ਬਗਦਾਦ (ਸਮਾਜ ਵੀਕਲੀ) : ਇਰਾਕ ਦੀ ਰਾਜਧਾਨੀ ਬਗਦਾਦ ’ਚ ਕਰੋਨਾ ਲਾਗ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਸਪਤਾਲ ’ਚ ਅੱਗ ਲੱਗਣ ਕਰਕੇ 82 ਲੋਕਾਂ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਇਬਨ ਅਲ ਖ਼ਾਤਿਬ ਹਸਪਤਾਲ ਦੇ ਇਨਸੈਂਟਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਸ਼ਨਿਚਰਵਾਰ ਦੇਰ ਰਾਤ ਵਾਪਰੇ ਇਸ ਹਾਦਸੇ ਵਿੱਚ 110 ਜਣੇ ਜ਼ਖ਼ਮੀ ਵੀ ਹੋਏ ਹਨ।
ਮੁੱਢਲੀਆਂ ਰਿਪੋਰਟਾਂ ’ਚ ਹਾਦਸੇ ਦਾ ਕਾਰਨ ਆਕਸੀਜਨ ਗੈਸ ਸਿਲੰਡਰ ਦਾ ਫਟਣਾ ਦੱਸਿਆ ਜਾ ਰਿਹਾ ਹੈ। ਇਸ ਅਣਗਹਿਲੀ ਲਈ ਹਸਪਤਾਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦੇਸ਼ ਦੇ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਇੱਕ ਤਰਜਮਾਨ ਨੇ ਟਵੀਟ ਕੀਤਾ ਕਿ ਮਾਰੇ ਲੋਕਾਂ ਵਿੱਚੋਂ ਘੱਟੋ-ਘੱਟ 28 ਜਣਿਆਂ ਦਾ ਵੈਂਟੀਲੇਟਰ ਰਾਹੀਂ ਇਲਾਜ ਕੀਤਾ ਰਿਹਾ ਸੀ, ਜਿਨ੍ਹਾਂ ਦੀ ਕਰੋਨਾ ਲਾਗ ਕਾਰਨ ਹਾਲਤ ਗੰਭੀਰ ਸੀ। ਉਨ੍ਹਾਂ ਮੁਤਾਬਕ ਦੂਜੀ ਮੰਜ਼ਿਲ ਤੱਕ ਫੈਲੀ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਅਮਲੇ ਪੂਰੀ ਜੱਦੋ-ਜਹਿਦ ਕਰਨੀ ਪਈ ਅਤੇ ਸਵੇਰ ਸਾਰ ਅੱਗ ਬੁਝਾਈ ਜਾ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਮਲੇ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮਰੀਜ਼ਾਂ ਨੂੰ ਹਸਪਤਾਲ ’ਚੋਂ ਬਾਹਰ ਕੱਢਿਆ। ਦਰਜਨਾਂ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਉੱਥੋਂ ਲਿਜਾਇਆ ਗਿਆ। ਸਿਹਤ ਮੰਤਰਾਲੇ ਨੇ ਦੱਸਿਆ ਕਿ ਮੌਕੇ ਤੋਂ ਘੱਟੋ-ਘੱਟ 200 ਲੋਕਾਂ ਨੂੰ ਬਚਾਇਆ ਗਿਆ ਹੈ।
ਸਿਹਤ ਮੰਤਾਰਲੇ ਮੁਤਾਬਕ ਹਾਦਸੇ ਮਗਰੋਂ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਦੀਮੀ ਨੇ ਬਗਦਾਦ ਅਪਰੇਸ਼ਨ ਕਮਾਂਡ ਦੇ ਹੈੱਡਕੁਆਰਟਰ ’ਤੇ ਇੱਕ ਹੰਗਾਮੀ ਮੀਟਿੰਗ ਬੁਲਾਈ, ਜਿਸ ਵਿੱਚ ਉਨ੍ਹਾਂ ਇਰਾਕ ਦੇ ਸੁਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਹਾਦਸਾ ਲਾਪ੍ਰਵਾਹੀ ਕਾਰਨ ਹੋਇਆ ਹੈ। ਅਜਿਹੇ ਮਾਮਲਿਆਂ ’ਚ ਲਾਪ੍ਰਵਾਹੀ ਨੂੰ ਗਲਤੀ ਨਹੀਂ ਕਿਹਾ ਜਾ ਸਕਦਾ, ਬਲਕਿ ਇਹ ਇੱਕ ਜੁਰਮ ਹੈ ਅਤੇ ਇਸ ਅਣਗਹਿਲੀ ਲਈ ਸਾਰੀਆਂ ਧਿਰਾਂ ਜ਼ਿੰਮੇਵਾਰ ਹਨ।’ ਉਨ੍ਹਾਂ ਨੇ ਅਧਿਕਾਰੀਆਂ ਨੂੰ 24 ਘੰਟਿਆਂ ’ਚ ਇਸ ਮਾਮਲੇ ਦੀ ਜਾਂਚ ਰਿਪੋਰਟ ਦੇਣ ਦੀ ਹਦਾਇਤ ਕੀਤੀ ਹੈ। ਇਸੇ ਦੌਰਾਨ ਇਰਾਕ ਸਬੰਧੀ ਸੰਯੁਕਤ ਰਾਸ਼ਟਰ ਦੇ ਸਫ਼ੀਰ ਜੇਨੀਨ ਹੈਨਿਸ-ਪਲਾਸਕੇਰਟ ਨੇ ਇੱਕ ਬਿਆਨ ਰਾਹੀਂ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਹਸਪਤਾਲਾਂ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly