ਮਹਾਨ ਜਰਨੈਲ ਸ੍ਰ. ਜੱਸਾ ਸਿੰਘ ਰਾਮਗੜ੍ਹੀਆ

ਮਹਾਨ ਜਰਨੈਲ ਸ੍ਰ. ਜੱਸਾ ਸਿੰਘ ਰਾਮਗੜ੍ਹੀਆ

(ਸਮਾਜ ਵੀਕਲੀ)

ਸਾਡਾ-ਵਿਰਸਾ – 5 ਮਈ ਜਨਮ ਦਿਵਸ ‘ਤੇ

– ਜਗਦੀਸ਼ ਸਿੰਘ ਚੋਹਕਾ

ਸਿੱਖ ਇਤਿਹਾਸ ਨੂੰ ਸਮਝਣ ਲਈ ਸਾਨੂੰ ਪੰਜਾਬੀ ਸੱਭਿਆਚਾਰ ਦੀ ਆਪਣੀ ਹੀ ਗੌਰਵਮਈ ਵਿਲੱਖਣਤਾ, ਜੋ ਸਦੀਆ ਦੇ ਲੰਬੇ ਇਤਿਹਾਸਕ ਪੈਂਡੇ ਵਿੱਚ ਸਹਿਜ ਰੂਪ ਵਿੱਚ ਵਿਗਸੀ ਹੈ, ਨੂੰ ਮੂਲ ਰੂਪ ਵਿੱਚ ਬੁਨਿਆਦ ਵਜੋਂ ਲੈਣਾ ਪਏਗਾ। ਪੰਜਾਬੀ ਸੱਭਿਆਚਾਰ ਦੇ ਨਿਰਮਾਣ ਵਿੱਚ ਉਨ੍ਹਾਂ ਅਨੇਕਾਂ ਆਇਆਈ, ਗੈਰ ਆਇਆਈ ਤੇ ਪ੍ਰਵਾਸੀ ਲੋਕਾਂ ਤੇ ਕਬੀਲਿਆਂ ਦੇ ਸੰਸਕ੍ਰਿਤਕ ਤੱਤਾਂ, ਜੀਵਨ-ਜੁਗਤਾਂ ਤੇ ਪ੍ਰੰਪਰਾਵਾਂ ਜਿਨ੍ਹਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ, ਜੋ ਇੱਥੋਂ ਦੇ ਮੂਲ ਨਿਵਾਸੀਆਂ ਵਿੱਚ ਰਲ-ਮਿਲ ਕੇ ਇਸ ਦੇ ਮੂਲ ਪ੍ਰਵਾਹ ਵਿੱਚ ਲੀਨ ਹੁੰਦੇ ਰਹੇ ਨੂੰ ਵੀ ਸਮਝਣਾ ਪੈਣਾ ਹੈ। ਇਸ ਲਈ ਨਸਲੀ ਸੰਜੋਗ ਦੇ ਫਲਸਰੂਪ ਪੰਜਾਬੀ ਸੱਭਿਆਚਾਰ ਜਿਸ ਨੇ ਇਕ ਬਹੁਵਿੱਧ, ਮਿੱਸਾ ਤੇ ਲਚਕਦਾਰ ਸਰੂਪ ਗ੍ਰਹਿਣ ਕਰ ਲਿਆ ਸੀ, ਜਿਸ ਨੇ ਇਕ ਪੰਜਾਬੀ ਕੌਮ ਨੂੰ ਜਨਮ ਦਿੱਤਾ। ਪੰਜਾਬ ਦੀ ਧਰਤੀ ਇਕ ਅਜਿਹੀ ਕੁਠਾਲੀ ਹੈ, ਜਿਸ ਨੇ ਇਕ ਸ਼ਕਤੀਸ਼ਾਲੀ ਪੰਜਾਬੀਆਂ ਨੂੰ ਭਾਰਤ ਦੇ ਉਤਰ-ਪੱਛਮੀ ਖਿਤੇ ਵਿੱਚ ਇਕ ਇਤਿਹਾਸਕ ਵਿਲੱਖਣਤਾ ਵਾਲੀ ਕੌਮ ਵੱਜੋਂ ਸਾਹਮਣੇ ਲਿਆਂਦਾ। ਇਸ ਕੌਮ ਨੂੰ ਗੁਰੂ ਨਾਨਕ ਦੇਵ ਜੀ ਨੇ ਸੰਗਤ-ਪੰਗਤ, ਪ੍ਰੇਮ-ਭਾਵਨਾ ਅਤੇ ਬਰਾਬਰਤਾ ਲਈ ਧਰਮ ਦੀ ਕਿਰਤ ਲਈ, ਵੰਡ ਕੇ ਛੱਕਣਾ ਤੇ ਸੱਚਾ ਜੀਵਨ ਹੰਡਾਉਣ ਲਈ ਪੇਸ਼ ਕੀਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਕ ਉੱਚਾ-ਸੁੱਚਾ ਲਾਸਾਨੀ ਆਚਰਣ ਜਿਉਣ ਲਈ ‘‘ਸਿੰਘ“ ਵਜੋ ਨਿਡਰ, ਲੋਕ ਸੇਵਕ ਅਤੇ ਹੱਕ-ਸੱਚ ਲਈ ਕੁਰਬਾਨ ਹੋਣ ਵਾਲੇ ਮਨੁੱਖੀ ਮਾਰਗ ਤੇ ਵੀ ਚੱਲਣ ਲਈ ਪੇਸ਼ ਕੀਤਾ। ਗੁਰੂ ਗੋਬਿੰਦ ਸਿੰਘ ਜੀ ਤੋਂ ਹੁਕਮ ਲੈਣ ਮਗਰੋਂ ਬੰਦਾ ਸਿੰਘ ਬਹਾਦਰ ਨੇ ਨਵਾਬ ਸਰਹੰਦ ਦੇ ਜ਼ੁਲਮਾਂ ਵਿਰੁੱਧ ਖਾਲਸੇ ਨੂੰ ਇਕ ਜੁਟ ਕਰਕੇ ਸਰਹੰਦ ਦੀ ਫਤਹਿ ਤੋਂ ਬਿਨਾਂ ਸਹਾਰਨਪੁਰ ਦੇ ਆਸ-ਪਾਸ ਅਤੇ ਕੇਂਦਰੀ ਪੰਜਾਬ ‘ਤੇ ਖਾਲਸਈ ਝੰਡੇ ਝੁਲਾਏ ਤੇ ਲੋਕਾਂ ‘ਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾਵਾ ਦਿੱਤੀਆਂ। ਪੰਜਾਬ ਵਿੱਚ ਬੰਦਾ ਬਹਾਦਰ ਦੀ ਮੌਤ ਦੇ ਦੌਰ ਪਿਛੋਂ ਸਿੱਖਾਂ ਨੇ ਇਕ ਆਜ਼ਾਦ ਰਿਆਸਤ ਬਣਾਈ। ਪ੍ਰੰਤੂ ਇਹ ਬੰਦਾ ਬਹਾਦਰ ਹੀ ਸੀ ਜਿਸ ਨੇ ਉਨ੍ਹਾਂ ਨੂੰ ਲੜਨਾ, ਫਤਹਿ ਕਰਨਾ ਅਤੇ ਸਦੀਆਂ ਦੀ ਗੁਲਾਮੀ ਦੇ ਪਿਛੋਂ ਪੰਜਾਬੀਆਂ ਦੇ ਦਿੱਲ ਵਿੱਚ ਇਕ ਆਜ਼ਾਦ ਹਕੂਤਮ ਬਣਾਉਣ ਦਾ ਜਜ਼ਬਾ ਉਤਪੰਨ ਕੀਤਾ। ਇਹ ਬੰਦਾ ਬਹਾਦਰ ਦੇ ਕਾਰਨਾਮੇ ਹੀ ਸਨ ਜਿਨ੍ਹਾਂ ਨੇ ਸਿੱਖਾਂ ਦੇ ਦਿਲਾਂ ਵਿੱਚ ਦੇਸ਼ ਤੇ ਕੌਮ ਲਈ ਜਿਊਂਦੇ ਰਹਿਣ ਅਤੇ ਮਰਨ ਦਾ ਪੱਕਾ ਨਿਸ਼ਚਾ ਉਤਪੰਨ ਕੀਤਾ। ਇਹ ਉਸੇ ਪੱਕੇ ਨਿਸਚੇ ਕਾਰਨ ਹੀ ਸੀ ਕਿ ਪੰਜਾਬੀ ਹਿੰਦੂ-ਸਿੱਖਾਂ ਨੇ ਇਕੱਠੇ ਮਿਲ ਕੇ ਪੰਜਾਬ ਵਿੱਚ ਘ੍ਰਿਣਤ ਮੁਗਲ ਅਤੇ ਅਫ਼ਗਾਨ ਰਾਜ ਦਾ ਅੰਤ ਕੀਤਾ; ਉਥੇ ਉਹ ਆਪਣੇ ਲਈ ਇਕ ਆਜ਼ਾਦ ਰਾਜ ਸਥਾਪਤ ਕੀਤਾ ਜਿਸ ਨੂੰ ਆਪਣਾ ਜਮਾਂਦਰੂ ਅਧਿਕਾਰ ਸਮਝਦੇ ਸਨ। ਬੰਦਾ ਬਹਾਦਰ ਜੀ ਮੌਤ ਬਾਦ ਪੰਜਾਬ ਅੰਦਰ ਸਿੱਖਾਂ ਵਿਰੁੱਧ ਜ਼ੁਲਮ ਭਾਵੇਂ ਵੱਧ ਗਿਆ । ਪਰ ਸਿੱਖਾਂ ਨੇ ਮੁਗਲ, ਅਫਗਾਨ ਲੜਾਈਆਂ ਤੋਂ ਬਹੁਤ ਲਾਭ ਵੀ ਉਠਾਇਆ।

ਸਨ 1716 ਨੂੰ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਾਦ ਸਿੱਖਾਂ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸਮਾਂ ਸੀ। ਉਸ ਸਮੇਂ ਸਿੱਖਾਂ ਦਾ ਕੋਈ ਨੇਤਾ ਨਾ ਰਿਹਾ ਜਿਹੜਾ ਕਿ ਉਨ੍ਹਾਂ ਦੀ ਆਜਾਦੀ ਦੀ ਜੰਗ ਵਿੱਚ ਅੱਗੇ ਹੋ ਕੇ ਅਗਵਾਈ ਕਰ ਸਕਦਾ। ਪਰੰਤੂ 1718 ਤੱਕ ਪੰਜਾਬ ਅੰਦਰ ਸਿੱਖਾਂ ਦੇ ਛੋਟੇ ਛੋਟੇ ਗਰੁੱਪ ਲਾਮਬੰਦ ਹੋ ਕੇ ਲਖੀ ਜੰਗਲ, ਮਾਲਵਾ ਅਤੇ ਪਹਾੜਾਂ ਦੀਆਂ ਵਾਦੀਆਂ ਵਿੱਚ ਵਿਚਰਣ ਲੱਗ ਪਏ ਹਾਕਮੀ ਤਸ਼ੱਦਦ, ਗਰੀਬੀ ਅਤੇ ਕਈ ਵਾਰੀ ਮੁਗਲਾਂ ਨਾਲ ਟਕਰਾਅ ਕਾਰਨ ਸਿੱਖ ਨਿਡਰ ਅਤੇ ਮਜ਼ਬੂਤ ਹੁੰਦੇ ਗਏ। ਬੰਦਾ ਬਹਾਦਰ ਦੀ ਮੌਤ ਬਾਦ ਭਾਵੇਂ ਜੱਥੇਬੰਦੀ ਨੂੰ ਇਕ ਭਾਰੀ ਘਾਟਾ ਸਹਿਣਾ ਪਿਆ ਪਰ ਹਲਾਤਾਂ ਨੇ ਸਿੱਖਾਂ ਨੂੰ ਛੋਟੇ ਛੋਟੇ ਜੱਥਿਆਂ ਵਿੱਚ ਸੰਗਠਤ ਹੋਣ ਲਈ ਮਜਬੂਰ ਕਰ ਦਿੱਤਾ। ਜਿਹੜੇ ਬੁੱਢਾ ਦਲ ਅਤੇ ਤਰੁਣਾ ਦਲ ‘ਚ ਸੰਗਠਤ ਹੋ ਗਏ। ਸਿੱਖ ਮਿਸਲਾਂ ਦਾ ਆਰੰਭ ਵੀ ਦਲ ਖਾਲਸਾ ਦੀ ਸਥਾਪਨਾ ਵੇਲੇ 1748 ਤੋਂ ਹੀ ਸ਼ੁਰੂ ਹੋ ਗਿਆ ਸੀ। ਸਿੱਖਾਂ ਨੇ ਤਬਾਹੀ ਤੇ ਬਰਬਾਦੀ ਤੋਂ ਬੱਚਣ ਲਈ ਆਪਣੇ ਆਪ ਨੂੰ ਛੋਟੇ ਛੋਟੇ ਜੱਥਿਆ (1720-1734) ਵਿੱਚ ਸੰਗਠਤ ਹੋਣਾ ਸ਼ੁਰੂ ਕਰ ਲਿਆ। ਨਵਾਬ ਕਪੂਰ ਸਿੰਘ ਇਨ੍ਹਾਂ ਦਾ ਪਹਿਲਾ ਮੁਖੀ ਬਣਿਆ ਤੇ ਬਾਦ ਵਿੱਚ ਹੋਰ ਜੱਥੇਦਾਰ ਫਤਹਿ ਸਿੰਘ, ਬੁੱਢਾ ਸਿੰਘ, ਭੂਮ ਸਿੰਘ ਆਦਿ ਦੀ ਅਗਵਾਈ ਵਿੱਚ 65 ਗਰੁੱਪਾਂ ਦੀ ਹੋਂਦ ਕਾਇਮ ਹੋ ਗਈ।

1767-1799 ਤਕ ਪੰਜਾਬ ਅੰਦਰ ਸਿੱਖਾਂ ਦਾ ਬੋਲਬਾਲਾ ਕਾਇਮ ਹੋ ਗਿਆ ਤੇ ਰਾਜਸੀ ਤੌਰ ਤੇ 12-ਮਿਸਲਾਂ ਹੋਂਦ ਵਿੱਚ ਆਈਆਂ। ਮਿਸਲ ਇਕ ਅਰਬੀ ਸ਼ਬਦ ਹੈ ਜਿਸ ਦਾ ਭਾਵ ਇਕ ਸਮਾਨ, ਇਕੋ ਜਿਹਾ। ਜਦੋਂ ਕਦੇ ਵੀ ਖਾਲਸੇ ਨੂੰ ਭੀੜ ਪੈ ਜਾਂਦੀ ਸੀ ਤਾਂ ‘ਗੁਰਮਤਾ` ਜੋ ਆਮ ਤੌਰ ਤੇ ਵਿਸਾਖੀ ਜਾਂ ਦਿਵਾਲੀ ‘ਤੇ ਅੰਮ੍ਰਿਤਸਰ ਵਿਖੇ ਇਕ ਇਕੱਠ ਕਰਕੇ ਸੱਦਿਆ ਜਾਂਦਾ ਸੀ। ਇਸ ਇਕੱਠ ਦੌਰਾਨ ਦੁਸ਼ਮਣ ਵਿਰੁਧ ਜਾਂ ਸਿੱਖ ਮਿਸਲਾਂ ਦੀਆਂ ਜੱਥੇਬੰਦਕ ਸਮੱਸਿਆਵਾਂ ਦੇ ਹਲ ਲਈ ਬਰਾਬਰਤਾ ਦੇ ਆਧਾਰ ਤੇ ਫੈਸਲੇ ਲਏ ਜਾਂਦੇ ਸਨ। ਮਿਸਲਾਂ ਦੀ ਬਣਤਰ ਭਾਵੇਂ ਧਾਰਮਿਕ, ਜਮਹੂਰੀਅਤ ਤੇ ਖੁਦਮੁਖਤਾਰੀ (Theocracy, Democracy & Absolutism) ਵਾਲੀ ਸੀ, ਪਰ ਜਿਉਂ ਜਿਉਂ ਮਿਸਲਾਂ ਰਾਜਸੀ ਤੇ ਆਰਥਿਕ ਤੌਰ ‘ਤੇ ਵਿਕਸਤ ਹੁੰਦੀਆਂ ਗਈਆਂ, ਭਾਰਤੀ ਜਾਗੀਰੂ ਸੋਚ ਉਨ੍ਹਾਂ ਵਿੱਚ ‘ਪਰਵੱਸ` ਹੁੰਦੀ ਗਈ। 1799 ਤਕ ਸ਼ੁਕਰਚਕੀਆ ਮਿਸਲ ਰਣਜੀਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਅੰਦਰ ਇਕ ਮਜ਼ਬੂਤ ਮਿਸਲ ਵੱਜੋ ਲਾਹੌਰ ਤੇ ਕਾਬਜ ਹੋ ਗਈ। ਜਿਸ ਨੇ ‘ਭਸੀਨ` ਦੇ ਥਾਂ ਤੇ 1800 ਨੂੰ ਇਕ ਘਸਮਾਨ ਦੌਰਾਨ ਜਿੱਤ ਪ੍ਰਾਪਤ ਕਰਨੇ ਪੰਜਾਬ ਅੰਦਰ ਬਾਕੀ ਮਿਸਲਾਂ ‘ਤੇ ਸਰਵ-ਉਚਿਤਤਾ` ਪ੍ਰਾਪਤ ਕਰ ਲਈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ‘‘ਖਾਲਸਾ ਪੰਥ“ ਨੂੰ ਜੋ ਰਾਜਸੀ ਗੁਰੂ ਦਾ ਦਰਜਾ ਦਿੱਤਾ ਸੀ, ਜਿਸ ਅਧੀਨ ਪੰਥ ਦੇ ਫੈਸਲੇ ਹੁੰਦੇ ਸਨ ਤੇ ਸਿੱਖ ਇਕ ਪੰਚਾਇਤੀ ਸ਼ੱਰਾਇਤ ਅਧੀਨ ਸੰਗਠਤ ਹੁੰਦੇ ਸਨ। ਪਰ ਉਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਕ ਰਾਜਸੀ ਜਾਗੀਰੂ ਦਰਜਾ ਪ੍ਰਾਪਤ ਕਰਨ ਬਾਦ 1805 ਤੋਂ ਮਗਰੋਂ ‘ਗੁਰਮਤਾ` ਦੀ ਰਾਜਸੀ ਮਹੱਤਤਾ ਦਾ ਵੀ ਅੰਤ ਹੋ ਗਿਆ। ਇਸ ਦੇ ਨਾਲ ਹੀ ਬਾਕੀ ਮਿਸਲਾਂ ਦੀ ਅਜ਼ਾਦਰਾਨਾ ਭੂਮਿਕਾ, ਪੱਦਵੀ ਤੇ ਰਾਜਸੀ ਪ੍ਰਭਾਵ ਵੀ ਹੌਲੀ ਹੌਲੀ ਖਤਮ ਹੋ ਗਿਆ ਤੇ ਪੰਜਾਬ ਅੰਦਰ ਰਾਜਾਸ਼ਾਹੀ ਵਿਕਸਤ ਹੋ ਗਈ।

ਦਲ ਖਾਲਸਾ ਦਾ ਮੁੱਢ 1748 ਬੱਝਿਆ, ਕਿਉਂਕਿ ਸਿੱਖ ਸ਼ਕਤੀ ਬੰਦਾ ਬਹਾਦਰ ਦੀ ਸ਼ਹਾਦਤ ਬਾਦ ਖੇਰੂ ਖੇਰੂ ਹੋ ਗਈ ਸੀ ਤੇ ਹਾਕਮੀ ਜ਼ੁਲਮ ਵੀ ਸਿੱਖਾਂ ਵਿਰੁਧ ਤੇਜ ਹੋ ਗਿਆ। ਸਿੱਖਾਂ ਨੇ ਆਪਣੇ ਆਪ ਨੂੰ 65 ਜੱਥਿਆਂ ਵਿੱਚ ਵੰਡ ਲਿਆ। ਪਹਿਲੇ ਘਲੂ-ਘਾਰੇ ਵੇਲੇ ਸਿੱਖਾਂ ਨੇ ਇਕ ਕਮਾਂਡ ਹੇਠ ਲੜਾਈ ਤਾਂ ਨਹੀਂ ਲੜੀ, ਪਰ ਵੱਡੇ ਘੱਲੂਘਾਰ ਵੇਲੇ (5-ਫਰਵਰੀ, 1762) ਸਿੱਖਾਂ ਨੇ ਵੱਖੋ ਵੱਖ ਸੰਗਠਨਾਂ ਨੂੰ ਇਕੱਠੇ ਕਰਕੇ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ‘ਕੁੱਪ` ਦੇ ਅਸਥਾਨ ਤੇ ਅਬਦਾਲੀ ਦਾ ਮੁਕਾਬਲਾ ਕੀਤਾ ਸੀ। ਜਿਥੋਂ ਤਕ ਮਿਸਲਾਂ ਜਾਂ ਮਿਸਲਦਾਰਾ ਦਾ ਵਰਨਨ ਹੁੰਦਾ ਹੈ ਇਨ੍ਹਾਂ ਬਾਰੇ ਲੇਖਕਾਂ ਦੇ ਅੱਡ-ਅੱਡ ਵਿਚਾਰ ਹਨ। ਆਮ ਕਰਕੇ 12-ਮਿਸਲਾਂ ਦਾ ਨਾਂ ਸਾਹਮਣੇ ਆਉਂਦਾ ਹੈ। ਇਨ੍ਹਾਂ ਮਿਸਲਾਂ ਦੀ ਉਤਪਤੀ ਅਤੇ ਨਾਂ ਵੀ, ਪਿੰਡ ਜਾਂ ਸੁਭਾਅ ਜਾਂ ਨਾਂ ਪਿਛੇ ਜਿਥੋਂ ਦੇ ਉਹ ਵਾਸੀ ਸਨ, ਕਾਰਨ ਹੀ ਉਹ ਮਸ਼ਹੂਰ ਹੋ ਗਏ। ਪਰ ਜਿੱਥੋਂ ਤਕ ਜਮਾਤੀ ਵਰਗ ਦਾ ਸਵਾਲ ਹੈ, 12-ਮਿਸਲਾਂ ਵਿੱਚੋਂ ਇਕ ਮਿਸਲ ਰਾਮਗੜ੍ਹੀਆ ਜੋ ਕਿਸਾਨੀ ਵਰਗ ‘ਚ ਨਹੀਂ ਸੀ। ਇਸ ਤਰ੍ਹਾਂ ਨਿਸ਼ਾਨਵਾਲੀਆਂ ਮਿਸਲ ਵੀ ਗੈਰ-ਕਿਸਾਨੀ ਵਰਗ ‘ਚ ਸੀ। ਬਾਕੀ ਸਭ ਮਿਸਲਾਂ ਕਿਸਾਨੀ ਵਰਗ ਵਿਚੋਂ ਹੀ ਅੱਗੇ ਆ ਕੇ ਸਥਾਪਤ ਹੋਈਆਂ, ਜਿਨਾ ਦਾ ਪਿਛੋਕੜ ਕਿਸਾਨੀ ਹੀ ਸੀ। ਇਹ ਮਿਸਲਾਂ ਇਕ ਹੀ ਵੇਲੇ ਜਾਂ ਆਪਣੀ ਪੂਰੀ ਸ਼ਕਤੀ ਵਿੱਚ ਨਹੀਂ ਸਨ ਉਪਜੀਆਂ। ਸਗੋਂ ਉਹ ਲੋੜ ਪੈਣ ਅਤੇ ਹਾਲਾਤਾਂ ਅਨੁਸਾਰ ਸਥਾਪਤ ਹੁੰਦੀਆਂ ਰਹੀਆਂ। ਪਰ ਇਤਿਹਾਸਕ ਤੌਰ ਤੇ ਇਹ ਮੰਨਣਾ ਪਏਗਾ ਕਿ ਸਿੱਖ-ਮਿਸਲਾਂ ਨੇ ਅਠਾਰਵੀਂ ਸਦੀ ਦੇ ਪੰਜਾਬ ਵਿੱਚ ਜਮਹੂਰੀ ਢੰਗ ਨਾਲ ਹਕੂਮਤ ਕੀਤੀ ਹੋਈ ਸੀ। ਇਨ੍ਹਾਂ ਵਿੱਚ ਕੁਝ ਊਣਤਾਈਆਂ ਤਾਂ ਜਰੂਰ ਸਨ ਫਿਰ ਵੀ ਉਹ ਇਕ ਆਜਾਦ ਸਰਕਾਰ ਦਾ ਇਕ ਛੋਟਾ ਜਿਹਾ ਨਮੂਨਾ ਸੀ।

ਰਾਮਗੜ੍ਹੀਆ ਮਿਸਲ ਦਾ ਮੋਢੀ ਸ. ਜੱਸਾ ਸਿੰਘ ਜਿਸ ਨੂੰ ‘ਠੋਕਾ` ਜਾਂ ‘‘ਇਛੋਗਿਲੀਆ“ ਕਿਹਾ ਜਾਂਦਾ ਸੀ ਅਤੇ ਉਸ ਦੀ ਮਿਸਲ ਦਾ ਨਾਂ ਰਾਮਗੜ੍ਹੀਆ ਜੋ ਰਾਮ-ਰਾਉਣੀ ਦੇ ਪ੍ਰਸਿੱਧ ਕਿਲੇ ਦਾ ਨਾਂ ਕਰਕੇ, ‘ਜਿਹੜਾ ਕਿ ਸਿੱਖਾਂ ਨੇ ਅੰਮ੍ਰਿਤਸਰ ਵਿੱਚ ਬਣਾਇਆ ਸੀ, ਨਾਲ ਸਬੰਧਤ ਹੈ। ਸ. ਜੱਸਾ ਸਿੰਘ ਨੇ ਰਾਮ-ਰਾਉਣੀ ਦੇ ਕਿਲੇ ‘ਤੇ ਹਮਲੇ ਦੌਰਾਨ ਜਦੋਂ ਉਹ ਪਹਿਲਾ ਅਦੀਨਾ ਬੇਗ ਫੌਜਦਾਰ ਜਲੰਧਰ ਵੱਲੋਂ ਸਿੱਖਾਂ ਵਿਰੁਧ ਲੜ ਰਿਹਾ ਸੀ, ‘ਇਕ ਰਾਜਨੀਤਕ ਫੈਸਲਾ ਲੈ ਕੇ ਖਾਲਸਾ ਪੰਥ ਦਾ ਸਾਥ ਦਿੱਤਾ। ਜਿਥੇ ਕਿ 300 ਦੇ ਲਗਪਗ ਸਿੱਖ ਕਿਲੇ ਵਿੱਚ ਘਿਰੇ ਹੋਏ ਸਨ। ਜੱਸਾ ਸਿੰਘ ਨੇ 1749 ਨੂੰ ਇਕ ਪੱਤਰ ਰਾਹੀਂ ਸਿੱਖਾਂ ਪਾਸੋਂ ਖਿਮਾਂ ਦਾ ਯਾਚਕ ਹੋਣਾ ਕਹਿਕੇ ਅਦੀਨਾ ਬੇਗ ਦੀ ਫੌਜ ਨੂੰ ਛੱਡ ਕੇ ਕਿਲੇ ‘ਚ ਘਿਰੇ ਹੋਏ ਸਿੱਖਾਂ ਦਾ ਸਾਥ ਦਿੱਤਾ। ਸ. ਜੱਸਾ ਸਿੰਘ ਰਾਮਗੜ੍ਹੀਆ ਨੇ ਦੀਵਾਨ ਕੌੜਾ ਮਲ ਜਿਹੜਾ ਕਿ ਮੀਰ ਮੰਨੂੰ ਗਵਰਨਰ ਪੰਜਾਬ ਦਾ ਮੰਤਰੀ ਸੀ, ਨੂੰ ਰਾਮ-ਰਾਉਣੀ ਕਿਲੇ ਦਾ ਘੇਰਾ ਚੁੱਕਵਾਉਣ ਲਈ ਦਬਾਅ ਪਾਇਆ। ਇਸ ਔਖੇ ਸਮੇਂ ਸਿੱਖਾਂ ਦੀ ਭਾਰੀ ਸਹਾਇਤਾ ਕਰਨ ‘ਤੇ ਸਿੱਖਾਂ ਨੇ ਪ੍ਰਸੰਨ ਹੋ ਕੇ ਰਾਮ-ਰਾਉਣੀ ਦਾ ਕਿਲ੍ਹਾ ਸ. ਜੱਸਾ ਸਿੰਘ ਰਾਮਗੜ੍ਹੀਆ ਨੂੰ ਦੇ ਦਿੱਤਾ। ਉਸ ਨੇ ਇਸ ਕਿਲ੍ਹੇ ਦੀ ਮੁਰੰਮਤ ਕਰਕੇ ਇਸ ਦਾ ਨਾਂ ‘ਰਾਮਗੜ੍ਹ` ਰੱਖ ਦਿੱਤਾ। ਜਿਸ ਤੋਂ ਸਿੱਖਾਂ ਅੰਦਰ ਸ. ਜੱਸਾ ਸਿੰਘ ਦੀ ਮਿਸਲ ਨੂੰ ‘ਰਾਮਗੜ੍ਹੀਆ ਮਿਸਲ` ਦਾ ਖਿਤਾਬ ਦਿੱਤਾ ਗਿਆ। ਰਾਮਗੜ੍ਹ ਕਿਲੇ ਦੀ ਇਕ ਇਤਿਹਾਸਕ ਮਹੱਤਤਾ ਇਹ ਸੀ ਕਿ ਇਹ ਅੰਮ੍ਰਿਤਸਰ ਸ਼ਹਿਰ ਅੰਦਰ ਹੋਣ ਕਰਕੇ ਸ਼੍ਰੀਹਰਮੰਦਿਰ ਸਾਹਿਬ ਦੀ ਰੱਖਿਆ ਲਈ ਬਹੁਤ ਲੋੜਬੰਦ ਸੀ। ਸ. ਜੱਸਾ ਸਿੰਘ ਰਾਮਗੜ੍ਹੀਆ ਭਾਵੇਂ ਤਾਲੀਮ ਪੱਖੋ ਤਾਂ ਸਾਖ਼ਰ ਨਹੀ ਸੀ, ਪਰ ਉਹ ਚੁਸਤ-ਚਲਾਕ, ਚੰਗੀ ਪਕੜ ਵਾਲਾ, ਕੂਟਨੀਤਕ, ਨੀਤੀਵਾਨ, ਮਾਰਸ਼ਲ, ਸਪਸ਼ਟਵਾਦੀ ਤੇ ਰਾਜਨੀਤਕ ਬੌਧਿਕ ਵਾਲਾ ਇਕ ਪ੍ਰਭਾਵਸ਼ਾਲੀ ਇਨਸਾਨ ਸੀ।

ਭਾਵੇਂ ਸਿੱਖ ਧਰਮ ਅੰਦਰ ਜਾਤ-ਪਾਤ ਵਿਰੁਧ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਅਮਲੀ ਰੂਪ ਵਿੱਚ ਪ੍ਰਚਾਰ ਤੇ ਪ੍ਰਸਾਰ ਹੁੰਦਾ ਰਿਹਾ। ਪਰ ਕਿਉਂ ਕਿ ਸਮੁੱਚੇ ਦੇਸ਼ ਅੰਦਰ ਜਾਤ-ਪਾਤ ਦਾ ਕੋਹੜ ਰਾਜਸਤਾ ਅੰਦਰ ਕਿਸੇ ਵੀ ਜੱਥੇਬੰਦਕ ਸੰਸਥਾ ਵੱਲੋਂ ਹਾਕਮਾਂ ਦੀਆ ਚਾਲਕ ਸ਼ਕਤੀਆਂ ਰਾਹੀ ਖਤਮ ਨਹੀਂ ਹੋ ਸਕਿਆ। ਇਸ ਲਈ ਮਿਸਲਾਂ ਦੇ ਉਠਾਨ ਵੇਲੇ ਵੀ ਇਸ ਦੇ ਪ੍ਰਭਾਵ ਦੇਖੇ ਜਾ ਸਕਦੇ ਹਨ। ਸ. ਜੱਸਾ ਸਿੰਘ ਠੋਕਾ ਜਾਂ ਇਛੋਗਿਲੀਆਂ ਜਿਹੜਾ ਤਰਖਾਣ-ਲੁਹਾਰ ਜੋ ਕਿਸੇ ਸਮੇਂ ਪੁਰਾਣੇ ਜੱਟ ਜਾਂ ਰਾਜਪੂਤ ਕਨੌਜ ਦੇ ਰਾਠੌੜ ਰਾਜਪੂਤ ਸਨ ਗੋਤ ਭੰਮਰਾ ਅੰਮ੍ਰਿਤਸਰ ਜਿ਼ਲ੍ਹੇ ਦਾ ਵਾਸੀ ਸੀ, ਦਾ ਜਨਮ ਸ. ਭਗਵਾਨ ਸਿੰਘ ਦੇ ਘਰ 1723 ਈਸਵੀਂ (5-ਮਈ) ਨੂੰ ਹੋਇਆ (ਇਬਟਸਨ)। ਸਿੱਖ ਕੌਮ ਦਾ ਮਹਾਨ ਸਿਪਾਹਸਾਲਾਰ ਸ. ਜੱਸਾ ਸਿੰਘ ਰਾਮਗੜ੍ਹੀਆ ਜਿਸ ਦੀਆਂ ਰੱਗਾਂ ‘ਚ ਭਾਈ ਹਰਦਾਸ ਸਿੰਘ ਦਾਦੇ ਜੀ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛੱਕਿਆ ਸੀ, ਦਾ ਖੂਨ ਸੀ। ਜੱਸਾ ਸਿੰਘ ਆਪਣੇ ਪੰਜ ਭਰਾਵਾਂ ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਵਿਚੋਂ ਸਭ ਤੋਂ ਵੱਡੇ ਸਨ। ਇਨ੍ਹਾਂ ਦੇ ਵੱਡੇ ਵਡੇਰਿਆ ਦਾ ਪਿੰਡ ਸੁਰ ਸਿੰਘ ਸੀ ਤੇ ਬਾਦ ਵਿੱਚ ਉਹ ਈਚੋਗਿਲ (ਲਾਗੇ ਲਾਹੌਰ) ਆ ਗਏ। ਭਾਈ ਹਰਦਾਸ ਸਿੰਘ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਬਜਵਾੜੇ ਦੀ ਲੜਾਈ ਵਿੱਚ ਬੜੀ ਬੀਰਤਾ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ। ਇਹ ਸਾਰਾ ਪ੍ਰਵਾਰ ਬਾਣੀ ਦਾ ਪ੍ਰੇਮੀ ਤੇ ਨਿਤਨੇਮੀ ਸਿਖੀ ਵਾਲਾ ਸੀ। ਸਾਰੇ ਪ੍ਰਵਾਰ ਅੰਦਰ ਕੁਰਬਾਨੀ ਅਤੇ ਦੇਸ਼ ਪਿਆਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਭਾਈ ਭਗਵਾਨ ਸਿੰਘ ਨੇ ਵੀ ਦੁਸ਼ਮਣਾਂ ਨਾਲ ਲੜਦਿਆਂ ਵਜੀਰਾਵਾਦ ਲਾਗੇ ਸ਼ਹਾਦਤ ਪ੍ਰਾਪਤ ਕੀਤੀ ਸੀ।

ਪੰਜਾਬ ਅੰਦਰ ਹਰ ਪਾਸੇ ਆਰਜਕਤਾ ਫੈਲੀ ਹੋਈ ਸੀ। ਜ਼ਕਰੀਆ ਖਾਂ ਲਾਹੌਰ ਦਾ ਸੂਬੇਦਾਰ ਸੀ। ਮੁਗਲ ਰਾਜ ਦਿੱਲੀ ਤਕ ਸੰੁਗੜ ਕੇ ਰਹਿ ਗਿਆ ਸੀ। ਵਿਦੇਸ਼ੀ ਦੁਰਾਨੀ ਲੁੱਟਮਾਰ ਕਰਦੇ ਦਿੱਲੀ ਤੱਕ ਵੱਧ ਜਾਂਦੇ ਸਨ।ਮੁਗਲ ਅਮੀਰਾਂ ਤੇ ਅਹਿਲਕਾਰਾਂ ਵਿਚਕਾਰ ਪ੍ਰਸਪਰ ਵੈਰ ਤੇ ਈਰਖਾ ਦਾ ਬੋਲਬਾਲਾ ਸੀ। ਸਫਦਰ ਜੰਗ ਵਜ਼ੀਰ ਲਾਹੌਰ ਦੇ ਗਵਰਨਰ ਮੀਰ ਮਨੂੰ ਦਾ ਜਾਨੀ ਦੁਸ਼ਮਣ ਸੀ। ਮੀਰ ਮਨੂੰ ਦੀ ਮੌਤ ਬਾਦ ਮੁਗ਼ਲਾਨੀ ਬੇਗਮ ਨੇ ਅਹਿਮਦ ਸ਼ਾਹ ਨਾਲ ਗੰਢ-ਤਰੁਪ ਕਰਕੇ ਭਾਰਤ ਤੇ ਹਮਲਾ ਕਰਨ ਲਈ ਉਸ ਨੇ ਉਕਸਾਇਆ। ਇਸੇ ਤਰ੍ਹਾਂ ਅਦੀਨਾ ਬੇਗ਼ ਫੌਜਦਾਰ ਜਲੰਧਰ ਨੇ ਵੀ ਮੁਗਲ ਰਾਜ ਨੂੰ ਕਮਜ਼ੋਰ ਕਰਨ ‘ਚ ਹਿੱਸਾ ਪਾਇਆ। ਮੁਗ਼ਲ ਰਾਜ ਦੀ ਕਮਜੋਰੀ, ਅਬਦਾਲੀ ਹਮਲੇ ਅਤੇ ਘਰੋਗੀ ਲੜਾਈਆਂ ਦੇ ਮਾਹੌਲ ਅੰਦਰ ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਲਈ ਇਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ। ਸੰਨ 1712 ਤੋਂ 1748 ਤਕ ਲਾਹੌਰ ਦੇ 20 ਤੋਂ ਵੱਧ ਗਵਰਨਰ ਲਾਏ ਤੇ ਹਟਾਏ ਗਏ। ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆ ਕਾਰਨ ਲਾਹੌਰ ਤੋਂ ਦਿੱਲੀ ਤਕ ਹਰ ਪਾਸੇ ਹਫੜਾ-ਤੱਫੜੀ ਫੈਲੀ ਹੋਈ ਸੀ। ਅਬਦਾਲੀ ਵੱਲੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਨ੍ਹਾਂ ਰਾਜਸੀ ਹਲਾਤਾਂ ਦੌਰਾਨ ਹੀ 1748 ਤੋਂ ਪਹਿਲਾਂ ਜਦੋਂ ਸਿੱਖ ਸੰਗਠਨ ਨਹੀਂ ਸਨ ਤਾਂ ਉਨ੍ਹਾਂ ਨੇ ਸਾਰੇ ਵੱਡੇ ਛੋਟੇ ਗਰੁਪਾਂ ਨੂੰ ‘ਦਲ ਖਾਲਸਾ` ਵਜੋਂ ਇਕੱਠੇ ਕਰਨ ਦਾ ਇਕ ਉਪਰਾਲਾ ਕੀਤਾ। ਦਲ ਖਾਲਸਾ ਦੀ ਸਥਾਪਨਾ ਨੇ ਹੀ ਅੱਗੋ ਸਿੱਖਾਂ ਨੂੰ 12-ਮਿਸਲਾਂ ਅੰਦਰ ਸਗੰਠਤ ਹੋਣ ਲਈ ਧਾਰਮਿਕ ਬਰਾਦਰੀ ਦੇ ਨਾਲ-ਨਾਲ ਰਾਜਸੀ ਬਰਾਦਰੀ ਵਿੱਚ ਇਕ ਮੁਠ ਹੋ ਕੇ ਇਕ ਸ਼ਕਤੀਸ਼ਾਲੀ ਸਿੱਖ ਉਠਾਨ ਨੂੰ ਜਨਮ ਦਿੱਤਾ (ਹਰੀ ਰਾਮ ਗੁਪਤਾ)। ਜਿਸ ਨੇ 1799 ਤੋਂ 1849 ਤੱਕ ਪੰਜਾਬ ਅੰਦਰ ਇਕ ਆਜਾਦ ਸਿੱਖ ਰਿਆਸਤ ਨੂੰ ਜਨਮ ਦਿੱਤਾ।

ਰਾਮਗੜ੍ਹੀਆ ਮਿਸਲ ਦੇ ਬਾਨੀ ਸ.ਜੱਸਾ ਸਿੰਘ ਰਾਮਗੜ੍ਹੀਆਂ (1723-1803) ਨੇ ਪ੍ਰਵਾਰਕ ਪਿਛੋਕੜ ਰਾਹੀ ਹੀ ਸੂਰਮਗਤੀ ਅਤੇ ਜਰਨੈਲਾ ਵਾਲਾ ਸਿਪਾਹੀ ਜੀਵਨ ਚੁਣਿਆ। ਉਨ੍ਹਾਂ ਦੇ ਪਿਤਾ ਭਾਈ ਭਗਵਾਨ ਸਿੰਘ ਜੋ ਚਾਰ ਭਰਾ ਸਨ, ਵੀ ਇਕ ਬਹਾਦਰ ਯੋਧਾ ਸੀ ਜੋ 1738 ਈ: ਨੂੰ ਵਜ਼ੀਰਾਬਾਦ ਦੇ ਨੇੜੇ ਇਕ ਲੜਾਈ ਵਿੱਚ ਸ਼ਹੀਦ ਹੋ ਗਿਆ ਸੀ। ਜਦੋਂ ਸਿੱਖਾਂ ਨਾਲ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੇ, ਨਾਦਰ ਸ਼ਾਹ ਦੇ ਵਿਰੁਧ ਮਿਤਰਤਾ ਲਈ ਹੱਥ ਵਧਾਇਆ ਤੇ ਖਾਲਸਾ ਦਲ ਨੂੰ ਇਕ ਲੱਖ ਰੁਪਏ ਦੀ ਜਾਗੀਰ ਤੇ ਖਿਲਅਤ ਸ. ਕਪੂਰ ਸਿੰਘ ਨੂੰ ਬਖ਼ਸ਼ੀ ਤਾਂ ਭਾਈ ਭਗਵਾਨ ਸਿੰਘ ਅਤੇ ਸ.ਜੱਸਾ ਸਿੰਘ ਖਾਲਸਾ ਦਲ ਵਿੱਚ ਸ਼ਾਮਲ ਸਨ। ਭਾਈ ਭਗਵਾਨ ਸਿੰਘ ਦੀ ਸ਼ਹਾਦਤ ‘ਤੇ ਜ਼ਕਰੀਆ ਖਾਂ ਨੇ ਪ੍ਰਵਾਰ ਨੂੰ ਪਿੰਡ ‘ਵਲਾ` ਤੇ ਪੰਜ ਪਿੰਡ ਜਾਗੀਰ ਵੱਲੋਂ ਭੇਂਟ ਕੀਤੇ ਸਨ। ਪਿੰਡ ‘ਵਲੇ` ਦੀ ਲੜਾਈ ਦੌਰਾਨ ਜਲੰਧਰ ਦੇ ਫੌਜਦਾਰ ਆਦੀਨਾ ਬੇਗ ਨਾਲ ਹੋਈ ਮੁੱਠ ਭੇੜ ਜਿਸ ਵਿੱਚ ਜੱਸਾ ਸਿੰਘ ਦੀ ਜਿੱਤ ਹੋਈ ਸੀ। ਜ਼ਕਰੀਆ ਖਾਂ ਦੀ 1745 ਨੂੰ ਮੌਤ ਬਾਦ ਪੰਜਾਬ ਤੇ ਕਬਜੇ ਦੀ ਸਰਦਾਰੀ ਲਈ ਝਗੜੇ ਦੌਰਾਨ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਵਧਾਉਣ ਲਈ ਮੌਕਾ ਮਿਲ ਗਿਆ। ਸ. ਜੱਸਾ ਸਿੰਘ ਵੀ ਨੰਦ ਸਿੰਘ ਸੰਘਰਾਣੀਏ ਦੇ ਜੱਥੇ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋ ਗਿਆ। 1748 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਹਮਲਾ ਕੀਤਾ ਤਾਂ ਇਸ ਨੂੰ ਮੁਈਨ-ਉਲ-ਮੁਲਕ ਨੇ ਮਨੂੰਪੁਰ ਦੇ ਅਸਥਾਨ ਤੇ ਤਕੜੀ ਹਾਰ ਦਿੱਤੀ। ਦਿੱਲੀ ਦੇ ਹਾਕਮ ਬਹਾਦਰਸਾ਼ਹ ਨੇ ਮੁਈਨ-ਉਲ-ਮੁਲਕ ਨੂੰ ਪੰਜਾਬ ਦਾ ਗਵਰਨਰ ਬਣਾ ਦਿੱਤਾ ਜੋ ਮੀਰ ਮਨੂੰ ਵੱਜੋਂ ਮਸ਼ਹੂਰ ਹੋ ਗਿਆ। ਸਿੱਖਾਂ ਦੀ ਵੱਧਦੀ ਤਾਕਤ ਤੋਂ ਡਰਦੇ ਮੀਰ ਮਨੂੰ ਨੇ ਵੀ ਜ਼ਕਰੀਆਂ ਖਾਂ ਤੇ ਯਹਯਾ ਖਾਂ ਦੇ ਸਮੇਂ ਵਾਲਾ ਜ਼ਾਲਮੀ ਸਿੱਖ ਤੇ ਸਖ਼ਤੀ ਵਾਲਾ ਦੌਰ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਬਚਾਅ ਲਈ ਜੰਗਲਾਂ ‘ਚ ਪਨਾਹ ਲੈ ਲਈ। ਪਰ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੇ ਸਿਆਣਪ ਅਤੇ ਚਤੁਰਾਈ ਨਾਲ ਕੰਮ ਲੈ ਕੇ ਸਿੱਖਾਂ ਨਾਲ ਮਿਲ-ਵਰਤੋ ਵਾਲਾ ਰਾਹ ਅਖਤਿਆਰ ਕਰ ਲਿਆ। ਅਦੀਨਾ ਬੇਗ ਸਿੱਖਾਂ ਨੂੰ ਵਰਤਣਾਂ ਚਾਹੁੰਦਾ ਸੀ। ਪਰ ਸ.ਜੱਸਾ ਸਿੰਘ ਆਹਲੂਵਾਲੀਆ ਨੇ ਤਾਂ ਮੇਲ-ਜੋਲ ਕਰਨੋ ਨਾਂਹ ਕਰ ਦਿੱਤੀ। ਸ. ਜੱਸਾ ਸਿੰਘ ਇਚੋਗਿਲੀਆ ਨੇ ਨੇੜਤਾ ਲਈ ਹੱਥ ਵਧਾ ਦਿੱਤਾ। ਅਦੀਨਾ ਬੇਗ ਨੇ ਜੱਸਾ ਸਿੰਘ ਨੂੰ ਫੌਜ ਵਿੱਚ ਕਈ ਸਾਥੀਆ ਸਮੇਤ ਭਰਤੀ ਕਰ ਲਿਆ।

ਸਿੱਖਾਂ ਨੂੰ ਖਤਮ ਕਰਨ ਲਈ ਮੀਰ ਮੰਨੂੰ ਨੇ ਅਦੀਨਾ ਬੇਗ ਨੂੰ ਆਪਣੀ ਫੌਜ ਨੂੰ ਅੰਮ੍ਰਿਤਸਰ ਵਿਖੇ ਰਾਮ-ਰਾਉਣੀ ਦੇ ਕਿਲੇ ਤੇ ਕਬਜਾ ਕਰਨ ਲਈ ਭੇਜਣ ਨੂੰ ਕਿਹਾ। ਇਹ ਘੇਰਾ ਚਾਰ ਮਹੀਨੇ ਰਿਹਾ। ਪਰ ਇਸੇ ਦੌਰਾਨ ਸ. ਜੱਸਾ ਸਿੰਘ ਨੇ ਇਕ ਰਾਜਨੀਤਕ ਫੈਸਲਾ ਲੈਕੇ ਰਾਮ-ਰਾਉਣੀ ਤੇ ਹਮਲੇ ਦੌਰਾਨ ਖਾਲਸਾ ਪੰਥ ਦਾ ਸਾਥ ਦੇ ਕੇ ਇਕ ਇਤਿਹਾਸਕ ਜੱਸ ਖੱਟ ਲਿਆ ਤੇ ਇਹੋ ਹੀ ਕਿਲਾ ਬਾਦ ਵਿੱਚ ਰਾਮਗੜ੍ਹ ਤੋਂ ਰਾਮਗੜ੍ਹੀਆ ਮਿਸਲ ਦਾ ਇਕ ਸਦਾ ਲਈ ਸਦੀਵੀਂ ਚਿੰਨ੍ਹ ਬਣ ਗਿਆ। ਇਹ ਘੋਰ ਸੰਕਟ ਸ.ਜੱਸਾ ਸਿੰਘ ਦੀ ਸਮੇਂ ਸਿਰ ਕੀਤੀ ਸਹਾਇਤਾ ਅਤੇ ਰਾਜਨੀਤਕ ਸਿਆਣਪ ਨਾਲ ਟੱਲ ਗਿਆ। ਸਿੱਖਾਂ ਉਤੇ ਜ਼ੁਲਮ ਦੀ ਹਨੇਰੀ 1753 ਤਕ ਮੀਰ ਮੰਨੂੰ ਦੀ ਮੌਤ ਤੱਕ ਜਾਰੀ ਸੀ। ਪੰਜਾਬ ਅੰਦਰ ਅਸ਼ਾਂਤੀ ਵੱਧਦੀ ਰਹੀ। ਅਬਦਾਲੀ ਨੇ 1759 ਤੋਂ 1767 ਤਕ ਪੰਜਾਬ ਤੇ ਚਾਰ ਹਮਲੇ ਕੀਤੇ। 5-ਫਰਵਰੀ 1762 ਨੂੰ ਕੁੱਪ ਦੀ ਲੜਾਈ ਜਿਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ ਵੀਹ ਹਜ਼ਾਰ ਸਿੱਖ ਇਕੋ ਦਿਨ ਸ਼ਹੀਦ ਕਰ ਦਿੱਤੇ ਗਏ। ਇਨ੍ਹਾਂ ਸਾਰੇ ਮੋਰਚਿਆ ‘ਚ ਸ.ਜੱਸਾ ਸਿੰਘ ਰਾਮਗੜ੍ਹੀਆਂ ਅੱਗੇ ਹੋ ਕੇ ਬਹਾਦਰੀ ਨਾਲ ਲੜਿਆ। ਚਾਹੇ ਉਹ ਰਾਮ-ਰਾਉਣੀ ਦੇ ਕਿਲੇ ਦੀ ਹਿਫ਼ਾਜ਼ਤ ਸੀ, ਵੱਡਾ ਘੱਲੂਘਾਰਾ ਸੀ। 17-ਅਕਤੂਬਰ 1762 ਨੂੰ ਅੰਮ੍ਰਿਤਸਰ ਲਾਗੇ ਦੁਰਾਨੀਆ ਨਾਲ ਆਹਮੋ-ਸਾਮਣੀ ਲੜਾਈ ਸੀ, ਜਾਂ ਪੰਜਾਬ ਅੰਦਰ ਜ਼ਾਲਮ ਹਾਕਮਾਂ ਨੂੰ ਸੋਧਣ ਵਿਰੁਧ ਜੰਗ ਸਨ ਆਪਣੇ ਸਾਥੀ ਜੱਥੇਦਾਰਾਂ ਜੱਸਾ ਸਿੰਘ ਆਹਲੂਵਾਲੀਆਂ ਤੇ ਹੋਰਨਾ ਨਾਲ ਮਿਲਕੇ ਮੋਹਰੀ ਹੋ ਕੇ ਬਹਾਦਰੀ ਨਾਲ ਲੜਦਾ ਰਿਹਾ।

ਮੀਰ ਮੰਨੂੰ ਦੀ ਮੌਤ ਉਪਰੰਤ ਪੰਜਾਬ ਵਿੱਚ ਅਸ਼ਾਂਤੀ ਵੱਧਦੀ ਗਈ। 1777ਈ: ਬਾਦ ਸ. ਜੱਸਾ ਸਿੰਘ ਰਾਮਗੜ੍ਹੀਆਂ ਨੇ ਆਪਣੀ ਮਿਸਲ ਦੇ ਘੇਰੇ ਵਿੱਚ ਵਾਧਾ ਕਰਨਾ ਵੀ ਸ਼ੁਰੂ ਰੱਖਿਆ। ਉਸ ਨੇ ਅੰਮ੍ਰਿਤਸਰ ਦੇ ਉੱਤਰੀ ਇਲਾਕੇ ਰਿਆੜਕੀ ਨੂੰ ਕਬਜ਼ੇ ਵਿੱਚ ਕਰ ਲਿਆ। ਜਲੰਧਰ ਦੁਆਬ ਤੱਕ ਦੇ ਇਲਾਕੇ ਤੇ ਦਬ-ਦਬਾ ਜਮਾ ਲਿਆ। ਇਹ ਵੀ ਸੁਭਾਵਿਕ ਹੀ ਸੀ ਕਿ ਉਸ ਦੀ ਵੱਧਦੀ ਸ਼ਕਤੀ ਦੇ ਰਸੂਖ ਨੂੰ ਦੇਖਦੇ ਹੋਏ ਹੋਰ ਮਿਸਲਾਂ ਦੇ ਸਰਦਾਰਾਂ ਨਾਲ ਖਹਿ ਹੋਣੀ ਲਾਜਮੀ ਸੀ। ਰਾਜਨੀਤਕ ਸ਼ਕਤੀ ਕਦੀ ਵੀ ਕਿਸੇ ਸੱਕੇ ਨੂੰ ਵੀ ਮੁਆਫ਼ ਨਹੀਂ ਕਰਦੀ। ਸ. ਜੱਸਾ ਸਿੰਘ ਰਾਮਗੜ੍ਹੀਆਂ ਮਿਸਲ ਨੇ ਬਟਾਲਾ, ਦੀਨਾਨਗਰ, ਸ਼੍ਰੀ ਹਰਿਗੋਬਿੰਦਪੁਰ, ਸ਼ਾਹਪੁਰ ਕੰਢੀ, ਕਾਦੀਆਂ, ਘੰੁਮਾਣ ਤੇ ਅੱਗੋਂ ਮਨੀਵਾਲ, ਉੜਮੁੜ-ਟਾਂਡਾ, ਸਰਹੀਂ, ਮੰਗੋਵਾਲ, ਮਿਆਣੀ, ਦੀਪਾਲਪੁਰ, ਗੌਹਲ ਤੇ ਸ਼ਰੀਫ਼-ਜੰਗ ਆਦਿ ਇਲਾਕੇ ਆਪਣੇ ਕਬਜ਼ੇ ‘ਚ ਕਰ ਲਏ। ਪਹਾੜੀ ਇਲਾਕੇ ਕਾਂਗੜੇ ਦੀ ਰਿਆਸਤ ਦਾ ਘੁਮੰਡ ਚੰਦ ਕਟੋਚ ਨੇ ਵੀ ਈਨ ਮੰਨ ਲਈ ਜੋ ਅਬਦਾਲੀ ਵਲੋਂ ਜਲੰਧਰ ਦਾ ਫੌਜਕਾਰ ਰਹਿ ਚੁੱਕਾ ਸੀ। ਇਸ ਤੋਂ ਬਿਨ੍ਹਾਂ ਨੂਰਪੁਰ ਰਿਆਸਤ, ਚੰਬਾ, ਜਸਵਾਂ, ਦੀਪਾਲਪੁਰ, ਹਰੀਪੁਰ, ਦਾਤਾਰਪੁਰ, ਜੇਠੇਵਾਲ ਆਦਿ ਨੇ ਵੀ ਰਾਮਗੜ੍ਹੀਆ ਮਿਸਲ ਦੀ ਅਧੀਨਗੀ ਮੰਨ ਲਈ। ਇਸ ਤਰ੍ਹਾਂ ਸ.ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦਾ ਰਾਜ ਬਿਆਸ ਤੋੋਂ ਰਾਵੀ ਵਿਚਕਾਰ ਦੇ ਸਾਰੇ ਸਮੇਤ ਪਹਾੜੀ ਇਲਾਕੇ, ਸਮੁੱਚੇ ਜਲੰਧਰ ਦੁਆਬ ਦਾ ਮੈਦਾਨੀ ਇਲਾਕਿਆਂ ਤੱਕ ਫੈਲਿਆ ਹੋਇਆ ਸੀ। ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਸ਼੍ਰੀ ਹਰਗੋਬਿੰਦਪੁਰ ਸੀ ਤੇ ਪਹਾੜੀ ਇਲਾਕੇ ਦੀ ਪ੍ਰਮੁੱਖਤਾ ਲਈ ਤਲਵਾੜਾ ਵਿਖੇ ਇਕ ਕਿਲਾ ਬਣਾ ਕੇ ਆਪਣੇ ਭਰਾ ਮਾਲੀ ਸਿੰਘ ਦੀ ਅਗਵਾਈ ‘ਚ 4000 ਘੋੜ-ਸਵਾਰ ਰੱਖੇ ਗਏ।

ਸਿੱਖ ਮਿਸਲਾਂ ਦੇ ਪਾਸਾਰ ਤੇ ਕਬਜ਼ਿਆ ਲਈ ਛੋਟੀਆਂ ਮੋਟੀਆਂ ਝੜਪਾਂ ਆਮ ਗੱਲ ਸੀ। ਪਰ ਬੁਨਿਆਦੀ ਤੌਰ ਤੇ ਇਹ ਜਾਗੀਰਦਾਰੀ ਪ੍ਰਬੰਧ ਅੰਦਰ ਚੌਧਰ, ਪ੍ਰਮੁੱਖਤਾ ਅਤੇ ਸ਼ਕਤੀ ਲਈ ਘੋਲ ਦਾ ਸਵਾਲ ਹੁੰਦਾ ਹੈ। ਸ. ਜੱਸਾ ਸਿੰਘ ਦੀ ਵੱਧ ਰਹੀ ਸ਼ਕਤੀ ਤੇ ਰਸੂਖ ਨੂੰ ਦੇਖ ਕੇ ਉਹੀ ਮਿਸਲਾਂ ਦੇ ਆਗੂ ਜੋ ਕਦੀ ਮੁਗਲਾਂ ਤੇ ਦੁਰਾਨੀਆਂ ਵਿਰੁੱਧ ਪਿੱਠ ਨਾਲ ਪਿੱਠ ਜੋੜ ਕੇ ਖੰਡਾ ਖੜਕਾਉਂਦੇ ਸਨ ਉਹ ਇਕ ਦੂਸਰੇ ਦੇ ਖੂਨ ਦੇ ਪਿਆਸੇ ਬਣ ਗਏ। ਸ. ਜੱਸਾ ਸਿੰਘ ਆਹਲੂਵਾਲੀਆ, ਜੈ ਸਿੰਘ ਘਨੱਈਆ, ਚੜ੍ਹਤ ਸਿੰਘ ਸ਼ੁਕਰਚੱਕੀਆ ਅਤੇ ਹਰੀ ਸਿੰਘ ਭੰਗੀ ਦਾ ਸਾਂਝਾ ਮੋਰਚਾ ਰਾਮਗੜ੍ਹੀਆ ਮਿਸਲ ਵਿਰੁੱਧ ਚੜਾਈ ਕਰਦਾ ਰਿਹਾ ਹੈ। ਉਹ ਇਕੱਲੀ ਇਕੱਲੀ ਮਿਸਲ ਤਾਂ ਜੱਸਾ ਸਿੰਘ ਦਾ ਮੁਕਾਬਲਾ ਨਹੀਂ ਕਰ ਸਕਦੀ, ਪਰ ਇਕ ਸਾਂਝਾ ਮੋਰਚਾ ਬਣਾਕੇ ਉਸ ਤੇ ਟੁੱਟ ਪੈਂਦੇ ਹਨ। ਜੱਸਾ ਸਿੰਘ ਰਾਮਗੜ੍ਹੀਆ ਨੂੰ 1777 ਈ: ਵਿੱਚ ਉਨ੍ਹਾਂ ਨੇ ਉਸ ਨੂੰ ਸਤਲੁਜ ਨਦੀ ਤੇ ਦੱਖਣੀ ਇਲਾਕਿਆਂ ਵੱਲ ਭੱਜਣ ਲਈ ਮਜਬੂਰ ਕਰ ਦਿੱਤਾ। ਇਹ ਘਟਨਾ ਸਪਸ਼ਟ ਤੇ ਰਾਜਸੀ ਤੌਰ ‘ਤੇ ਇਹ ਵੀ ਸਿੱਟਾ ਕੱਢਦੀ ਹੈ ਕਿ ਪੰਜਾਬ ਅੰਦਰ ਉਸ ਵੇਲੇ ਰਾਮਗੜ੍ਹੀਆ ਮਿਸਲ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ। ਹਾਰ ਤੋਂ ਬਾਅਦ ਜੱਸਾ ਸਿੰਘ ਨੇ ਪਟਿਆਲਾ ਦੇ ਰਾਜਾ ਅਮਰ ਸਿੰਘ ਦੀ ਸਹਾਇਤਾ ਨਾਲ ਹਿਸਾਰ ਤੇ ਸਰਸਾ ਨਦੀ ਦੇ ਆਸ-ਪਾਸ ਦੇ ਇਲਾਕਿਆ ਅੰਦਰ ਆਪਣਾ ਦਬਦਬਾ ਜਮਾਉਣਾ ਸ਼ੁਰੂ ਕਰ ਦਿੱਤਾ। ਇਸ ਇਲਾਕੇ ਨੂੰ ਬੁਨਿਆਦੀ ਕੇਂਦਰ ਬਣਾਕੇ ਦਿੱਲੀ ਤੇ ਮੇਰਠ ਤੱਕ ਹਮਲੇ ਕੀਤੇ। ਮੇਰਠ ਦੇ ਫੌਜਦਾਰ ਤੇ ਹੋਰ ਫੌਜਦਾਰਾਂ ਤੋਂ ਹਰਜਾਨੇ ਵਸੂਲ ਕੀਤੇ ਤੇ ਹਿਸਾਰ ਦੇ ਕੁਕਰਮੀ ਫੌਜਦਾਰ ਨੂੰ ਸਜ਼ਾ ਦਿੱਤੀ। ਦਿੱਲੀ ਦੇ ਮੁਗਲ ਰਾਜਿਆ ਦੇ ਮਹੱਲਾ ਵਿੱਚੋਂ ਹਮਲਿਆ ਰਾਹੀਂ ਇਕ ਅੱਡ-ਅੱਡ ਰੰਗਾਂ ਦੀ ਸਿੱਲ ਲਿਆ ਕੇ ਰਾਮਗੜ੍ਹੀਆ ਬੁੰਗੇ ਵਿੱਚ ਸਿ਼ਸੋਭਤ ਕੀਤੀ। 1783 ਨੂੰ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਬਾਦ, ਜੱਸਾ ਸਿੰਘ ਤੁਰੰਤ ਕੇਂਦਰੀ ਪੰਜਾਬ ਆ ਗਿਆ ਤੇ ਉਸ ਨੇ ਸ਼੍ਰੀ ਹਰਗੋਬਿੰਦਪੁਰ ਤੇ ਰਿਆੜਕੀ ਇਲਾਕੇ ਤੇ ਮੁੜ ਕਬਜ਼ਾ ਕਰ ਲਿਆ। ਦੂਸਰੇ ਪਾਸੇ ਰਣਜੀਤ ਸਿੰਘ ਵੀ ਪੰਜਾਬ ਅੰਦਰ ਮੁਕੰਮਲ ਤੌਰ ‘ਤੇ ਕਾਬਜ਼ ਹੋਣ ਲਈ ਵਿਆਕੁਲ ਸੀ। ਉਸ ਨੇ 1799 ਨੂੰ ਲਾਹੌਰ ਤੇ ਕਬਜ਼ਾ ਕਰ ਲਿਆ। ਰਣਜੀਤ ਸਿੰਘ ਦੀ ਵੱਧਦੀ ਹੋਈ ਸ਼ਕਤੀ ਨੂੰ ਜੱਸਾ ਸਿੰਘ ਰਾਮਗੜ੍ਹੀਆਂ, ਗੁਲਾਬ ਸਿੰਘ ਭੰਗੀ ਤੇ ਨਜ਼ਾਮ ਉਲਦੀਨ ਨਵਾਬ ਕਸੂਰ ਨੇ ਸਾਂਝਾ ਫਰੰਟ ਬਣਾ ਕੇ ਲਾਹੌਰ ਦੇ ਲਾਗੇ ਭਸੀਨ ਦੇ ਅਸਥਾਨ ਤੇ 1800ਈ: ਨੂੰ ਉਸ ਨੂੰ ਟੱਕਰ ਦਿੱਤੀ। ਕਈ ਮਹੀਨੇ ਬਿਨਾਂ ਕਿਸੇ ਨਤੀਜੇ ਇਕ ਘਸਮਾਣ ਬਾਦ ਸਾਂਝਾ ਫਰੰਟ ਬਿਖੜ ਗਿਆ। ਰਣਜੀਤ ਸਿੰਘ ਜੇਤੂ ਹੋਇਆ ਤੇ ਉਸ ਦੀ ਪੰਜਾਬ ਅੰਦਰ ਮੁਕੰਮਲ ਰਾਜਨੀਤਕ ਤੌਰ ਤੇ ਪਰਮੁੱਖਤਾ ਕਾਇਮ ਹੋ ਗਈ।

ਸਿੱਖ ਮਿਸਲਾਂ ਦੇ ਸਰਦਾਰ ਭਾਵੇਂ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ ਪਰ ਜਦ ਕਦੀ ਵੀ ਬਾਹਰਲੇ ਦੁਸ਼ਮਣ ਦਾ ਹਮਲਾ ਹੁੰਦਾ ਸੀ, ਉਹ ਇਕੱਠੇ ਹੋ ਕੇ ਉਸ ਦਾ ਟਾਕਰਾ ਕਰਦੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੱਸਾ ਸਿੰਘ ਰਾਮਗੜ੍ਹੀਆ ਦਾ (ਮਹਾਰਾਜਾ) ਰਣਜੀਤ ਸਿੰਘ ਨਾਲ ਕਈ ਵਾਰ ਟਕਰਾਅ ਹੋਇਆ ਅਤੇ ਕਈ ਵਾਰ ਦੂਸਰੀਆਂ ਮਿਸਲਾਂ ਦੇ ਸਰਦਾਰ ਵੀ ਆਹਮੋ-ਸਾਹਮਣੇ ਹੁੰਦੇ ਰਹੇ।ਪਰ 1783-1789 ਦੌਰਾਨ ਰਾਮਗੜ੍ਹੀਆ ਮਿਸਲ ਲਈ ਹਾਲਾਤ ਸੁਖਾਵੇਂ ਨਹੀਂ ਰਹੇ। 1798 ਨੂੰ ਸ਼ਾਹ ਜ਼ਮਾਨ ਦੇ ਵਿਰੁਧ ਜਦੋਂ ਰਣਜੀਤ ਸਿੰਘ ਆਪਣੀ ਸਰਦਾਰੀ ਹੇਠ ਉਸ ਦਾ ਮੁਕਾਬਲਾ ਕਰਨਾ ਚਾਹੁੰਦਾ ਸੀ। ਪਰ ਜੱਸਾ ਸਿੰਘ ਨੇ ਭੰਗੀ ਸਰਦਾਰ, ਵਜ਼ੀਰਾਬਾਦ ਦੇ ਸ:ਜੋਧ ਸਿੰਘ ਤੇ ਕਸੂਰ ਦੇ ਪਠਾਣ ਹਾਕਮ ਨਿਜ਼ਾਮੁਦੀਨ ਦੇ ਸਾਂਝੇ ਮੋਰਚੇ ਨਾਲ ਭਸ਼ੀਨ ਦੇ ਅਸਥਾਨ ਤੇ (ਮਹਾਰਾਜਾ) ਰਣਜੀਤ ਸਿੰਘ ਵਿਰੁਧ ਘਸਮਾਨ ਖੜਾ ਕਰ ਦਿੱਤਾ ਜੋ ਉਹ ਟਿਕ ਨਾ ਸਕਿਆ। ਛੇਤੀ ਹੀ ਰਾਮਗੜ੍ਹੀਆ ਸਰਦਾਰ 1803 ਈ: ਨੂੰ 80 ਸਾਲ ਦੀ ਉਮਰ ਭੋਗ ਕੇ ਚਲਾਣਾ ਕਰ ਗਿਆ। ਉਸ ਦਾ ਪੁੱਤਰ ਸ:ਜੋਧ ਸਿੰਘ ਕਾਫੀ ਯੋਗ ਜਾ-ਨਸ਼ੀਨ ਸਾਬਤ ਹੋਇਆ। ਮਹਾਰਾਜਾ ਰਣਜੀਤ ਸਿੰਘ ਨਾਲ ਉਸ ਨੇ ਮਿਤਰਤਾ ਪਾ ਲਈ ਤੇ ਉਸ ਦੀ ਮਿਸਲ ਵੀ ਉਸ ਦੀ 1816 ਈ. ਮੌਤ ਤਕ ਕਾਇਮ ਰਹੀ ਜੋ ਬਾਦ ਵਿੱਚ ਖਾਲਸਾ ਰਾਜ ‘ਚ ਵਲੀਨ ਹੋ ਗਈ। ਇਸ ਤਰ੍ਹਾਂ ਰਾਮਗੜ੍ਹੀਆਂ ਮਿਸਲ ਦਾ ਵੀ ਭੋਗ ਪੈ ਗਿਆ।

ਸ. ਜੱਸਾ ਸਿੰਘ ਰਾਮਗੜ੍ਹੀਆ ਇਕ ਬਹੁਤ ਹੀ ਵੱਧੀਆ ਸ਼ਖਸੀਅਤ ਵਾਲਾ ਲੰਮੇ ਕਦ, ਤਕੜੇ ਜੁਸੇ, ਰੌਸ਼ਨ ਚਿਰਾਗ, ਸੰੁਦਰ ਸੀਰਤ ਤੇ ਸੂਰਤ ਵਾਲਾ ਜਰਨੈਲ ਸੀ। ਰਾਜਨੀਤਕ ਸੂਝ ਅਤੇ ਜੀਵਨ ਜਾਂਚ ਦੇ ਘੋਲ ਰਾਹੀਂ ਉਹ ਇਕ ਅਦੁਤੀ ਦਿਖ ਵਾਲਾ ਪ੍ਰਬੰਧਕ ਤੇ ਚਤਰ ਨੀਤੀਵਾਨ ਸਾਬਤ ਹੋਇਆ। ਸਰੀਰਕ ਪੱਖੋ ਬਲਵਾਨ, ਨਿਡਰ ਤੇ ਦਲੇਰੀ ਵਾਲਾ, ਅਜਿੱਤ ਹੌਂਸਲੇ ਦਾ ਮਾਲਕ ਜੋ ਤਲਵਾਰ ਦਾ ਧਨੀ ਸੀ। ਉਸ ਨੇ ਪ੍ਰਵਾਰਕ ਪਿਛੋਕੜ ਤੋਂ ਲੈ ਕੇ ਅੰਤਲੇ ਆਵਾਸਾ ਤਕ ਕਈ ਉਤਰਾਅ-ਚੜਾਅ ਆਏ ਬੜੀ ਨਿਡਰਤਾ ਤੇ ਅਡੋਲ ਰਹਿ ਪਾਰ ਕੀਤੇ। ਉਸ ਸਦਾ ਬੇ-ਹੱਦ ਹੌਂਸਲੇ ਦਾੇ ਮਾਲਕ ਆਪਣੇ ਸਾਥੀਆਂ ਨਾਲ ਮਿਲਕੇ ਮੁਗਲਾਂ ਤੇ ਅਬਦਾਲੀਆਂ ਵਿਰੁੱਧ ਲੜਾਈ ਲੜਦਾ ਰਿਹਾ। ਇਹ ਵੀ ਉਸ ਲਈ ਵੱਧੀਆ ਇਤਿਹਾਸਕ ਪੱਖ ਰਿਹਾ ਕਿ ਉਤਰ-ਪੱਛਮੀ ਭਾਰਤ ਦੇ ਖਿਤੇ, ‘ਪੰਜਾਬ` ਜਿਥੇ ਕਿਸਾਨੀ (ਜੱਟ) ਜਮਾਤੀ ਤੌਰ ਤੇ ਕਾਬਜ਼ ਤੇ ਧੌਂਸ ਰੱਖਦੀ ਸੀ ਅਜਿਹੇ ਹਾਲਾਤਾਂ ਦੌਰਾਨ ਉਹ ਪੂਰੀ ਦ੍ਰਿੜਤਾ ਨਾਲ, ਸਖਤ ਔਕੜਾਂ ਅਤੇ ਮੁਸ਼ਕਲਾਂ ਵਿਚਕਾਰ ਇਕ ਕਿਰਤੀ-ਜਮਾਤ ਵਿੱਚੋਂ ਉਠ ਕੇ ਇਕ ਮਿਸਲ (ਜਾਗੀਰ) ਦਾ ਮਿਸਲਦਾਰ ਬਣਿਆ। ਆਪਣੇ ਇਲਾਕੇ ਕਈ ਵਾਰ ਖੁਸ ਜਾਣ ਤੇ ਵੀ ਉਸ ਨੇ ਦਿਲ ਨਹੀਂ ਛੱਡਿਆ, ਸਗੋਂ ਦੂਸਰੇ ਇਲਾਕਿਆਂ ਤੇ ਥਾਵਾਂ ਤੇ ਜਾ ਕੇ ਵੱਡੀਆਂ ਵੱਡੀਆਂ ਮੱਲਾ ਮਾਰੀਆਂ। ਜੰਗੀ ਦ੍ਰਿਸ਼ਟੀਕੋਣ ਅਤੇ ਫੌਜੀ ਦਾਅ-ਪੇਚਾਂ ਵੱਜੋਂ ਦੁਸ਼ਮਣ ਅਤੇ ਦੋਸਤ ਨਾਲ ਦਸਤ-ਪੰਜਾ ਲੈਣ ਤੇ ਹੱਥ ਮਿਲਾਉਣਾ ਉਹ ਜਾਣਦਾ ਸੀ। ਉਹ ਇਕ ਮਹਾਨ ਨੀਤੀਵਾਨ ਅਤੇ ਬੀਰ ਯੋਧਾ ਸੀ। ਰਾਮਗੜ੍ਹੀਆ ਮਿਸਲ, 12-ਮਿਸਲਾਂ ਅੰਦਰ ਇਕ ਵੱਧੀਆ ਤੇ ਬਲਬਾਨ ਮਿਸਲ ਸੀ। ਸ: ਜੱਸਾ ਸਿੰਘ ਰਾਮਗੜ੍ਹੀਆਂ ਮਿਸਲ ਨੇ ਪੰਜਾਬ ਅੰਦਰ ਇਕ ਕਿਰਤੀ ਵਰਗ ਵਿੱਚੋਂ ਉਠ ਕੇ ਤੁਛ ਵਸੀਲੇ ਹੁੰਦੇ ਹੋਏ ਸਫਲਤਾ ਪ੍ਰਾਪਤ ਕਰਕੇ, ਸਿੱਖ ਭਾਈਚਾਰੇ, ਆਪਣੀ ਰਾਇਆ ਦੀ ਰਾਖੀ ਤੇ ਦੁਸ਼ਮਣਾਂ ਵਿਰੁਧ ਆਪਣੇ ਆਪ ਨੂੰ ਇਕ ਫਖਰ ਵਾਲਾ ਜੀਵਨ ਪੇਸ਼ ਕਰਕੇ ਇਤਿਹਾਸ ਅੰਦਰ ਯੋਗ ਪਦਵੀ ਪ੍ਰਾਪਤ ਕਰ ਲਈ।

91-9217997445 ਜਗਦੀਸ਼ ਸਿੰਘ ਚੋਹਕਾ
001-403-285-4208 ਕੈਲਗਰੀ (ਕੈਨੇਡਾ)
[email protected]

Previous articleTrinamool poised to make comeback in Bengal for third time
Next articleਪਟਿਆਲਾ: ਐਕਸਪ੍ਰੈੱਸ ਹਾਈਵੇਅ ਖ਼ਿਲਾਫ਼ ਕਿਸਾਨਾਂ ਨੇ ਪੁਲੀਸ ਬੈਰੀਕੇਡਾਂ ਨੂੰ ਤੋੜ ਕੇ ਕੈਪਟਨ ਦੇ ਮਹਿਲ ਨੂੰ ਘੇਰਿਆ