ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਕੰਮਕਾਜੀ ਔਰਤਾਂ ਤੇ ਸੇਵਾਵਾਂ ਲੈਣ ਆਏ ਲੋਕਾਂ ਦੇ ਬੱਚਿਆਂ ਦੇ ਮਨੋਰੰਜਨ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਕਪੂਰਥਲਾ ਜਿਲ੍ਹੇ ਵਿਚ ਬੱਚਿਆਂ ਦੀ ਫੁਲਵਾੜੀ ‘ਕਿਲਕਾਰੀਆਂ’ ਪਲੇਅ ਵੇਅ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਕੀਤਾ ਗਿਆ।ਜਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਵਿਖੇ ਕਰਮਚਾਰਨਾਂ ਤੇ ਸਰਕਾਰੀ ਸੇਵਾਵਾਂ ਲੈਣ ਲਈ ਆਉਣ ਵਾਲੇ ਲੋਕਾਂ ਦੇ ਬੱਚਿਆਂ ਲਈ ਸ਼ੁਰੂ ਕੀਤੇ ਗਏ ਇਸ ਪਲੇਅਵੇਅ ਵਿਚ ਬੱਚਿਆਂ ਦੀ ਸੁਰੱਖਿਆ, ਖੇਡਣ ਦੇ ਸਾਜੋ ਸਮਾਨ, ਖਾਣ ਪੀਣ ਤੇ ਆਰਾਮ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਇਕ ਔਰਤ ਹੋਣ ਦੇ ਨਾਤੇ ਉਹ ਇਹ ਗੱਲ ਭਲੀ ਭਾਂਤ ਜਾਣਦੇ ਹਨ ਕਿ ਮਹਿਲਾਵਾਂ ਨੂੰ ਆਪਣੇ ਛੋਟੇ ਬੱਚਿਆਂ ਦੀ ਦੇਖਭਾਲ ਵਿਚ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਬੱਚਿਆਂ ਦੇ ਪਾਲਣ ਪੋਸ਼ਣ ਉੱਪਰ ਮਾੜਾ ਅਸਰ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਘਰ ਵਰਗਾ ਮਾਹੌਲ ਦੇਣ ਦੇ ਮਕਸਦ ਨਾਲ ਦੋ ਕੇਅਰ ਟੇਕਰ ਵੀ ਨਿਯੁਕਤ ਕੀਤੀਆਂ ਗਈਆਂ ਹਨ । ਇਸ ਤੋਂ ਇਲਾਵਾ ਬੱਚਿਆਂ ਲਈ ਵੱਖ-ਵੱਖ ਗੇਮਾਂ, ਖਿਡਾਉਣੇ, ਗੀਤ-ਸੰਗੀਤ, ਪਿਆਨੋ, ਐਲਫਾਬੈਟ, ਲਰਨਿੰਗ ਚਾਰਟ, ਸਿੱਖਿਆ ਨਾਲ ਸਬੰਧਿਤ ਗੇਮਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਦੁੱਧ ਚੁੰਘਦੇ ਬੱਚਿਆਂ ਦੀਆਂ ਮਾਵਾਂ ਲਈ ਵੱਖਰਾ ਕਾਰਨਰ ਬਣਾਇਆ ਗਿਆ ਹੈ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਆ ਸਕਣ।ਇਸ ਮੌਕੇ ਜਿਲ੍ਹਾ ਮਾਲ ਅਫਸਰ ਪਰਮਜੀਤ ਸਿੰਘ ਸਹੋਤਾ, ਜਿਲ੍ਹਾ ਪ੍ਰੋਗਰਾਮ ਅਫਸਰ ਸਨੇਹ ਲਤਾ, ਸੁਪਰਵਾਇਜ਼ਰ ਬਲਵਿੰਦਰ ਕੌਰ , ਗੌਰਵ ਡੀ.ਡੀ.ਐੱਫ ਕਪੂਰਥਲਾ ਮੌਜੂਦ ਸਨ।