ਹਰਿਆਣਾ ’ਚ ਕਾਂਗਰਸ ਵਿਧਾਇਕ ਦੇ ਟਿਕਾਣਿਆਂ ’ਤੇ ਛਾਪੇ

ਚੰਡੀਗੜ੍ਹ (ਸਮਾਜ ਵੀਕਲੀ) : ਹਰਿਆਣਾ ’ਚ ਕਾਂਗਰਸ ਵਿਧਾਇਕ ਧਰਮ ਸਿੰਘ ਛੋਕਰ ਦੇ ਸਮਾਲਖਾ ਸਥਿਤ ਘਰ ਅਤੇ ਹੋਰ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਅਤੇ ਈਡੀ ਦੀ ਸਾਂਝੀ ਟੀਮ ਨੇ ਛਾਪੇ ਮਾਰੇ। ਇਸ ਤੋਂ ਇਲਾਵਾ ਫਰੀਦਾਬਾਦ, ਗੁਰੂਗ੍ਰਾਮ, ਹਿਸਾਰ ਅਤੇ ਚੰਡੀਗੜ੍ਹ ’ਚ ਕਰੀਬ ਦਰਜਨ ਥਾਵਾਂ ਅਤੇ ਪਰਿਵਾਰਕ ਮੈਂਬਰਾਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਗਏ। ਸਾਂਝੀ ਟੀਮ ਵੱਲੋਂ ਪੈਟਰੋਲ ਪੰਪ ਅਤੇ ਹੋਰ ਵਪਾਰਕ ਅਦਾਰਿਆਂ ’ਤੇ ਵੀ ਪੜਤਾਲ ਸ਼ੁਰੂ ਕੀਤੀ ਗਈ ਹੈ। ਵਿਧਾਇਕ ਦੇ ਘਰ ਮਾਰੇ ਗਏ ਛਾਪੇ ਨੂੰ ਠੇਕੇ ’ਤੇ ਸ਼ਰਾਬ ਸਪਲਾਈ ਵਿੱਚ ਗੜਬੜੀ ਅਤੇ ਟੈਕਸ ਚੋਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਟੀਮ ਨੇ ਛੋਕਰ ਦੇ ਕਾਰੋਬਾਰ ਅਤੇ ਬੈਂਕ ਡਿਟੇਲ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਦੇ ਕਰੀਬ ਆਮਦਨ ਕਰ ਵਿਭਾਗ ਅਤੇ ਈਡੀ ਦੀ ਸਾਂਝੀ ਟੀਮ ਵੱਲੋਂ ਮਾਰੇ ਗਏ ਛਾਪਿਆਂ ਦੌਰਾਨ ਛੋਕਰ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਏ ਗਏ। ਵਿਧਾਇਕ ਦੇ ਪਰਿਵਾਰਕ ਮੈਂਬਰ ਘਰ ’ਚ ਨਾ ਹੋਣ ਕਰਕੇ ਅਲਮਾਰੀਆਂ ਨੂੰ ਖੋਲ੍ਹਣ ਲਈ ਕਾਰੀਗਰ ਸੱਦਣਾ ਪਿਆ। ਵਿਧਾਇਕ ਧਰਮ ਸਿੰਘ ਛੋਕਰ ਦੇ ਘਰ ਮਾਰੇ ਗਏ ਛਾਪਿਆਂ ’ਤੇ ਹਰਿਆਣਾ ਕਾਂਗਰਸ ਦੇ ਇੰਚਾਰਜ ਵਿਵੇਕ ਬਾਂਸਲ ਨੇ ਕਿਹਾ ਕਿ ਭਾਜਪਾ ਵੱਲੋਂ ਸਰਕਾਰ ਖ਼ਿਲਾਫ਼ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਸੇ ਕਾਰਨ ਛੋਕਰ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਹਿਟਲਰਸ਼ਾਹੀ ਦੇ ਚਲਦਿਆਂ ਦੇਸ਼ ਵਿੱਚ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ ਜਿਸ ਵਿੱਚ ਕਿਸੇ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਧਰਮ ਸਿੰਘ ਛੋਕਰ 2009 ਵਿੱਚ ਹਰਿਆਣਾ ਜਨਹਿੱਤ ਕਾਂਗਰਸ ਤੋਂ ਵਿਧਾਇਕ ਚੁਣੇ ਗਏ ਸਨ ਪਰ ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ 2014 ਦੀਆਂ ਚੋਣਾਂ ਵਿੱਚ ਹਾਰ ਗਏ ਸਨ ਜਦਕਿ 2019 ਵਿੱਚ ਉਹ ਕਾਂਗਰਸ ਦੀ ਟਿਕਟ ’ਤੇ ਸਮਾਲਖਾ ਤੋਂ ਵਿਧਾਇਕ ਚੁਣੇ ਗਏ ਹਨ।

Previous articleਕੋਵਿਡ ਦੀ ਦੂਜੀ ਲਹਿਰ ਖ਼ਿਲਾਫ਼ ਫੈਸਲਾਕੁਨ ਕਦਮ ਚੁੱਕਣ ਦੀ ਲੋੜ: ਮੋਦੀ
Next articleਐਂਟੀਲੀਆ ਕੇਸ: ਪਰਮਬੀਰ ਸਿੰਘ ਦੀ ਪੁਲੀਸ ਕਮਿਸ਼ਨਰ ਵਜੋਂ ਛੁੱਟੀ