ਅਧੁਨਿਕ ਮਨੁੱਖੀ ਸਮਾਜ ਤੋਂ ਕੋਹਾਂ ਦੂਰ : ਅਫਰੀਕੀ ਬੌਣੇ

(ਸਮਾਜ ਵੀਕਲੀ)

ਅਫਰੀਕਾ ਦੇ ਤਪਤ ਖੰਡ ਵਿਚ ਅਜੇ ਵੀ ਸੰਘਣੇ ਜੰਗਲਾਂ ਦਾ ਰਾਜ ਹੈ। ਇਨ੍ਹਾਂ ਹਨੇਰੇ ਜੰਗਲਾਂ ਵਿਚ ਹੀ ਦੁਨੀਆਂ ਦੇ ਸਭ ਤੋਂ ਛੋਟੇ ਅਫਰੀਕੀ ਬੌਣੇ ਰਹਿੰਦੇ ਹਨ, ਜਿਨ੍ਹਾਂ ਦੇ ਕੱਦ ਮਸਾਂ ਹੀ 1.3 ਮੀਟਰ ਤੱਕ ਹੁੰਦੇ ਹਨ। ਨਿੱਕੇ ਕੱਦ ਵਾਂਗ ਇਨ੍ਹਾਂ ਦੀਆਂ ਉਮਰਾਂ ਵੀ ਸ਼ੁਰੂ ਤੋਂ ਹੀ ਛੋਟੀਆਂ ਹੁੰਦੀਆਂ ਹਨ। ਚਾਲੀਆਂ ਨੂੰ ਟੱਪਦਿਆਂ ਹੀ ਬੁਢੇਪਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਬੌਣੇ ਲੋਕਾਂ ਨੂੰ ਪਛਾਣਨਾ ਕੋਈ ਔਖਾ ਨਹੀਂ ਹੁੰਦਾ। ਇਨ੍ਹਾਂ ਦੇ ਕੱਦ ਡਾਢੇ ਹੀ ਮਧਰੇ, ਰੰਗ ਸ਼ਾਹ ਕਾਲਾ, ਚਪਟਾ ਜਿਹਾ ਨੱਕ, ਘੁੰਗਰਾਲੇ ਤੇ ਕਾਲੇ ਵਾਲੇ ਹੁੰਦੇ ਹਨ।

ਇਸ ਕਬੀਲੇ ਦੀ ਪਰਿਵਾਰਕ ਤੇ ਸਮਾਜਿਕ ਬਣਤਰ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ, ਕਿਉਂਕਿ ਸਿੱਲ੍ਹੀ ਜਲਵਾਯੂ, ਘਣੇ ਜੰਗਲਾਂ ਤੇ ਜ਼ਹਿਰੀਲੇ ਕੀੜਿਆਂ ਨੇ ਖੋਜੀਆਂ ਨੂੰ ਇਨ੍ਹਾਂ ਤੋਂ ਦੂਰ ਰੱਖਿਆ ਹੈ। ਇਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਮੱਧ ਅਤੇ ਪੱਛਮੀ ਅਫਰੀਕਾ ਵਿਚ ਹੈ। ਯੋਰੂਬਾ, ਹਾਊਜ਼ਾ ਇਲੇਇਵਾ, ਤਵੀ , ਰਾਅ, ਦਰੂ ਆਦਿ ਇਨ੍ਹਾਂ ਦੇ ਮੁੱਖ ਕਬੀਲੇ ਹਨ। ਹਰ ਕਬੀਲੇ ਦੀ ਆਪਣੀ ਭਾਸ਼ਾ ਹੈ, ਪਰ ਜੀਵਨ ਜਾਚ ਇਕੋ ਜਿਹੀ ਹੈ।

ਇਨ੍ਹਾਂ ਦਾ ਜੀਵਨ ਨਿਰਬਾਹ ਅਤੇ ਜ਼ਿੰਦਗੀ ਜੰਗਲਾਂ ਨਾਲ ਇਸ ਤਰ੍ਹਾਂ ਜੁੜੀ ਹੋਈ ਹੈ, ਜਿਵੇਂ ਵੱਡੇ ਰੁੱਖ ਦੁਆਲੇ ਵੇਲਾਂ। ਜੀਵਨ ਦੀ ਹਰ ਲੋੜ ਜੰਗਲਾਂ ਜਾਂ ਫਿਰ ਜੰਗਲੀ ਜਾਨਵਰਾਂ ਤੋਂ ਪੂਰੀ ਕੀਤੀ ਜਾਂਦੀ ਹੈ। ਉੱਚੇ ਰੁੱਖਾਂ ਦੇ ਪੈਰਾਂ ਵਿਚ ਉਗੇ ਬੌਣੇ ਜਿਹੇ ਪੌਦਿਆਂ ਵਾਂਗ ਇਹ ਲੋਕ ਬੜੀ ਸਾਧਾਰਨ ਜਿਹੀ ਜ਼ਿੰਦਗੀ ਬਤੀਤ ਕਰਦੇ ਹਨ। ਜਲਵਾਯੂ ਦਾ ਸਦੀਵੀ ਹੁਸੜ ਹੀ ਅਜਿਹਾ ਹੈ ਕਿ ਕੱਪੜਿਆਂ ਆਦਿ ਦੀ ਲੋੜ ਹੀ ਨਹੀਂ। ਰੁੱਖਾਂ ਦੇ ਪੱਤਿਆਂ ਨਾਲ ਨੰਗ ਢਕਿਆ ਜਾਂਦਾ ਹੈ। ਰਹਿਣ ਲਈ ਅਸਥਾਈ ਝੌਂਪੜੀਆਂ ਬਣਾਈਆ ਜਾਂਦੀਆਂ ਹਨ, ਜਿਨ੍ਹਾਂ ਦੇ ਢਾਂਚੇ ਬਾਂਸ ਦੇ, ਪਰ ਛੱਤ ਨਾਰੀਅਲ ਜਾਂ ਬਾਂਸੀ ਪੱਤਿਆਂ ਦੀ ਹੁੰਦੀ ਹੈ।

ਗੁਆਂਢ ਰਹਿੰਦੇ ਬੰਟੂ ਕਬੀਲੇ ਦੇ ਲੋਕਾਂ ਨਾਲ ਇਹ ਵਸਤਾਂ ਵਟਾ ਕੇ ਬੜਾ ਸੀਮਤ ਜਿਹਾ ਵਪਾਰ ਕਰ ਲੈਂਦੇ ਹਨ। ਹਾਥੀ ਦੰਦ, ਬਾਂਦਰ ਤੇ ਲੰਗੂਰ ਦੀ ਖੱਲ ਵੇਚ ਕੇ ਚਾਕੂ, ਛੂਰੀਆਂ, ਕੁਹਾੜੀਆਂ, ਨੇਜੇ, ਡਾਟ ਤੇ ਨਮਕ ਖਰੀਦ ਲਿਆ ਜਾਂਦਾ ਹੈ। ਵਪਾਰ ਕਰਨ ਲੱਗੇ ਇਹ ਲੋਕ ਝਗੜਾ ਨਹੀਂ ਕਰਦੇ। ਕਿਸੇ ਨਿਸ਼ਚਿਤ ਤੇ ਚੁਣੀ ਹੋਈ ਜਗ੍ਹਾ ‘ਤੇ ਇਹ ਆਪਣੀਆਂ ਵਪਾਰਕ ਵਸਤਾਂ ਰੱਖ ਆਉਂਦੇ ਹਨ। ਕੁਝ ਸਮੇਂ ਬਾਅਦ ਉਥੋਂ ਵਟਾਂਦਰੇ ਵਿੱਚ ਰੱਖੀਆਂ ਚੀਜ਼ਾਂ ਚੁੱਕ ਲਿਆਉਂਦੇ ਹਨ। ਬਹੁਤੀ ਵਾਰ ਖਰੀਦਦਾਰ ਤੇ ਵੇਚਕਾਰ ਦਾ ਆਪਸ ਵਿਚ ਮੇਲ ਨਹੀਂ ਹੁੰਦਾ।

ਤੀਰ-ਅੰਦਾਜ਼ੀ ਦੇ ਇਹ ਲੋਕ ਬੜੇ ਹੰਢੇ ਹੋਏ ਸ਼ਿਕਾਰੀ ਹਨ। ਜੰਗਲਾਂ ਵਿਚ ਇਹ ਸ਼ਿਕਾਰ ਦਾ ਪਿੱਛਾ ਇਸ ਤਰ੍ਹਾਂ ਕਰਦੇ ਹਨ ਜਿਵੇਂ ਦਬੇ ਪੈਰਾਂ ਨਾਲ ਬਿੱਲੀ ਆਪਣੇ ਸ਼ਿਕਾਰ ਵੱਲ ਵਧਦੀ ਹੈ। ਸਪੋਲੀਏ ਦੀ ਤੇਜ਼ੀ ਨਾਲ ਇਹ ਸੰਘਣੀਆਂ ਝਾੜੀਆਂ ਵਿੱਚੋਂ ਲੰਘ ਜਾਂਦੇ ਹਨ। ਸ਼ਿਕਾਰ ਲਈ ਇਨ੍ਹਾਂ ਦਾ ਸਭ ਤੋਂ ਮਨਪਸੰਦ ਹਥਿਆਰ ਤੀਰ ਕਮਾਨ ਹੈ। ਬਾਂਦਰ, ਲੰਗੂਰ, ਕੋਈ ਉੱਡਦਾ ਪੰਛੀ ਢਾਹੇ ਚੜ੍ਹਿਆ ਨਹੀਂ ਤੇ ਇਨ੍ਹਾਂ ਫੁੰਡਿਆ ਨਹੀਂ।ਬਾਂਸ ਦੀਆਂ ਤੇਜ਼ ਤੀਲੀਆਂ ਬਣਾ ਕੇ ਉਨ੍ਹਾਂ ਦੀ ਤੀਖੀ ਨੋਕ ਬਣਾ ਲਈ ਜਾਂਦੀ ਹੈ। ਇਸ ਨੋਕ ਨੂੰ ਇਕ ਪੌਦੇ ਤੋਂ ਪ੍ਰਾਪਤ ਕੀਤੇ ਜ਼ਹਿਰ ਵਿਚ ਭਿਉੰ ਲਿਆ ਜਾਂਦਾ ਹੈ। ਛੋਟੇ ਜਾਨਵਰ ਤਾਂ ਉੱਥੇ ਹੀ ਫੁੜਕ ਜਾਂਦੇ ਹਨ, ਪਰ ਵੱਡੇ ਪਸ਼ੂ ਕੁਝ ਦੂਰ ਜਾ ਕੇ ਡਿੱਗ ਪੈਂਦੇ ਹਨ ਤੇ ਸ਼ਿਕਾਰੀ ਖੁਰਾ ਦਬਦੇ ਉਸ ਕੋਲ ਪਹੁੰਚ ਜਾਂਦੇ ਹਨ। ਚੀਤੇ ਤੇ ਗੁਰੀਲੇ ਦਾ ਸ਼ਿਕਾਰ ਵੀ ਤੀਰ ਨਾਲ ਹੀ ਕਰ ਲਿਆ ਜਾਂਦਾ ਹੈ।

ਹਾਥੀ ਦੇ ਸ਼ਿਕਾਰ ਲਈ ਡੂੰਘੇ ਟੋਏ ਪੁੱਟੇ ਜਾਂਦੇ ਹਨ। ਜਦੋਂ ਕੋਈ ਹਾਥੀ ਕਾਬੂ ਆ ਜਾਂਦਾ ਹੈ ਤਾਂ ਸਾਰਾ ਕਬੀਲਾ ਨੱਚਦਾ ਤੇ ਗਾਉਂਦਾ ਹੈ।। ਇਹ ਕਬੀਲੇ ਲਈ ਬੜਾ ਖੁਸ਼ੀ ਦਾ ਦਿਹਾੜਾ ਹੁੰਦਾ ਹੈ। ਸਾਰਾ ਕਬੀਲਾ ਸ਼ਿਕਾਰ ਦੁਆਲੇ ਆ ਜੁੜਦਾ ਹੈ ਤੇ ਸ਼ਿਕਾਰ ਦੀਆਂ ਵੰਡੀਆਂ ਪਾ ਕੇ ਜਸ਼ਨ ਸ਼ੁਰੂ ਹੋ ਜਾਂਦੇ ਹਨ। ਲੋਕ ਅੱਗ ‘ਤੇ ਸ਼ਿਕਾਰ ਨੂੰ ਭੂੰਨੀ ਅਤੇ ਗਾਈ ਜਾਂਦੇ ਹਨ ਅਤੇ ਕੱਚਾ ਭੁੰਨਾ ਮਾਸ ਵੀ ਖਾਈ ਜਾਂਦੇ ਹਨ।

ਜੀਵਨ ਦੀ ਸਾਰੀ ਦੌੜ ਹੀ ਸ਼ਿਕਾਰ ਕਰਨ ਅਤੇ ਕੰਦ-ਮੂਲ ਚੁਗਣ ਤੱਕ ਹੀ ਸੀਮਤ ਹੈ। ਸ਼ਿਕਾਰ ਨੂੰ ਬਹੁਤੀ ਦੇਰ ਤੱਕ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਜਲਵਾਯੂ ਹੀ ਅਜਿਰੀ ਹੈ ਕਿ ਇਹ ਅੱਤ ਦੀ ਗਰਮੀ ‘ਚ ਖਰਾਬ ਹੋ ਜਾਂਦਾ ਹੈ। ਇਸੇ ਕਰਕੇ ਵੱਡਾ ਸ਼ਿਕਾਰ ਪੂਰੇ ਕਬੀਲੇ ਦੀ ਲੋੜ ਪੂਰੀ ਕਰ ਦਿੰਦਾ ਹੈ। ਔਰਤਾਂ ਜੰਗਲਾਂ ਵਿਚ ਕੰਦ-ਮੂਲ ਇਕੱਠਾ ਕਰਦੀਆਂ ਹਨ ਅਤੇ ਸ਼ਹਿਦ ਦੇ ਛੱਤੇ ਲਾਹੁੰਦਿਆਂ ਹਨ। ਇਨ੍ਹਾਂ ਛੱਤਿਆਂ ਵਿੱਚੋਂ ਕੁਝ ਸ਼ਹਿਦ ਆਪਦੇ ਅਤੇ ਆਪਣੇ ਪਰਿਵਾਰ ਲਈ ਵਰਤ ਲੈਂਦੀਆਂ ਅਤੇ ਬਾਕੀ ਦਾ ਵਪਾਰ ਕਰ ਲੈਂਦੀਆਂ ਹਨ। ਭੋਜਨ ਪਕਾਉਣ ਦਾ ਰਿਵਾਜ਼ ਇਨ੍ਹਾਂ ਲੋਕਾਂ ਵਿਚ ਅਜੇ ਵੀ ਘੱਟ ਹੈ।

ਇਨ੍ਹਾਂ ਹਬਸ਼ੀ ਬੌਣੇ ਲੋਕਾਂ ਦੇ ਵਿਆਹ ਵੀ ਅਜੀਬ ਹੀ ਹੁੰਦੇ ਹਨ। ਬਹੁਤੇ ਲੋਕ ਆਪਣੇ ਕਬੀਲੇ ਵਿਚ ਹੀ ਵਿਆਹ ਕਰਵਾ ਲੈਂਦੇ ਹਨ। ਵਿਆਹ ਵਿਚ ਬਹੁਤੇ ਜਸ਼ਨ ਨਹੀਂ ਹੁੰਦੇ। ਵਿਆਹ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਸ਼ਿਕਾਰ ਕੀਤੇ ਹੋਏ ਜਾਨਵਰ ਦਾ ਮਾਸ ਅਤੇ ਸ਼ਰਾਬ ਵਰਤਾਈ ਜਾਂਦੀ, ਸਾਧਾਰਨ ਜਿਹੇ ਗੀਤ ਗਾਏ ਜਾਂਦੇ ਹਨ। ਲਾੜਾ ਅਤੇ ਲਾੜੀ ਦੇ ਘਰ ਬਿਲਕੁਲ ਨਜ਼ਦੀਕ ਹੀ ਹੁੰਦੇ ਹਨ।

ਇਹ ਲੋਕ ਅਧੁਨਿਕ ਮਨੁੱਖੀ ਸਭਿਅਤਾ ਦੀ ਰੌਸ਼ਨੀ ਤੋਂ ਦੂਰ ਛੋਟੇ – ਛੋਟੇ ਜੰਗਲੀ ਫੁੱਲਾਂ ਵਾਂਗ ਹੀ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਹ ਬਹੁਤੇ ਦਲੇਰ ਨਹੀਂ ਅਤੇ ਆਪਣੇ ਗੁਆਂਢੀ ਲੰਬੇ /ਉੱਚੇ ਬੰਟੂ ਕਬੀਲੇ ਵਾਲੇ ਲੋਕਾਂ ਨੂੰ ਮਿਲਣ ਤੋਂ ਵੀ ਸੰਗਦੇ ਹਨ। ਨਾ ਹੀ ਇਨ੍ਹਾਂ ਲੋਕਾਂ ਨੂੰ ਗੀਤ-ਸੰਗੀਤ ਜਾਂ ਨਾਚਾਂ ਦਾ ਪਤਾ ਹੈ। ਲੋਕ-ਨਾਚ ਵਿਚ ਵੀ ਬਹੁਤਾ ਸੁਰ-ਤਾਲ ਨਹੀਂ ਹੁੰਦਾ। ਇਨ੍ਹਾਂ ਲੋਕਾਂ ਦਾ ਵਿਸ਼ਵਾਸ ਹੈ ਜੰਗਲਾਂ ਨੂੰ ਪੈਦਾ ਕਰਨ ਤੇ ਫਿਰ ਇਨ੍ਹਾਂ ਨੂੰ ਸੰਭਾਲਣ ਲਈ ਕੋਈ ਵੱਡੀ ਦੇਵੀ ਸ਼ਕਤੀ ਹੈ। ਫਲ ਤੇ ਕੰਦ-ਮੂਲ ਇਕੱਤਰ ਕਰਨ ਪਿੱਛੋਂ ਕੁਝ ਰਸਦ ਦੇਵੀ – ਦੇਵਤਿਆਂ ਲਈ ਰਹਿਣ ਦਿੱਤੀ ਜਾਂਦੀ ਹੈ।

ਸੁਖਮੰਦਰ ਸਿੰਘ ਤੂਰ 

ਪਿੰਡ ਤੇ ਡਾਕ – ਖੋਸਾ ਪਾਂਡੋ, (ਮੋਗਾ) ।

Previous articleਮਮਤਾ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਤੋਂ ਇਨਕਾਰ
Next articleFollowing various demands, Gandhinagar local body polls postponed