ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਸਰਕਾਰ ਦੇ ਤਿਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਚਲਾ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਯੋਗਿੰਦਰ ਯਾਦਵ ਨੇ ਉਨ੍ਹਾਂ ਖ਼ਬਰਾਂ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਇਹ ਚਰਚਾ ਹੈ ਕਿ ਟਿਕਰੀ ਬਾਰਡਰ ਦੇ ਮੋਰਚੇ ਵਾਲੀ ਥਾਂ ’ਤੇ ਪੱਛਮੀ ਬੰਗਾਲ ਦੀ ਇਕ ਮਹਿਲਾ ਕਾਰਕੁਨ ਦੇ ਹੋਏ ਜਿਣਸੀ ਸ਼ੋਸ਼ਣ ਤੋਂ ਮੋਰਚਾ ਜਾਣੂ ਸੀ।
ਇੱਥੇ ਅੱਜ ਇੱਕ ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਯੋਗਿੰਦਰ ਯਾਦਵ ਦੇ ਨਾਲ ਮ੍ਰਿਤਕ ਲੜਕੀ ਦੇ ਪਿਤਾ ਵੀ ਹਾਜ਼ਰ ਸਨ। ਪਸ੍ਰੀ ਯਾਦਵ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਇਸ ਘਟਨਾਕ੍ਰਮ ਦਾ ਪਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਕੁੱਝ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਦੋ ਜਾਂ ਤਿੰਨ ਆਗੂਆਂ ਨੂੰ ਇਸ ਬਾਰੇ ਜਾਣਕਾਰੀ ਸੀ ਜਿਸ ਬਾਰੇ ਮੋਰਚੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਲੜਕੀ ਦੇ ਪਿਤਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜਦੋਂ ਉਹ ਆਪਣੀ ਕਰੋਨਾ ਪੀੜਤ ਲੜਕੀ ਨੂੰ ਹਸਪਤਾਲ ਮਿਲਣ ਆਇਆ ਸੀ ਤਾਂ ਉਸ ਨੂੰ ਜਿਣਸੀ ਸ਼ੋਸ਼ਣ ਬਾਰੇ ਪਤਾ ਲੱਗਾ। ਲੜਕੀ ਦੀ ਕਰੋਨਾ ਕਾਰਨ 30 ਅਪਰੈਲ ਨੂੰ ਮੌਤ ਹੋ ਗਈ ਸੀ।
ਲੜਕੀ ਦੇ ਪਿਤਾ ਨੇ ਕਿਹਾ ਕਿ ਉਸ ਦੀ ਧੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਇੱਛੁਕ ਸੀ ਪਰ ਜਦੋਂ ਉਸ ਨੂੰ ਲੜਕੀ ਨੂੰ ਕਰੋਨਾ ਹੋਣ ਦੀ ਸੂਚਨਾ ਤਾਂ ਉਹ ਉਸ ਨੂੰ ਮਿਲਣ ਲਈ ਹਸਪਤਾਲ ਆਇਆ, ਜਿੱਥੇ ਉਸ ਨੂੰ ਧੀ ’ਤੇ ਹਮਲਾ ਹੋਣ ਦਾ ਪਤਾ ਲੱਗਾ। ਪਿਤਾ ਨੇ ਕਿਹਾ ਕਿ ਉਸ ਦੀ ਧੀ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਚਿੰਤਤ ਸੀ ਤੇ ਉਸ ਦੇ ਆਖ਼ਰੀ ਸ਼ਬਦ ਸਨ, ‘ਮੈਨੂੰ ਇਨਸਾਫ਼ ਚਾਹੀਦਾ ਹੈ’।
ਲੜਕੀ ਦੇ ਪਿਤਾ ਨੇ ਕਿਹਾ ਕਿ ਉਸ ਨੇ ਖ਼ਾਸ ਤੌਰ ’ਤੇ ਕਿਹਾ ਸੀ ਕਿ ਉਸ ਨਾਲ ਵਾਪਰੀ ਇਸ ਘਟਨਾ ਨਾਲ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਅਕਸ ਬਿਲਕੁਲ ਖ਼ਰਾਬ ਨਾ ਹੋਵੇ। ਲੜਕੀ ਦਾ ਕਹਿਣਾ ਸੀ, ‘‘ਕਿਸਾਨ ਸਾਡੇ ਅੰਨਦਾਤਾ ਹਨ ਤੇ ਇਨ੍ਹਾਂ ਲੋਕਾਂ ਦੀ ਲੜਾਈ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਹੈ।’’ ਪੀੜਤਾ ਦੇ ਪਿਤਾ ਨੇ ਸਾਰੇ ਘਟਨਾਕ੍ਰਮ ’ਤੇ ਕੇਸ ਦਰਜ ਕਰਨ ਬਾਰੇ ਵੀ ਦੱਸਿਆ।
ਉੱਧਰ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਟਿਕਰੀ ਮੋਰਚੇ ’ਤੇ ਔਰਤਾਂ ਲਈ ਖ਼ਾਸ ਤੌਰ ’ਤੇ ਵੱਖਰੇ ਬੰਦੋਬਸਤ ਕੀਤੇ ਗਏ ਹਨ।
ਯੋਗਿੰਦਰ ਯਾਦਵ ਨੇ ਪੁਲੀਸ ਵੱਲੋਂ ਦੋ ਮੁੱਖ ਮੁਲਜ਼ਮਾਂ ਤੋਂ ਇਲਾਵਾ ਚਾਰ ਹੋਰ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ’ਤੇ ਇਤਰਾਜ਼ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਪਿਤਾ ਨੇ ਪਹਿਲਾਂ ਹੀ ਪੁਲੀਸ ਨੂੰ ਕਹਿ ਦਿੱਤਾ ਹੈ ਕਿ ਉਸ ਨੇ ਚਾਰੋਂ ਖ਼ਿਲਾਫ਼ ਕੇਸ ਦਰਜ ਨਹੀਂ ਸੀ ਕਰਵਾਇਆ। ਸ੍ਰੀ ਯਾਦਵ ਨੇ ਪੁਲੀਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਮੰਗਦਿਆਂ ਕਿਹਾ ਕਿ ਗਵਾਹ ਨੂੰ ਮੁਲਜ਼ਮ ਬਣਾ ਕੇ ਮਾਮਲਾ ਕਮਜ਼ੋਰ ਕੀਤਾ ਜਾਵੇਗਾ।