(ਸਮਾਜ ਵੀਕਲੀ)
ਹਾਕਮ ਸਿਓਂ ਅਜੇ ਜੰਮਿਆਂ ਹੀ ਸੀ ਕਿ ਉਸਦੀ ਮਾਂ ਦਾ ਦੇਹਾਂਤ ਹੋ ਗਿਆ। ਬਾਲ ਹਾਕਮ ਸਿੰਘ ਦੇ ਬਚਪਨ ਨੂੰ ਰੁਲਦਿਆਂ ਵੇਖ ਕੇ ਉਸਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਸਰਦਾਰਾਂ ਦੇ ਪਿੰਡ ਕੋਟ ਸ਼ਮੀਰ ਦੀ ਜੰਮੀ ਪਲੀ ਕਰਮੋਂ ਆਖਰ ਮੁਕੰਦ ਸਿਉ ਸਰਪੰਚ ਨੂੰ ਵਿਆਹੀ ਗਈ। ਨਵੀਂ ਮਾਂ ਬੜੇ ਨੇਕ ਸੁਭਾਅ ਦੀ ਮਾਲਕ ਸੀ, ਜਿਸਦੀ ਕੁਖੋਂ ਇਕ ਕੁੜੀ ਤੇ ਮੁੰਡੇ ਨੇ ਜਨਮ ਲਿਆ। ਸਮਾਂ ਆਪਣੀ ਚਾਲ ਚਲਦਾ ਰਿਹਾ ਤੇ ਹਾਕਮ ਸਿਓਂ ਵੱਡਾ ਹੋ ਗਿਆ ਅਤੇ ਘਰ ਦੀ ਕਬੀਲਦਾਰੀ ਸੰਭਾਲਣ ਲੱਗ ਪਿਆ। ਉਹ ਘਰਦੇ ਸਾਰੇ ਕੰਮ ਕਰਦਾ, ਮੱਝਾਂ ਨੂੰ ਪੱਠੇ ਪਾਉਣ ਦਾ ਕੰਮ ਵੀ ਕਰਦਾ। ਹਾਕਮ ਸਿਓਂ ਦਾ ਆਪਣੀ ਨਵੀਂ ਮਾਂ ਅਤੇ ਛੋਟੇ ਭੈਣ ਭਰਾਵਾਂ ਨਾਲ ਅੰਤਾਂ ਦਾ ਮੋਹ ਸੀ। ਮਾਂ ਨੇ ਵੀ ਕਦੇ ਹਾਕਮ ਸਿਓਂ ਨੂੰ ਸੋਤੇਲਾ ਨਾ ਸਮਝਿਆ। ਛੋਟੇ ਭੈਣ-ਭਰਾ ਨੂੰ ਸਕੂਲ ਜਾਂਦਿਆਂ ਵੇਖ ਕੇ ਹਾਕਮ ਸਿਓਂ ਜਿਵੇਂ ਉਹਨਾਂ ਵਿੱਚੋਂ ਆਪਣੇ ਆਪ ਨੂੰ ਵੇਖ ਰਿਹਾ ਹੁੰਦਾ।
ਸਰਪੰਚ ਸਾਹਬ ਕੋਲ ਵਧੀਆ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਪਰ ਹਾਕਮ ਸਿਓ ਸਾਰਾ ਕੰਮ ਹੱਥੀਂ ਕਿਰਤ ਕਰਦਾ ਸੀ। ਇਸ ਤਰ੍ਹਾਂ ਸਕੇ ਸੰਬੰਧੀਆਂ ਦੇ ਕਹਿਣ ਤੇ ਹਾਕਮ ਸਿਓ ਦਾ ਵਿਆਹ ਕਰ ਦਿੱਤਾ ਗਿਆ। ਵਿਆਹ ਮਗਰੋਂ ਉਸਨੂੰ ਉਸਦੇ ਹਿੱਸੇ ਆਉਂਦੇ ਦੋ ਕਿੱਲੇ ਜ਼ਮੀਨ ਵੀ ਦੇ ਦਿੱਤੀ ਗਈ। ਹਾਲਾਤ ਬਦਲਦਿਆਂ ਦੇਰ ਨਹੀਂ ਲੱਗਦੀ , ਰੱਜਦੇ ਪੁੱਜਦੇ ਪਰਿਵਾਰ ਨੂੰ ਖੌਰੇ ਕਿਸ ਦੀ ਨਜ਼ਰ ਲੱਗ ਗਈ ਸੀ। ਘਰ ਦੇ ਹਾਲਾਤ ਦਿਨੋਂ ਦਿਨ ਮਾੜੇ ਹੁੰਦੇ ਗਏ। ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ। ਇਸ ਸੱਭ ਨੂੰ ਰੱਬ ਦਾ ਭਾਣਾ ਮੰਨ ਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹਾਕਮ ਸਿਓਂ ਬੜੀ ਮਿਹਨਤ ਇਮਾਨਦਾਰੀ ਨਾਲ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ। ਸਮਾਂ ਲੰਘਦਾ ਗਿਆ, ਮੁਟਿਆਰਾਂ ਹੋ ਗਈਆਂ ਧੀਆਂ ਵੀ ਵਾਰੋ ਵਾਰੀ ਤੋਰ ਦਿੱਤੀਆਂ।
ਹੁਣ ਹਾਕਮ ਸਿਓਂ ਦੀ ਘਰਵਾਲੀ ਜੱਸ ਕੌਰ ਘਰਦਿਆਂ ਕੰਮਾਂ ਵਿੱਚ ਲੱਗੀ ਰਹਿੰਦੀ। ਧੀਆਂ ਨੂੰ ਚੇਤੇ ਕਰਦਿਆਂ ਇਕ ਦਿਨ ਜਸ ਕੌਰ, ਹਾਕਮ ਸਿਉ ਨੂੰ ਡਰਦੀ-ਡਰਦੀ ਕਹਿੰਦੀ ਕਿ ਪਾਲੀ ਦੇ ਬਾਪੂ ਹੁਣ ਆਪਣਾ ਪਾਲੀ ਜੁਆਨ ਹੋ ਗਿਆ ਹੈ, ਨਾਲੇ ਨੌਕਰੀ ਵੀ ਲੱਗ ਗਿਆ ਹੈ। ਰੱਬ ਨੇ ਆਪਣੀ ਗਰੀਬੀ ਚੱਕਤੀ ਹੁਣ ਆਪਾਂ ਇਹਦਾ ਵਿਆਹ ਕਰ ਦੇਈਏ ਮੇਰਾ ਜੀਅ ਵੀ ਲੱਗਿਆ ਰਿਹਾ ਕਰੂਗਾ, ਨਾਲੇ ਮੇਰਾ ਘਰ ਦੇ ਕੰਮ ਵਿਚ ਨੂੰਹ ਰਾਣੀ ਹੱਥ ਵਟਾਇਆ ਕਰੂਗੀ। ਬਾਪੂ ਸੋਚੀ ਪੈ ਗਿਆ ਕਿ ਮੈਂ ਸਾਰੀ ਉਮਰ ਖੇਤਾਂ ਦੀਆਂ ਵੱਟਾਂ ਬੰਨਦਿਆਂ ਲੰਘਾ ਦਿੱਤੀ ਆ।ਸਾਰੀ ਉਮਰ ਮੇਰੇ ਕੋਲੋਂ ਕਰਜ਼ੇ ਦੀ ਪੰਡ ਨਾ ਉਤਰੀ ਮਸਾਂ ਰੱਬ ਨੇ ਚੰਗੇ ਦਿਨ ਲਿਆਂਦੇ ਆ ਗੱਲ ਤਾਂ ਜਸ ਕੌਰ ਦੀ ਸਹੀ ਆ। ਜਸ ਕੌਰ ਵੱਲ ਵੇਖਦਿਆਂ ਹਾਕਮ ਸਿਓਂ ਬੋਲਿਆ,”ਕਹਿ ਤੇਰੇ ਪੇਕਿਆਂ ਨੂੰ ਕਿ ਪਾਲੀ ਦੇ ਵਿਚੋਲੇ ਬਣਨ।” ਜਸ ਕੌਰ ਪੇਕਿਆਂ ਦਾ ਨਾਂ ਸੁਣਦਿਆ ਖੁਸ਼ ਹੋ ਗਈ।
ਇਸ ਤਰ੍ਹਾਂ ਰਿਸ਼ਤਾ ਵੀ ਹੋ ਗਿਆ ਤੇ ਸੋਹਣੀ ਸੁਨੱਖੀ ਮੁਟਿਆਰ ਨੂੰਹ ਵਿਆਹ ਕੇ ਘਰ ਆ ਗਈ ਸਾਰੇ ਟੱਬਰ ਦਾ ਚਾਅ ਨਾ ਚੱਕਿਆ ਜਾਵੇ। ਦੋਵੇਂ ਨੂੰਹ-ਸੱਸ ਨੂੰ ਮਾਵਾਂ-ਧੀਆਂ ਵਾਂਗੂੰ ਰਹਿੰਦੀਆਂ ਵੇਖ ਕੇ ਸ਼ਰੀਕ ਵੀ ਝੁਰਦੇ ਰਹਿੰਦੇ। ਦਸ ਮਹੀਨਿਆਂ ਮਗਰੋਂ ਘਰ ਪੋਤਰੇ ਨੇ ਜਨਮ ਲਿਆ ਤੇ ਘਰ ਦੀਆਂ ਖੁਸ਼ੀਆਂ ਦੂਣੀਆ ਹੋ ਗਈਆਂ। ਬੇਬੇ-ਬਾਪੂ ਦੇ ਚਿਹਰੇ ਖਿੜੇ ਹੋਏ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ। ਸਮਾਂ ਬੀਤ ਦਾ ਗਿਆ। ਪੋਤਰੇ ਨੂੰ ਲੋਰੀਆਂ ਦਿੰਦੀ ਬੇਬੇ ਜਿਵੇਂ ਜੁਆਨ ਹੋਣ ਲੱਗ ਗਈ ਮਹਿਸੂਸ ਕਰਦੀ ਸੀ। ਪਰ ਇਕ ਕਾਲੀ ਹਨੇਰੀ ਐਸੀ ਝੁੱਲੀ ਇਸ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਫਿਰ ਆਣ ਟੁੱਟਿਆ। ਪਾਲੀ ਅੱਤਵਾਦ ਦੇ ਕਾਲੇ ਦਿਨਾਂ ਵਿੱਚ ਇੱਕ ਮੁਠਭੇੜ ਵਿਚ ਮਾਰਿਆ ਗਿਆ।
ਜਦੋਂ ਕਾਲੀਆਂ ਠੰਡੀਆਂ ਰਾਤਾਂ ਵਿਚ ਕੋਈ ਚਿੜੀ ਚੂੰ ਨੀ ਕਰਦੀ, ਉਸ ਸਮੇਂ ਜੁਆਨ ਪੁੱਤ ਪੁਲਿਸੀਏ ਦੀ ਲਾਸ਼ ਅੱਧੀ ਰਾਤੀ ਘਰ ਆਈ, ਬੂਹਾ ਖੜਕਿਆ। ਬੂਹਾ ਖੋਲ੍ਹ ਦੇ ਸਾਰ ਚਾਰ ਕਮਾਂਡੋ ਫੋਰਸ ਦੇ ਮੁੰਡੇ ਦੇਖਦਿਆਂ ਘਬਰਾਏ ਬਾਪੂ ਨੇ ਪੁੱਛਿਆ ਕਿ ਮੇਰਾ ਪਾਲ਼ੀ ਕਿੱਥੇ ਆ, ਉਹ ਚੁੱਪ ਵੱਟ ਖੜੇ ਰਹੇ। ਜੁਆਨ ਪੁੱਤ ਦੀ ਲਾਸ਼ ਦੇਖਦਿਆਂ ਸਾਰ ਪਾਲੀ ਨੂੰ ਚਿੰਬੜ ਗਿਆ। ਸਭ ਕੁਝ ਖ਼ਤਮ ਹੋ ਗਿਆ, ਸਾਡੀ ਦੁਨੀਆਂ ਹੀ ਉਜੜ ਗਈ। ਇਹ ਕਹਿੰਦਿਆਂ ਹਾਕਮ ਸਿਓਂ ਜਿਵੇਂ ਠੰਡਾ ਸੀਤ ਹੀ ਹੋ ਗਿਆ ਅਤੇ ਇੱਕ ਸਾਂਤ ਜਹੀ ਚੀਖ਼ ਹਾਕਮ ਸਿਓਂ ਦੇ ਧੁਰ ਤੱਕ ਇਹੋ ਜਹੀ ਵਜੀ ਕੇ ਉਹ ਮੁੜ ਫ਼ਿਰ ਕਦੇ ਨਾ ਬੋਲਿਆ।
ਗੁਰਮੀਤ ਕੌਰ
7508600261
ਰਿਸਰਚ ਸਕਾਲਰ
ਪੰਜਾਬੀ ਯੂਨੀਵਰਸਿਟੀ ਪਟਿਆਲਾ