ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਦੇ 136ਵੇਂ ਸਥਾਪਨਾ ਦਿਵਸ ’ਤੇ ਸੋਮਵਾਰ ਨੂੰ ਪਾਰਟੀ ਦੇ ਸਾਬਕਾ ਪ੍ਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਆਗੂਆਂ ਨੇ ਵਧਾਈ ਦਿੱਤੀ ਅਤੇ ਮੁਲਕ ਦੀ ਆਜ਼ਾਦੀ ਅਤੇ ਵਿਕਾਸ ਵਿੱਚ ਕਾਂਗਰਸ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਦੇ ਨਾਲ ਹੀ 24 ਅਕਬਰ ਰੋਡ ਸਥਿਤ ਕਾਂਗਰਸ ਹੈਡਕੁਆਰਟਰ ਵਿੱਚ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਝੰਡਾ ਲਹਿਰਾਇਆ ਗਿਆ। ਪਾਰਟੀ ਸੂਤਰਾਂ ਅਨੁਸਾਰ ਕਰੋਨਾ ਦੀ ਲਾਗ ਨੂੰ ਦੇਖਦਿਆਂ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਪਾਰਟੀ ਹੈਡਕੁਆਰਟਰ ਵਿੱਚ ਕੀਤੇ ਗਏ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ।
ਇਸੇ ਕਾਰਨ ਕਾਂਗਰਸ ਦੇ ਸੀਨੀਅਰ ਆਗੂ ਏ ਕੇ ਐਂਟਨੀ ਨੇ ਝੰਡਾ ਲਹਿਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ, ਕੇਸੀ ਵੇਣੂਗੋਪਾਲ, ਪਵਨ ਕੁਮਾਰ ਬਾਂਸਲ, ਰਾਜੀਵ ਸ਼ੁਕਲਾ ਆਦਿ ਆਗੂ ਹਾਜ਼ਰ ਸਨ। ਰਾਹੁਲ ਗਾਂਧੀ ਨਿਜੀ ਦੌਰੇ ’ਤੇ ਵਿਦੇਸ਼ ਵਿੱਚ ਹੋਣ ਕਾਰਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ। ਸਥਾਪਨਾ ਦਿਵਸ ’ਤੇ ਰਾਹੁਲ ਨੇ ਟਵੀਟ ਕੀਤਾ, ‘ਦੇਸ਼ ਦੇ ਹਿਤ ਵਿੱਚ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਸ਼ੁਰੂ ਤੋਂ ਹੀ ਵਚਨਬੱਧ ਹੈ। ਅੱਜ ਕਾਂਗਰਸ ਦੇ ਸਥਾਪਨਾ ਦਿਵਸ ’ਤੇ, ਅਸੀਂ ਸੱਚਾਈ ਅਤੇ ਸਮਾਨਤਾ ਦੇ ਆਪਣੇ ਇਸ ਸੰਕਲਪ ਨੂੰ ਦੁਹਰਾਉਂਦੇ ਹਾਂ। ਜੈ ਹਿੰਦ!