ਤਾਲਾਬੰਦੀ ’ਚ ਢਿੱਲ ਮਗਰੋਂ ਬਾਜ਼ਾਰਾਂ ਵਿੱਚ ਭੀੜ

ਲੁਧਿਆਣਾ (ਸਮਾਜ ਵੀਕਲੀ) : ਤਾਲਾਬੰਦੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਸਵੇਰੇ ਪੰਜ ਵਜੇ ਤੋਂ ਦੁਪਹਿਰ 12 ਵਜੇ ਤੱਕ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਛੋਟ ਦੇਣ ’ਤੇ ਸ਼ਹਿਰ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਅੱਜ ਦੇ ਹਾਲਾਤ ਦੇਖਦਿਆਂ ਪ੍ਰਸ਼ਾਸਨ ਤਾਲਾਬੰਦੀ ਦੇ ਨਿਯਮ ਹੋਰ ਸਖ਼ਤ ਕਰ ਸਕਦਾ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੋਂ ਹੀ ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋ ਗਏ। ਸਮਾਂ ਵਧਣ ਦੇ ਨਾਲ ਨਾਲ ਦੁਕਾਨਾਂ ’ਤੇ ਭੀੜ ਵੀ ਵਧਦੀ ਗਈ। ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ’ਚ ਟਰੈਫਿਕ ਜਾਮ ਦੀ ਸਥਿਤੀ ਵੀ ਦੇਖਣ ਨੂੰ ਮਿਲੀ। ਲੁਧਿਆਣਾ ਦੀ ਹੋਲਸੇਲ ਕਰਿਆਨਾ ਮਾਰਕੀਟ, ਕੇਸਰਗੰਜ ਮੰਡੀ, ਚੌੜਾ ਬਾਜ਼ਾਰ, ਗੁੜਮੰਡੀ, ਸਾਬਣ ਬਾਜ਼ਾਰ, ਗਿੱਲ ਰੋਡ ਵਰਗੇ ਇਲਾਕਿਆਂ ਵਿੱਚ ਤਾਂ ਬੁਰਾ ਹਾਲ ਸੀ। 12 ਵੱਜਦੇ ਹੀ ਪੁਲੀਸ ਨੇ ਦੁਕਾਨਾਂ ਬੰਦ ਕਰਨ ਦੀ ਅਨਾਊਂਸਮੈਂਟ ਸ਼ੁਰੂ ਕਰ ਦਿੱਤੀ।

ਇਸ ਅਨਾਊਂਸਮੈਂਟ ਦੇ ਨਾਲ ਹੀ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਘਰਾਂ ਲਈ ਨਿਕਲਣ ਲੱਗੇ। ਲੋਕਾਂ ਦੇ ਇਕੱਠੇ ਨਿਕਲਣ ਕਾਰਨ ਇੱਕ ਵਾਰ ਫਿਰ ਸ਼ਹਿਰ ਵਿੱਚ ਗੱਡੀਆਂ ਅਤੇ ਸਕੂਟਰਾਂ ਦੀਆਂ ਲਾਈਨਾਂ ਲੱਗ ਗਈਆਂ। ਗਿਰਜਾਘਰ ਚੌਕ, ਸਾਬਣ ਬਾਜ਼ਾਰ ਚੌਕ, ਕੇਸਰ ਗੰਜ ਮੰਡੀ, ਸੁਭਾਨੀ ਬਿਲਡਿੰਗ, ਰੇਲਵੇ ਸਟੇਸ਼ਨ, ਘੰਟਾ ਘਰ, ਡਿਵੀਜ਼ਨ ਨੰਬਰ-3 ਚੌਕ ’ਚ ਟਰੈਫਿਕ ਜਾਮ ਰਿਹਾ।

ਲੋਕਾਂ ਨੇ ਪੰਜ-ਸੱਤ ਮਿੰਟਾਂ ਦਾ ਸਫ਼ਰ 30-40 ਮਿੰਟਾਂ ’ਚ ਤੈਅ ਕੀਤਾ। ਲੁਧਿਆਣਾ ਦੇ ਸਾਬਣ ਬਾਜ਼ਾਰ ਵਿੱਚ ਫਸੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਬਣ ਬਾਜ਼ਾਰ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਜਾਣ ਲਈ 30 ਮਿੰਟ ਤੋਂ ਵੱਧ ਦਾ ਸਮਾਂ ਲੱਗਿਆ। ਹਾਲਾਂਕਿ ਇਹ ਰਸਤਾ ਮਹਿਜ਼ ਪੰਜ ਮਿੰਟ ਦਾ ਹੈ। ਬਾਹਰੀ ਇਲਾਕਿਆਂ ’ਚ ਪੁਲੀਸ ਦੀ ਗਸ਼ਤ ਨਾ ਹੋਣ ਕਾਰਨ ਦੁਕਾਨਾਂ ਕਾਫੀ ਦੇਰ ਖੁੱਲ੍ਹੀਆਂ ਰਹੀਆਂ।

Previous articleਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ 38 ਤੇ ਸੰਗਰੂਰ ਜ਼ਿਲ੍ਹੇ ’ਚ 17 ਮੌਤਾਂ
Next articleਸ਼੍ਰੋਮਣੀ ਕਮੇਟੀ ਨੇ ਫਾਈਜ਼ਰ ਵੈਕਸੀਨ ਮੰਗਵਾਉਣ ਲਈ ਪ੍ਰਵਾਨਗੀ ਮੰਗੀ