(ਸਮਾਜ ਵੀਕਲੀ)
ਪਵਨ ਪਰਵਾਸੀ ਜੀ ਨਾਲ ਸਾਂਝ ਹੋਇਆਂ ਕੁਝ ਸਮਾਂ ਹੀ ਹੋਇਆ ਹੈ ਪਰ ਕਦੀ ਲੱਗਾ ਹੀ ਨਹੀਂ ਕਿ ਕਿਸੇ ਅਨਜਾਣ ਨਾਲ ਗੱਲ ਕਰ ਰਹੇ ਹੋਈਏ । ਹੁਣ ਤੇ ਇਸ ਤਰਾਂ ਲੱਗਦਾ ਹੈ ਕਿ ਜਿਵੇਂ ਮੁੱਦਤਾਂ ਤੋਂ ਇਕ ਦੂਸਰੇ ਨੂੰ ਜਾਣਦੇ ਹੋਈਏ । ਜੱਦ ਕਦੀ ਵੀ ਗੱਲ ਹੋਈ ਤੇ ਪਵਨ ਜੀ ਦੀ ਅਵਾਜ਼ ਵਿੱਚ ਬਹੁਤ ਨਿਮਰਤਾ , ਹਲੀਮੀ ਤੇ ਮਿਠਾਸ ਹੈ । ਬਹੁਤ ਗੁਣ ਨੇ ਉਹਨਾਂ ਵਿੱਚ । ਬਹੁਤ ਵਧੀਆ ਸਾਹਿਤਕਾਰ ਨੇ । ਪਵਨ ਜੀ ਬਹੁਤ ਅੱਛੇ ਚੀਫ਼ ਐਡੀਟਰ , ਟੀ ਵੀ ਹੋਸਟ , ਕਹਾਣੀਕਾਰ , ਤੇ ਸ਼ਾਇਰ ਹਨ ।
ਬਹੁਤ ਸੁਰੀਲੀ ਅਵਾਜ਼ ਵਿੱਚ ਆਪਣੀ ਸ਼ਾਇਰੀ , ਕਵਿਤਾ ਤੇ ਗੀਤ ਸੁਣਾਉਂਦੇ ਨੇ।ਮਾਂ ਬੋਲੀ ਪੰਜਾਬੀ ਨੂੰ ਹੁਣ ਤੱਕ ਬਹੁਤ ਸਾਰੇ ਨਾਮਵਾਰ ਸਾਹਿਤਕਾਰਾਂ ਲੇਖਕਾਂ ਨੇ ਵੱਖ ਵੱਖ ਵੰਨਗੀਆਂ ਵਿੱਚ ਲਿਖ ਕੇ ਪੰਜਾਬੀ ਬੋਲੀ ਨੂੰ ਸਿਖ਼ਰਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਲੇਖਣੀ ਵਿੱਚ ਕੋਈ ਨਵਾਂ ਜਾਂ ਪੁਰਾਣਾ ਹੋਣਾ ਜਿਆਦਾ ਮਾਇਨੇ ਨਹੀਂ ਰੱਖਦਾ ਬੱਸ ਲੋੜ ਹੋਣੀ ਚਾਹੀਦੀ ਹੈ ਕੇ ਲੇਖਕ ਜਿਸ ਵੀ ਵਿਧਾ ਵਿੱਚ ਲਿਖ ਰਿਹਾ ਹੈ ਕੀ ਉਹ ਉਸ ਨਾਲ ਇਨਸਾਫ ਕਰ ਰਿਹਾ ਹੈ।
ਜਿਥੇ ਦੇਸ ਵਿੱਚ ਹਰ ਰੋਜ ਬਹੁਤ ਸਾਰੇ ਲੇਖਕ ਪੰਜਾਬੀ ਮਾਂ ਬੋਲੀ ਲਈ ਲਿਖ ਕੇ ਜਤਨਸ਼ੀਲ ਹਨ ਉਥੇ ਵਿਦੇਸ਼ ਵਿਚੋਂ ਵੀ ਲੇਖਣੀ ਦੇ ਪੱਖ ਤੋਂ ਹਮੇਸ਼ਾਂ ਠੰਡੀਆਂ ਹਵਾਵਾਂ ਆਉਂਦੀਆਂ ਰਹਿੰਦੀਆਂ ਹਨ।ਬਹੁਤ ਸਾਰੇ ਸਾਡੇ ਪੰਜਾਬੀ ਬੇਸ਼ੱਕ ਪਰਦੇਸ ਵਿੱਚ ਆਪਣੀ ਜਿੰਦਗੀ ਬਸਰ ਕਰ ਰਹੇ ਹਨ ਪਰ ਨਾਲ ਨਾਲ ਓਹ੍ਹ ਹਮੇਸ਼ਾਂ ਪੰਜਾਬੀ ਮਾਂ ਬੋਲੀ ਲਈ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ।ਅਸੀਂ ਗੱਲ ਕਰਦੇ ਹਾਂ ਰੋਜ਼ੀ ਰੋਟੀ ਦੀ ਭਾਲ ਚ ਤੁਰਿਆ ਨੌਜਵਾਨ ਪਵਨ ਪਰਵਾਸੀ ਸਮੇ ਦੇ ਨਾਲ ਤੁਰਦਾ ਤੁਰਦਾ ਜਿਥੇ ਆਪਣੇ ਪਰਿਵਾਰ ਲਈ ਰੋਟੀ ਟੁੱਕ ਦਾ ਜੁਗਾੜ ਵੀ ਕਰਦਾ ਹੈ ਪਰ ਹਮੇਸ਼ਾਂ ਪੰਜਾਬੀ ਮਾਂ ਬੋਲੀ ਲਈ ਲਿਖ ਕੇ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਪੰਜਾਬੀ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।
ਪਵਨ ਨਾਲ ਜਦੋ ਅਸੀਂ ਗੱਲ ਕੀਤੀ ਤਾਂ ਉਹ ਦੱਸਦਾ ਹੈ ਕੇ ਉਸਨੇ ਪਰਦੇਸ ਵਿੱਚ ਰਹਿ ਕੇ ਜਿੰਦਗੀ ਦੇ ਬਹੁਤ ਇਸ ਤਰਾਂ ਦੇ ਪਲ ਦੇਖੇ ਜੋ ਬਹੁਤ ਹੀ ਮੁਸ਼ਕਿਲ ਭਰੇ ਸਨ ਪਰ ਉਸ ਨੇ ਆਪਣੀ ਮਿਹਨਤ ਤੇ ਲਗਨ ਨਾਲ ਹਮੇਸ਼ਾ ਇਹ੍ਹਨਾਂ ਮੁਸ਼ਕਿਲ ਪਲਾਂ ਨੂੰ ਪਾਰ ਕੀਤਾ।ਪਵਨ ਨੇ ਪਰਦੇਸ ਨੂੰ ਕਦੇ ਵੀ ਆਪਣੇ ਤੇ ਭਾਰੀ ਨਹੀਂ ਹੋਣ ਦਿੱਤਾ ਸ਼ੁਰੂਆਤ ਵਿੱਚ ਬੇਸ਼ੱਕ ਗੈਰ ਕਾਨੂੰਨੀ ਢੰਗ ਨਾਲ ਰਹਿਣਾ ਪਿਆ ਪਰ ਵਕਤ ਦੀ ਕਦਰ ਕਰਦਿਆਂ ਅੱਜ ਸਾਰਾ ਕੁੱਝ ਠੀਕ ਹੈ।
ਪਵਨ ਪਰਵਾਸੀ ਦੀ ਚਰਚਿਤ ਕਿਤਾਬ ਹੱਥ ਹੌਲਾ ਸੱਚੀਆਂ ਕਹਾਣੀਆਂ ਦਾ ਕਹਾਣੀ ਸੰਗ੍ਰਹਿ ਹੈ ਜਿਸ ਵਿੱਚ ਕਹਾਣੀਕਾਰ ਨੇ ਬਹੁਤ ਹੀ ਸੋਹਣੇ ਢੰਗ ਨਾਲ ਪੰਜਾਬੀ ਗੋਰਾ, ਹੱਥ ਹੌਲਾ ਤੇ ਨਸ਼ਿਆਂ ਨੇ ਜਿੰਦ ਰੋਲਤੀ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਚਿਤਰਣ ਕੀਤਾ ਹੈ ਜਿਸ ਨੂੰ ਪੜ੍ਹ ਕੇ ਲਗਦਾ ਨਹੀਂ ਕੇ ਕਹਾਣੀਕਾਰ ਕਹਾਣੀ ਦੀ ਆਪਣੀ ਪਹਿਲੀ ਕਿਤਾਬ ਪਾਠਕਾਂ ਨੂੰ ਭੇਂਟ ਕਰ ਰਿਹਾ ਹੈ।ਬਾਕੀ ਅੱਠ ਕਹਾਣੀਆਂ ਵਿੱਚ ਵੀ ਖ਼ੁਲ ਕੇ ਲਿਖਿਆ ਹੈ ਤੇ ਅੰਬੋ ਵਿੱਚ ਜੋ ਔਰਤ ਦਾ ਕਿਰਦਾਰ ਪੇਸ਼ ਕੀਤਾ ਹੈ ਉਹ ਵਾਕਿਆ ਹੀ ਇਕ ਲੇਖਕ ਦੀ ਪ੍ਰਾਪਤੀ ਹੈ।
ਪਵਨ ਪਰਵਾਸੀ ਨੇ ਹਮੇਸ਼ਾ ਹੀ ਪੰਜਾਬੀ ਲਈ ਕੁਝ ਨਾ ਕੁਝ ਕਰਨ ਦੀ ਪਹਿਲ ਕਦਮੀ ਕੀਤੀ ਹੈ।ਲੇਖਕ ਦੱਸਦਾ ਹੈ ਕੇ ਇਟਲੀ ਵਿੱਚ ਰਹਿੰਦਿਆਂ ਹਮੇਸ਼ਾ ਵੱਖ ਵੱਖ ਅਖਵਾਰਾਂ ਰਸਾਲਿਆਂ ਲਈ ਲਿਖਦਾ ਰਿਹਾ ਹਾਂ ਤੇ ਕੋਸ਼ਿਸ਼ ਕੀਤੀ ਕਿ ਜਿਆਦਾ ਤੋਂ ਜਿਆਦਾ ਪੰਜਾਬੀ ਸਾਹਿਤ ਨੂੰ ਪੜਿਆ ਜਾਵੇ।ਜਿਸ ਦੇ ਚਲਦਿਆਂ ਲੇਖਕ ਕੋਲ ਆਪਣੀ ਮਿੰਨੀ ਲਾਇਬਰੇਰੀ ਹੈ ਜਿਸ ਵਿੱਚ ਲਗਭਗ ਇਕ ਹਜ਼ਾਰ ਪੰਜਾਬੀ ਕਿਤਾਬ ਉਸਦਾ ਸ਼ਿੰਗਾਰ ਹੈ ਜੋ ਕਦੇ ਵੀ ਕਿਸੇ ਦੋਸਤ ਮਿੱਤਰ ਨੇ ਪੰਜਾਬੋਂ ਆਉਣਾ ਹੋਵੇ ਤਾਂ ਉਸਦਾ ਇਕੋ ਸੁਨੇਹਾ ਹੁੰਦਾ ਕੇ ਆਉਂਦੇ ਹੋਏ ਕੁੱਝ ਕਿਤਾਬਾਂ ਜੇ ਲਿਆ ਸਕਦੇ ਤਾਂ ਲੈ ਆਉਣਾ।
ਕੰਮ ਦੇ ਨਾਲ ਨਾਲ ਪੰਜਾਬੀ ਕਿਤਾਬਾਂ ਨੂੰ ਰੂਹ ਨਾਲ ਪੜਦਾ ਹੈ।ਜਿਸ ਦੇ ਚਲਦਿਆਂ ਸ਼ੁਰੂ ਵਿੱਚ ਪੰਜਾਬੀ ਰਸਾਲਾ ਇੰਡੋ ਇਟਾਲੀਅਨ ਦਾ ਹਿਸਾ ਬਣਨ ਦਾ ਮੌਕਾ ਮਿਲਿਆ।ਉਸਤੋਂ ਬਾਅਦ ਪਵਨ ਪਰਵਾਸੀ ,ਸਤਵਿੰਦਰ ਮਿਆਣੀ ,ਗੁਰਪ੍ਰੀਤ ਖੇਰਾ ਨੇ ਮਿਲ ਕੇ ਇਟਲੀ ਤੋਂ ਪੰਜਾਬੀ ਮਹੀਨਾਵਾਰ ਮੈਗਜ਼ੀਨ ਯੂਰੋਪ ਟਾਈਮਜ਼ ਸ਼ੁਰੂ ਕੀਤਾ ਜੋ ਕਾਫੀ ਸਫਲਤਾ ਨਾਲ ਚਲਾਇਆ।ਉਸ ਤੋਂ ਬਾਦ ਤਿਨਾ ਨੇ ਹੀ ਦਾ ਯੂਰੋਪ ਟਾਈਮਜ਼ ਡਾਟ ਕਾਮ ਨਾਮ ਦੀ ਡੈਲੀ ਅਪਡੇਟ ਅਖਵਾਰ ਸ਼ੁਰੂ ਕੀਤੀ ਜੋ ਹੁਣ ਵੀ ਯੂਰੋਪ ਟਾਈਮਜ਼ ਨਾਮ ਨਾਲ ਚੱਲ ਰਹੀ ਹੈ ਜਿਸ ਨੂੰ ਹੁਣ ਸਤਵਿੰਦਰ ਮਿਆਣੀ ਇੱਕਲੇ ਚਲਾ ਰਹੇ ਹਨ।
ਇਸਤੋਂ ਬਾਅਦ ਪਵਨ ਪਰਵਾਸੀ ਜਰਮਨੀ ਸ਼ਿਫਟ ਹੋ ਗਿਆ ਪਰ ਜਰਮਨੀ ਆ ਕੇ ਵੀ ਪੰਜਾਬੀ ਲਈ ਹਮੇਸ਼ਾ ਕੁੱਝ ਨਾ ਕੁੱਝ ਵਿਊਤਬੰਧੀ ਕਰਦਾ ਰਿਹਾ। ਨਵਾਂ ਦੇਸ਼ ਹੋਣ ਦੇ ਵਾਵਜੂਦ ਇਥੇ ਫੇਰ ਪੰਜਾਬੀ ਤਿਮਾਹੀ ਰਸਾਲਾ ਪੰਜਾਬੀ ਸਾਂਝ ਸ਼ੁਰੂ ਕੀਤਾ ਮੈਗਜ਼ੀਨ ਸੋਹਣਾ ਚਲਦਾ ਸੀ ਪਰ ਸਾਥੀ ਕੋਈ ਜਿਆਦਾ ਨਾ ਹੋਣ ਕਰਕੇ ਸਮਾਂ ਘੱਟ ਮਿਲਦਾ ਸੀ ਜਿਸ ਕਰਕੇ ਆਨ ਲਾਈਨ ਪੰਜਾਬੀ ਅਖਵਾਰ ਪੰਜਾਬੀ ਸਾਂਝ ਡਾਟ ਕਾਮ ਸ਼ੁਰੂ ਕਰ ਦਿੱਤੀ ਜੋ ਅੱਜ ਵੀ ਸਮੇ ਚੋ ਸਮਾਂ ਕੱਢ ਕੇ ਡੈਲੀ ਅਪਡੇਟ ਕੀਤੀ ਜਾਂਦੀ ਹੈ ਤੇ ਬਹੁਤ ਸੋਹਣੇ ਹੁੰਗਾਰੇ ਨਾਲ ਪਾਠਕ ਪੜਦੇ ਹਨ ।
ਪਰਵਾਸੀ ਨੇ ਆਪਣੀ ਮੁਢਲੀ ਸਿਖਿਆ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਤੋਂ ਤੇ ਗਰੈਜੂਏਸ਼ਨ ਡੀ ਏ ਵੀ ਕਾਲਜ ਜਲੰਧਰ ਤੋਂ ਪ੍ਰਾਪਤ ਕੀਤੀ।ਜਿਸ ਦੇ ਚਲਦਿਆਂ ਤਰਕਸ਼ੀਲ ਸੋਸਾਇਟੀ ਫਗਵਾੜਾ ਨਾਲ ਕਾਫੀ ਸਮਾਂ ਜੁੜਿਆ ਰਿਹਾ।ਲੇਖਕ ਦੱਸਦਾ ਹੈ ਕੇ ਜੋ ਸੁਖ ਸ਼ਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ।ਕਹਿਣ ਦਾ ਮਤਲਬ ਜੋ ਪੰਜਾਬ ਦਾ ਨਜ਼ਾਰਾ ਤੇ ਪੰਜਾਬੀ ਬੋਲਣ ਵਿੱਚ ਫ਼ਕਰ ਮਹਿਸੂਸ ਹੁੰਦਾ ਉਹ ਹੋਰ ਕਿਸੇ ਵੀ ਭਾਸ਼ਾ ਵਿੱਚ ਨਹੀਂ।
ਪਵਨ ਪੰਜਾਬੀ ਮਾਂ ਬੋਲੀ ਦਾ ਇੱਕ ਜਨੂੰਨੀ ਦੀਵਾਨਾ ਹੈ ਕਿਉਂਕਿ ਉਹ ਹੋਰ ਕਿਸੇ ਵੀ ਭਾਸ਼ਾ ਵਿੱਚ ਬੋਲਣਾ ਪਸੰਦ ਨਹੀਂ ਕਰਦਾ।ਬੇਸ਼ਕ ਪਵਨ ਇਟਾਲੀਅਨ, ਅੰਗਰੇਜ਼ੀ, ਹਿੰਦੀ, ਡੱਚ,ਬਹੁਤ ਚੰਗੀ ਤਰਾਂ ਬੋਲਦਾ ਤੇ ਸਮਜਦਾ ਹੈ ਪਰ ਪਹਿਲ ਹਮੇਸ਼ਾ ਪੰਜਾਬੀ ਨੂੰ ਹੀ ਦਿੰਦਾ ਹੈ।ਇਸ ਦੇ ਨਾਲ ਨਾਲ ਪੰਜਾਬੀ ਸਾਂਝ ਟੀ ਵੀ ਲਈ ਵੀ ਸਮਾਂ ਕੱਢਦਾ ਹੈ ਜਿਸ ਵਿੱਚ ਸਮੇ ਸਮੇ ਤੇ ਪੰਜਾਬੀ ਸਾਹਿਤ ਜਾਂ ਲੋਕ ਪੱਖੀ ਲੋਕਾਂ ਨਾਲ ਮੁਲਾਕਾਤ ਕਰਦਾ ਹੈ ਤੇ ਪੀ ਟੀ ਸੀ ਪੰਜਾਬੀ ਨਿਊਜ਼ ਲਈ ਫਰੈਂਕਫੋਰਟ ਤੋਂ ਖ਼ਬਰਾਂ ਭੇਜਣ ਲਈ ਵੀ ਕਾਹਲਾ ਰਹਿੰਦਾ ਹੈ।ਕਿਸਾਨੀ ਘੋਲ ਲਈ ਵੀ ਆਪਣੀ ਆਵਾਜ ਵਿੱਚ ਗੀਤ ਜਾਂ ਕਵਿਤਾਵਾਂ ਬੋਲ ਕੇ ਸੁਣਾਉਂਦਾ ਹੈ।
ਪਵਨ ਦੱਸਦਾ ਹੈ ਕੇ ਆਉਣ ਵਾਲੇ ਸਮੇਂ ਵਿੱਚ ਨਵਾਂ ਕਾਵਿ ਸੰਗ੍ਰਹਿ ਲਗਭਗ ਤਿਆਰ ਹੋ ਚੁੱਕਾ ਹੈ ਤੇ ਨਵਾਂ ਨਾਵਲ ਜੋ ਪਰਦੇਸ ਬਾਰੇ ਪਰਦੇਸੀਆਂ ਦੀ ਗੂੰਜਲਦਾਰ ਜਿੰਦਗੀ ਦੀ ਬਾਤ ਪਾਉਂਦਾ ਹੈ ਲਿਖਾਈ ਅਧੀਨ ਹੈ ਤੇ ਜਲਦੀ ਹੀ ਪਾਠਕਾਂ ਦੀ ਕਚਹਿਰੀ ਵਿੱਚ ਆਵੇਗਾ।ਅਖੀਰ ਵਿੱਚ ਪਵਨ ਕਹਿੰਦਾ ਹੈ ਕੇ ਮਾਂ ਬੋਲੀ ਲਈ ਉਹ ਹਮੇਸ਼ਾ ਨਿੱਠ ਕੇ ਕੰਮ ਕਰਦਾ ਰਹੇਗਾ ਤੇ ਪੰਜਾਬੀ ਹੋਣ ਤੇ ਮੈਨੂੰ ਮਾਣ ਹੈ ਮੈਂ ਪਹਿਲਾਂ ਪੰਜਾਬੀ ਹਾਂ ਫੇਰ ਭਾਰਤੀ ਤੇ ਫੇਰ ਕੁਝ ਹੋਰ। ਪਰਵਾਸੀ ਦਿਨ ਦੋਗੁਣੀ ਰਾਤ ਚੌਗੁਣੀ ਤੱਰਕੀਆਂ ਕਰੇ ਤੇ ਸਫ਼ਲਤਾ ਹਮੇਸ਼ਾਂ ਉਹਨਾਂ ਦੇ ਕਦਮ ਚੁੰਮੇ ਤੇ ਵਾਹਿਗੁਰੂ ਹਮੇਸ਼ਾਂ ਚੜ੍ਹਦੀਆਂ ਕਲਾ ਬਖ਼ਸ਼ਣ । ਸ਼ਾਲਾ ਪਵਨ ਦੀ ਕਲਮ ਵੀ ਹਮੇਸ਼ਾਂ ਚਲਦੀ ਰਹੇ ਤੇ ਦੁਨੀਆਂ ਦੇ ਹਰ ਕੋਨੇ ਵਿੱਚ ਪਵਨ ਦੀ ਮਹਿਕ ਆਉਂਦੀ ਰਹੇ ।
ਰਮੇਸ਼ਵਰ ਸਿੰਘ
+91 99148 80392