“ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਉਨ੍ਹਾਂ ਦੇ ਸਮਾਜਿਕ ਸਰੋਕਾਰ” ਵਿਸ਼ੇ ਤੇ ਅੰਬੇਡਕਰ ਭਵਨ ਵਿਖੇ ਹੋਈ ਵਿਚਾਰ ਗੋਸ਼ਟੀ

ਅੰਬੇਡਕਰ ਮਿਸ਼ਨ ਸੁਸਾਇਟੀ ਦੇ ਕਾਰਕੁਨ ਡਾ ਜੀ ਸੀ ਕੌਲ ​​ਦਾ ਸਨਮਾਨ ਕਰਦੇ ਹੋਏ.

ਜਲੰਧਰ, (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ ਜਲੰਧਰ ਵਿਖੇ “ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਉਨ੍ਹਾਂ ਦੇ ਸਮਾਜਿਕ ਸਰੋਕਾਰ” ਵਿਸ਼ੇ ਤੇ ਵਿਚਾਰ ਗੋਸ਼ਟੀ ਕੀਤੀ ਗਈ. ਡੀ ਏ ਵੀ ਕਾਲਜ ਜਲੰਧਰ ਤੋਂ  ਸੇਵਾਮੁਕਤ ਪ੍ਰੋਫੈਸਰ (ਪੰਜਾਬੀ ਵਿਭਾਗ ਦੇ ਮੁਖੀ) ਡਾ. ਜੀ ਸੀ ਕੌਲ ਨੇ ਵਿਚਾਰ ਗੋਸ਼ਟੀ  ਵਿਚ ਮੁਖ ਬੁਲਾਰੇ ਵਜੋਂ ਸ਼ਿਰਕਤ ਕੀਤੀ. ਸਮਾਗਮ ਦੀ ਪ੍ਰਧਾਨਗੀ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਕੀਤੀ.

ਪ੍ਰੋਫੈਸਰ ਕੌਲ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਨ ਮਾਨਵਵਾਦੀ ਸਨ ਜਿਨ੍ਹਾਂ ਨੇ ਅੱਜ ਤੋਂ ਲਗਪਗ 600 ਸਾਲ ਪਹਿਲਾਂ ਸਮਤਾ ਸੁਤੰਤਰਤਾ, ਅਤੇ ਭਾਈਚਾਰਕ ਏਕਤਾ ਵਾਲਾ ਸਮਾਜ ਸਥਾਪਿਤ ਕਰਨ ਲਈ ਆਪਣਾ ਚਿੰਤਨ ਪ੍ਰਸਤੁਤ ਕੀਤਾ. ਉਨ੍ਹਾਂ ਨੇ ਜਿੱਥੇ ਤਤਕਾਲੀਨ ਸਮੇਂ ਵਿੱਚ ਸਥਾਪਿਤ ਮਾਨਵ ਵਿਰੋਧੀ ਕਦਰਾਂ-ਕੀਮਤਾਂ, ਕਰਮ-ਕਾਂਡ, ਅੰਧ-ਵਿਸ਼ਵਾਸ, ਪਾਖੰਡਵਾਦ ਅਤੇ ਦਿਖਾਵੇ ਦੀਆਂ ਪ੍ਰੰਪਰਾਵਾਂ ਦਾ ਵਿਰੋਧ ਕੀਤਾ, ਉੱਥੇ ਸਮੁਚੇ ਸਮਾਜ ਨੂੰ ਏਕਤਾ ਦੀ ਲੜੀ ਵਿੱਚ ਪਰੋਣ ਲਈ ਕ੍ਰਾਂਤੀਕਾਰੀ ਅੰਦੋਲਨ ਅਰੰਭਿਆ. ਸਥਾਪਿਤ ਵਰਣ ਵਿਵਸਥਾ ਜਿਸਨੇ ਅਖੌਤੀ ਨਿਮਨ ਵਰਗ ਨੂੰ ਹਾਸ਼ੀਏ ਤੇ ਸੁੱਟਿਆ ਹੋਇਆ ਸੀ, ਉਸ ਵਿੱਚ ਸਵੈ-ਵਿਸ਼ਵਾਸ, ਸਵੈ-ਮਾਣ ਅਤੇ ਸਵੈ-ਸ਼ਕਤੀ ਪੈਦਾ ਕਰਨ ਦਾ ਚਮਤਕਾਰੀ ਕਾਰਜ ਕੀਤਾ.  ਤਥਾਗਤ ਬੁੱਧ ਦੁਆਰਾ ਅਰੰਭੀ ਗਈ ਸ਼੍ਰਮਣ ਕ੍ਰਾਂਤੀ ਨੂੰ ਮੱਧ ਕਾਲ ਦੇ ਸੰਤ-ਸਤਿਗੁਰੂਆਂ ਨਾਲ ਜੋੜਦਿਆਂ ਪ੍ਰੋਫੈਸਰ ਕੌਲ ਨੇ ਕਿਹਾ ਗੁਰੂ ਰਵਿਦਾਸ ਜੀ ਨੇ ਉਸੇ ਵਿਚਾਰਧਾਰਾ ਨੂੰ ਅੱਗੇ ਤੋਰਨ ਦਾ ਪ੍ਰਸ਼ੰਸਾਯੋਗ ਉਪਰਾਲਾ ਕੀਤਾ. ਪ੍ਰੋਫੈਸਰ ਕੌਲ ਨੇ ਸ਼ਰੋਤਿਆਂ ਦੀਆਂ ਸ਼ੰਕਾਵਾਂ ਦਾ ਵੀ ਵਿਦਵਤਾ ਪੂਰਨ ਉੱਤਰ ਦਿੱਤਾ.

ਹਰਮੇਸ਼ ਮਹਿਮੀ ਚੇਅਰਮੈਨ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਵਰਲਡ ਵਾਈਡ ਯੂ ਕੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ. ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਆਏ ਹੋਏ ਸਾਰੇ ਮਿਸ਼ਨਰੀ ਸਾਥੀਆਂ ਦਾ ਧੰਨਵਾਦ ਕੀਤਾ.  ਸਮਾਗਮ ਦਾ ਸੰਚਾਲਨ ਜਸਵਿੰਦਰ ਵਰਿਆਣਾ ਨੇ ਬਾਖੂਬੀ ਕੀਤਾ.  ਐਡਵੋਕੇਟ ਚਰਨਜੀਤ ਪੁਆਰੀ ਦੁਆਰਾ ਲਿਖੀ ਕਿਤਾਬ ‘ਜਨਗਣਨਾ  ਬਹੁਜਨ ਸਮਾਜ ਅਤੇ ਧਰਮ’ ਅੰਬੇਡਕਰ ਭਵਨ ਵਿਖੇ ਰਿਲੀਜ਼ ਕਰਕੇ ਅੰਬੇਡਕਰੀ ਸਾਥੀਆਂ ਵਿਚ ਪ੍ਰਚਾਰ ਪ੍ਰਸਾਰ ਵਾਸਤੇ ਵੰਡੀ ਗਈ. ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਭਾਰਦਵਾਜ, ਡਾ. ਮਹਿੰਦਰ ਸੰਧੂ, ਹਿਤੇਸ਼ ਵਰਦਾਨ, ਹਰਭਜਨ ਨਿਮਤਾ, ਸੇਵਾਮੁਕਤ ਆਈ.ਆਰ.ਐੱਸ.ਜੋਗਿੰਦਰ ਪਾਲ, ਗੁਰਮੇਲ ਸਿੰਘ, ਚੌਧਰੀ ਹਰੀ ਰਾਮ, ਬਲਵੰਤ ਭਾਟੀਆ, ਗੁਰਦਰਸ਼ਨ ਬੰਗੜ, ਰਾਜ ਕੁਮਾਰ ਪਰਮਜੀਤ ਮਹਿਮੀ ਅਤੇ ਲਾਲ ਚੰਦ ਹਾਜਰ ਸਨ. ਇਹ ਜਾਣਕਾਰੀ. ਅੰਬੇਡਕਰ ਮਿਸ਼ਨ ਸੋਸਾਇਟੀ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ.

ਐਡਵੋਕੇਟ ਚਰਨਜੀਤ ਪੁਆਰੀ ਦੁਆਰਾ ਲਿਖੀ ਕਿਤਾਬ ‘ਜਨਗਣਨਾ- ਬਹੁਜਨ ਸਮਾਜ ਅਤੇ ਧਰਮ’ ਰਿਲੀਜ਼ ਕਰਦੇ ਹੋਏ.

– ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleReopening schools national effort to beat Covid: UK PM
Next articleਸੂਰਮੇ