ਨਵੀਂ ਦਿੱਲੀ (ਸਮਾਜ ਵੀਕਲੀ) : ਦਲਾਲ ਖਾਪ 84 ਵੱਲੋਂ ਅੱਜ ਬੇਰੀ ਰੋਡ ਬਹਾਦਰਗੜ੍ਹ ਵਿੱਚ ਕੀਤੀ ਕਿਸਾਨ ਮਹਾਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਜਿੰਨੇ ਮਰਜ਼ੀ ਹੱਥਕੰਡੇ ਅਪਣਾ ਲਏ, ਜਦੋਂ ਤਕ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਮਿਲਦੀ, ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰਹੇਗਾ। ਬੀਕੇਯੂ ਟਿਕੈਤ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ‘ਮੰਚ ਤੇ ਪੰਚ’ ਸਿੰਘੂ ਵਾਲਾ ਹੀ ਰਹੇਗਾ ਤੇ ਸਰਕਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਹੀ ਗੱਲਬਾਤ ਕਰਨੀ ਹੋਵੇਗੀ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਗੁਰਨਾਮ ਸਿੰਘ ਚੜੂਨੀ, ਜੋਗਿੰਦਰ ਉਗਰਾਹਾਂ, ਯੁੱਧਵੀਰ ਸਿੰਘ, ਵਿਕਾਸ ਸੀਸਰ ਸਮੇਤ ਖਾਪ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਇਸ ਭੁਲੇਖੇ ਵਿੱਚ ਹੈ ਕਿ ਕਿਸਾਨ ਥੱਕ ਹਾਰ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ, ਪਰ ਸਰਕਾਰ ਨੂੰ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ। ਇਹ ਅੰਦੋਲਨ ਲੰਮਾਂ ਚੱਲੇਗਾ ਅਤੇ ਪੂਰੇ ਦੇਸ਼ ਵਿੱਚ ਆਪਣੇ ਪੈਰ ਜਮਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਮਹਾਪੰਚਾਇਤਾਂ ਦੇਸ਼ ਭਰ ਵਿੱਚ ਕੀਤੀਆਂ ਜਾਣਗੀਆਂ ਤੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਲਾਲ ਕਿਲੇ ਵੱਲ ਕਿਸਾਨਾਂ ਨੂੰ ਸਿੰਘੂ ਦੇ ਅਗਲੇ ਪਾਸੇ ਬੈਠੇ ਲੋਕ ਲੈ ਕੇ ਗਏ ਜਿਸ ਦਾ ਕੋਈ ਪ੍ਰੋਗਰਾਮ ਨਹੀਂ ਸੀ। ਉਨ੍ਹਾਂ ਕਿਹਾ ਕਿ ਲਾਲ ਕਿਲੇ ਉਪਰ ਵਾਪਰੀਆਂ ਘਟਨਾਵਾਂ ਸਰਕਾਰੀ ਸ਼ਹਿ ਪ੍ਰਾਪਤ ਲੋਕਾਂ ਦਾ ਕੰਮ ਸੀ ਤੇ ਸਰਕਾਰ ਚਾਹੁੰਦੀ ਸੀ ਕਿ ਇੱਕ ਕੌਮ ਨੂੰ ਬਦਨਾਮ ਕਰਕੇ ਕਮਜ਼ੋਰ ਕੀਤਾ ਜਾਵੇ ਤੇ ਫਿਰ ਕਿਸਾਨਾਂ ਨੂੰ ਬਰਬਾਦ ਕੀਤਾ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਮੋਦੀ ਸਿਰਫ਼ ਇੱਕ ਫੋਨ ਕਾਲ ਦੀ ਦੂਰੀ ’ਤੇ ਹੈ ਜਦੋਂਕਿ ਉਹ ਅਸਲ ਵਿਚ ਗੱਲਬਾਤ ਤੋਂ ਭੱਜ ਚੁੱਕੀ ਹੈ।