(ਸਮਾਜ ਵੀਕਲੀ)
ਮੁੰਡਾ ਚੌਂਕੀਦਾਰ ਲੱਗਿਆ, ਜੁਮਲੇ ਲਓ ਜੁਮਲੇ, ਗੋਦੀ ਮੀਡੀਆ ਜਿਹੇ ਗੀਤਾਂ ਨਾਲ਼ ਸਿਆਸੀ ਚੇਤਨਤਾ ਦਾ ਹੋਕਾ ਹੋਵੇ ਚਾਹੇ ਆਪਣੀ ਕਿਤਾਬ ਬੇਬਾਕੀਆਂ, ਅਖਬਾਰਾਂ, ਰਸਾਲਿਆਂ ਜਾਂ ਰੇਡੀਓ-ਟੀ.ਵੀ. ਵਾਰਤਾਵਾਂ ਵਿੱਚ ਲੇਖਾਂ, ਕਵਿਤਾਵਾਂ ਰਾਹੀਂ ਸਭਿਆਚਾਰਕ ਚੇਤਨਤਾ ਦਾ ਅਤੇ ਸਮਾਂ ਲੱਗੇ ਤੋਂ ਸਕੂਲ ਦਰ ਸਕੂਲ, ਪਿੰਡ ਦਰ ਪਿੰਡ ਪਹੁੰਚ ਵਾਤਾਵਰਣ ਸੰਭਾਲ ਤੇ ਇਨਕਲਾਬੀ ਵਿਚਾਰਧਾਰਾ ਦੇ ਪ੍ਰਚਾਰ ਦਾ।
ਬੱਸ ਛੋਟਾ ਜਿਹਾ ਸੰਕੇਤ ਮਿਲਣਾ ਚਾਹੀਦਾ ਹੈ ਰੋਮੀ ਘੜਾਮੇਂ ਵਾਲ਼ੇ ਨੂੰ ਤੇ ਛਾਲ਼ ਮਾਰ ਕੇ ਫੜ ਲੈਂਦਾ ਹੈ ਲੋਕ ਚੇਤਨਾ ਦੀ ਮਸ਼ਾਲ, ਜਾ ਡਟਦਾ ਹੈ ਬਿਲਕੁੱਲ ਮੂਹਰਲੀਆਂ ਸਫ਼ਾਵਾਂ ਵਿੱਚ ਹਿੱਕ ਡਾਹ ਕੇ ਅਤੇ ਤੁਰ ਪੈਂਦਾ ਹੈ ਦੇਹਲੀਉਂ-ਦੇਹਲੀ, ਡੰਡੀਉਂ-ਡੰਡੀ, ਗਲੀਉਂ-ਗਲੀ, ਸੜਕੋ-ਸੜਕ। ਬਿਨਾਂ ਕੋਈ ਪਰਵਾਹ ਕੀਤੇ ਭੁੱਖ, ਪਿਆਸ, ਨੀਂਦ-ਚੈਨ ਦੀ ਇੱਥੋਂ ਤੱਕ ਕਿ ਕਿਸੇ ਤਸ਼ੱਦਦ ਜਾਂ ਮੌਤ ਦੀ ਵੀ।
ਉਪਰੋਕਤ ਬਿਆਨ ਕੀਤੇ ਮਿੰਨੀ ਜਿੰਦਗੀਨਾਮੇ ਜਿਹੇ ਵਿੱਚ ਅਗਲੀ ਪੁਲਾਂਘ ਪੁੱਟਦਿਆਂ ਰੋਮੀ ਹਾਜ਼ਰ ਹੈ ਆਪਣਾ ਨਵਾਂ ਗੀਤ ‘ਮੈਂ ਇੱਕ ਸ਼ਹਿਰ ਅਭਾਗਾ ਬੋਲਦਾ….’ ਲੈ ਕੇ। ਜਿਸ ਬਾਰੇ ਉਹ ਖੁਦ ਬਿਨਾਂ ਕਿਸੇ ਲਾਗ ਲਪੇਟ ਤੋਂ ਸਪੱਸ਼ਟ ਕਹਿੰਦਾ ਹੈ ਕਿ ਇਹ ਉਹਦੀ ਟੀਮ ਨੇ 14 ਫਰਵਰੀ 2021 ਨੂੰ ਪੰਜਾਬ ਵਿੱਚ ਹੋਣ ਵਾਲ਼ੀਆਂ ਮਿਊਂਸੀਪਲ ਕਮੇਟੀ ਚੋਣਾਂ ਨੂੰ ਮੁੱਖ ਰੱਖ ਕੇ ਬਣਾਇਆ ਹੈ। ਗੀਤ ਵਿੱਚ ਸਿਰਫ਼ 73 ਦਿਨਾਂ ਵਿੱਚ ਹੱਲ ਹੋ ਸਕਣ ਵਾਲ਼ੀਆ ਪਰ ਪਿਛਲੇ 73 ਸਾਲਾਂ ਤੋਂ ਜਿਉਂ ਦੇ ਤਿਉਂ ਲਮਕ ਰਹੀਆਂ ਸ਼ਹਿਰਾਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਉਭਾਰਿਆ ਗਿਆ ਹੈ।
ਮੋਜੂਦਾ ਚੋਣਾਂ ਵਿੱਚ ਪ੍ਰਚਾਰ ਕਰਨ ਆ ਰਹੇ ਉਮੀਦਵਾਰਾਂ ਨੂੰ ਉਹਨਾਂ ਤੋਂ ਪੁਰਾਣੇ ਮੈਨੀਫੈਸਟੋਆਂ ਦਾ ਹਿਸਾਬ ਮੰਗਣ ਲਈ ਜਾਗਰੂਕ ਕੀਤਾ ਗਿਆ ਹੈ। ਰੁਪਿੰਦਰ ਜੋਧਾਂ ਜਾਪਾਨ ਤੇ ਸ਼ਿਵ ਕੁਮਾਰ ਲਾਲਪੁਰਾ ਦੇ ਸਾਂਝੇ ਤੌਰ ਤੇ ਪ੍ਰੋਡਿਊਸ, ਡੀ. ਮਹਿਰਾ ਸੁਨਾਮ ਦੁਆਰਾ ਸੰਗੀਤਬੱਧ ਕੀਤੇ ਅਤੇ ਭੁਪਿੰਦਰ ਸਿੰਘ ਦੁਰਾਲੀ ਦੁਆਰਾ ਫਿਲਮਾਏ ਇਸ ਗੀਤ ਨੂੰ ਯੂ ਟਿਊਬ ‘ਤੇ ‘ਮੈਂ ਇੱਕ ਸ਼ਹਿਰ ਅਭਾਗਾ ਬੋਲਦਾ…’ ਟਾਈਪ ਕਰ ਕੇ ਸੁਣਿਆਂ ਜਾ ਸਕਦਾ ਹੈ ਅਤੇ ਰੋਮੀ ਦੀ ਟੀਮ ਵੱਲੋਂ ਨਿਭਾਏ ਆਪਣੇ ਇਖ਼ਲਾਕੀ ਫਰਜ਼ ਦਾ ਹਿੱਸਾ ਬਣਨ ਲਈ ਵੱਧ ਤੋਂ ਵੱਧ ਸ਼ੇਅਰ ਕਰਨਾ ਬਣਦਾ ਹੈ।