ਕੌਫ਼ੀ ਹਾਊਸ ਜਲੰਧਰ ਦੀ ਦਾਸਤਾਨ, ਜੀਹਨੇ 1960 to’75 ਤਕ ਛੱਡੀ ਵਕ਼ਤ ਉੱਤੇ ਛਾਪ

ਯਾਦਵਿੰਦਰ

(ਸਮਾਜ ਵੀਕਲੀ)

ਦੋਆਬੇ ਦੇ ‘ਦਿਲ’ ਵਜੋਂ ਜਾਣੇ ਜਾਂਦੇ ਸ਼ਹਿਰ ਜਲੰਧਰ ਵਿਚ ਐਨ ਗੱਬੇ ਗ੍ਰੀਨ ਹੋਟਲ ਲਾਗੇ ‘ਇੰਡੀਅਨ ਕੌਫ਼ੀ ਹਾਊਸ’ ਹੁੰਦਾ ਸੀ, ਜਿਸ ਦੇ ਮੁੜ ਆਬਾਦ ਹੋਣ ਦੀ ਭਾਵੇਂ ਕੋਈ ਆਸ ਨਹੀਂ ਬਚੀ ਪਰ ਦਾਨਿਸ਼ਵਰਾਂ ਤੇ ਕਦਰਦਾਨਾਂ ਨੂੰ ਪਤੈ ਕਿ 1960 ਤੋਂ 1975 ਦੌਰਾਨ ਓਸ ਕੌਫ਼ੀ ਹਾਊਸ ਦੀਆਂ ਕੰਧਾਂ ਦੇ ਕੰਨਾਂ ਨੇ ਕੀਹ-ਕੀਹ ਸੁਣਿਆ ਹੋਇਆ ਹੈ ਤੇ ਕੀਹ-ਕੀਹ ਹੁੰਦਾ ਦੇਖਿਆ ਹੈ। ਉਹ ਕੌਫ਼ੀ ਹਾਊਸ, ਕੌਫ਼ੀ ਵਗੈਰਾ ਪੀਣ ਦਾ ਟਿਕਾਣਾ ਥੋੜ੍ਹੋਂ ਸੀ ਬਲਕਿ ਓਨਾਂ ਹੀ ਕੀਮਤੀ ਸੀ ਜਿਵੇਂ ਹੁਣ ਬੰਬਈ ਦਾ ‘ਜਿਨਾਹ ਹਾਊਸ’ ਹੈ।

ਉਸ ਕੌਫ਼ੀ ਹਾਊਸ ਵਿਚ ਭੱਖਦੀਆਂ ਬਹਿਸਾਂ ਕਰਨ ਵਾਲੇ ਨਾਟਕਕਾਰ, ਸ਼ਾਇਰ ਤੇ ਬੁੱਧੀਜੀਵੀ ਗੁਣਾਂ ਵਾਲੇ ਪੱਤਰਕਾਰ, ਸੰਪਾਦਕ ਤੇ ਗੁਣੀ ਗਿਆਨੀ,  ਇਕ-ਇਕ ਕਰ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕੇ ਹਨ। ਇਕ ਤਕਨੀਕੀ ਕਾਮਾ ਜਿਹੜਾ ਬਹੁ-ਕਲਾਵਾਂ ਦਾ ਮਾਲਕ ਹੈ ਤੇ ਕੌਫ਼ੀ ਹਾਊਸ ਵਿਚ ਇਲੈਕਟ੍ਰੀਸ਼ਨ ਤੋਂ ਇਲਾਵਾ ਸ਼ਾਮ ਵੇਲੇ ਕੌਫ਼ੀ ਬਣਾਉਣ ਵਿਚ ਮਦਦ ਕਰਦਾ ਹੁੰਦਾ ਸੀ, ਓਹੀ, ਜਿਉਂਦਾ ਬਚਿਆ ਹੈ।

ਜਦੋਂ ਕੌਫ਼ੀ ਹਾਊਸ ਆਬਾਦ ਹੁੰਦਾ ਸੀ ਉਦੋਂ ਇਹ ਵਿਅਕਤੀ ‘ਖਾਣ-ਪੀਣ’ ਵਾਲੇ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਮੰਗ ਮੁਤਾਬਕ ਦਾਰੂ ਦਾ ਪਊਆ, ਅਧੀਆ ਲਿਆ ਦਿੰਦਾ ਹੁੰਦਾ ਸੀ ਕਿਉਂਕਿ ਮੰਗਾਉਣ ਵਾਲੇ ਬਖ਼ਸ਼ੀਸ਼ ਦੇਣ ਦੇ ਬੜੇ ਪੱਕੇ ਸਨ। ਅੱਜਕਲ੍ਹ ਦੇ ਉਹ ਮੁੰਡੇ-ਕੁੜੀਆਂ,  ਜਿਹੜੇ ਬੇ-ਉਸਤਾਦੇ ਹਨ ਤੇ ਲੈਪਟੌਪ, ਮੋਬਾਈਲ ‘ਤੇ ਲਗਾਤਾਰ ਉਂਗਲੀਆਂ ਚਲਾਉਣ ਕਰ ਕੇ, ਪ੍ਰੈੱਸ ਨੋਟ ਅਧਾਰਤ ਪੱਤਰਕਾਰੀ ਕਰ ਰਹੇ ਹਨ, ਸੰਸਥਾਵਾਂ ਦੀ ਪੀ.ਆਰ. (ਲੋਕ ਸੰਪਰਕੀ) ਕਰਦੇ ਹਨ, ਉਨ੍ਹਾਂ ਦੀ ਕੌਫ਼ੀ ਹਾਊਸ ਆਬਾਦ ਹੋਣ ਜਾਂ ਨਾ ਹੋਣ ਵਿਚ ਕੋਈ ਦਿਲਚਸਪੀ ਨਹੀਂ ਹੈ। ਸਰੋਕਾਰਾਂ ਤੋਂ ਟੁੱਟੇ ਇਹ ਕੁੜੀਆਂ ਮੁੰਡੇ, ਅਜੀਬੋ ਗ਼ਰੀਬ ਮਾਨਸਿਕ ਹਾਲਤ ਦਾ ਪ੍ਰਗਟਾਵਾ ਕਰਦੇ ਨਜ਼ਰੀਂ ਪੈਂਦੇ ਹਨ. ਪੱਤਰਕਾਰ ਹਨ ਪਰ ਅਖ਼ਬਾਰਾਂ ਤੇ ਰਸਾਲੇ ਪੜ੍ਹ ਕੇ ਖੁਸ਼ ਨਹੀਂ ਹਨ.

ਆਓ ਪੁਰਾਣੇ ਜ਼ਮਾਨੇ ਵਿਚ ਚੱਲਦੇ ਹਾਂ, ਉਸ,  ਕੌਫ਼ੀ ਹਾਊਸ ਵਿਚ ਆਉਣ ਵਾਲੇ ਵਿਦਵਾਨ ਬੰਦੇ ਪੰਜ ਰੁਪਏ ਵਿਚ ਕੌਫ਼ੀ ਦਾ ਇਕ ਕੱਪ ਪੀਂਦੇ ਹੁੰਦੇ ਸਨ, ਜੋ ਉਦੋਂ ਕਾਫ਼ੀ ਮਹਿੰਗਾ ਸੀ। ਤਲਵੰਡੀ ਸਲੇਮ ਤੋਂ ਆਉਂਦਾ ਪਾਸ਼ ਇੱਥੇ ਬਹਿ ਕੇ ‘ਸਿਆੜ’, ‘ਜਨਤਕ ਲੀਹ’ ਤੇ ‘ਰੋਹਿਲੇ ਬਾਣ’ ਦੀ ਤਰਤੀਬ ਬਣਾਉਂਦਾ ਹੁੰਦਾ ਸੀ। ਉਸ ਦਾ ਦੋਸਤ ਅਮਿਤੋਜ, ਜਿਹੜਾ ਕਦੇ ਕ੍ਰਿਸ਼ਨ ਕੰਵਲ ਬਣਿਆ, ਕਦੇ ਕ੍ਰਿਸ਼ਨ ਅਦੀਬ ਵੀ ਬਣਿਆ, ਉਹ ‘ਅਮਿਤੋਜ ਹੋ ਜਾਣ ਮਗਰੋਂ’ ਵੀ ਏਥੇ ਜ਼ਰੂਰ ਆਉਂਦਾ ਸੀ। ਕੌਫ਼ੀ ਹਾਊਸ ਵਿਚ ਨਾਟਕਕਾਰ ਸੁਰਜੀਤ ਸੇਠੀ, ਪ੍ਰੋ. ਮੋਹਨ ਸਿੰਘ, ਸ਼ਾਮ ਲਾਲ ਤਾਲ਼ਿਬ, ਭਗਵਾਨ ਦਾਸ ਸ਼ਾਦ,  ਕਹਾਣੀਨਿਗ਼ਾਰ ਪ੍ਰੇਮ ਪ੍ਰਕਾਸ਼ ਖੰਨਵੀ, ਅਮਰਜੀਤ ਚੰਦਨ,  ਸੁਰਜੀਤ ਜਲੰਧਰੀ (ਜੀਵਨ ਸਿੰਘ ਸਰੀਂਹ), ਫ਼ਿਕਰ ਤੌਸਵੀ, ਜਗਜੀਤ ਅਨੰਦ, ਸੁਰਜਣ ਜ਼ੀਰਵੀ,  ਗੁਰਬਖ਼ਸ਼ ਸਿੰਘ ਬੰਨੋਆਣਾ, ਸੁਹੇਲ ਸਿੰਘ ਵੱਲੋਂ ਪ੍ਰਵਾਨ ਕੀਤੇ ਤੇ ਅਪ੍ਰਵਾਨ ਕੀਤੇ ਸ਼ਾਗ਼ਿਰਦ ਲਗਾਤਾਰ ਆਉਂਦੇ ਤੇ ਬਹਿੰਦੇ ਹੁੰਦੇ ਸਨ। ਇਥੇ ‘ਜਨਤਕ ਲਹਿਰ’ ਤੇ ‘ਲੋਕ ਲਹਿਰ’ ਨਾਲ ਸਬੰਧਤ ਕਈ ਜ਼ਹੀਨ ਨਾਮਾਨਿਗ਼ਾਰ, ਕਾਲਮਨਿਗ਼ਾਰ ਬੜੀ ਸ਼ੌਕਤ ਨਾਲ ਆਉਂਦੇ ਸਨ।

ਕੌਫ਼ੀ ਹਾਊਸ ਵਿਚ ਮਹਿਫ਼ਿਲ ਜੁੜਦੀ ਤਾਂ ਨੇੜੇ ਪੈਂਦੇ ਭਗਤ ਸਿੰਘ ਚੌਕ ਤੋਂ ਆਪੋ-ਆਪਣੇ ਦਫ਼ਤਰਾਂ ਤੋਂ, ਸੁਰਪਤ ਸਿੰਘ ਸੇਵਕ ਬਰਜਿੰਦਰ ਪ੍ਰੈਸ, ਇੰਦਰਜੀਤ ਅਣਖੀ, ਸ. ਸ. ਮੀਸ਼ਾ,  ਅਮਰਜੀਤ ਅਕਸ, ਐੱਸ ਬਲਵੰਤ,  ਸੁਦਰਸ਼ਨ ਫ਼ਾਕਿਰ, ਬਲਵੀਰ ਨਿਰਦੋਸ਼,  ਦੀਪਕ ਜਲੰਧਰੀ, ਰੇਸ਼ਮ ਨਵਾਂ ਜ਼ਮਾਨਾ, ਚੰਦ ਫ਼ਤਹਿਪੁਰੀ, ਜਸਵਿੰਦਰ ਅਨੰਦ,  ਹਰਚਰਣਜੀਤ ਮੌਜੀ ਜੱਗਬਾਣੀ,  ਬਖ਼ਸ਼ਿੰਦਰ (ਹੁਣ ਕਨੇਡਾ ਵਾਸੀ),  ਡਾ. ਰਘਵੀਰ ਸਿੰਘ,  ਹਰਜਿੰਦਰ ਸਿੰਘ ਦਿਲਗ਼ੀਰ ਤੇ ‘ਬਿੰਦੂ’ ਰਸਾਲੇ ਵਾਲੇ ਇੰਦਰਪਾਲ ਛਾਬੜਾ ਤੇ ਬਹਾਦਰ ਸਿੰਘ ਦੀਦਾਵਰ,  ਡਾ. ਦਰਸ਼ਨ ਸਿੰਘ ਸੰਪਰਕ ਤੇ ਹੋਰ ਲਿਖਾਰੀ ਜ਼ਰੂਰ ਆਉਂਦੇ ਸੀ

ਕਦੇ-ਕਦੇ ਡਾ. ਜਗਜੀਤ ਸਿੰਘ ਚੌਹਾਨ (ਵੱਖਵਾਦੀ ਆਗੂ) ਵੀ ਇਥੇ ਆ ਜਾਂਦਾ ਸੀ ਕਿਉਂਜੋ ਉਸ ਦਾ ਕਲੀਨਿਕ ਲਾਗੇ ਹੀ ਹੁੰਦਾ ਸੀ। ਉਦੋਂ ਕੌਫ਼ੀ ਹਾਊਸ ਵਿਚ ਬਹਿਣ ਵਾਲੇ ਅਦੀਬਾਂ ਵਿਚ ਨੌਨਿਹਾਲ ਸਿੰਘ ਵੀ ਹੁੰਦੇ ਸਨ, ਜਿਨ੍ਹਾਂ ਦੀ ਜ਼ਮੀਨ ‘ਤੇ ਦਿਲਕੁਸ਼ਾ ਮਾਰਕੀਟ ਉੱਸਰੀ ਹੋਈ ਹੈ। ਕੌਫ਼ੀ ਹਾਊਸ ਵਿਚ ਬਹਿਣ ਵਾਲੇ ਬਹੁਤੇ ਲੋਕ ਸਦੀਵੀ ਵਿਛੋੜਾ ਦੇ ਚੁੱਕੇ ਹਨ ਜਦਕਿ ਕੁਝ ਲੋਕ ਰਾਜਸੀ ਪਣਾਹ ਲੈ ਕੇ ਵਿਕਸਤ ਦੁਨੀਆਂ ਦੇ ਮੁਲਕਾਂ ਵਿਚ ਟਿਕ ਗਏ ਹੋਏ ਹਨ।

‘ਉਹ’ ਇਲੈਕਟ੍ਰੀਸ਼ਨ ਹਾਲੇ ਸਹੀ ਸਲਾਮਤ ਹੈ ਤੇ ਮੀਡੀਆ ਇੰਡਸਟਰੀ ਵਿਚ ਈ ਹੈ। ਉਹ ਸ਼ਾਮ ਵੇਲੇ ਕਲੱਬ ਵਿਚ ਜਾਂਦਾ ਹੈ ਤੇ ਜਿੱਥੇ ਸ਼ਰਾਬ-ਬੀਅਰ ਵਰਤਾਉਣ ਵਾਲਾ ਕਾਉਂਟਰ ਹੈ, ਉਥੇ ਸੇਵਾਵਾਂ ਦਿੰਦਾ ਹੈ। ਉਸ ਨੇ ਨਾਟਕਕਾਰਾਂ, ਕਲਮਕਾਰਾਂ, ਚਿੱਤਰਕਾਰਾਂ, ਕਾਲਮਨਿਗ਼ਾਰਾਂ, ਸਿਆਸਤਦਾਨਾਂ ਨੂੰ 1970 ਤੋਂ ਬਾਅਦ  ਦੇ ਦੌਰ ਵਿਚ ਚੁੰਝ ਲੜਾਉਂਦੇ, ਬਹਿਸਦੇ, ਝਗੜਦੇ ਤੇ ਮੁੜ ਕੇ ਹੱਸ ਹੱਸ ਕੇ ਕੌਫੀ ਪੀਂਦਿਆਂ ਵੇਖਿਆ ਹੋਇਆ ਹੈ, ਕੀ ਦੌਰ ਸੀ ਉਹ!! ਓਥੇ ਬੈਠਾ ਨਾਨਕ ਚੰਦ ਨਾਜ਼ ਕਈ ਵਾਰੀ ‘ਕੌਮੀ ਦਰਦ’ ਤੇ ‘ਜਥੇਦਾਰ’ ਦੀ ਸੰਪਾਦਕੀ ਬੈਠਿਆਂ ਬੈਠਿਆਂ ਲਿਖਦਾ ਹੁੰਦਾ ਸੀ, ਮਾਸਟਰ ਤਾਰਾ ਸਿੰਘ ਨਾਲ ਉਸ ਦੀ ਡੂੰਘੀ ਸਾਂਝ ਜੁ ਸੀ।

ਉਦੋਂ, ਨੰਦ ਲਾਲ ‘ਐਸ਼’, ਹਰੀਸ਼ ਚੰਦਰ ਚੱਢਾ, ਰਾਮਾਨੰਦ ਸਾਗਰ (ਨਿਰਮਾਤਾ ਲੜੀਵਾਰ ਰਾਮਾਇਣ) ਬੜੇ ਕਹਿੰਦੇ ਕਹਾਉਂਦੇ ਬੰਦੇ ਅਖ਼ਬਾਰੀ ਮੁਲਾਜ਼ਮ ਹੋਣ ਕਾਰਨ ਕੌਫ਼ੀ ਹਾਊਸ ਵਿਚ ਬੈਠਦੇ ਹੁੰਦੇ ਸਨ। ਲੰਡਨੋਂ ਜਦੋਂ ਵੀ ਸਾਥੀ ਲੁਧਿਆਣਵੀ ਨੇ ਆਉਣਾ ਤਾਂ ਇਥੇ ਹਾਜ਼ਰੀ ਲੁਆ ਕੇ ਜਾਣਾ। ਓਥੇ ਸਾਅਦਤ ਹਸਨ ਮੰਟੋ ਤੋਂ ਲੈ ਕੇ ਮੁਨਸ਼ੀ ਪ੍ਰੇਮ ਚੰਦ ਦੀਆਂ ਗੱਲਾਂ ਹੁੰਦੀਆਂ। ਇਥੇ ਪਾਦਰੀ ਗ਼ੁਲਾਮ ਕਾਦਿਰ, ਸ਼ਾਇਰ ਹਫ਼ੀਜ਼ ਜਲੰਧਰੀ, ਜਨਰਲ ਜ਼ਿਆ ਉਲ ਹੱਕ, ਮੈਕਸਿਮ ਗੋਰਕੀ, ਅਲਬਰਤ ਕਾਮੂ, ਮਿਸ਼ੇਲ ਫੂਕੋ ਤੋਂ ਲੈ ਕੇ ਜੁੱਡੂ ਕ੍ਰਿਸ਼ਨਾਮੂਰਥੀ ਤੇ ਰਜਨੀਸ਼ ਬਾਰੇ ਚਰਚੇ ਚੱਲਦੇ ਰਹਿੰਦੇ। ‘ਦੇਸ ਪੰਜਾਬ’ ਵਾਲੇ ਹਰਚਰਨ ਸਿੰਘ ਜਲੰਧਰ ਦੀ ਏਸ ਬੁੱਧੀਜੀਵੀ ਸੱਥ ਬਾਰੇ ਜਾਣਦੇ ਸਨ।

ਉਹ ਗੁਣਵੰਤੇ ਪੱਤਰਕਾਰ, ਲੇਖਕ  ਇਹੋ ਜਿਹੇ ਸਨ, ਜਿਨ੍ਹਾਂ ਦੇ ਮਿੱਤਰ ਜਨਾਬ ਕਾਰਦਾਰ ਵਰਗੇ ਬਰੀਕ ਸਮਝ ਵਾਲੇ ਨਾਮਵਰ ਫ਼ਿਲਮਕਾਰ ਸਨ। ਇਕ ਵਾਰੀ ਕੁਝ ਲੋਕ ‘ਸ਼ਾਯਦ’ ਤੇ ‘ਏਕ ਸੇਲਜ਼ਮੈਨ ਕੀ ਆਤਮਕਥਾ’ ਆਦਿ ਫਿਲਮਾਂ ਦੇ ਕਹਾਣੀ ਰਚੇਤਾ ਜੈ ਪ੍ਰਕਾਸ਼ ਚੌਕਸੇ ਨੂੰ ਇਥੇ ਲਿਆਉਣਾ ਚਾਹੁੰਦੇ ਸਨ ਪਰ ਗੱਲ ਵਿਚਾਲੇ ਰਹਿ ਗਈ ਸੀ। ਚੌਕਸੇ ਦੋ ਦਹਾਕਿਆਂ ਤੋਂ ਹਿੰਦੀ ਅਖ਼ਬਾਰ ਗਰੁੱਪ ਭਾਸਕਰ ਲਈ ‘ਪਰਦੇ ਕੇ ਪੀਛੇ’ ਨਾਂ ਹੇਠ ਕਾਲਮਨਿਗ਼ਾਰੀ ਕਰ ਰਹੇ ਹਨ ਤੇ ਅੰਤਹੀਣ ਜਾਣਕਾਰੀਆਂ ਦੇ ਮਾਲਕ ਹਨ। ਫਿਲਮਾਂ ਦੇ ਬਹਾਨੇ ਫ਼ਲਸਫ਼ੇ ਦੀਆਂ ਬਾਤਾਂ ਪਾਉਂਦੇ  ਹਨ।

ਕੌਫ਼ੀ ਹਾਊਸ ਦਾ ਮਤਲਬ ਕੱਤਈ ਤੌਰ ‘ਤੇ ਇਹ ਨਹੀਂ ਕਿ ਉਥੇ ਸਿਰਫ ਕੌਫ਼ੀ ਹੀ ਪੀਣੀ ਹੁੰਦੀ ਸੀ, ਇਹਦੇ ਲਈ ਤਾਂ ਕੈਫ਼ੇ ਕੌਫ਼ੀ ਡੇਅ ਵੀ ਹੈਗਾ ਐ। ਦਰਅਸਲ ਪੈਰਿਸ (ਫਰਾਂਸ) ਦੇ ਕੌਫ਼ੀ ਹਾਊਸ ਵਾਂਗ ਓਥੇ ਵੀ ਗੱਪਸ਼ੱਪ ਤੋਂ ਇਲਾਵਾ ਬੌਧਿਕ ਬਹਿਸਾਂ ਤੇ ਸਮਕਾਲੀਨ ਸਿਆਸੀ ਸੂਰਤੇਹਾਲ ਵਿਚਾਰਣ ਤੋਂ ਇਲਾਵਾ ਸਾਹਿਤਕ ਸਰੋਕਾਰਾਂ ਤੇ ਵਾਕਿਆਤੀ ਖ਼ਬਰਾਂ ਬਾਰੇ ਡੂੰਘੀ ਗੱਲਬਾਤ ਚੱਲਦੀ ਰਹਿੰਦੀ ਸੀ। ਉਹ ਬਿਜਲੀ ਮਿਸਤਰੀ ਜਿਹੜਾ ਹੁਣ ਪ੍ਰੈੱਸ ਕਲੱਬ ਦੇ ਬੀਅਰ ਕਾਉਂਟਰ ‘ਤੇ ਵੀ ਤਾਇਨਾਤ ਹੈ, ਅਜੋਕੇ ਦੌਰ ਦੇ ਪੱਤਰਕਾਰਾਂ ਤੇ ਖ਼ਾਸਕਰ ਨਵਿਆਂ ਦੇ ਰੰਗ-ਢੰਗ ਦੇਖਦਾ ਰਹਿੰਦਾ ਹੈ। ਉਹ ਆਪਣੇ ਲਫ਼ਜ਼ਾਂ ਵਿਚ ਇਹ ਦੱਸ ਤਾਂ ਨਹੀਂ ਸਕਦਾ ਕਿ ਨਵਿਆਂ ਤੇ ਟਕਸਾਲੀ ਪੱਤਰਕਾਰਾਂ, ਲਿਖਾਰੀਆਂ ਦੀ ਸ਼ਖ਼ਸੀਅਤ ਕਿਹੋ ਜਿਹੇ ਬਰੀਕ  ਫ਼ਰਕ ਸਨ ਪਰ ਕੁਝ ਅਣਕਹੇ ਅਲ਼ਫ਼ਾਜ਼ ਉਸ ਦੇ ਜ਼ਿਹਨ ਵਿਚ ਰੁਕੇ ਹੋਏ ਹਨ।

ਹੁਣ ਬਹਿਸਾਂ ਕਰਨੀਆਂ, ਵਿਚਾਰ ਵਟਾਂਦਰਾ ਕਰਨਾ ‘ਜ਼ਿਆਦਾ ਬੋਲਣ ਦੇ ਬਰਾਬਰ’ ਮੰਨ ਲਿਆ ਗਿਆ ਕਿ ਇਕ ਸਮਾਜਕ ਜੁਰਮ ਹੈ। ਇਸ਼ਤਿਹਾਰੀ ਪਾਰਟੀਆਂ ਨਾਲ ਸੰਪਰਕ ਜੋੜਣ ਵਿਚ ਲੱਗੇ ਨਵਿਆਂ ਦੀ ਮਹਿਫ਼ਿਲ ਵਿਚ ਕੌਫ਼ੀ ਹਾਊਸ ਦਾ ਜ਼ਿਕਰ ਕਰਨਾ ਕੁਥਾਂ ਹੁੰਦਾ ਹੈ, ਨਵੇਂ ਬੰਦੇ ‘ਬੀਤੇ ਦੀ ਪੂਛ ‘ਤੇ ਕੰਘੀ ਨਹੀਂ ਫੇਰਣੀ’ ਚਾਹੁੰਦੇ, ਜੋ ਬੀਤ ਗਿਆ, ਸੋ ਬੀਤ ਗਿਆ!!!

ਗਜ਼ਲ ਗਾਇਨ ਨੂੰ ਸਧਾਰਨ ਲੋਕਾਂ ਤਕ ਲੈ ਕੇ ਜਾਣ ਵਾਲੇ ਜਗਜੀਤ ਸਿੰਘ ਦਾ ਵੀ ਏਸ ਕੌਫ਼ੀ ਹਾਊਸ ਨਾਲ ਜਜ਼ਬਾਤੀ ਰਿਸ਼ਤਾ ਰਿਹਾ ਹੈ। ਗੱਲ ਉਨ੍ਹਾਂ ਵੇਲਿਆਂ ਦੀ ਹੈ, ਜਦੋਂ ਜਗਜੀਤ ਸਿੰਘ ਜਲੰਧਰ ਦੇ ਡੀਏਵੀ ਕਾਲਜ ਵਿਚ ਪੜ੍ਹਦੇ ਸਨ, ਉਦੋਂ ਉਹ ਜਦੋਂ ਕੌਫ਼ੀ ਹਾਊਸ ਆਉਂਦੇ ਸਨ, ਮਗਰੇ ਉਨ੍ਹਾਂ ਦੇ ਦੋਸਤ ਪੱਜ ਜਾਂਦੇ ਸਨ। ਇਸ ਦੌਰਾਨ ਗਾਣਿਆਂ ਤੇ ਗ਼ਜ਼ਲਾਂ ਦਾ ਦੌਰ ਚੱਲਦਾ ਸੀ। ਪਰ ਮੁਫ਼ਲਿਸੀ ਕਾਰਨ ਉਹ ਕੌਫ਼ੀ ਦੇ ਪੈਸੇ ਦਿੱਤੇ ਬਿਨਾਂ ਨਿਕਲ ਜਾਂਦੇ ਸਨ ਜਦਕਿ ਸੰਚਾਲਕ ਸੰਤੋਖ ਸਿੰਘ ਨੇ ਕਦੇ ਪੈਸੇ ਨਹੀਂ ਮੰਗੇ ਸਨ। ਵਕਤ ਬੀਤਦਾ ਗਿਆ… ਜਗਜੀਤ ਸਿੰਘ, ਗ਼ਜ਼ਲ ਗਾਇਨ ਦੇ ਸਦਕਾ ਮਸ਼ਹੂਰ ਆਲਮ ਹੋ ਗਏ।

ਮਸ਼ਹੂਰ ਹੋਣ ਪਿੱਛੋਂ ਉਹ ਕੌਫ਼ੀ ਪੀਣ ਲਈ ਪੁੱਜੇ ਸਨ ਤੇ ਬੀਤੇ ਵੇਲਿਆਂ ਨੂੰ ਯਾਦ ਕਰਦੇ ਰਹੇ। 1959 ਵਿਚ ਜਲੰਧਰ ਵਿਚ ਪੜ੍ਹਣ ਆਏ ਜਗਜੀਤ ਨੇ ਗ੍ਰੈਜੂਏਸ਼ਨ ਕਰਨ ਲਈ ਡੀਏਵੀ ਵਿਚ ਦਾਖ਼ਲਾ ਲਿਆ। ਇਸ ਮਗਰੋਂ ਆਲ ਇੰਡੀਆ ਰੇਡੀਓ ਤੋਂ ਉਨ੍ਹਾਂ ਦੇ ਕਰੀਅਰ ਦੀ ਇਹੋ ਜਿਹੀ ਅਰੰਭਤਾ ਹੋਈ ਕਿ ਉਹ ਮੁੰਬਈ ਦੀ ਫਿਲਮੀ ਦੁਨੀਆਂ ਵਿਚ ਛਾ ਗਏ ਸਨ। 1969 ਵਿਚ ਉਨ੍ਹਾਂ ਨੇ ਬੰਗਾਲੀ ਪਿਛੋਕੜ ਦੀ ਗੁਲੂਕਾਰ ਚਿੱਤਰਾ ਨਾਲ ਵਿਆਹ ਕੀਤਾ ਤੇ ਘਰ ਵਿਚ ਅਕਸਰ ਪਤਨੀ ਤੇ ਪੁੱਤਰ ਵਿਵੇਕ ਨਾਲ ਇਸ ਕੌਫ਼ੀ ਹਾਊਸ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਜਵਾਨ ਪੁੱਤ ਦੀ ਮੌਤ ਮਗਰੋਂ ਪੰਜਾਬ ਆਉਣਾ ਘੱਟ ਗਏ ਸਨ.

ਕੌਫ਼ੀ ਹਾਊਸ ਚਾਹੁੰਦਾ ਹੈ ਕਿ ਉਹਦਾ ਜ਼ਿਕਰ ਹੁੰਦਾ ਰਹੇ, ਜਦੋਂ ਤਰਸੇਮ ਪੁਰੇਵਾਲ,  ਜਲੰਧਰ ਵਿਚ ਅਖ਼ਬਾਰ ਵਿਚ ਕੰਮ ਛੱਡ ਕੇ,  ਨਵੇਂ ਦਿਸਹੱਦਿਆਂ ਦੀ ਭਾਲ ਵਿਚ ਸਾਊਥਾਲ (ਇੰਗਲੈਂਡ) ਗਿਆ ਤਾਂ ਉੱਥੇ ਪੰਜਾਬੀਆਂ ਦੇ ਸ਼ਰਾਬਖ਼ਾਨੇ ‘ਗਲਾਸੀ ਜੰਕਸ਼ਨ’ ਦੇ ਬਗਲ ਵਿਚ ਉਸ ਨੇ ‘ਦੇਸ ਪ੍ਰਦੇਸ’ ਅਖ਼ਬਾਰ ਦਾ ਦਫ਼ਤਰ ਕਾਇਮ ਕਰ ਦਿੱਤਾ ਸੀ, ਬਹੁਤ ਸਾਰੇ ਪੰਜਾਬੀਆਂ ਦੇ ਸਾਂਝੇ ਹੰਭਲੇ ਸਦਕਾ ਉਸ ਦਾ ਖ਼ਬਰੀ  ਰਸਾਲਾ ਚੱਲ ਨਿਕਲਿਆ, ਉਹ ਕਦੇ ਕਦੇ ਲੰਡਨ ਦੀਆਂ ਮਹਿਫ਼ਿਲਾਂ ਵਿਚ ਜਲੰਧਰ ਦੇ ਕੌਫ਼ੀ ਹਾਊਸ ਦਾ ਜ਼ਿਕਰ ਕਰਦਾ ਸੀ ਪਰ ਸੁਣਨ ਵਾਲਿਆਂ ਨੂੰ ਕਦੇ ਯਕੀਨ ਨਹੀਂ ਆਉਂਦਾ ਸੀ ਕਿ ਇਹੋ ਜਿਹਾ ਕਿਹੜਾ ਕੌਫ਼ੀ ਹਾਊਸ ਬਣ ਗਿਐ, ਜਿੱਥੇ ਦਾਨਿਸ਼ਵਰ ਫ਼ਿਤਰਤ ਦੇ ਲਿਖਾਰੀ ਤੇ ਪੱਤਰਕਾਰ ਬਹਿੰਦੇ ਨੇ।

ਦਰਅਸਲ, ਪੰਜਾਬੀਆਂ ਨੂੰ ਤਾਂ ਆਪਣੇ ਦੋਆਬੇ, ਮਾਝੇ ਤੇ ਮਾਲਵੇ ਵਿਚ ਹੋਏ/ਵਾਪਰੇ ਦੀ ਖ਼ਬਰ ਚਾਹੀਦੀ ਸੀ, ਕਿਤਾਬ ਸੱਭਿਆਚਾਰ ਤੇ ਦਾਨਿਸ਼ਵਰੀ ਨਾਲ ਉਨ੍ਹਾਂ ਕਦੇ ਲਗਾਅ ਕੀਤਾ ਹੀ ਨਹੀਂ ਹੈ। ਕੌਫ਼ੀ ਹਾਊਸ, ਸਿਰਫ਼ ਕੌਫੀਖ਼ਾਨਾ ਨਹੀਂ ਸੀ, ਇਹ ਜ਼ਿੰਦਾ ਅਧਿਐਨਸ਼ਾਲਾ ਸੀ, ਇਹ ਜ਼ਿੰਦਾ ਲੋਕਾਂ ਦਾ ਮਰਕਜ਼ (ਕੇਂਦਰ) ਸੀ, ਕਾਸ਼! ਪੰਜਾਬੀ ਅਦੀਬ ਕੌਫ਼ੀਖ਼ਾਨੇ ਅਬਾਦ ਕਰਨ ਵਿਚ ਯਕੀਨ ਰੱਖਦੇ ਹੁੰਦੇ। ਅਸਲ ਵਿਚ ਸਾਨੂੰ ਇਤਿਹਾਸ ਰਚਣ ਤੇ ਇਤਿਹਾਸਕ ਅਹਿਮੀਅਤ ਵਾਲੇ ਕੇਂਦਰ ਸੰਭਾਲਣ ਦਾ ਕੋਈ ਲਗਾਅ ਨਹੀਂ ਹੈ। ਹਾਲਾਂਕਿ ਪਾਸ਼ ਨੂੰ ‘ਦੇਸ ਪ੍ਰਦੇਸ’ ਦੀ ਪੱਤਰ ਪ੍ਰੇਰਕੀ ਵੀ ਰਾਸ ਨਹੀਂ ਆਈ ਸੀ, ਇਹ ਵੱਖਰੀ ਭਾਂਤ ਦੀ ਗੱਲ ਹੈ। ਕੌਫ਼ੀ ਹਾਊਸ ਮੀਡੀਆ ਦੀ ਰਾਜਧਾਨੀ ਵਿਚ ਤਾਂ ਹੋਣਾ ਹੀ ਚਾਹੀਦੈ ਕਿਉਂਕਿ ਇਹਦੇ ਤੋਂ ‘ਗੌਸਿਪ ਹਾਊਸ’ ਦਾ ਕੰਮ ਲੈਣਾ ਪੈ ਜਾਂਦੈ। ਭਾਵੇਂ ਵਿਰਸਾ ਵਿਹਾਰ ਵਿਚ ਆਰ.ਕੇ. ਟੀ. ਕੌਫ਼ੀ ਹਾਉਸ ਚੱਲ ਰਿਹਾ ਹੈ ਪਰ ਓਹ ਗੱਲ ਨਈਂ ਬਣ ਰਹੀ.. ! ਆਓ, ਅਜ਼ੀਜ਼ੋ ਹਾਲਾਤ ਸਾਜ਼ਗਾਰ ਕਰੀਏ !

ਆਖ਼ਰੀ ਗੱਲ :
ਕੌਫੀ ਹਾਊਸ ਬਾਰੇ ਬੁੱਧੀਜੀਵੀ ਹਰਜਿੰਦਰ ਸਿੰਘ  ਦਿਲਗੀਰ ਦੀ ਟਿੱਪਣੀ (ਅੰਗਰੇਜ਼ੀ ਜ਼ੁਬਾਨ ਵਿਚ)
Dilgeer, 11 February 2018 at 08:09
I love those 12 years during which I did not miss this Coffee House even for a single day. I learnt a lot from senior intellectuals, Ajit Kumar, Rajinder Rajan, Pritpal Singh and several other journalists, friends and also from acquaintances. I also remember Sudershan Faqir the great poet, Huma Harnalvi, Naresh Kumar Shad and Sadhu Singh Hamdard who would sometimes visit this Coffee House. I also remember Des Raj Kalia and other teachers of academies in Chahar Bagh (where I too had been teaching).
Those were golden days of my life; and, are ever fresh in my memories. I miss those days..!

ਯਾਦਵਿੰਦਰ
ਸਰੂਪ ਨਗਰ ਗਲੀ, ਰਾਊਵਾਲੀ,
ਜਲੰਧਰ. NH 44
Ph+91 94653 29617
Previous articleਯੋਧਿਓ, ਪੈਰ ਪੈਰ ‘ਤੇ ਦਿੱਲੀ !
Next articleਹਲਕਾ ਵਿਧਾਇਕ ਪਵਨ ਆਦੀਆ ਨੇ ਸ਼ਾਮਚੁਰਾਸੀ ’ਚ ਕੀਤਾ ਚੋਣ ਪ੍ਰਚਾਰ ਤੇਜ਼