(ਸਮਾਜ ਵੀਕਲੀ)
ਇਨਸਾਨ ਦਾ ਵਰਤਮਾਨ ਬੋਲਦਾ,ਵਰਤਮਾਨ ਚੋਂ ਭਵਿੱਖ ਉਲੀਕਿਆ ਜਾਂਦਾ। ਬੀਤਿਆ ਸਮਾਂ ਯਾਦਾਂ ਬਣ ਕੇ ਵਰਤਮਾਨ ਤੇ ਭਵਿੱਖ ਦੀ ਗਵਾਹੀ ਭਰਦਾ ਰਹਿੰਦਾ ਤੇ ਇਹ ਗਵਾਹੀ ਇਤਿਹਾਸ ਵੀ ਰਚਾ ਦਿੰਦੀ ਏ ਤੇ ਇਤਿਹਾਸ ਰਚਾਉਣ ਲਈ ਉੱਚੀ ਸੋਚ ਦਾ ਹੋਣਾ ਬਹੁਤ ਜਰੂਰੀ ਹੂੰਦਾ। ਕੁੱਝ ਲੋਕ ਹੂੰਦੇ ਨੇ ਉੱਚੀ ਸੋਚ ਦੇ ਮਾਲਕ ਜੋ ਕਰਮ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਲਈ ਸਿਰ ਤੋੜ ਯਤਨਾ ਸਦਕਾ ਸਿਰੇ ਦੇ ਫਰਜ਼ ਨਿਭਾ ਜਾਂਦੇ ਹਨ।ਇਹੋ ਜਿਹੇ ਇਨਸਾਨਾ ਤੇ ਲਿਖਣ ਵੇਲੇ ਕਲਮਾਂ ਵੀ ਮਾਣ ਮਹਿਸੂਸ ਕਰਦੀਆਂ ਹਨ। ਇਹੋ ਜਿਹੇ ਇਨਸਾਨ ਸਨ ਡਾ:ਨਰੰਜਣ ਸਿੰਘ ਜੀ । ਡਾ: ਨਰੰਜਣਣ ਸਿੰਘ ਜੀ ਦਾ ਜਨਮ ਪਿੰਡ ਭਾਣੋਕੀ ਵਿਖੇ ਪਿਤਾ ਹੇਮ ਸਿੰਘ ਜੀ ਤੇ ਮਾਤਾ ਬਸੰਤ ਕੋਰ ਜੀ ਦੇ ਘਰ ਵਿੱਚ ਹੋਇਆ । ੳਹਨਾ ਦੀ ਪਤਨੀ ਅਜ਼ਮੇਰ ਕੌਰ ਜੀ ਸਨ , ਅਤੇ ਦੋ ਪੁੱਤਰ ਕਰਮਜੀਤ ਸਿੰਘ ਤੇ ਨਰਿੰਦਰਜੀਤ ਸਿੰਘ ਜੋ ਅੱਜ ਵੀ ਬਤੋਰ ਡਾਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
1947 ਚ ਉਹਨਾ ਦੀ ਉਮਰ 30 ਕੁ ਸਾਲ ਦੀ ਸੀ ।ਉਹਨਾ ਦੇ ਬਚਪਨ ਵਲ ਨਾ ਜਾਂਦੇ ਹੋਏ ਗਲ ਕਰਦੇ ਆਂ ਉਹਨਾ ਦੇ ਕਾਰਨਾਮਿਆਂ ਦੀ , 1947 ਤੋਂ ਪਹਿਲਾਂ ਹੀ ਪੜ੍ਹ ਲਿਖ ਕੇ ਡਾਕਟਰ ਬਣ ਚੁੱਕੇ ਸਨ ,ਫਗਵਾਗੇ ਦੇ ਸਰਕਾਰੀ ਹਸਪਤਲ ਵਿੱਚ ਡਾਕਟਰੀ ਦੀ ਪਰੇਕਟਿਸ ਸ਼ੁਰੂ ਕੀਤੀ , ਅੱਖਾਂ ਦੇ ਮਸ਼ਹੂਰ ਡਾਕਟਰ ਸਨ ਉਹ ,ਤੇ ਅੰਗਰੇਜੀ ਦਵਾ ਖਾਨਾ ਵੀ ਖੋਲ ਲਿਆ ਤੇ ਇਲਾਕੇ ਦੇ ਵਿੱਚ ਇਹਨਾ ਦੀ ਸਿਫਤ ਸਲਾਹ ਬਹੁਤ ਹੋਣ ਲੱਗੀ । ਬਹੁਤ ਮਰੀਜਾਂ ਦਾ ਮੁਫਤ ਇਲਾਜ ਕਰਨ ਦੀ ਸ਼ਲਾਘਾ ਵੀ ਉਹਨਾ ਨੂੰ ਜਾਂਦੀ ਹੈ ,ਨਿਮਰਤਾ ਭਰੇ ਸੂਭਾਅ ਦੇ ਨਾਲ ਨਾਲ ਪਿੰਡ ਦੇ ਤੇ ਸਮਾਜ ਦੇ ਵਿੱਚ ਕੰਮ ਕਰਾਉਣ ਦ ਅਸਰ ਰਸੂਖ ਵੀ ਰੱਖਦੇ ਸਨ ।
ਉਸ ਸਮੇਂ ਪਿੰਡ ਭਾਣੋਕੀ ਚ ਹਰ ਧਰਮ ਤੇ ਜਾਤ ਦੇ ਲੋਕ ਵਸਦੇ ਸਨ ਤੇ ਅੱਜ ਵੀ ਵਸਦੇ ਨੇ ਪਰ ਉਸ ਸਮੇਂ ਪੰਜਾਹ ਕੁ ਮੁਸਲਮਾਨ ਪਰਿਵਾਰ ਵੀ ਵਸਦੇ ਸਨ । ਭਾਂਵੇਂ ਆਪਸੀ ਸਾਂਝ ਬਹੁਤ ਸੀ , ਪਰ ਕਬਰਾਂ ਲਈ ਸਥਾਨ ਵੱਖਰੇ ਸਨ , ਕਬਰਾਂ ਵਿੱਚ ਲੱਗੀਆਂ ਕਿੱਕਰਾਂ ਦੀ ਵੰਡ ਪਿੱਛੇ ਆਪਸ ਚ ਥੋੜਾ ਰੋਲਾ ਪੈ ਗਿਆ ਤੇ ਕੇਸ ਫਗਵਾੜੇ ਕਚਿਹਰੀਆਂ ਚ ਚਲਾ ਗਿਆਾ । ਜਿਸ ਵਿੱਚ ਡਾ: ਸਾਹਿਬ ਨੇ ਕਿਸੇ ਦੀ ਮੱਦਦ ਨਾ ਕਰਦੇ ਹੋਏ ਆਪਣੀ ਰਝੇਵਿਆਂ ਵਲ ਜਿਅਦਾ ਧਿਆਨ ਦਿੱਤਾ। ਪਰ ਕਿੱਕਰਾਂ ਪਿੱਛੇ ਆਪਸੀ ਝਗੜਾ ਤਾਂ , ਆਉਣ ਵਾਲੀ ਬਿਪਤਾ ਅੱਗੇ ਕੁੱਝ ਵੀ ਨਹੀ ਸੀ । ਜਿੱਥੇ ਭਾਰਤ ਤੇ ਪਾਕਿਸਤਾਨ ਅਜਾਦੀ ਦੀਆਂ ਖੂਸ਼ੀਆਂ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਉੱਥੇ ਸਿਰ ਤੇ ਖੂਨ ਖਰਾਬੇ ਦੀ ਹਨ੍ਹੇਰੀ ਦੇ ਅਸਾਰ ਹੋਣ ਲੱਗੇ , ਹੁਣ ਕਿੱਕਰਾਂ ਦਾ ਝਗੜਾ ਭੁੱਲ ਕੇ ਸਾਰਾ ਪਿੰਡ ਮੁਸਲਮਾਨ ਪਰਿਵਾਰਾਂ ਦੇ ਫਿਕਰਾਂ ਚ ਖੋਹ ਗਿਆ ।
ਮਾੜੀ ਕਿਸਮਤ ਦਾ ਉਸ ਸਮੇਂ ਪਤਾ ਲੱਗ ਗਿਆ ਜਦ ਪੰਜਾਬ ਦੀ ਹਿੱਕ ਨੂੰ ਚੀਰਦੀ ਹੋਈ ਬਾਘੇ ਵਾਲੀ ਲਕੀਰ ਖਿੱਚ ਕੇ ਪੰਜਾਂ ਦਰਿਆਂਵਾਂ ਦੀ ਧਰਤੀ ਚੀਰ ਕੇ ਰੱਖ ਦਿੱਤੀ , ਇੱਕ ਪਾਸੇ ਜੇਹਲਮ , ਝਨਾਬ ਤੇ ਦੂਜੇ ਪਾਸੇ ਸਤਲੁੱਜ ਬਿਆਸ ਨੀਰ ਵਹਾਉਣ ਲਈ ਮਜਬੂਰ ਕਰ ਦਿੱਤੇ ਤੇ ਰਾਵੀ ਤੜਫਦਾ ਹੋਇਆ ਹੋਇਆ ਲਹੋਰ ਤੋਂ ਜਿੱਥੇ ਗੁਰੂ ਅਰਜਨ ਦੇ ਜੀ ਨੂੰ ਤਸੀਹੇ ਦਿੱਤੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਦੀ ਲੰਘਦਾ ਹੋਇਆ ਬਾਬੇ ਨਾਨਕ ਦੀ ਧਰਤੀ ਕਰਤਾਰਪੁਰ ਚੀਂ ਹੂੰਦਾ ਹੋਇਆ ਕਦੀ ਚੜਦੇ ਪੰਜਾਬ ਚ ਤੜਪਦਾ ਹੋਇਆ ਆਂਉਦਾ ਕਦੇ ਲਹਿੰਦੇ ਪੰਜਾਬ ਵਲ ਤੜਪ ਕੇ ਚਲੇ ਜਾਂਦਾ , ਦੋਹਾਂ ਪੰਜਾਬਾ ਦਾ ਮੋਹ ਉਹ ਅੱਜ ਵੀ ਆਪਣੀ ਬੁੱਕਲ ਚ ਲਪੇਟੀ ਫਿਰਦਾ।
ਜਿੱਥੇ ਅਜਾਦੀ ਦਿਆਂ ਖੂਸ਼ੀਆਂ ਮਨਾਉਣੀਆਂ ਸੀ ,ਉੱਥੇ ਉਜੜਨ ਦਾ ਫਿਕਰ ਖਾਣ ਲੱਗਾ। ਹੁਣ ਪਤਾ ਨਹੀ ਸੀ ਕਦ ਪਿੰਡ ਛੱਡਣ ਦੇ ਹੁਕਮ ਆ ਜਾਣ । ਮਹਿਨਤਾ ਨਾਲ ਬਣਾਏ ਘਰਾਂ ਦੇ ਦਰ ਖੂੱਲੇ ਛੱਡ ਕੇ ਕਦ ਤੁਰਨਾ ਪੈ ਜਾਵੇ ,ਜਾਨ ਮਾਲ ਦੇ ਸੰਧੇ ਪੈਣ ਲੱਗੇ। ਆਖਰ ਨੂੰ ਭਾਣਾ ਵਰਤ ਈ ਗਿਆ, ਹੁਕਮ ਹੋ ਗਿਆ , ਸਿੱਖ ਤੇ ਹਿੰਦੂ ਭਾਰਤ ਜਾਣ ਤੇ ਮੁਸਲਮਾਨ ਪਾਕਿਸਾਨ ਜਾਣ,।ਆ ਗਈ ਫਿਰ ਖੂਨ ਖਰਾਬੇ , ਲੁੱਟ ਖਸੂੱਟ ਦੀ ਹਨ੍ਹੇਰੀ। ਇਹ ਕਹਿਰ ਦੋਨਾ ਪੰਜਾਂਬਾ ਚ ਢਹਿਣ ਲੱਗਾ ।
ਇਨਸਾਨ ਨੇ ਸੈਤਾਨ ਦਾ ਪਤਾ ਨਹੀ ਕਿਵੇਂ ਰੂਪ ਧਾਰ ਲਿਆ। ਭਾਣੋਕੀ ਪਿੰਡ ਚ ਪੰਜਾਹ ਕ ਪਰਿਵਾਰ ਰਹਿੰਦੇ ਸੀ , ਕੁੱਝ ਮੁਸਲਮਾਨ ਮੈਂਬਰ ਸਰਦਾਰ ਹੇਮ ਸਿੰਘ ਜੀ ਕੋਲ ਸਹਾਇਤਾ ਲਈ ਗਏ , ਡਾ: ਨਰੰਜਣ ਸਿਘ ਜੀ ਵੀ ਹਾਜਰ ਸਨ , ਹੇਮਸਿੰਘ ਜੀ ਨੇ ਡਾ: ਨਰੰਜਣ ਸਿੰਘ ਨੂੰ ਕਿਹਾ , ਪੁੱਤਰਾ ਇਹ ਮੁਸਲਮਾਨ ਪਰਵਾਰ ਆਪਣੇ ਭਾਈ ਆ , ਇਹਨਾ ਦੀ ਰਾਖੀ ਦ ਜੁੰਮਾਂ ਆਪਣਾ ਬਣਦਾ , ਸ਼ਇਦ ਉਹਨਾ ਨੂੰ ਆਪਣੇ ਪੁੱਤਰ ਨਰੰਜਣ ਸਿੰਘ ਦੀ ਯੋਗਤਾ ਤੇ ਪੂਰਾ ਭਰੋਸਾ ਸੀ , ਪੁੱਤਰ ਨੇ ਬਾਪੂ ਨੂੰ ਮੁਸਲਮਾਨ ਪਰਵਾਰਾਂ ਦੀ ਰੱਖਿਆ ਦਾ ਬਚਨ ਦੇ ਦਿੱਤਾ ।
ਗੁਰੂਘਰ ਦੇ ਸਪੀਕਰ ਚ ਬੋਲ ਕੇ ਸਾਰੇ ਪਿੰਡ ਨੂੰ ਇਕੱਠੇ ਕੀਤਾ ਤੇ ਮੁਸਲਮਾਨ ਪਰਵਾਰਾਂ ਦੀ ਰੱਖਿਆ ਲਈ ਅਰਦਾਸ ਕੀਤੀ ਤੇ ਸਾਰੇ ਪਿੰਡ ਨੇ ਉਹਨਾ ਦੀ ਰੱਖਿਆ ਦਾ ਬਚਨ ਦਿੱਤਾ ਤੇ ਬਚਨ ਨਿਭਾਉਣ ਦੀ ਤਿਆਰੀ ਆਰੰਭ ਕਰ ਲਈ , ਰਾਤ ਦਿਨ ਪਿੰਡ ਦੇ ਗਭਰੂ ਪਹਿਰੇ ਤੇ ਖੜਨ ਲੱਗੇ । ਮੁਸਲਮਾਨ ਪਰਵਾਰਾਂ ਨੂੰ ਕਹਿ ਦਿੱਤਾ ਸੀ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਦੁਸ਼ਮਣ ਨੂੰ ਸਾਡੀ ਲਾਸ਼ ਤੋਂ ਲੰਘਣਾ ਪਵੇਗਾ।
ਪਿੰਡ ਵਿੱਚ ਪੂਰੀ ਤਰਾਂ ਸਰੱਖਿਆ ਦਾ ਪ੍ਰਬੰਧ ਕਰ ਲਿਆ , ਪਿੰਡ ਦੇ ਜੋਗਿੰਦਰ ਸਿੰਘ ਜਗਦੇਵ ਜੀ ਨੇ ਆਪਣੀ ਕਾਰਾਗਰੀ ਦੇ ਸਦਕਾ ਲੁਟੇਰਿਆਂ ਤੋਂ ਬਚਾਅ ਲਈ ਇੱਕ ਤੋਪ ਵੀ ਤਿਆਰ ਕਰ ਲਈ।ਪਰ ਹੁਣ ਫਿਕਰ ਸੀ , ਕਿੱਦਾਂ ਇਹਨਾ ਪਰਵਾਰਾਂ ਨੂੰ ਸਰੱਖਿਅਤ ਫੋਜ ਦੇ ਹਵਾਲੇ ਕੀਤਾ ਜਾਵੇ । ਡਾ:ਨਰੰਜਣ ਸਿੰਘ ਜੀ ਤੇ ਸਭ ਨੂੰ ਵੱਡੀਆਂ ਆਸਾਂ ਸਨ ,ਉਹਨਾ ਨੇ ਵੀ ਦਿਨ ਰਾਤ ਇੱਕ ਕਰ ਰੱਖਿਆ ਸੀ ,ਦਿੱਤਾ ਹੋਇਆ ਬਚਨ ਨਿਭਾਉਣ ਲਈ।
ਮੁਸਲਮਾਨ ਪਰਵਾਰਾਂ ਲਈ ਛੋਲੇ ਤੇ ਗੁੜ ਦਾ ਪ੍ਰਬੰਧ ਪਹਿਲਾਂ ਕਰ ਕੇ ਰੱਖ ਲਿਆ । ਫਿਰ ਉਹ ਵੀ ਦਿਨ ਆ ਗਿਆ ਜਦ ਜਨਮ ਭੁਮੀ ਤੋਂ ਹੰਝੂਆਂ ਭਰੀ ਵਦਾਇਗੀ ਲੈਣੀ ਸੀ ।ਡਾ: ਨਰੰਜਣ ਜੀ ਤਿੰਨ ਟਰੱਕ ਤੇ ਚਾਰ ਫੋਜੀਆਂ ਦਾ ਪ੍ਰਬੰਧ ਕਰ ਕੇ ਆਏ ,ਪਰ ਟਰੱਕ ਮਾਲਕ ਪਿੰਡ ਤੱਕ ਆਉਣ ਲਈ ਨਾ ਮੰਨੇ , ਕਹਿਣ ਲੱਗੇ ਚਾਚੋਕੀ ਤੱਕ ਕਿਸੇ ਨਾ ਕਿਸੇ ਤਰਾਂ ਲਿਆਉਣਾ ਪਵੇਗਾ ਸਾਰੇ ਪਰਵਾਰਾਂ ਨੂੰ , ਫਿਰ ਕੀ ਸੀ ਪਿੰਡ ਦੇ ਗਭਰੂ ਜੂਆਨਾਂ ਨੇ ਪਹਿਰੇਦਾਰੀ ਕਰਨ ਲਈ ਖੰਡੇ ਵਰਸ਼ੇ ਹੋਰ ਤਿੱਖੇ ਕਰ ਲਏ , ਸਮਾਂ ਆ ਗਿਆ ਜਨਮ ਭੂਮੀ ਨੂੰ ਅਲਵਿਦਾ ਕਹਿਣ ਦਾ, ਭਰੀਆਂ ਅੱਖਾਂ ਨਾਲ ਖੂੱਲੇ ਦਰ ਛੱਡ ਕੇ ਤੁਰ ਪਏ
ਆਪਣੀ ਜਨਮ ਭੂਮੀ ਨੂੰ ਅਲਵਿਦਾ ਕਹਿ ਕੇ ਮੁਸਲਮਾਨ ਪਰਵਾਰ ਭਾਣੋਕੀ ਤੋਂ ਖੇੜੇ ਵਾਲੇ ਰਸਤੇ ਤੇ ।ਰਸਤੇ ਰਸਤੇ ਮੁਸਲਮਾਨ ਪਰਵਾਰ ,ਤੇ ਬੰਨਿਆਂ ਤੇ ਪਿੰਡ ਦੇ ਸਿੰਘ ਸਰਦਾਰ ਚੜਦੀ ਵਰੇਸ ਦੇ ਸਾਰੇ ਗਭਰੂ ਜੁਆਨ ,ਛਵੀਆਂ ਦੀਆਂ ਛਾਂਵਾਂ ਹੇਠ ਲੈ ਪਹੂੰਚੇ ਟਰੱਕਾਂ ਕੋਲ ।ਜਿੱਥੇ ਡਾ: ਨਰੰਜਣ ਸਿੰਘ ਫੋਜੀਆਂ ਨਾਲ ਉਡੀਕ ਕਰ ਰਿਹੇ ਸੀ , ਸਾਰਿਆਂ ਨੂੰ ਟਰੱਕਾਂ ਚ ਬਿਠਾ ਕੇ ਫੋਜੀਆਂ ਦੇ ਨਾਲ ਪਿੰਡ ਦੇ ਗਭਰੂ ਵੀ ਟਰੱਕਾਂ ਚ ਖੜ ਕੇ ਰੱਖਿਆ ਲਈ ਡਟ ਗਏ , ਰਸਤੇ ਚ ਤਿੰਨ ਵਾਰ ਹਮਲਾ ਹੋਇਆ ਪਰ ਕਿਸੇ ਨੂ ਵੀ ਟਰੱਕਾਂ ਦੇ ਨੇੜੇ ਤੇੜੇ ਨਹੀ ਆਉਣ ਦਿੱਤਾ, ਆਖਰ ਪਹੁੰਚ ਗਏ ਛਾਉਣੀ ਕੈਂਪ ਦੇ ਵਿੱਚ ।
ਜਦ ਬਲੋਚ ਫੋਜੀਆਂ ਨੇ ਮੁਸਲਮਾਨ ਪਰਵਾਰ ਟਰੱਕਾਂ ਚੋਂ ਉੱਤਰਦੇ ਦੇਖੇ , ਉਹਨਾ ਦੀ ਖੂਸ਼ੀ ਦੀ ਹੱਦ ਨਾ ਰਹੀ , ਫੋਜੀਆਂ ਨੇ ਡਾ: ਨਰੰਜਣ ਸਿਘ ਜੀ ਨੂੰ ਮੋਢਿਆਂ ਤੇ ਚੱਕ ਲਿਆ, ਬਹੁਤ ਖੂਸ਼ੀ ਮਨਾਈ ਪੰਜਾਹ ਪਰਵਾਰਾਂ ਨੂੰ ਸੁੱਖ ਸਵੀਲੀ ਕੈਂਪ ਚ ਪਹੁੰਚਾਉਣ ਦੀ ।ਛੱਡ ਕੇ ਵਾਪਸ ਮੁੜਨ ਵੇਲੇ ਇੱਕ ਦੂਜੇ ਦੇ ਗਲ਼ ਲੱਗ ਬੇਬਸੀ ਦੇ ਅੱਥਰੂ ਡੂੱਲ ਡੂੱਲ ਪੈ ਰਹੇ ਸੀ। ਸਾਰੇ ਡਾਕਟਰ ਸਾਹਿਬ ਦਾ ਤੇ ਸਾਰੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਕਰਦੇ ਮੁੜ ਕੇ ਮਿਲਣ ਦੀਆਂ ਆਸਾਂ ਨਾਲ ਅਲਵਿਦਾ ਆਖ ਹੰਝੂ ਭਰੀਆਂ ਅੱਖਾਂ ਵਦਾਇਗੀ ਲੈ ਕੇ ਵਾਪਸ ਪਿੰਡ ਪਰਤੇ । ਗੁਰੂ ਅੱਗੇ ਕੀਤੀ ਅਰਦਾਸ ਪੂਰੀ ਹੋਈ ਦਿਲ ਹੀ ਦਿਲ ਧੰਨਵਾਦ ਕਰਦੇ ਹੋਏ ਪਿੰਡ ਪਹੁੰਚੇ।
ਉਸ ਤੋ ਅੱਗੇ ਭਾਣੌਕੀ ਦੇ ਸਾਰੇ ਮੁਸਲਮਾਨ ਪਰਵਾਰਾਂ ਨੂੰ ਫੋਜ ਨੇ ਸੁੱਖ ਸਵੀਲੀ ਪਾਕਿਸਤਾਨ ਪਹੁੰਚਾ ਦਿੱਤਾ । ਭਾਂਵੇ ਸਾਰੇ ਮੁਸਲਮਾਨ ਪਰਵਾਰ ਬਣੇ ਬਣਾਏ ਅੱਡੇ ਗੱਡੇ ਛੱਡ ਕੇ ਗਏ ਸੀ ਪਰ ਮਹਿਨਤਾ ਸਦਕਾ ਪਾਕਿਸਤਾਨ ਚ ਵੀ ਬਹੁਤ ਵਧੀਆ ਘਰ ਬਾਰ ਬਣਾ ਚੁੱਕੇ ਹਨ।
ਜਿੱਥੇ ਉਹ ਡਾਕਟਰ ਨਰੰਜਣ ਸਿੰਘ ਜੀ ਦਾ ਹਰਦਮ ਧੰਨਵਾਦ ਕਰਦੇ ਹਨ ,ਉਥੇ ਜਨਮ ਭੂਮੀ ਵਲ ਅੱਜ ਵੀ ਤੜਪ 1947 ਵਰਗੀ ਹੀ ਦਿਲ ਚ ਦੱਬੀ ਬੈਠੇ ਨੇ। ਆਪਣੇ ਹਾਣੀਆਂ ਨਾਲ ਬਤਾਈਆਂ ਯਾਦਾਂ ਨੂੰ ਵਤਨ ਦੀਆਂ ਯਾਦਾਂ ਮਹਿਸੂਸ ਕਰਦੇ ਰਹਿੰਦੇ ਨੇ। ਅੱਜ ਮਾਂ ਭੂਮੀ ਵਲ ਆਉਣ ਦੀ ਖਿੱਚ ਉਹਨਾ ਦੇ ਅੰਦਰ ਤੜਪ ਜਹੀ ਪੈਦਾ ਕਰ ਦਿੰਦੀ ਤੇ ਤੜਪ ਦੀ ਹੂਕ ਚੋਂ ਆਪਣੇ ਆਪ ਇਹ ਬੋਲ ਫੁੱਟ ਪੈਂਦੇ ਨੇ —
ਮੇਰੇ ਪੰਜਾਬ ਵਾਂਗ ਹੀ ਦਿਲ ਮੇਰਾ ,
ਟੁੱਟਿਆ ਟੁੱਟਿਆ ਜਿਹਾ ਰਹਿੰਦਾ ਏ।
ਜਿਵੇਂ 47 ਦੀ ਵੰਡ ਵਰਗਾ ,
ਉਹ ਸੰਤਾਪ ਅਜੇ ਤੱਕ ਸਹਿੰਦਾ ਏ।
ਪੰਜਾਬ ਵਾਂਗ ਹੀ ਜਿੰਦ ਏਹੇ ,
ਵੰਡੀ ਵੰਡੀ ਜਹੀ ਰਹਿੰਦੀ ਏ।
ਤੰਨ ਵਸਦਾ ਬਿਣਿੰਗ ਪ੍ਰਦੇਸਾਂ ਚ ,
ਰੂਹ ਜਨਮ ਭੂਮੀ ਦੇ ਸਪਨੇ ਲੈਂਦੀ ਏ।
ਪੱਤਰਕਾਰ ਨਕੋਦਰ
ਮਹਿਤਪੁਰ 9592282333
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly