ਅਹਿਸਾਸ

ਮਨਜੀਤ ਕੌਰ ਧੀਮਾਨ

(ਸਾਮਜ ਵੀਕਲੀ)

ਇੱਕ ਆਦਮੀ ਬਹੁਤ ਬੜੇ ਕਾਰਖ਼ਾਨੇ ਦਾ ਮਾਲਿਕ ਸੀ। ਉਸ ਨੇ ਬਹੁਤ ਸਾਰੇ ਕਾਰੀਗਰ ਰੱਖੇ ਹੋਏ ਸਨ। ਪਰ ਉਹ ਸਾਰਿਆਂ ਨੂੰ ਬਹੁਤ ਘੱਟ ਤਨਖ਼ਾਹ ਦਿੰਦਾ ਸੀ। ਕਈ ਕਾਰੀਗਰ ਤਾਂ ਕੰਮ ਦੇ ਬਹੁਤ ਮਾਹਿਰ ਸਨ ਪਰ ਮਾਲਿਕ ਲਈ ਗਧਾ ਘੋੜਾ ਸਭ ਇੱਕੋ ਬਰਾਬਰ ਹੀ ਸਨ।

ਇੱਕ ਦਿਨ ਇੱਕ ਕਾਰੀਗਰ ਨੇ ਆ ਕੇ ਮਾਲਿਕ ਤੋਂ ਆਪਣੀ ਤਨਖ਼ਾਹ ਸਮੇਂ ਤੋਂ ਪਹਿਲਾਂ ਮੰਗੀ ਕਿਉਂਕਿ ਉਸਦਾ ਪੁੱਤਰ ਬਿਮਾਰ ਸੀ ਤੇ ਉਸ ਕੋਲ਼ ਇਲਾਜ਼ ਲਈ ਪੈਸੇ ਨਹੀਂ ਸਨ। ਮਾਲਿਕ ਨੇ ਸਾਫ਼ ਨਾਂਹ ਕਰ ਦਿੱਤੀ ਕਿ ਹਜੇ ਪੈਸੇ ਹੈ ਨਹੀਂ ਮੇਰੇ ਕੋਲ਼। ਬੇਚਾਰੇ ਗਰੀਬ ਨੇ ਕਿਸੇ ਹੋਰ ਕੋਲ਼ੋਂ ਉਧਾਰ ਲੈ ਕੇ ਵਕ਼ਤ ਸਾਰਿਆ।

ਕੁੱਝ ਦਿਨ ਬਾਅਦ ਮਾਲਿਕ ਦਾ ਪੋਤਾ ਬਿਮਾਰ ਹੋ ਗਿਆ। ਬੜਾ ਇਲਾਜ਼ ਕਰਵਾਇਆ ਪਰ ਉਹ ਠੀਕ ਨਹੀਂ ਹੋ ਰਿਹਾ ਸੀ। ਹੁਣ ਉਹ ਮਾਲਿਕ ਬਹੁਤ ਦੁੱਖੀ ਤੇ ਪ੍ਰੇਸ਼ਾਨ ਸੀ।ਇੱਕ ਦਿਨ ਉਹ ਕਾਰਖ਼ਾਨੇ ਦੇ ਆਪਣੇ ਦਫ਼ਤਰ ਵਿੱਚ ਉਦਾਸ ਹਾਲਤ ਵਿੱਚ ਬੈਠਾ ਹੋਇਆ ਸੀ ਤਾਂ ਓਹੀ ਕਾਰੀਗਰ ਉਸਦੇ ਕੋਲ਼ ਆਇਆ ਤੇ ਬੋਲਿਆ ਕਿ ਸਾਹਿਬ ਜੀ, ਫ਼ਿਕਰ ਨਾਂ ਕਰੋ ਸੱਭ ਠੀਕ ਹੋ ਜਾਵੇਗਾ। ਉਸ ਰੱਬ ਅੱਗੇ ਅਰਦਾਸ ਕਰੋ, ਓਹ ਸੱਭ ਦੀ ਸੁਣਦਾ ਹੈ।

ਉਸ ਦੀਆਂ ਗ਼ਲਾ ਸੁਣ ਕੇ ਮਾਲਿਕ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸਨੂੰ ਯਾਦ ਆਇਆ ਕਿ ਕਿਵੇਂ ਉਸਨੇ ਪੈਸੇ ਹੁੰਦੇ ਹੋਏ ਵੀ ਉਸਦੀ ਮਦਦ ਨਹੀਂ ਕੀਤੀ ਸੀ। ਓਸਨੇ ਦੋਨੋਂ ਹੱਥ ਜੋੜ ਕੇ ਉਸਤੋਂ ਮਾਫ਼ੀ ਮੰਗੀ ਤੇ ਫਿਰ ਦੋਵਾਂ ਨੇ ਹੱਥ ਜੋੜ ਕੇ ਅਰਦਾਸ ਕੀਤੀ।

ਅੱਜ ਉਸਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਬੱਚਿਆਂ ਦੇ ਬਿਮਾਰ ਹੋਣ ਤੇ ਮਾਪਿਆਂ ਤੇ ਕੀ ਬੀਤਦੀ ਹੈ। ਕੁੱਝ ਦਿਨ ਬਾਅਦ ਮਾਲਿਕ ਦਾ ਪੋਤਾ ਠੀਕ ਹੋ ਗਿਆ। ਹੁਣ ਉਸਨੇ ਖ਼ੁਸ਼ੀ ਵਿੱਚ ਆਪਣੇ ਸਾਰੇ ਕਾਰੀਗਰਾਂ ਦੀ ਤਨਖ਼ਾਹ ਵਧਾ ਦਿੱਤੀ ਤੇ ਹੁਣ ਉਹ ਹਰੇਕ ਦੇ ਦੁੱਖ ਸੁੱਖ ਦਾ ਖ਼ਿਆਲ ਰੱਖਦਾ ਸੀ।

ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ।
ਸੰ:9464633059

Previous article“ਖ਼ੁਦਾ”
Next articleਨਜ਼ਰ ਦਾ ਆਪਰੇਸ਼ਨ ਹੋ ਸਕਦਾ ਹੈ, ਪਰ ਨਜ਼ਰੀਏ ਦਾ ਨਹੀਂ