ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਮਰੀਕ ਸਿੰਘ ਪੁੱਤਰ ਸਰਦਾਰ ਗੁਰਦੀਪ ਸਿੰਘ ਪਿੰਡ ਹਰਨਾਮਪੁਰ ਵਡੇਲ ਬਲਾਕ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਾ ਵਸਨੀਕ ਹੈ । ਉਸ ਕੋਲ ਆਪਣੀ 12 ਏਕੜ ਜ਼ਮੀਨ ਹੈ ਅਤੇ 10 ਏਕੜ ਜ਼ਮੀਨ ਠੇਕੇ ‘ ਤੇ ਲਈ ਹੋਈ ਹੈ । ਉਸ ਨੇ ਦਸਵੀਂ ਕਲਾਸ ਤੱਕ ਪੜ੍ਹਾਈ ਕੀਤੀ ਹੋਈ ਹੈ । ਉਹ ਬਚਪਨ ਤੋਂ ਹੀ ਖੇਤੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ । ਉਸ ਦੇ ਮਨ ਵਿਚ ਹਮੇਸ਼ਾਂ ਨਵੀਆਂ ਤਕਨੀਕਾਂ ਨਾਲ ਖੇਤੀ ਕਰਨ ਦੀ ਚਾਹਤ ਬਣੀ ਰਹਿੰਦੀ ਹੈ । ਅੱਜ ਦੇ ਸਮੇਂ ਵਿਚ ਖੇਤੀ ਦੇ ਕਿੱਤੇ ਵਿਚ ਵੱਧਦੀ ਲਾਗਤ , ਘੱਟ ਮੁਨਾਫ਼ਾ , ਜ਼ਿਆਦਾ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਨਾਲ ਜ਼ਮੀਨ ਅਤੇ ਪਾਣੀ ਦਾ ਜ਼ਹਿਰੀਲਾਪਣ ਅਤੇ ਵਾਤਾਵਰਨ ਦੀ ਦੂਸ਼ਿਤਾ ਮੁੱਖ ਸਮੱਸਿਆਵਾਂ ਹਨ ।
ਇਸ ਲਈ ਸ : ਅਮਰੀਕ ਸਿੰਘ ਨੇ ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਿਛਲੇ 4- 5 ਤੋਂ ਆਪਣੇ 12 ਏਕੜ ਰਕਬੇ ਨੂੰ ਖੇਤੀਬਾੜੀ ਵਿਭਾਗ ਸੁਲਤਾਨਪੁਰ ਲੋਧੀ ( ਆਤਮਾ ਵਿੰਗ ) ਦੀ ਪ੍ਰੇਰਨਾ ਸਦਕਾ ਆਰਗੈਨਿਕ ਖੇਤੀ ਵਿਚ ਤਬਦੀਲ ਕਰ ਦਿੱਤਾ । ਉਸ ਨੇ ਖੇਤੀਬਾੜੀ ਵਿਭਾਗ ਅਤੇ ਸਹਿਯੋਗੀ ਮਹਿਕਮਿਆਂ ਨਾਲ ਪੂਰਾ ਰਾਬਤਾ ਰੱਖਿਆ ਹੋਇਆ ਹੈ । ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਲਗਾਏ ਜਾਂਦੇ ਕਿਸਾਨ ਮੇਲੇ , ਟਰੇਨਿੰਗ ਕੈਂਪ ਅਤੇ ਐਕਸਪੋਜ਼ਰ ਵਿਜ਼ਿਟ ਵਿਚ ਜ਼ਰੂਰ ਭਾਗ ਲੈਂਦਾ ਹੈ । ਉਸ ਨੇ ਸਾਲ 2016 ਦੌਰਾਨ ਇਕ ਏਕੜ ਰਕਬੇ ਵਿਚ ਕਣਕ ਦੀ ਬੰਸੀ ਕਿਸਮ ਬੀਜ ਕੇ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ । ਜਿਸ ਤੋਂ ਉਸ ਨੂੰ ਪਹਿਲੇ ਸਾਲ 8.0-10 ਕੁਇੰਟਲ ਝਾੜ ਪ੍ਰਾਪਤ ਹੋਇਆ । ਉਸ ਨੇ ਸਾਲ 2018 ਦੌਰਾਨ ਜੈਵਿਕ ਖੇਤੀ ਵਾਲੇ ਰਕਬੇ ਵਿਚ ਛੋਲੇ , ਕਣਕ( ਬੰਸੀ ਸੁਨਹਿਰੀ ਸੋਨਾ ਮੋਤੀ ਅਤੇ ਐੱਚ ਡੀ 2967) , ਸਰੋਂ , ਮੱਕੀ ਅਤੇ ਸਬਜ਼ੀਆਂ( ਬ੍ਰੋਕਲੀ ਆਲੂ ਗੋਭੀ ਮਟਰ ਆਦਿ ) ਦੀਆਂ ਫ਼ਸਲਾਂ ਦੀ ਜੈਵਿਕ ਤਰੀਕੇ ਨਾਲ ਕਾਸ਼ਤ ਕੀਤੀ ।
ਇਸ ਸਮੇਂ ਦੌਰਾਨ ਉਸ ਨੇ ਆਰਗੈਨਿਕ ਖੇਤੀ ਦੀਆਂ ਬਰੀਕੀਆਂ ਨੂੰ ਸਮਝਣ ਲਈ ਪਿੰਗਲਵਾੜਾ ਆਰਗੈਨਿਕ ਫਾਰਮ ਜੰਡਿਆਲਾਗੁਰੂ ਵਿਖੇ ਯਾਤਰਾ ਕੀਤੀ । ਉਸ ਦੇ ਫਾਰਮ ‘ ਤੇ ਆਤਮਾ ਸਕੀਮ ਅਧੀਨ ਆਰਗੈਨਿਕ ਖੇਤੀ ਤਕਨੀਕਾਂ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ । ਉਸ ਦੇ ਫਾਰਮ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਜੈਵਿਕ ਫ਼ਸਲਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ । ਉਸ ਨੇ ਸਾਲ 2020 ਦੌਰਾਨ ਆਤਮਾ ਸਕੀਮ ਅਧੀਨ ਬਣਾਏ ਗਏ ਕਿਸਾਨ ਮਿੱਤਰ ਗਰੁਪ ਨੂੰ ਜੁਆਇਨ ਕੀਤਾ । ਉਸ ਨੇ ਸਾਲ 2019 ਦੌਰਾਨ 10 ਏਕੜ ਰਕਬੇ ਵਿਚ ਜੈਵਿਕ ਤਰੀਕੇ ਨਾਲ , ਕਣਕ , ਸਰੋਂ , ਛੋਲੇ , ਮਾਂਹ , ਗੋਭੀ,ਆਲੂ ਅਤੇ ਬਾਸਮਤੀ ਦੀ ਕਾਸ਼ਤ ਕੀਤੀ । ਉਹ ਜੈਵਿਕ ਖੇਤੀ ਵਿਚ ਡੀਕੰਪੋਜ਼ਰ , ਜੀਵ ਅੰਮ੍ਰਿਤ , ਫਟਕੜੀ ਦਾ ਘੋਲ , ਤਾਂਬਾ – ਲੋਹਾ ਅਤੇ ਖੱਟੀ ਲੱਸੀ ਦਾ ਘੋਲ , ਪਾਥੀਆਂ ਦੀ ਸਪਰੇਅ , ਅੱਕ ਅਤੇ ਨਿੰਮ ਦਾ ਘੋਲ ਅਤੇ ਬਾਇਓਪੈਸਟੀਸਾਈਡਜ਼ ਆਦਿ ਦਾ ਪ੍ਰਯੋਗ ਕਰਦਾ ਹੈ।
ਉਸ ਦੁਆਰਾ ਆਪਣੇ ਆਰਗੈਨਿਕ ਫ਼ਸਲਾਂ ਦੇ ਉਤਪਾਦਾਂ ਕਣਕ ਅਤੇ ਮੱਕੀ ਦਾ ਆਟਾ , ਦਾਲਾਂ ਅਤੇ ਸਰੋਂ ਦੇ ਤੇਲ ਨੂੰ ਸਿੱਧੇ ਮੰਡੀਕਰਨ ਰਾਹੀਂ ਖਪਤਕਾਰਾਂ ਨੂੰ ਵੇਚਿਆ ਜਾ ਰਿਹਾ ਉਹ ਆਪਣੇ ਆਰਗੈਨਿਕ ਉਤਪਾਦਾਂ ਨੂੰ ਨਬਾਰਡ ਦੇ ਜ਼ਿਲ੍ਹਾ ਮੈਨੇਜਰ ਰਕੇਸ਼ ਕੁਮਾਰ ਦੀ ਸਹਾਇਤਾ ਨਾਲ ਬਣਾਏ ਗਏ ਆਊਟਲੈੱਟ ਨੈਚੁਰਲ ਬਾਈਟਸ ਆਰਗੈਨਿਕ ਸਟੋਰ ਰਾਂਹੀ ਵੀ ਸਪਲਾਈ ਕਰ ਰਿਹਾ ਹੈ । ਸਾਲ 2020 ਦੌਰਾਨ ਉਸ ਨੇ ਜ਼ਮੀਨ ਵਿਚ ਜੰਤਰ ਦੀ ਹਰੀ ਖਾਦ ਨੂੰ ਖੇਤ ਵਿਚ ਵਾਹ ਕੇ 2 ਏਕੜ ਰਕਬੇ ਵਿਚ ਆਰਗੈਨਿਕ ਬਾਸਮਤੀ 1121 ਦੀ ਬਿਜਾਈ ਕੀਤੀ ਹੋਈ ਹੈ । ਜੰਤਰ ਦਾ ਬੀਜ ਉਸ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਬਸਿਡੀ ‘ ਤੇ ਪ੍ਰਾਪਤ ਕੀਤਾ ।
ਉਸ ਕੋਲ ਇਕ ਟਰੈਕਟਰ , ਮਸ਼ੀਨਰੀ ਸੰਦ ਅਤੇ ਸਪਰੇਅ ਪੰਪ ਹਨ । ਉਸ ਨੇ ਸਾਲ 2017 ਵਿੱਚ ਜੈਵਿਕ ਖੇਤੀ ਕਰਨ ਵਾਸਤੇ ਵੀ ਅਪੀਡਾ ਕੋਲੋਂ ਰਜਿਸਟ੍ਰੇਸ਼ਨ ਕਰਵਾਈ ਹੈ । ਇਸ ਕਿਸਾਨ ਦੁਆਰਾ ਪਿਛਲੇ 7-8 ਸਾਲ ਤੋਂ ਵੀ ਫ਼ਸਲਾਂ ਦੀ ਰਹਿੰਦ – ਖੂੰਹਦ ਨੂੰ ਅੱਗ ਨਹੀਂ ਲਗਾਈ ਗਈ ਅਤੇ ਖੇਤ ਵਿਚ ਹੀ ਵਾਹਿਆ ਜਾਂਦਾ ਹੈ । ਉਨ੍ਹਾਂ ਦੇ ਇਸ ਕੰਮ ਵਿੱਚ ਉਨ੍ਹਾਂ ਦਾ ਬੇਟਾ ਜੋਬਨਪ੍ਰੀਤ ਸਿੰਘ ਅਤੇ ਧਰਮ ਪਤਨੀ ਸ੍ਰੀਮਤੀ ਅਮਰਜੀਤ ਕੌਰ ਉਨ੍ਹਾਂ ਦੀ ਸਹਾਇਤਾ ਕਰਦੇ ਹਨ । ਉਨ੍ਹਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਵੱਲੋਂ ਅਗਾਂਹ ਵਧੂ ਕਿਸਾਨ ਵਜੋਂ ਸਨਮਾਨਤ ਕੀਤਾ ਜਾ ਚੁੱਕਾ ਹੈ ।ਉਹ ਜੈਵਿਕ ਖੇਤੀ ਅਤੇ ਕਿਸਾਨੀ ਮਸਲਿਆਂ ਦੇ ਨਾਲ ਸਬੰਧਤ ਆਪਣੀਆਂ ਸੇਵਾਵਾਂ ਅਵਤਾਰ ਰੇਡੀਓ ਸੀਚੇਵਾਲ ਤੇ ਵੀ ਦਿੰਦੇ ਹਨ ਅਮਰੀਕ ਸਿੰਘ ਹਰਨਾਮਪੁਰ ਵੰਡੇਲ ਇੱਕ ਉੱਘੇ ਸਮਾਜ ਸੇਵਕ ਅਤੇ ਵਾਤਾਵਰਣ ਪ੍ਰੇਮੀ ਹਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly