ਕੋਲਕਾਤਾ (ਸਮਾਜ ਵੀਕਲੀ): ਮਮਤਾ ਬੈਨਰਜੀ ਕੈਬਨਿਟ ਤਿਆਗਣ ਵਾਲੇ ਟੀਐਮਸੀ ਆਗੂ ਰਾਜੀਬ ਬੈਨਰਜੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੇ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਕਿਆਸਰਾਈਆਂ ਹਨ ਕਿ ਉਹ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਸਾਬਕਾ ਜੰਗਲਾਤ ਮੰਤਰੀ ਜੋ ਕਿ ਦੋਮਜੁਰ ਹਲਕੇ ਤੋਂ ਵਿਧਾਇਕ ਹਨ, ਅੱਜ ਸਵੇਰੇ ਸੂਬਾਈ ਵਿਧਾਨ ਸਭਾ ਗਏ ਤੇ ਸਪੀਕਰ ਬਿਮਾਨ ਬੈਨਰਜੀ ਨੂੰ ਅਸਤੀਫ਼ਾ ਸੌਂਪ ਦਿੱਤਾ।
ਰਾਜੀਬ ਬੈਨਰਜੀ ਨੇ ਕਿਹਾ ਕਿ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ, ਜਿਸ ਲਈ ਉਹ ਸ਼ੁਕਰਗੁਜ਼ਾਰ ਹਨ। ਬੈਨਰਜੀ ਨੇ ਕਿਹਾ ਕਿ ਪਾਰਟੀ ਛੱਡਣ ਬਾਰੇ ਅਜੇ ਉਨ੍ਹਾਂ ਕੋਈ ਫ਼ੈਸਲਾ ਨਹੀਂ ਲਿਆ ਹੈ। ਇਸ ਬਾਰੇ ਰੁਖ਼ ਭਲਕੇ ਸਪੱਸ਼ਟ ਕਰਨਗੇ। ਭਾਜਪਾ ਵਿਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਣਾ ਜ਼ਰੂਰੀ ਹੈ। ਹਾਲਾਂਕਿ ਨਾਲ ਹੀ ਬੈਨਰਜੀ ਨੇ ਸਪੱਸ਼ਟ ਕੀਤਾ ਕਿ ਹਾਲੇ ਉਨ੍ਹਾਂ ਦੀ ਕਿਸੇ ਭਾਜਪਾ ਆਗੂ ਨਾਲ ਗੱਲਬਾਤ ਨਹੀਂ ਹੋਈ ਹੈ।