ਰੋਟੀ ਖਾ ਨਹੀਂ ਸਕਦੇ
ਨਸਲਾਂ ਮਿੱਟਿਓਂ ਮਿੱਟੀ ਹੋਈਆਂ
ਮੁੱਕ ਨਾ ਸਕੇ ਘੁੱਪ ਅਨ੍ਹੇਰੇ
ਸਾਨੂੰ ਆਖਣ ਲੋਕ ਪਥੇਰੇ
ਰਹੇ ਆਂ ਪਲ ਪਲ ਅੱਗ ਦੇ ਅੱਗੇ
ਦੁੱਖ ਨਾ ਫੋਲੇ ਜੱਗ ਦੇ ਅੱਗੇ
ਇੱਕ ਜਿਹੇ ਸਾਡੇ ਦਿਨ ਤੇ ਰਾਤਾਂ
ਗ਼ੁਰਬਤ ਹੱਸਦੀ ਚਾਰ ਚੁਫ਼ੇਰੇ
ਸਾਨੂੰ ਆਖਣ ਲੋਕ ਪਥੇਰੇ
ਅੱਖਾਂ ਛਮ ਛਮ ਰੋਣ ਪਈਆਂ
ਕੱਚੀਆਂ ਛੱਤਾਂ ਚੋਵਣ ਪਈਆਂ
ਵਿਲ੍ਹ ਜਾਂਦੇ ਸਭ ਲੇਫ਼ ਰਜ਼ਾਈਆਂ
ਲਾ ਜਾਂਦੇ ਨੇਂ ਪੋਚੇ ਫੇਰੇ
ਸਾਨੂੰ ਆਖਣ ਲੋਕ ਪਥੇਰੇ
ਸੇਠ ਨੂੰ ਮਿੰਨਤਾਂ ਨਾਲ਼ ਮਨਾਂਦੇ
ਫ਼ਿਰ ਜਾ ਕਿਧਰੇ ਆਂਦੇ ਜਾਂਦੇ
ਨਜਮੀ ਜਿੰਦ ਛਡਾ ਨਈਂ ਸਕਦੇ
ਸਾਡੇ ਰੁਲ ਗਏ ਵੱਡ ਵਡੇਰੇ
ਸਾਨੂੰ ਆਖਣ ਲੋਕ ਪਥੇਰੇ
ਵਿਲ੍ਹ ਸ਼ਬਦ ਦਾ ਅਰਥ ਹੈ- ਭਿੱਜ ਜਾਣਾ
ਸਲੀਮ ਨਜਮੀ
( ਲਹਿੰਦਾ ਪੰਜਾਬ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly