ਪੰਜਾਬ: ਰਾਤ ਦਾ ਕਰਫਿਊ ਇੱਕ ਘੰਟਾ ਵਧਾਇਆ

* ਰਾਤ ਅੱਠ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ

* ਸਿਨੇਮਾ, ਬਾਰ, ਜਿਮ, ਕੋਚਿੰਗ ਸੈਂਟਰ ਤੇ ਖੇਡ ਕੰਪਲੈਕਸ 30 ਤੱਕ ਬੰਦ

* ਹਫਤਾਵਾਰੀ ਬਾਜ਼ਾਰ ਅਤੇ ਐਤਵਾਰ ਨੂੰ ਮਾਲ ਦੁਕਾਨਾਂ ਤੇ ਬਾਜ਼ਾਰ ਬੰਦ ਰੱਖਣ ਦੇ ਹੁਕਮ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ’ਚ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕ ਤੋਂ ਪਾਬੰਦੀਆਂ ਲਾਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਪਾਬੰਦੀਆਂ ਵਿੱਚ ਰਾਤਰੀ ਕਰਫਿਊ ਦਾ ਸਮਾਂ ਵਧਾ ਕੇ ਰਾਤ 8 ਤੋਂ ਸਵੇਰੇ 5 ਵਜੇ ਤੱਕ ਕੀਤਾ ਗਿਆ ਹੈ ਅਤੇ ਸੂਬੇ ਵਿਚਲੇ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਖੇਡ ਕੰਪਲੈਕਸ ਬੰਦ ਰਹਿਣਗੇ ਅਤੇ ਸੋਮਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਰੈਸਟੋਰੈਂਟਾਂ ਤੇ ਹੋਟਲਾਂ ਨੂੰ ਸਿਰਫ ਖਾਣਾ ਘਰ ਲਿਜਾਣ ਤੇ ਹੋਮ ਡਿਲਿਵਰੀ ਦੀ ਇਜਾਜ਼ਤ ਦਿੱਤੀ ਗਈ ਹੈ।

ਨਿੱਜੀ ਲੈਬਾਂ ਨੇ ਆਰਟੀ-ਪੀਸੀਆਰ ਅਤੇ ਰੈਪਿਡ ਐਂਟੀਜੈਨ ਟੈਸਟਿੰਗ (ਆਰਏਟੀ) ਦੀਆਂ ਕੀਮਤਾਂ ਘਟਾ ਕੇ ਕ੍ਰਮਵਾਰ 450 ਰੁਪਏ ਅਤੇ 300 ਰੁਪਏ ਕਰ ਦਿੱਤੀਆਂ ਹਨ। ਸਰਕਾਰ ਸੂਬੇ ਵਿੱਚ ਵਿਆਹਾਂ/ਸਸਕਾਰ ਸਮੇਤ ਹਰ ਤਰ੍ਹਾਂ ਦੇ ਇਕੱਠ ’ਚ 20 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਜ਼ਰੂਰੀ ਕਰਾਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਵੀਆਂ ਪਾਬੰਦੀਆਂ, ਜਿਨ੍ਹਾਂ ਵਿਚ ਸਾਰੇ ਮਾਲ, ਦੁਕਾਨਾਂ ਅਤੇ ਬਾਜ਼ਾਰਾਂ ਐਤਵਾਰ ਵਾਲੇ ਦਿਨ ਬੰਦ ਕਰਨਾ ਸ਼ਾਮਲ ਹੈ, ਪਹਿਲਾਂ ਵਾਲੀਆਂ ਪਾਬੰਦੀਆਂ ਸਮੇਤ 30 ਅਪਰੈਲ ਤੱਕ ਲਾਗੂ ਰਹਿਣਗੀਆਂ। ਸਮੁੱਚੇ ਹਫਤਾਵਾਰੀ ਬਾਜ਼ਾਰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਸੂਬੇ ਵਿਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਇਹ ਵੀ ਹੁਕਮ ਦਿੱਤੇ ਕਿ ਉਡਾਣਾਂ ਰਾਹੀਂ ਪੰਜਾਬ ਆਉਣ ਵਾਲੇ ਸਾਰੇ ਵਿਅਕਤੀਆਂ ਕੋਲ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਨਹੀਂ ਤਾਂ ਉਨ੍ਹਾਂ ਦੀ ਹਵਾਈ ਅੱਡੇ ਉੱਤੇ ਹੀ ਆਰਏਟੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਹੁਕਮ ਦਿੱਤੇ ਕਿ ਜਿਨ੍ਹਾਂ ਨੇ ਕਿੱਧਰੇ ਵੀ ਵੱਡੇ ਇਕੱਠਾਂ ਵਿਚ ਸ਼ਮੂਲੀਅਤ ਕੀਤੀ ਹੈ, ਉਨਾਂ ਨੂੰ ਘਰ ਵਾਪਸੀ ’ਤੇ ਪੰਜ ਦਿਨਾਂ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣਾ ਪਵੇਗਾ।

ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬੱਸਾਂ/ਟੈਕਸੀਆਂ ਅਤੇ ਆਟੋ ਰਿਕਸ਼ਿਆਂ ਵਿੱਚ ਲੋਕਾਂ ਦੀ ਗਿਣਤੀ ਦੀ ਸਮਰੱਥਾ 50 ਫੀਸਦੀ ਰੱਖੀ ਜਾਵੇ। ਮੁੱਖ ਮੰਤਰੀ ਨੇ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ’ਤੇ ਮੁਸਾਫਰਾਂ ਲਈ ਆਰਏਟੀ ਬੂਥ ਸਥਾਪਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਸਰਕਾਰ ਨੇ ਨਿਰਦੇਸ਼ ਦਿੱਤੇ ਕਿ ਪਟਵਾਰੀਆਂ ਦੀ ਭਰਤੀ ਪ੍ਰੀਖਿਆ ਮੁਲਤਵੀ ਕੀਤੀ ਜਾਵੇਗੀ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਐੱਮਬੀਬੀਐੱਸ/ਬੀਡੀਐੱਸ/ਬੀਏਐੱਮਐੱਸ ਦੇ ਪਹਿਲੇ, ਦੂਜੇ ਅਤੇ ਤੀਜੇ ਵਰ੍ਹੇ ਤੇ ਪਹਿਲੇ ਵਰ੍ਹੇ ਦੇ ਨਰਸਿੰਗ ਦੇ ਵਿਦਿਆਰਥੀਆਂ ਲਈ ਆਨਲਾਈਨ ਪ੍ਰੀਖਿਆ ਕਰਵਾਈ ਜਾਵੇ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚਲੀਆਂ ਫੌਜੀ ਛਾਉਣੀਆਂ ਦੇ ਹਸਪਤਾਲਾਂ ਨੇ ਸੂਬਾ ਸਰਕਾਰ ਨੂੰ ਯਕੀਨ ਦਿਵਾਇਆ ਹੈ ਕਿ ਕੋਵਿਡ ਕੇਸਾਂ ’ਚ ਵਾਧੇ ਨੂੰ ਠੱਲ੍ਹਣ ਲਈ ਸੂਬਾ ਸਰਕਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਜਦਕਿ ਨਿੱਜੀ ਹਸਪਤਾਲਾਂ ਨੂੰ ਕੋਵਿਡ ਦੇ ਮਰੀਜ਼ਾਂ ਲਈ 75 ਫੀਸਦੀ ਬਿਸਤਰੇ ਰਾਖਵੇਂ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਸੂਬੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਬਿਸਤਰਿਆਂ ਦੀ ਮੌਜੂਦਗੀ ਬਾਰੇ 24 ਘੰਟੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਹੈਲਪਲਾਈਨ ਨੰਬਰ 104 ਵੀ ਚਾਲੂ ਰਹੇਗਾ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਇੱਕ ਕਮੇਟੀ ਕੰਮ ਕਰੇਗੀ ਜਦਕਿ ਨਿੱਜੀ ਹਸਪਤਾਲਾਂ ਨੂੰ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਸੂਬੇ ਦੀ ਪਾਜ਼ੇਟੀਵਿਟੀ ਦਰ 7.8 ਫੀਸਦੀ ਉੱਤੇ ਸਥਿਰ ਸੀ ਪਰ ਅਪਰੈਲ 15 ਨੂੰ ਇਹ ਵੱਧ ਕੇ 12.6 ਫੀਸਦੀ ਤੱਕ ਪਹੁੰਚ ਗਈ ਸੀ ਜਿਸ ਵਿਚ ਮੁਹਾਲੀ ਦੀ ਦਰ ਸਭ ਤੋਂ ਵੱਧ 36.53 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਜੇਕਰ ਲੁਧਿਆਣਾ, ਐੱਸਏਐੱਸ ਨਗਰ (ਮੁਹਾਲੀ), ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਹੰਗਾਮੀ ਕਦਮ ਚੁੱਕਣ ਦੀ ਅਪੀਲ ਕੀਤੀ। ਡੀਜੀਪੀ ਦਿਨਕਰ ਗੁਪਤਾ ਨੇ ਸੂਬੇ ’ਚ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।

Previous articleUser-generated content to fuel remote work, learning in India
Next articleਦਿੱਲੀ ਤੇ ਰਾਜਸਥਾਨ ਵਿੱਚ ਲੌਕਡਾਊਨ