ਗੁਰਦਾਸਪੁਰ (ਸਮਾਜ ਵੀਕਲੀ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਮੋਰਚਿਆਂ ’ਚ ਅੱਜ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਿੱਲਾਂ ਵਾਲੀ ਦੇ ਦੋ ਕਿਸਾਨ ਸ਼ਹੀਦ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਦੌਰਾਨ ਪਿੰਡ ਭਾਗੀਵਾਂਦਰ ਦੇ ਕਿਸਾਨ ਗੁਰਪਿਆਰ ਸਿੰਘ (61) ਪੁੱਤਰ ਨਛੱਤਰ ਸਿੰਘ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ।
ਗੁਰਪਿਆਰ ਸਿੰਘ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਸਰਗਰਮ ਵਰਕਰ ਸੀ ਤੇ ਟਿਕਰੀ ਬਾਰਡਰ ’ਤੇ ਧਰਨੇ ਦੌਰਾਨ ਉਸ ਨੂੰ ਠੰਢ ਲੱਗ ਗਈ। ਉਹ ਉੱਥੋਂ ਕੱਲ੍ਹ ਹੀ ਬਿਮਾਰ ਹਾਲਤ ਵਿੱਚ ਪਿੰਡ ਆਇਆ ਸੀ ਤੇ ਅੱਜ ਉਸ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ, ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਗੁਰਪਿਆਰ ਸਿੰਘ ਦੀ ਦੇਹ ’ਤੇ ਯੂਨੀਅਨ ਦਾ ਝੰਡਾ ਪਾ ਕੇ ਪਿੰਡ ਦੇ ਸ਼ਮਸ਼ਾਨਘਾਟ ’ਚ ਉਸ ਦਾ ਸਸਕਾਰ ਕੀਤਾ।
ਇਸ ਮੌਕੇ ਕਿਸਾਨ ਯੂਨੀਅਨ (ਡਕੌਂਦਾ) ਦੇ ਪਿੰਡ ਇਕਾਈ ਦੇ ਪ੍ਰਧਾਨ ਲਛਮਣ ਸਿੰਘ, ਮੀਤ ਪ੍ਰਧਾਨ ਗੁਰਪਿਆਰ ਸਿੰਘ ਅਤੇ ਦਰਸ਼ਨ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ, ਦਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ। ਇਸੇ ਦੌਰਾਨ ਕਿਸਾਨ ਮੋਰਚੇ ’ਚ ਆਪਣੇ ਪਰਿਵਾਰ ਸਮੇਤ ਦਿੱਲੀ ਡਟੇ ਹੋਏ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਿੱਲਾਂ ਵਾਲੀ ਨਿਵਾਸੀ ਬਜ਼ੁਰਗ ਕਿਸਾਨ ਅਮਰੀਕ ਸਿੰਘ (75) ਦੀ ਅੱਜ ਕੜਾਕੇ ਦੀ ਠੰਢ ਵਿੱਚ ਟਿਕਰੀ-ਬਹਾਦੁਰਗੜ੍ਹ ਸਰਹੱਦ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਜੁੜੇ ਇਸ ਕਿਸਾਨ ਦਾ ਪੁੱਤਰ ਦਲਜੀਤ ਸਿੰਘ ਇਸ ਪਾਰਟੀ ਦਾ ਜ਼ਿਲ੍ਹਾ ਅਹੁਦੇਦਾਰ ਹੈ। ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ 24 ਦਸੰਬਰ ਨੂੰ ਉਹ ਆਪਣੇ ਪਿਤਾ ਅਮਰੀਕ ਸਿੰਘ, ਮਾਤਾ ਮਨਜੀਤ ਕੌਰ, ਛੋਟੇ ਭਰਾ ਬਲਜੀਤ ਸਿੰਘ, ਪਤਨੀ ਇੰਦਰਜੀਤ ਕੌਰ ਅਤੇ ਸਾਢੇ ਤਿੰਨ ਸਾਲਾ ਬੇਟੀ ਦਿਲਸਾਂਝ ਕੌਰ ਨਾਲ ਦਿੱਲੀ ਪਹੁੰਚੇ ਸਨ। ਉਨ੍ਹਾਂ ਕੋਲ ਸਿਰਫ ਸੱਤ ਕਨਾਲ ਜ਼ਮੀਨ ਹੈ ਅਤੇ ਇਸ ਦੀ ਰਾਖੀ ਲਈ ਹੀ ਸਾਰਾ ਪਰਿਵਾਰ ਦਿੱਲੀ ਮੋਰਚੇ ’ਤੇ ਡਟਿਆ ਹੋਇਆ ਸੀ। ਅਮਰੀਕ ਸਿੰਘ ਦੀ ਦੇਹ ਬਹਾਦਰਗੜ੍ਹ ਦੇ ਸਿਵਲ ਹਸਪਤਾਲ ’ਚ ਰੱਖੀ ਗਈ ਹੈ। ਭਾਕਿਯੂ (ਉਗਰਾਹਾਂ) ਨੇ ਅਮਰੀਕ ਸਿੰਘ ਨੂੰ ਕਿਸਾਨ ਸੰਘਰਸ਼ ਦਾ ਸ਼ਹੀਦ ਦੱਸਦਿਆਂ ਸਰਕਾਰ ਤੋਂ ਮੁਆਵਜ਼ਾ ਮੰਗਿਆ ਹੈ।