ਬਹੁਤ ਸ਼ਾਨਦਾਰ ਉਪਰਾਲਾ -ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) : ਪੰਜਾਬੀ ਸਾਹਿਤ ਜਗਤ ਵਿੱਚ ਪੰਜਾਬੀ ਮਾਂ ਬੋਲੀ ਦੇ ਉੱਘੇ ਤੇ ਪਿਆਰੇ ਲੇਖਕ ਬੁੱਧ ਸਿੰਘ ਨੀਲੋਂ ਨੂੰ ਕੌਣ ਨਹੀਂ ਜਾਣਦਾ । ਬੁੱਧ ਸਿੰਘ ਨੇ ਗ਼ਰੀਬੀ ਵਿਚੋਂ ਉੱਠ ਕੇ ਬੇਹੱਦ ਸੰਘਰਸ਼ ਕਰਕੇ ਪੜ੍ਹਾਈ ਜਾਰੀ ਰੱਖੀ ਅਨੇਕਾਂ ਸੰਸਥਾਵਾਂ ਨਾਲ ਜੁੜਦਾ ਹੋਇਆ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਮਰਪਿਤ ਹੀ ਨਹੀਂ ਸਗੋਂ ਪੰਜਾਬੀ ਸਾਹਿਤ ਵਿਚ ਗਲਤ ਘਟਨਾਵਾਂ ਨੂੰ ਆਪਣੀ ਕਲਮ ਦੀ ਤਿੱਖੀ ਨੋਕ ਨਾਲ ਉਜਾਗਰ ਕਰਦਾ ਰਹਿੰਦਾ ਹੈ।ਬੀਤੇ ਦਿਨੀਂ ਬੁੱਧ ਸਿੰਘ ਨੀਲੋਂ ਨੇ ਆਪਣੇ ਵਿਆਹ ਦੀ 27 ਵੀਂ ਵਰ੍ਹੇਗੰਢ ਮਨਾਈ ।
ਕਿਤਾਬਾਂ ਤੇ ਕਿਤਾਬ ਘਰ ਲਾਇਬਰੇਰੀਆਂ ਨਾਲ ਗੂੜ੍ਹਾ ਸਬੰਧ ਰੱਖਣ ਵਾਲੇ ਬੁੱਧ ਸਿੰਘ ਨੀਲੋਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਸ਼ਹੀਦ ਭਗਤ ਸਿੰਘ ਲਾਇਬਰੇਰੀ ਪਿੰਡ ਮਕਸੂਦੜਾ ਲਈ ਉੱਚ ਪਾਏ ਦੀਆਂ 51 ਕਿਤਾਬਾਂ ਲੇਖਕ ਕਵੀਸ਼ਰ ਪ੍ਰੀਤ ਸਿੰਘ ਸੰਦਲ ਮਕਸੂਦੜਾ ਨੂੰ ਭੇਟ ਕੀਤੀਆਂ। ਬੁੱਧ ਸਿੰਘ ਨੀਲੋਂ ਅਕਸਰ ਕਹਿੰਦਾ ਹੈ ਕਿ ਅਸੀਂ ਵਾਤਾਵਰਣ ਵਿੱਚ ਪ੍ਰਦੂਸ਼ਣ ਨੂੰ ਸਾਫ ਕਰਨ ਲਈ ਬੂਟੇ ਲਗਾਉਂਦੇ ਹਾਂ ਹੋਰ ਬੜੇ ਕਾਰਜ ਕਰਦੇ ਹਾਂ ।
ਮੇਰਾ ਮੰਨਣਾ ਹੈ ਕਿ ਕਿਤਾਬਾਂ ਰਾਹੀਂ ਅਸੀਂ ਲੋਕਾਂ ਨੂੰ ਜਿਥੇ ਪੜ੍ਹਨ ਲਈ ਪ੍ਰੇਰਿਤ ਕਰ ਸਕਦੇ ਹਾਂ ਉੱਥੇ ਨਵੀਂ ਜਾਗ੍ਰਤੀ ਵੀ ਪੈਦਾ ਕਰ ਸਕਦੇ ਹਾਂ। ਮੈਂ ਕਿਤਾਬਾਂ ਦੀ ਪਡ਼੍ਹਨ ਤੇ ਵੰਡਣ ਵਾਲੀ ਮਸ਼ਾਲ ਨੂੰ ਸਦਾ ਕਾਇਮ ਰੱਖਾਂਗਾ। ਬੁੱਧ ਸਿੰਘ ਦੇ ਇਸ ਉਪਰਾਲੇ ਨੂੰ ਲੇਖਕ ਬਲਬੀਰ ਸਿੰਘ ਬੱਬੀ ਨੇ ਸਲਾਹਿਆ ਤੇ ਕਾਮਨਾ ਕੀਤੀ ਕਿ ਬੁੱਧ ਸਿੰਘ ਇਸੇ ਤਰ੍ਹਾਂ ਪੰਜਾਬੀ ਸਾਹਿਤ ਜਗਤ ਅੰਦਰ ਆਪਣੀ ਕਲਮ ਰਾਹੀਂ ਸਾਨੂੰ ਜਗਾਉਂਦਾ ਰਹੇ।ਇੱਥੇ ਵਰਨਣਯੋਗ ਹੈ ਕਿ ਬੇਸ਼ੱਕ ਬੁੱਧ ਸਿੰਘ ਨੀਲੋਂ ਲਿਖਦਾ ਬਹੁਤ ਦੇਰ ਤੋਂ ਹੈ ਪਰ ਪਿਛਲੇ ਸਮੇਂ ਵਿੱਚ ਉਸ ਨੇ ਪੰਜਾਬੀ ਮਾਂ ਬੋਲੀ ਤੇ ਸਾਹਿਤ ਜਗਤ ਵਿੱਚ ਜੋ ਕੁਝ ਪੜ੍ਹਦੇ ਥੱਲੇ ਹੋ ਰਿਹਾ ਹੈ ਨਿਡਰ ਹੋ ਕੇ ਉਜਾਗਰ ਕੀਤਾ ਹੈ ਜੋ ਸਲਾਹੁਣਯੋਗ ਹੈ ।