ਸਿਲੀਗੁੜੀ (ਸਮਾਜ ਵੀਕਲੀ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਵੇਂ ਸਿਰੇ ਤੋਂ ਮੋਰਚਾ ਖੋਲ੍ਹਦਿਆਂ ਕਿਹਾ ਕਿ ਉਹ ਵੋਟਰਾਂ ਨੂੰ ਭਰਮਾਉਣ ਲਈ ਝੂਠ ਦਾ ਸਹਾਰਾ ਲੈਂਦੇ ਹਨ। ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖਿਲਾਫ਼ ਰੋਸ ਮਾਰਚ ਮਗਰੋਂ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਈ ਸਾਲਾਂ ਤੋਂ ਸਿਰਫ਼ ‘ਖੋਖਲੇ’ ਵਾਅਦੇ ਕਰਦੇ ਆ ਰਹੇ ਹਨ। ਹੁਣ ਲੋਕਾਂ ਨੂੰ ਉਨ੍ਹਾਂ ’ਤੇ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ, ‘‘ਪ੍ਰਧਾਨ ਮੰਤਰੀ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਹਰੇਕ ਨਾਗਰਿਕ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਿਉਂ ਨਹੀਂ ਕਰਵਾਏ।’’
ਉਨ੍ਹਾਂ ਆਪਣੇ ਭਾਸ਼ਨ ਵਿੱਚ ਕਿਹਾ, ‘‘ਤੁਸੀਂ ਕਈ ਖੋਖਲੇ ਵਾਅਦੇ ਕੀਤੇ ਹਨ। ਲੋਕ ਹਮੇਸ਼ਾ ਤੁਹਾਡੇ ਝੂਠ ਨੂੰ ਸਵੀਕਾਰ ਨਹੀਂ ਕਰਨਗੇ। ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦੇ ਹਰੇਕ ਨਾਗਰਿਕ ਲਈ ਗੈਸ ਸਿਲੰਡਰ ਸਸਤਾ ਕੀਤਾ ਜਾਵੇ। ਤੁਸੀਂ ਗੈਸ ਸਿਲੰਡਰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ।’’ ਮੁੱਖ ਮੰਤਰੀ ਨੇ ਕਿਹਾ, ‘‘ਮੋਦੀ ਨੂੰ ਆਪਣੀ ‘ਝੂਠ ਬੋਲਣ ਦੀ ਆਦਤ ’ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ।’’ ਮਮਤਾ ਨੇ ਕਿਹਾ, ‘‘ਉਹ (ਮੋਦੀ) ਹਮੇਸ਼ਾ ਬੰਗਲਾ ’ਚ ਤਕਰੀਰ ਕਰਦੇ ਹਨ, ਪਰ ਸਾਰਾ ਭਾਸ਼ਣ ਗੁਜਰਾਤੀ ’ਚ ਲਿਖਿਆ ਹੁੰਦਾ ਹੈ, ਜਿਹੜਾ ਇਕ ਪਾਰਦਰਸ਼ੀ ਸ਼ੀਟ ਹੇਠ ਉਨ੍ਹਾਂ ਅੱਗੇ ਰੱਖਿਆ ਹੁੰਦਾ ਹੈ। ਉਹ ਇੰਜ ਵਿਖਾਵਾ ਕਰਦੇ ਹਨ ਜਿਵੇਂ ਉਹ ਬੰਗਾਲੀ ਚੰਗੀ ਤਰ੍ਹਾਂ ਜਾਣਦੇ ਹੋਣ।’’