ਪੰਜਾਬ ਸਰਕਾਰ ਨੂੰ ਨਗਰ ਪਾਲਿਕਾਵਾਂ ਦੀਆਂ ਚੋਣਾਂ ਮੁਲਤਵੀ ਕਰਨ ਦੀ ਅਪੀਲ
ਸੰਗਰੂਰ, 25 ਜਨਵਰੀ (ਰਮੇਸ਼ਵਰ ਸਿੰਘ) “ਦਰਪੇਸ਼ ਚੁਣੌਤੀਆਂ ਹੀ ਕਲਮਕਾਰਾਂ ਵੱਲੋਂ ਲਿਖੀਆਂ ਜਾ ਰਹੀਆਂ ਲਿਖਤਾਂ ਨੂੰ ਜੁਝਾਰੂ ਬਣਾਉਂਦੀਆਂ ਹਨ ਅਤੇ ਲੋਕ ਲਹਿਰਾਂ ਦੀ ਉਸਾਰੀ ਵਿੱਚ ਜੁਝਾਰੂ ਕਲਮਾਂ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ।” ਇਹ ਸ਼ਬਦ ਉੱਘੇ ਲੋਕ ਗਾਇਕ ਅਤੇ ਪੰਜਾਬੀ ਸਾਹਿਤ ਸਭਾ (ਰਜਿ:) ਧੂਰੀ ਦੇ ਜਨਰਲ ਸਕੱਤਰ ਗੁਰਦਿਆਲ ਨਿਰਮਾਣ ਨੇ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਕਰਵਾਏ ਗਏ ਨਾਮਵਰ ਗ਼ਜ਼ਲਕਾਰ ਰਣਜੀਤ ਸਿੰਘ ਧੂਰੀ ਦੇ ਰੂ-ਬ-ਰੂ ਸਮਾਗਮ ਵਿੱਚ ਵਿੱਚ ਬੋਲਦਿਆਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹੇ।
ਉਨ੍ਹਾਂ ਨੇ ਕਿਹਾ ਕਿ ਬੜੀ ਤਸੱਲੀ ਵਾਲੀ ਗੱਲ ਹੈ ਕਿ ਸਾਹਿਤਕਾਰ ਕਿਸਾਨ ਅੰਦੋਲਨ ਵਿੱਚ ਬੜਾ ਜ਼ਿਕਰਯੋਗ ਅਤੇ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਸਮਾਗਮ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਕਾਮਰੇਡ ਸੁਖਦੇਵ ਸ਼ਰਮਾ ਨੇ ਗਣਤੰਤਰ ਦਿਵਸ ਦੀ ਚਰਚਾ ਕਰਦਿਆਂ ਕਿਹਾ ਕਿ ਅਜੋਕਾ ਗਣਤੰਤਰ ਗਣਾਂ ਦਾ ਤੰਤਰ ਹੋਣ ਦੀ ਬਜਾਏ, ਗਣਾਂ ਉੱਤੇ ਤੰਤਰ ਬਣ ਕੇ ਰਹਿ ਗਿਆ ਹੈ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਰਣਜੀਤ ਸਿੰਘ ਧੂਰੀ ਨੇ ਕਿਹਾ ਕਿ ਉਨ੍ਹਾਂ ਦੀ ਲੇਖਣੀ ਦਾ ਇੱਕੋ ਇੱਕ ਮਕਸਦ ਤੰਗੀਆਂ-ਤੁਰਸ਼ੀਆਂ ਦੇ ਭੰਨੇ ਆਮ ਆਦਮੀ ਦੇ ਦੁੱਖਾਂ-ਦਰਦਾਂ ਦੀ ਗੱਲ ਕਰਨਾ ਹੀ ਹੈ।
ਇਸ ਮੌਕੇ ਉਨ੍ਹਾਂ ਨੇ ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਠਰ੍ਹਮੇ ਅਤੇ ਤਸੱਲੀਬਖ਼ਸ਼ ਢੰਗ ਨਾਲ ਦਿੱਤੇ। ਆਪਣੇ ਨਵੇਂ ਛਪੇ ਗ਼ਜ਼ਲ-ਸੰਗ੍ਰਹਿ ‘ਆਵਾਜ਼ ਤੋਂ ਰਬਾਬ ਤੱਕ’ ਵਿੱਚੋਂ ਉਨ੍ਹਾਂ ਨੇ ਆਪਣੀਆਂ ਕੁੱਝ ਚੋਣਵੀਂਆਂ ਗ਼ਜ਼ਲਾਂ ਵੀ ਪੜ੍ਹ ਕੇ ਸੁਣਾਈਆਂ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫ਼ੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਦੇ ਬਹੁਤੇ ਲੋਕ ਇਸ ਵੇਲੇ ਰਾਜਧਾਨੀ ਦੀਆਂ ਹੱਦਾਂ ਜਾਂ ਸਥਾਨਕ ਰੋਸ ਧਰਨਿਆਂ ਵਿੱਚ ਰੁੱਝੇ ਹੋਏ ਹਨ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਫਰਵਰੀ ਮਹੀਨੇ ਵਿੱਚ ਕਰਵਾਈਆਂ ਜਾ ਰਹੀਆਂ ਨਗਰ ਪਾਲਿਕਾਵਾਂ ਦੀਆਂ ਚੋਣਾਂ ਨੂੰ ਅਣਮਿੱਥੇ ਸਮੇਂ ਲਈ ਰੱਦ ਕੀਤਾ ਜਾਵੇ।
ਸੁਰਜੀਤ ਸਿੰਘ ਮੌਜੀ ਵੱਲੋਂ ਗਾਏ ਗਏ ਇਨਕਲਾਬੀ ਗੀਤ ‘ਮੋਦੀ ਨੂੰ ਚਿੱਠੀ’ ਨਾਲ ਸ਼ੁਰੂ ਹੋਏ ਗਣਤੰਤਰ ਦਿਵਸ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ ਵਿੱਚ ਗੁਰਦਿਆਲ ਨਿਰਮਾਣ ਰਣਜੀਤ ਸਿੰਘ ਧੂਰੀ ਦੀ ਗ਼ਜ਼ਲ, ਜਸਵੰਤ ਸਿੰਘ ਅਸਮਾਨੀ ਨੇ ਗੀਤ ‘ਤਾਰਾਂ ਪੱਟ ਕਰਾਦੇ ਰੱਬਾ ਮੇਲ ਪੰਜਾਬਾਂ ਦਾ’, ਜੰਗੀਰ ਸਿੰਘ ਰਤਨ ਨੇ ਕਵਿਤਾ ‘ਕਿਸਾਨ ਜੁਝਾਰੂ ਸੂਰਮੇ’, ਦਲਬਾਰ ਸਿੰਘ ਚੱਠੇ ਨੇ ‘ਬਹਿਜੇ ਥੋਡਾ ਬੇੜਾ ਬੇਈਮਾਨ ਲੀਡਰੋ’, ਸਤਪਾਲ ਪ੍ਰਾਸ਼ਰ ਧੂਰੀ ਤੇ ਅਮਰਜੀਤ ਸਿੰਘ ਅਮਨ ਨੇ ਦੋਗਾਣਾ ‘ਮੈਂ ਵਾਂ ਗਰਨਾਮ ਸਿਆਂ ਸ਼ੂਗਰ ਦਾ ਟੀਕਾ ਲਾਉਨੀ ਆਂ’, ਮੂਲ ਚੰਦ ਸ਼ਰਮਾ ਨੇ ਗੀਤ ‘ਅਸੀਂ ਦੱਸੋ ਕਿਹੜੇ ਪਾਸਿਓਂ ਆਜ਼ਾਦ ਹੋ ਗਏ’, ਰਜਿੰਦਰ ਸਿੰਘ ਰਾਜਨ ਨੇ ਗੀਤ ‘ਖੇਤਾਂ ਦੇ ਪੁੱਤ ਜਾਗ ਪਏ’, ਕਰਮ ਸਿੰਘ ਜ਼ਖ਼ਮੀ ਨੇ ਗੀਤ ‘ਸੁਰਖ਼ ਸਵੇਰ ਦਿਖਾਉਂਦਾ ਹੈ ਸੰਘਰਸ਼ ਕਿਸਾਨਾਂ ਦਾ’, ਸੁਖਵਿੰਦਰ ਸਿੰਘ ਲੋਟੇ ਨੇ ਗੀਤ ‘ਘੜ ਕੇ ਕਾਨੂੰਨ ਕਾਲੇ ਕਿਸਾਨਾਂ ਨੂੰ ਨਾ ਤੜਫਾ ਦਿੱਲੀਏ’, ਗੁਰਮੀਤ ਸਿੰਘ ਸੋਹੀ ਨੇ ਗ਼ਜ਼ਲ ‘ਕਿਉਂ ਹਾਕਮਾ ਬਣ ਗਿਆ ਏਨਾ ਆਦਮਖੋਰ ਤੂੰ’, ਸਤਪਾਲ ਸਿੰਘ ਲੌਂਗੋਵਾਲ ਨੇ ਗੀਤ ‘ਗਰਮ ਮੌਸਮ ਹੈ ਰੋਹ ਦਾ’, ਮੇਜਰ ਸਿੰਘ ਰਾਜਗੜ੍ਹ ਨੇ ਗ਼ਜ਼ਲ ‘ਸੂਰਜਾਂ ਦੀ ਸੋਚ ’ਤੇ’, ਕੁਲਵੰਤ ਖਨੌਰੀ ਨੇ ਗੀਤ ‘ਦਿੱਲੀਏ ਨੀ ਦੇਖੀਂ ਛੱਬੀ ਆਉਣ ਵਾਲੀ ਐ’, ਅਮਨ ਜੱਖਲਾਂ ਨੇ ਕਵਿਤਾ ‘ਸਮੇਂ ਸਮੇਂ ਦੀ ਗੱਲ’, ਮੱਖਣ ਸਿੰਘ ਸੇਖੂਵਾਸ ਨੇ ਗੀਤ, ਮੀਤ ਸਕਰੌਦੀ ਨੇ ਗੀਤ ‘ਧੰਨੇ ਵਾਰਸ ਧਰਤੀ ਪੁੱਤਰੋ’, ਗੁਰਪ੍ਰੀਤ ਮਦਾਨ ਨੇ ਕਵਤਾ, ਸੂਜਲ ਮਦਾਨ ਤੇ ਵਿਨਯਾ ਮਦਾਨ ਨੇ ਭੁਪਿੰਦਰ ਨਾਗਪਾਲ ਦੇ ਗੀਤ, ਗੋਬਿੰਦ ਸਿੰਘ ਤੂਰਬਨਜਾਰਾ ਨੇ ਗੀਤ ‘ਆਉਂਦੀਆਂ ਟਰਾਲੀਆਂ ਜਾਂਦੀਆਂ ਟਰਾਲੀਆਂ’, ਮੇਘ ਗੋਇਲ ਖਨੌਰੀ ਨੇ ਕਵਿਤਾ, ਧਰਮਵੀਰ ਸਿੰਘ ਨੇ ਗ਼ਜ਼ਲ, ਬਿੱਕਰ ਸਿੰਘ ਸਟੈਨੋ ਨੇ ਗੀਤ ‘ਕੰਮ ਨੂੰ ਇਸ਼ਟ ਬਣਾਓ’, ਲਾਭ ਸਿੰਘ ਝੱਮਟ ਨੇ ਧਾਰਮਿਕ ਗੀਤ, ਭੁਪਿੰਦਰ ਨਾਗਪਾਲ ਨੇ ਗੀਤ ‘ਕਿਰਤੀ ਕਿਸਾਨਾਂ ਦੀਆਂ ਤਦਬੀਰਾਂ ਰੋ ਰਹੀਆਂ’ ਅਤੇ ਬਲਜਿੰਦਰ ਈਲਵਾਲ ਨੇ ਗੀਤ ਗਾ ਕੇ ਭਾਗ ਲਿਆ। ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਾਕਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।