- ਸਤਲੁਜ ਦਰਿਆ ਵਿੱਚ ਆਏ ਹੜ੍ਹ ਦੌਰਾਨ ਪੰਜਾਬੀਆਂ ਵੱਲੋਂ ਇਕਜੁਟ ਹੋ ਕੀਤੀ ਸੇਵਾ ਲਈ ਕੀਤੀ ਸ਼ੁਕਰਾਨੇ ਦੀ ਅਰਦਾਸ
- ਹੜ੍ਹਾਂ ਦੌਰਾਨ ਵਾਪਰੇ ਦਰਦਨਾਕ ਮਹੌਲ ਵਿੱਚੋਂ ਇਲਾਕੇ ਨੂੰ ਕੱਢਣ ਵਿੱਚ ਸੰਤ ਸੀਚੇਵਾਲ ਜੀ ਦੀ ਵੱਡੀ ਭੂਮਿਕਾ:- ਐਸ ਡੀ ਐਮ
- ਸਤਲੁਜ ਦਰਿਆ ਦੀ ਸੇਵਾ ਵਿੱਚ ਪੰਜਾਬੀਆਂ ਵੱਲੋਂ ਦਿੱਤੇ ਸਹਿਯੋਗ ਅੱਗੇ ਸੀਸ ਝੁੱਕਦਾ ਹੈ:- ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਟੁੱਟਣ ਨਾਲ ਹੋਣ ਵਾਲੀ ਤਬਾਹੀ ਤੋਂ ਬਚਣ ਲਈ ਇਲਾਕੇ ਦੇ ਲੋਕਾਂ ਸਾਂਝੇ ਤੌਰ ਤੇ ਅਹਿਦ ਲਿਆ। ਕੁਦਰਤੀ ਆਫਤਾਂ ਤੋਂ ਬੱਚਣ ਲਈ ਸਾਂਝੇ ਤੌਰ ਤੇ ਇਕਜੁੱਟ ਰਹਿੰਦਿਆਂ ਹੰਭਲਾ ਮਾਰਨ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਨਾਲ 30 ਹਜ਼ਾਰ ਏਕੜ ਤੋਂ ਫਸਲ ਤਬਾਹ ਹੋ ਗਈ ਸੀ। ਉਸੇ ਸਮੇਂ ਤੋਂ ਚੱਲ ਰਹੀ ਸਤਲੁਜ ਦਰਿਆ ਵਿੱਚੋਂ ਮਿੱਟੀ ਕੱਢਣ ਦੀ ਕਾਰ ਸੇਵਾ ਨਾਲ ਧੁੱਸੀ ਬੰਨ੍ਹ 52 ਕਿਲੋਮੀਟਰ ਤੱਕ ਮਜ਼ਬੂਤ ਹੋਇਆ ਹੈ। ਸਕੂਲਾਂ ਤੇ ਗੁਰੂ ਘਰਾਂ ਵਿੱਚ ਮਿੱਟੀ ਪਾ ਕੇ ਵੱਡੇ ਸੁਧਾਰ ਕੀਤੇ ਗਏ ਹਨ। ਇਸ ਕਾਰ ਸੇਵਾ ਦੇ ਚਲਦਿਆਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਰੱਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਇਸ ਸ਼ੁਕਰਾਨਾ ਸਮਾਗਮ ਵਿੱਚ ਜਿੱਥੇ ਹੜ੍ਹ ਦੀ ਮਾਰ ਹੇਠਾ ਆਉਦੇ ਰਹੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ੳੱੁਥੇ ਸੰਤ ਅਮਰੀਕ ਸਿੰਘ ਖੁਖਰੈਣ, ਬਾਬਾ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਸੰਤ ਲੀਡਰ ਸਿੰਘ ਜੀ ਦੇ ਸੇਵਾਦਾਰ, ਐਸ.ਡੀ.ਐਮ ਸ਼ਾਹਕੋਟ ਸੰਜੀਵ ਕੁਮਾਰ, ਤਹਿਸੀਲਦਾਰ ਪ੍ਰਦੀਪ ਕੁਮਾਰ, ਜਾਗਦਾ ਪੰਜਾਬ ਸੰਸਥਾ ਵਲੋਂ ਲੋਕ ਗਾਇਕ ਪੰਮੀ ਬਾਈ, ਅਮਰਜੀਤ ਸਿੰਘ ਗਰੇਵਾਲ ਪ੍ਰੋ ਵਾਈਸ ਚਾਂਸਲਰ ਪੀ ਟੀ ਯੂ, ਗੁਰਦਾਸਪੁਰ ਦੇ ਸਾਬਕਾ ਡੀ.ਸੀ ਕਰਮਜੀਤ ਸਿੰਘ ਸਰਾਂ ਤੇ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੱਜਣ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਰਤਨ ਸਿੰਘ ਕਾਕੜਕਲਾਂ, ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਾਰੇ ਮੈਂਬਰ ਸਾਹਿਬਾਨ, ਦੋ ਦਰਜਨ ਤੋਂ ਵੱਧ ਪਿੰਡਾਂ ਦੇ ਸਰਪੰਚ ਤੇ ਪੰਚ, ਸਰਪੰਚ ਜੋਗਾ ਸਿੰਘ ਚੱਕਚੇਲਾ, ਸਰਪੰਚ ਤਜਿੰਦਰ ਸਿੰਘ ਸੀਚੇਵਾਲ, ਭਾਈ ਹਰਜੀਤ ਸਿੰਘ, ਬਲਕਾਰ ਸਿੰਘ ਨੰਬਰਦਾਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।
ਸ਼ੁਕਰਾਨੇ ਦੀ ਅਰਦਾਸ ਦੇ ਸੰਪੂਰਨ ਹੋਏ ਭੋਗ ਤੋਂ ਬਾਅਦ ਸੰਤ ਸੀਚੇਵਾਲ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ “ਹਰਿ ਮਨਿ ਤਨਿ ਵਸਿਆ ਸੋਈ॥ ਜੈ ਜੈ ਕਾਰੁ ਕਰੇ ਸਭੁ ਕੋਈ॥” ਇਹ ਜੋ ਗੁਰੂ ਮਹਾਰਾਜ ਜੀ ਨੇ ਆਪਣਾ ਹੁਕਨਾਮਾ ਸੰਗਤਾਂ ਨੂੰ ਬਖਸ਼ਿਆ ਹੈ ਅਮੁੱਲ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਸਤਲੁਜ ਦਰਿਆ ਦੀ ਮਹਾਨ ਕਾਰ ਸੇਵਾ ਵਿੱਚ ਯੋਗਦਾਨ ਪਾਇਆ ਹੈ ਉਨ੍ਹਾਂ ਦੀ ਸਾਰੇ ਸੰਸਾਰ ਵਿੱਚ ਜੈ ਜੈ ਕਾਰ ਹੋ ਰਹੀ ਹੈ। ਸਾਲ 2019 ਵਿੱਚ ਲੋਹੀਆਂ ਸਮੇਤ ਹੋਰ ਇਲਾਕਿਆਂ ਵਿਚ ਆਏ ਹੜ੍ਹ ਦੌਰਾਨ ਜੋ ਪਾਣੀ ਨੇ ਤਾਂਡਵ ਵਰਤਾਇਆ ਉਸ ਨਾਲ ਸਮੁੱਚੇ ਇਲਾਕੇ ਵਿੱਚ ਤਰਥਲੀ ਮਚ ਗਈ। ਉਹ ਮੰਜ਼ਰ ਸਾਨੂੰ ਅੱਜ ਵੀ ਬੇਚੈਨ ਕਰ ਦਿੰਦਾ ਹੈ। ਹੜ੍ਹ ਦੇ ਉਸ ਭਿਆਨਕ ਮੰਜ਼ਰ ਤੋਂ ਬੱਚਣ ਲਈ ਇਲਾਕੇ ਦੇ ਲੋਕਾਂ ਸਮੇਤ ਸਮੁੱਚੇ ਪੰਜਾਬੀਆਂ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਧੁੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਇਕਜੁਟ ਹੋ ਕੇ ਕੰਮ ਕੀਤਾ ਸੀ ਜਿਹੜੀ ਆਪਣੇ ਆਪ ਵਿਚ ਇਕ ਮਿਸਾਲ ਸੀ। ਪੰਜਾਬ ਦਾ ਕੋਈ ਐਸਾ ਜ਼ਿਲ੍ਹਾ ਨਹੀਂ ਸੀ ਜਿਥੋਂ ਸੰਗਤਾਂ ਸੁੱਕਾ ਰਾਸ਼ਣ, ਤੂੜੀ, ਹੋਰ ਲੋੜੀਂਦਾ ਸਮਾਨ ਅਤੇ ਬੰਨ੍ਹ ਮਜਬੂਤ ਕਰਨ ਲਈ ਮਿੱਟੀ ਤੱਕ ਲੈ ਆਏ। ਪੀੜਿਤ ਲੋਕਾਂ ਨੂੰ ਪਸ਼ੂ ਤੇ ਟਰੈਕਟਰ ਤੱਕ ਦਾਨ ਦਿੱਤੇ ਗਏ।
ਉਹਨਾਂ ਕਾਰਸੇਵਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹੜ੍ਹ ਰੋਕੂ ਕਮੇਟੀ ਨੇ ਸਾਡੇ ਧਿਆਨ ਵਿੱਚ ਲਿਆਂਦਾ ਸੀ ਕਿ ਬਾਬਾ ਜੀ ਬੰਨ੍ਹ ਮਜ਼ਬੂਤ ਕਰਨ ਦੇ ਨਾਲ ਨਾਲ ਗਿੱਦੜਪਿੰਡੀ ਪੁੱਲ ਹੇਠਾ ਜਮਾਂ ਮਿੱਟੀ ਬਾਰੇ ਵੀ ਕੋਈ ਵਿਚਾਰ ਕਰੋ ਤਾਂ ਸਾਡੇ ਵੱਲੋਂ ਹੜ੍ਹ ਦੀ ਮੁੱਖ ਸਮੱਸਿਆਂ ਨੂੰ ਲੱਭਿਆ ਗਿਆ ਤੇ ਡੀ.ਸੀ ਜਲੰਧਰ ਅਤੇ ਐਸ ਡੀ ਐਮ ਸ਼ਾਹਕੋਟ ਨਾਲ ਗੱਲਬਾਤ ਕੀਤੀ ਕਿ ਬੰਨ੍ਹ ਮਜਬੂਤ ਕਰਨ ਨਾਲੋਂ ਵੀ ਜ਼ਿਆਦਾ ਜਰੂਰੀ ਹੈ ਗਿੱਦੜਪਿੰਡੀ ਪੁੱਲ ਦੇ ਦਰ ਸਾਫ ਕਰਨੇ। ਜਿਸ ਵਿੱਚ ਮਿੱਟੀ ਜਮ੍ਹਾਂ ਹੋਣ ਕਾਰਨ ਹਰ ਸਾਲ ਹੜ੍ਹ ਦੇ ਹਾਲਾਤ ਬਣਦੇ ਹਨ। ਜੇ ਮਿੱਟੀ ਨਾ ਕੱਢੀ ਗਈ ਤਾਂ ਲੋਕ ਦੁਬਾਰਾ ਫਿਰ ਡੁੱਬਣਗੇ। ਪੁੱਲ ਦੇ ਦਰਾਂ ਦੀ ਗੇਜ 19 ਫੁੱਟ ਤੱਕ ਲਿਖੀ ਹੈੋ ਪਰ ਪਾਣੀ ਲੰਘਣ ਵਾਸਤੇ 3 ਫੁੱਟ ਵੀ ਜਗ੍ਹਾ ਨਹੀਂ ਬਚੀ ਸੀ।
ਉਸ ਸਮੱਸਿਆ ਨੂੰ ਦੇਖਦਿਆਂ ਉਦੋਂ ਤੋਂ ਹੀ ਲਗਤਾਰ ਇਸ ਸਮੱਸਿਆ ਨੂੰ ਦੂਰ ਕਰਨ ਲਈ ਲਗਾਤਾਰ ਸੇਵਾ ਜਾਰੀ ਹੈ। ਦੁਬਾਰਾ ਹੜ੍ਹ ਨਾ ਆਵੇ, ਲੋਕ ਦੁਬਾਰਾ ਬੇਘਰ ਨਾਂ ਹੋਣ ਇਸੇ ਮਕਸਦ ਨਾਲ ਪੁੱਲ ਦੇ ਦਰਾਂ ਵਿੱਚੋਂ ਮਿੱਟੀ ਕੱਢੀ ਜਾ ਰਹੀ ਹੈ ਤੇ ਉਸ ਮਿੱਟੀ ਬੰਨ੍ਹ ਮਜਬੂਤ ਕੀਤੇ ਜਾ ਰਹੇ ਹਨ ਅਤੇ ਵਾਧੂ ਮਿੱਟੀ ਨਾਲ ਲੋਕਾਂ ਦੀਆਂ ਸਾਂਝੀਆਂ ਥਾਵਾਂ ਸੰਵਾਰੀਆਂ ਜਾ ਰਹੀਆਂ ਹਨ। ਸਤਲੁਜ ਦਰਿਆ ਦੀ ਸੇਵਾ ਵਿੱਚ ਸ਼ਾਹਕੋਟ ਦੇ ਸਮੂਹ ਪ੍ਰਸ਼ਾਸਨ ਵੱਲੋਂ ਪੂਰੀ ਇਮਾਨਦਾਰ ਨਾਲ ਸਹਿਯੋਗ ਦਿੱਤਾ ਗਿਆ ਹੈ। ਹੜ੍ਹ ਰੋਕੂ ਕਮੇਟੀ ਨੇ ਜੋ ਨਿਯਮ ਬਣਾਏ ਹਨ ਉਨ੍ਹਾਂ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ। ਮਿੱਟੀ ਨਾਂ ਵੇਚੀ ਜਾ ਰਹੀ ਹੈ ਤੇ ਨਾਂ ਹੀ ਕਿਸੇ ਕੋਲੋ ਪੈਸੇ ਲਏ ਜਾ ਰਹੇ ਹਨ। ਜੋ ਸਾਧਨ ਢੋਆ ਢੁਆਈ ਕਰ ਰਹੇ ਹਨ। ਉਸ ਦਾ ਤੇਲ ਖਰਚ ਮਿੱਟੀ ਪਵਾਉਣ ਵਾਲੀਆਂ ਸੰਗਤਾਂ ਦੇ ਰਹੀਆਂ ਹਨ। ਇਸ ਮੌਕੇ ਸੰਤ ਸੀਚੇਵਾਲ ਜੀ ਨੇ ਸੰਗਤਾਂ ਨੂੰ ਕੋਵਿਡ ਦਾ ਟੀਕਾ ਲਵਾਉਣ ਲਈ ਵੀ ਪ੍ਰੇਰਿਆ।
ਇਸ ਮੌਕੇ ਐਸ.ਡੀ.ਐਮ ਸ਼ਾਹਕੋਟ ਨੇ ਕਿਹਾ ਕਿ 2019 ਵਿੱਚ ਆਏ ਹੜ੍ਹ ਦੌਰਾਨ ਦਾ ਸਮਾਂ ਬੜਾ ਦਰਦਨਾਕ ਸੀ। ਉਸ ਭਿਆਨਕ ਵਿੱਚੋਂ ਇਲਾਕੇ ਦੇ ਬਾਹਰ ਨਿਕਲਣ ਸੰਤ ਸੀਚੇਵਾਲ ਜੀ ਦਾ ਅਹਿਮ ਸਹਿਯੋਗ ਹੈ। ਪ੍ਰਸ਼ਾਸਨ ਵਲੋਂ ਸਤਲੁਜ ਦਰਿਆ ਦੀ ਸਫਾਈ ਲਈ ਚੱਲ ਰਹੇ ਕਾਰਜ਼ਾਂ ਵਿੱਚ ਸੰਤ ਜੀ ਤੇ ਸੰਗਤਾਂ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਬਾਬਾ ਜੀ ਦੀ ਸਲਾਹ ਨਾਲ ਜੋ ਵੀ ਲੋੜ ਹੋਵੇ ਉਸ ਹਿਸਾਬ ਨਾਲ ਰੇਲਵੇ, ਪੰਚਾਇਤ ਤੇ ਡਰੇਨੇਜ਼ ਵਿਭਾਗ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ।
ਇਸ ਮੌਕੇ ਹੜ ਰੋਕੂ ਕਮੇਟੀ ਦੇ ਪ੍ਰਧਾਨ ਨੇ ਜਾਣਕਾਰੀ ਦਿੱਤੀ ਕਿ ਸਤਲੁਜ ਦਰਿਆ ਦੀ ਚੱਲ ਰਹੀ ਕਾਰ ਸੇਵਾ ਵਿੱਚ ਅੱਜ ਦੇ ਸਮਾਗਮ ਦੌਰਾਨ ਹੜ੍ਹ ਰੋਕੂ ਕਮੇਟੀ ਵੱਲੋਂ ਇੱਕ ਲੱਖ ਰੁਪਏ, ਡੀ ਸੀ ਜਲੰਧਰ ਵੱਲੋਂ ਇੱਕ ਲੱਖ, ਅਵਤਾਰ ਸਿੰਘ ਲੰਮਾ ਪਿੰਡ ਦੇ ਸਪੁੱਤਰ ਗੁਰਜੀਤ ਸਿੰਘ ਇੰਗਲੈਂਡ ਵੱਲੋਂ ਪੰਜਾਹ ਹਜਾਰ ਰੁਪਏ, ਗੁਰਮੇਲ ਸਿੰਘ ਜਾਣੀਆਂ ਵੱਲੋਂ ਇੱਕੀ ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 2019 ਤੋਂ ਲੈ ਕੇ ਹੁਣ ਤੱਕ ਜਿਸ ਵੀ ਗੁਰਸੰਗਤ ਨੇ ਇਸ ਸੇਵਾ ਦੇ ਕੁੰਭ ਵਿੱਚ ਯੋਗਦਾਨ ਪਾਇਆ ਹੈ ਉਸ ਨੂੰ ਰਸੀਦ ਦਿੱਤੀ ਗਈ ਹੈ ਤੇ ਸਾਰਾ ਹਿਸਾਬ ਪਾਰਦਰਸ਼ੀ ਤਰੀਕੇ ਨਾਲ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਸੰਤ ਸੀਚੇਵਾਲ ਜੀ ਨੇ ਸਾਰੇ ਸੇਵਾਦਾਰਾਂ, ਇਲਾਕਾ ਨਿਵਾਸੀਆਂ ਤੇ ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਨਿਸ਼ਕਾਮ ਹੋ ਤਨ-ਮਨ-ਧਨ ਤੇ ਆਪਣੀਆਂ ਮਸ਼ੀਨਾਂ, ਟਰੈਕਟਰ, ਇਸ ਸੇਵਾ ਵਿੱਚ ਲਾਏ ਅਤੇ ਜਿਨ੍ਹਾਂ ਨੲ ਹਰ ਪੱਧਰ ਤੇ ਸਹਿਯੋਗ ਕੀਤਾ।
ਸੰਤ ਅਵਤਾਰ ਸਿੰਘ ਯਾਦਗਾਰੀ ਮਹਾਂਵਿੱਦਿਆਲਿਆਂ ਦੇ ਵਿਿਦਆਰਥੀਆਂ, ਹਜ਼ੂਰੀ ਰਾਗੀ ਸੀਚੇਵਾਲ ਤੇ ਹੋਰ ਰਾਗੀ ਜੱਥਿਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਜੱਥੇਦਾਰ ਲਹਿਰੀ ਦੇ ਜੱਥੇ ਨੇ ਵੀ ਹਾਜ਼ਰੀ ਲਗਵਾਈ। ਸੀਚੇਵਾਲ ਗੱਤਕਾਂ ਅਖਾੜਾ ਦੇ ਖਿਡਾਰੀਆਂ ਨੇ ਵੀ ਆਪਣੇ ਜੋਹਰ ਦਿਖਾਏ। ਸੰਤ ਸੁਖਜੀਤ ਸਿੰਘ ਨੇ ਸਟੇਜ਼ ਸੈਕਟਰੀ ਦੀ ਭੂਮਿਕਾ ਨਿਭਾਈ। ਸੰਤ ਸੁਖਜੀਤ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪੈ ਜਾਣ ਉਹ ਬੈਕੁੰਠ ਬਣ ਜਾਂਦਾ ਹੈ। ਜਿੱਥੇ ਪਹਿਲਾ ਜਾੜ ਸੀ ਅਕਾਲ ਪੁਰਖ ਦੇ ਚਰਨ ਪੈਣ ਨਾਲ ਅੱਜ ਦਿਨ ਰਾਤ ਲੰਗਰ ਚੱਲ ਰਹੇ ਹਨ।