(ਸਮਾਜ ਵੀਕਲੀ)
ਜੇ ਕਵਿਤਾ ਮੇਰਾ ਹੱਥ ਨਾ ਫੜਦੀ
ਮੈਂ ਖਿਲਰ ਗਈ ਹੁੰਦੀ ਤੀਲਾ-ਤੀਲਾ
ਕਿਸੇ ਸਿਰਫਿਰੇ ਹਵਾ ਦੇ
ਬੁੱਲ੍ਹੇ ਨਾਲ ਉੱਡ ਪੁੱਡ ਜਾਂਦੀ
ਕਿਤੇ ਦੂਰ ਪਹਾੜਾਂ ਨਾਲ ਟਕਰਾਕੇ
ਗੁਆਚ ਜਾਂਦੀ ਖ਼ਲਾਵਾਂ ਵਿੱਚ…..
ਤੇਰਾ ਧੰਨਵਾਦ ਕਵਿਤਾ !
ਤੂੰ ਮੈਨੂੰ ਮਹਿਕਣਾ, ਚਹਿਕਣਾ,
ਸੰਵਰਨਾ ਸਿਖਾਇਆ…
ਤੂੰ ਹੀ ਮੈਨੂੰ ਸੰਦਲੀਆਂ ਸਦਰਾਂ ਨਾਲ
ਆਣ ਮਿਲਾਇਆ…
ਮੇਰੀ ਰੂਹ ਜਿਹੜੀ ਹਰ ਵੇਲੇ
ਪੱਤਝੜ ਚ ਰੰਗੀ ਰਹਿੰਦੀ ਸੀ
ਉਸਨੂੰ ਬਸੰਤ ਰੁੱਤ ਚ
ਫਿਰ ਲੈ ਆਈ…
ਹੁਣ ਮੈ ਸ਼ਬਦਾਂ ਨਾਲ
ਪਰਨਾਈ ਗਈ
ਮੇਰੇ ਮਨ ਅੰਦਰੋਂ ਤਨਹਾਈ ਗਈ
ਹੇ ਕਵਿਤਾ… ਤੇਰਾ ਧੰਨਵਾਦ!
ਮੇਰਾ ਚੁਲਬਲਾਪਨ ਮੋੜਨ ਲਈ
ਮੈਨੂੰ ਧੁਰ ਅੰਦਰੋਂ ਝੰਝੋੜਨ ਲਈ
ਮੈਨੂੰ ਸ਼ਬਦ ਕਲਮ ਨਾਲ ਜੋੜਨ ਲਈ
ਹੇ ਕਵਿਤਾ ਮੇਰੇ
ਦਿਲ ਦਿਮਾਗ ਤੇ ਜਿਹੜੀ
ਗਰਦ ਜੰਮੀ ਸੀ
ਉਸ ਨੂੰ ਤੂੰ ਆਪਣੀ ਫੁਹਾਰ
ਨਾਲ ਧੋ ਦਿੱਤਾ
ਤੇ ਮੇਰੇ ਮਨ ਦਾ ਵੇਹੜਾ
ਸ਼ਬਦਾਂ ਦੇ ਫੁੱਲਾਂ ਨਾਲ ਮਹਿਕਾ ਦਿੱਤਾ
ਤੇਰਾ ਧੰਨਵਾਦ!
ਜਸਪ੍ਰੀਤ ਕੌਰ ਫ਼ਲਕ