ਸ਼ਰਧਾ ਜਾਂ ਦਿਖਾਵਾ ?

ਜਸਕੀਰਤ ਸਿੰਘ

(ਸਮਾਜ ਵੀਕਲੀ)

21 ਵੀ ਸਦੀ ਦੇ ਆਉਂਦੇ ਹੀ ਜ਼ਿਆਦਾਤਰ ਭਾਰਤੀ ਲੋਕਾਂ ਵਿੱਚ ਲੋਕ ਦਿਖਾਵਾ ਵੇਖਣ ਨੂੰ ਮਿਲਿਆ । ਭਾਰਤ ਦੇ ਲੋਕ ਹਰ ਇੱਕ ਕੰਮ ਨੂੰ ਦੇਖੋ-ਦਿਖਾਈ ਦੇ ਵਿੱਚ ਕਰਨ ਲੱਗ ਪਏ ਸਨ । ਕੋਈ ਵੀ ਕਾਰਜ ਕਰਨਾ , ਕੋਈ ਵੀ ਘਰ ਦਾ ਸਾਮਾਨ ਲੈ ਕੇ ਆਉਣਾ , ਘਰੋਂ ਬਾਹਰ ਕੀਤੇ ਜਾਣਾ ਜਾ ਘਰੇ ਵਾਪਿਸ ਆਉਣਾ , ਸਭ ਤੋਂ ਪਹਿਲਾਂ ਗੁਆਂਢੀਆਂ ਦੀ ਨਿਗ੍ਹਾ ਵਿਚ ਉਹ ਕੰਮ ਦਿਖਾ ਕੇ ਫੇਰ ਉਹ ਕੰਮ ਕਰਦੇ ਸਨ। ਭਾਵ ਆਪਣਾ ਕੰਮ ਲੋਕਾਂ ਨੂੰ ਦੱਸੇ ਬਿਨਾਂ ਕਦੇ ਵੀ ਨਹੀਂ ਕਰਦੇ ਸਨ  ।

ਫਿਰ ਜਿਵੇਂ-ਜਿਵੇਂ ਮੋਬਾਇਲ ਫੋਨਾਂ ਦੀ ਆਮਦ ਸ਼ੁਰੂ ਹੋਈ ਲੋਕਾਂ ਵਿੱਚ ਉਸ ਦਾ ਵੀ ਬਹੁਤ ਮਾੜਾ ਅਸਰ ਹੋਇਆ । ਲੋਕ ਇੱਕ ਦੂਜੇ ਤੋਂ ਵੱਧ ਪੈਸੇ ਵਾਲਾ ਮਹਿੰਗਾ ਮੋਬਾਈਲ ਫੋਨ ਆਪਣੇ ਖੀਸੇ ਦੇ ਵਿੱਚ ਰੱਖਣਾ ਚਾਹੁੰਦੇ ਸਨ। ਭਾਵ ਮੋਬਾਇਲ ਫੋਨ ਦੀ ਖ਼ਾਤਰ ਕਰਜ਼ਾਈ ਕਿਉਂ ਨਾ ਹੋਣਾ ਪੈ ਜਾਵੇ ਪਰ ਮੋਬਾਇਲ ਫੋਨ ਮਹਿੰਗਾ ਚਾਹੀਦਾ । ਫਿਰ ਜਿਵੇਂ-ਜਿਵੇਂ ਸਮੇਂ ਨੇ ਆਪਣਾ ਰਾਹ ਬਦਲਿਆ ਓਵੇਂ ਹੀ ਮੋਬਾਇਲ ਸਿਸਟਮ ਵੀ ਬਦਲ ਗਿਆ । ਮਾਰਕੀਟ ਵਿੱਚ ਭਾਰੀ ਗਿਣਤੀ ਵਿਚ ਮਹਿੰਗੇ ਤੋਂ ਮਹਿੰਗਾ ਸਮਾਰਟਫੋਨ ਉੱਤਰ ਕੇ ਆਇਆ । ਇਸ ਸਮਾਰਟਫ਼ੋਨ ਵਿੱਚ ਬਹੁਤ ਸਾਰੇ ਫੀਚਰ ਆਏ । ਜਿਸ ਵਿੱਚ ਅਸੀਂ ਆਪਣੀਆਂ ਤਸਵੀਰਾਂ ਖਿੱਚ ਸਕਦੇ ਸਾਂ ਵੀਡੀਓ ਬਣਾ ਸਕਦੇ ਸਾਂ ਕੋਈ ਵੀ ਗੀਤ ਸੁਣ ਸਕਦੇ, ਬਾਹਰ ਵਿਦੇਸ਼ਾਂ ਵਿਚ ਬੈਠੇ ਆਪਣੇ ਕਿਸੇ ਵੀ ਰਿਸ਼ਤੇਦਾਰ , ਭੈਣ ,ਭਾਈ ਨਾਲ ਸਿੱਧੀ ਗੱਲ ਬਾਤ ਕਰ ਸਕਦੇ ਸਾਂ । ਇਨ੍ਹਾਂ ਸਮਾਰਟ ਫੋਨਾਂ ਦੀ ਕੀਮਤ ਤਾਂ ਇੱਕ ਵਧੀਆ ਚੱਲਦੀ ਕਾਰ ਦੀ ਕੀਮਤ ਦੇ ਬਰਾਬਰ ਸੀ । ਮਾਰਕੀਟ ਵਿੱਚ ਇੱਕ ਲੱਖ ਰੁਪਏ ਤੱਕ ਦਾ ਵੀ ਫੋਨ ਆਇਆ ਹੋਇਆ ਸੀ ਅਤੇ ਜਿਸ ਨੂੰ ਲੋਕ ਆਸਾਨੀ ਨਾਲ ਖ਼ਰੀਦ ਲੈਂਦੇ ਸਨ ਅਤੇ ਜਿਸ ਦੀ ਇਨ੍ਹਾਂ ਮਹਿੰਗਾ ਮੋਬਾਇਲ ਲੈਣ ਦੀ ਗੁੰਜਾਇਸ਼ ਤੱਕ ਨਹੀਂ ਸੀ ਹੁੰਦੀਂ । ਉਹ ਵੀ ਕਰਜ਼ਾ ਚੁੱਕ ਮਹਿੰਗੇ ਮੋਬਾਇਲ ਫੋਨ ਦੀ ਖ਼ਰੀਦ ਕਰਦਾ ਸੀ ।

ਫਿਰ ਇੱਕ ਦਿਨ ਐਸਾ ਆਇਆ ਕਿ ਸਮਾਰਟਫੋਨਾਂ ਦੀ ਬਦੌਲਤ ਮੌਤਾਂ ਵੀ ਹੋਣੀਆ ਸ਼ੁਰੂ ਹੋ ਗਈਆਂ । ਜਿਸ ਦੀ ਮੁੱਖ ਵਜ੍ਹਾ ਤਸਵੀਰਾਂ ਖਿੱਚਣਾ, ਆਪਣੀਆਂ ਵੀਡੀਓ ਬਣਾਉਣਾ ਸੀ । ਲੋਕ ਤਸਵੀਰਾਂ ਖਿੱਚਣ ਵਿਚ ਇੰਨੇ ਮਸ਼ਰੂਫ ਹੋ ਗਏ ਕਿ ਆਪਣਾ ਧਿਆਨ ਰੱਖਣਾ ਹੀ ਭੁੱਲ ਗਏ । ਲੋਕ ਕਿਤੇ ਵੀ ਬਾਹਰ ਜਾਂਦੇ, ਕਿਤੋਂ ਵੀ ਆਉਂਦੇ , ਕਿਸੇ ਵੀ ਥਾਂ ਜਾਂਦੇ ਬਹਿੰਦੇ ਸਭ ਤੋਂ ਪਹਿਲਾਂ ਉਸ ਦੀ ਤਸਵੀਰ ਖਿੱਚ ਕੇ ਇੰਟਰਨੈੱਟ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਦੇ । ਲੋਕੀਂ ਆਉਂਦੀ ਜਾਂਦੀ ਬੱਸਾਂ ਰੇਲ ਗੱਡੀਆਂ ਅੱਗੇ ਖੜ੍ਹ ਕੇ ਤਸਵੀਰਾਂ ਖਿੱਚਣ ਵੀਡੀਓ ਬਣਾਉਣ ਲੱਗ ਪਏ ਸਨ । ਜਿਸ ਨਾਲ ਕਈ ਲੋਕਾਂ ਦੀ ਬਹੁਤ ਦਰਦਨਾਕ ਮੌਤ ਹੋ ਗਈ ਅਤੇ ਉਹ ਸਦਾਂ ਲਈ ਇਕ ਤਸਵੀਰ ਬਣ ਕੇ ਰਹਿ ਗਏ ।

ਇੱਥੇ ਹੁਣ ਗੱਲ ਕਰਦੇ ਆ ਗੁਰਦੁਆਰੇ ਮੰਦਿਰਾਂ ਵਿੱਚ ਹੁੰਦੀ ਪਵਿੱਤਰਤਾ ਨੂੰ ਭੰਗ ਕਰਨ ਦੀ। ਜਿੱਥੇ ਪਹਿਲਾਂ ਦੇ ਸਮੇਂ ਵਿਚ ਲੋਕ ਮੰਦਰਾਂ ਗੁਰਦੁਆਰਿਆਂ ਵਿਚ ਮੱਥਾ ਟੇਕਣ  ਜਾਂਦੇ ਸਨ ਅਤੇ ਉੱਥੋਂ ਦੇ ਵਾਤਾਵਰਨ ਦਾ ਨਿੱਘ ਮਾਣ ਕੇ ਖੁਸ਼ੀ ਖੁਸ਼ੀ ਘਰੇ ਵਾਪਿਸ ਆਉਂਦੇ ਸਨ ।

ਪਰ ਹੁਣ ਉੱਥੇ ਹੀ ਲੋਕ ਇਨ੍ਹਾਂ ਸਥਾਨਾਂ ਤੇ ਪਵਿੱਤਰ ਯਾਤਰਾਵਾਂ ਘੱਟ ਕਰਦੇ ਹਨ । ਜੇਕਰ ਯਾਤਰਾਵਾਂ ਤੇ ਜਾਂਦੇ ਵੀ ਹਨ ਤਾਂ ਉਹ ਸਭ ਸਿਰਫ-ਓ-ਸਿਰਫ ਤਸਵੀਰਾਂ ਕਰਾਉਣ ਦੇ ਲਈ।  21 ਵੀਂ ਸਦੀ ਦੀ ਪੀੜ੍ਹੀ ਚਾਹੇ ਉਹ ਨੌਜਵਾਨ ਹੈ ਚਾਹੇ ਵਿਆਹੁਤਾ ਸਭ ਮੰਦਿਰ ਗੁਰਦੁਆਰੇ ਦੇ ਸਾਹਮਣੇ ਹੱਥ ਜੋੜ ਆਪਣੀ ਤਸਵੀਰ ਤਾਂ ਜ਼ਰੂਰ ਕਰਵਾਉਂਦੇ ਹਨ । ਇੱਥੇ ਹੀ ਮੈਂ ਤੁਹਾਡੇ ਨਾਲ ਆਪਣਾ ਇੱਕ ਅੱਖੀਂ ਦੇਖਿਆ ਦ੍ਰਿਸ਼ ਸਾਂਝਾ ਕਰਨਾ ਚਾਹੁੰਦਾ ਹਾਂ।

ਮੈਂ ਅਕਸਰ ਹਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਸ੍ਰੀ ਹਰਿਮੰਦਰ ਸਾਹਿਬ ( Amritsar Sahib ) ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਜਾਂਦਾ ਹਾਂ , ਪਰ ਮੈਂ ਹੁਣ ਤਕ ਜਿੰਨੀ ਵਾਰ ਵੀ ਗਿਆ ਹਾਂ ਮੈਨੂੰ ਇਹ ਚੀਜ਼ ਬਹੁਤ ਤੰਗ ਕਰਦੀ ਹੈ ਜੋ ਚੀਜ਼ ਪਵਿੱਤਰ ਸਥਾਨਾਂ ਦੀ ਪਵਿੱਤਰਤਾ ਨੂੰ ਭੰਗ ਕਰਦੀ ਹੈ ।

ਮੈਂ ਅਕਸਰ ਦੇਖਦਾ ਹਾਂ ਕਿ ਸ਼ਰਧਾਲੂ ਗੁਰਦੁਆਰਾ ਸਾਹਿਬ ਆਉਂਦੇ ਤਾਂ ਜ਼ਰੂਰ ਹਨ ਪਰ ਉਹ ਉੱਥੋਂ ਦੇ ਵਾਤਾਵਰਨ ਨੂੰ ਘੱਟ ਮਹਿਸੂਸ ਕਰਦੇ  ਹਨ । ਸਗੋਂ ਗੁਰਦੁਆਰੇ ਦੇ ਸਾਹਮਣੇ ਖਲੋ ਹੱਥਾਂ ਵਿੱਚ ਹੱਥ ਪਾ ਆਪਣੀ ਤਸਵੀਰਾਂ ਕਰਾਉਂਦੇ ਹਨ । ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਅਸੀਂ ਗੁਰੂ ਸਥਾਨਾਂ ਉੱਤੇ ਜਾ ਬਸ ਆਪਣੇ ਆਪ ਨੂੰ ਅਤੇ ਆਪਣੀਆਂ ਤਸਵੀਰਾਂ ਨੂੰ ਅਹਿਮੀਅਤ ਦਿੰਦੇ ਹਾਂ । ਉੱਥੋਂ ਦੀ ਮਰਿਆਦਾ ਨੂੰ ਅਸੀਂ ਜਾਣਬੁੱਝ ਭੰਗ ਕਰਦੇ ਹਾਂ ।

ਹਾਲਾਂਕਿ  ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਥਾਂ-ਥਾਂ ਇਹ ਸਾਫ਼-ਸਾਫ਼ ਲਿਖ ਕੇ ਲਾਇਆ ਹੋਇਆ ਹੈ ਕਿ ਇਨ੍ਹਾਂ ਥਾਵਾਂ ਤੇ ਫੋਟੋਗ੍ਰਾਫੀ ਵੀਡਿਓਗ੍ਰਾਫੀ ਸਖ਼ਤ ਮਨ੍ਹਾ ਹੈ ਪਰ ਅਨਪੜ੍ਹ ਲੋਕ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਪਣੀ ਮੌਜ ਮਸਤੀ ਨੂੰ ਪਹਿਲ ਦਿੰਦੇ ਹਨ । ਜਿਸ ਉਪਰ ਸਖਤ ਤੌਰ ਤੇ ਰੋਕ ਲਗਾਉਣੀ ਚਾਹੀਦੀ ਹੈ  । ਜਿਹੜੀ ਸੰਸਥਾਵਾਂ ਤੇ ਵਿੱਚ ਸੱਭ ਧਾਰਮਿਕ ਸਥਾਨ ਮੰਦਿਰ , ਗੁਰੂਦੁਆਰਾ ਸਾਹਿਬ , ਮਸਜਿਦ ਆਉਂਦੇ ਹਨ । ਉਨ੍ਹਾ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਥਾਨਾਂ ਤੇ ਨਿਗਰਾਨੀ ਰੱਖਣ ਅਤੇ ਜੋ ਓਥੋਂ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੈ ਉਸ ਨੂੰ ਸਖ਼ਤ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ , ਤਾਂਕਿ ਉਹ ਅੱਗੇ ਤੋ ਇਹ ਗ਼ਲਤੀ ਨਾ ਕਰਨਾ । ਸੰਸਥਾਵਾਂ ਨੂੰ ਸਰਕਾਰ ਦੀ ਮਦਦ ਨਾਲ ਐਵੇ ਦੇ ਇਯਮ ਬਣਾਉਣੇ ਚਾਹੁੰਦੇ ਹਨ ।

ਹਾਂ ਜੇਕਰ ਤੁਸੀਂ ਕੋਈ ਤਸਵੀਰ ਕਰਨੀ ਹੈ ਤਾਂ ਉੱਥੋਂ ਦੇ ਵਾਤਾਵਰਨ ਦੀ ਕਰੋ , ਉਥੋਂ ਦੀ ਸੁੰਦਰਤਾ ਦੀ ਕਰੋ ਜਿਸ ਨੂੰ ਵੇਖ ਕੇ ਤੁਹਾਨੂੰ ਖ਼ੁਸ਼ੀ ਹੋਵੇ । ਪਰ ਤੁਸੀਂ ਤਾਂ ਆਪਣੀਆਂ ਹੀ ਤਸਵੀਰਾਂ ਕਰਾਉਣ ਵਿਚ ਉਲਝੇ ਹੋਏ ਹੌ, ਭਲਾ ਤੁਹਾਨੂੰ ਆਪਣੇ ਆਪ ਨੂੰ ਵੇਖ ਕੇ ਕਿਹੜੀ ਖੁਸ਼ੀ ਮਹਿਸੂਸ ਹੁੰਦੀ ਹੈ ।

ਮੇਰੇ ਵਿਚਾਰਾਂ ਅਨੁਸਾਰ ਇੱਥੇ ਆਪਾਂ ਮੂਰਖ ਨਾ ਬਣੀਆਂ ਸਗੋਂ ਸਿਆਣਪ ਵਿਖਾ ਇਨ੍ਹਾਂ ਪਵਿੱਤਰ ਸਥਾਨਾਂ ਦੀ ਪਵਿੱਤਰਤਾ ਬਰਕਰਾਰ ਰੱਖੀਏ ਤਾਂ ਕਿ ਇਨ੍ਹਾਂ ਥਾਵਾਂ ਤੇ ਆਉਣ ਵਾਲੇ ਬਾਕੀ ਸ਼ਰਧਾਲੂ ਕਿਸੇ ਪ੍ਰਕਾਰ ਦੀ ਕੋਈ ਗੱਲ ਨਾ ਕਰਨ ਜਿਸ ਨਾਲ ਆਪਾਂ ਨੂੰ ਆਪਣੇ ਆਪ ਉੱਤੇ ਸ਼ਰਮਸਾਰ ਹੋਣਾ ਪਵੇ ।

ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )