(ਸਮਾਜ ਵੀਕਲੀ)
ਪੰਜਾਬ-ਗੁਰੂਆਂ ਪੀਰਾਂ ਦੀ ਇਹ ਧਰਤੀ ਨੇ ਸਦਾ ਹੀ ਯੋਧੇ,ਸੂਰਮੇਂ ਪੈਦਾ ਕੀਤੇ ਹਨ,ਜਿੰਨ੍ਹਾਂ ਨੇਂ ਮੋਰਚਿਆਂ ਅਤੇ ਸਿਆਸਤ ਵਿੱਚ ਆਪਣਾ ਲੋਹਾ ਮਨਵਾਇਆ ਏ,ਅਤੇ ਪੰਜਾਬ ਦੇ ਲੋਕ ਜਮਾਂ ਸਮੁੰਦਰਾਂ ਵਰਗੇ ਨੇ।ਜੇ ਸ਼ਾਂਤ ਰਹਿਣ ਤਾਂ ਹੱਸਕੇ ਰਾਜ ਲੁਟਾ ਦਿੰਦੇ ,ਪਰ! ਜੇ ਜਾਗ ਪੈਣ ਤਾਂ ਇਨ੍ਹਾਂ ਦੇ ਰੋਹ ਤੂਫ਼ਾਨ ਬਣਕੇ ਉੱਠਦੇ ਹਨ। ਤੇ ਪੰਜਾਬ ਦੀ ਜਰਖੇਜ਼ ਧਰਤੀ ਤੋਂ ਉੱਠੀਆਂ ਲਹਿਰਾਂ ਨੇ ਹਰ ਮੈਦਾਨ ਫ਼ਤਹਿ ਹੀ ਕੀਤਾ ਏ। ਚਾਹੇ ਉਹ ‘ਗਦਰੀ ਬਾਬਿਆਂ’ ਦੀ ਲਹਿਰ ਹੋਵੇ, ‘ਧਰਮ ਮੋਰਚੇ’,ਚਾਹੇ ਉਹ ਅਜਾਦੀ ਦੀ ਲੜਾਈ ਦੀ ਲਹਿਰ ਹੋਵੇ।
ਅੰਗਰੇਜ਼ੀ ਹਕੂਮਤ ਦੇ ਸਮੇਂ ਸਿੱਖ ਗੁਰੂ ਘਰਾਂ ‘ਤੇ ‘ਮਹੰਤ’ ਕਾਬਜ਼ ਸੀ,ਜੋ ਲਗਾਤਾਰ ਸਿੱਖ ਮਰਿਆਦਾਵਾਂ ਤੇ ਗੁਰੂ ਘਰ ਦੀਆਂ ਪਵਿਤਰਤਾਵਾਂ ਭੰਗ ਕਰ ਰਹੇ ਸਨ। 1920 ‘ਚ ਸਿੱਖ ਆਗੂਆਂ ਦੀ ਉੱਠੀ ‘ਅਕਾਲੀ ਲਹਿਰ’ ਨੇ ਨਵੇਂ ਇਨਕਲਾਬ ਨੂੰ ਜਨਮ ਦਿੱਤਾ ਅਤੇ ‘ਜੈਤੋ ਦੇ ਮੋਰਚੇ’, ‘ਗੁਰੂ ਕਾ ਬਾਗ਼’ ਦੇ ਮੋਰਚੇ, ਅਤੇ ‘ਨਨਕਾਣਾ ਸਾਹਿਬ ਦੇ ਸ਼ਹੀਦੀ’ ਮੋਰਚੇ ਨੇ ਇਨ੍ਹਾਂ ਸਿੰਘਾਂ ਨੂੰ ਸਿੱਖ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਵਾ ਦਿੱਤਾ। ਵੱਡੀ ਗਿਣਤੀ ‘ਚ ਸਿੰਘ ਗਿਰਫ਼ਤਾਰ ਤੇ ਸ਼ਹੀਦ ਹੋਏ ਪਰ! ਹੁਣ ਗੁਰੂ ਘਰ ਪਾਪੀ ਮਹੰਤਾਂ ਤੋਂ ਆਜ਼ਾਦ ਸਨ। ਗੁਰੂ ਘਰਾਂ ਦੇ ਰੱਖ ਰਖਾਵ ਲਈ ਸਿੱਖਾਂ ਨੇ ਇੱਕ ਕੇਂਦਰੀ ਸੰਗਠਨ ਨੂੰ ਬਣਾਉਣ ਦਾ ਮਹਿਸੂਸ ਕੀਤਾ।
ਗੁਰੂ ਘਰ ਪੰਜਾ ਸਾਹਿਬ,ਹਸਨ ਅਬਦਾਲ ਆਜ਼ਾਦ ਕਰਵਾਉਣ ਵਾਲੇ ਜੱਥੇਦਾਰਾਂ ਤਾਰਾ ਸਿੰਘ,ਸੁਰਮੁਖ ਸਿੰਘ, ਕਰਤਾਰ ਸਿੰਘ ਝੱਬਰ ਅਤੇ ਮੋਤਾ ਸਿੰਘ ਨੇ ਸੁਝਾਅ ਦਿੱਤੇ ਅਤੇ 14ਦਸੰਬਰ,1920 ਨੂੰ ਬਾਬਾ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਦੇ ਯਤਨਾਂ ਸਦਕਾ ‘ਅਕਾਲੀ ਦਲ’ ਹੋਂਦ ਵਿੱਚ ਆਇਆ।ਇਸਦੇ ਪਹਿਲੇ ਪ੍ਰਧਾਨ ਸਰਦਾਰ ਸਰਮੁੱਖ ਸਿੰਘ ਝਬਾਲ਼ ਸਨ।29ਮਾਰਚ, 1922 ਨੂੰ ਪਾਸ ਮਤੇ ਵਿੱਚ ਇਸ ਸੰਗਠਨ ਨਾਲ ‘ਸ਼੍ਰੋਮਣੀ’ ਸ਼ਬਦ ਜੁੜ ਗਿਆ ਅਤੇ ਇਹ ‘ਸ਼੍ਰੋਮਣੀ ਅਕਾਲੀ ਦਲ’ ਬਣ ਗਿਆ।
ਅੰਗਰੇਜ਼ੀ ਹਕੂਮਤ ਨਾਲ 1920 ਤੋਂ 1925 ਤੱਕ ਚੱਲੇ ਸੰਘਰਸ਼ ਦੌਰਾਨ ਕਰੀਬ 400 ਸਿੰਘ ਸ਼ਹੀਦ ਹੋਏ,ਅਤੇ ਤੀਹ ਹਜ਼ਾਰ ਤੋਂ ਜਿਆਦਾ ਸਿੰਘ ਕੈਦ ਕੀਤੇ ਗਏ।ਇਨ੍ਹਾਂ ਲਾਸਾਨੀ ਕੁਰਬਾਨੀਆਂ ਸਦਕਾ ‘ਸਿੱਖ ਗੁਰਦੁਆਰਾ ਐਕਟ 1925’ ਬਣਿਆ ਜਿਸ ਨਾਲ ਇਸ ਦਲ ਨੂੰ ਕਨੂੰਨੀ ਮਾਨਤਾ ਮਿਲ ਗਈ ਅਤੇ 1926 ਵਿੱਚ ਇਸ ਦਲ ਨੇ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਸਥਾਪਨਾ ਕੀਤੀ।ਇਹ ਦਲ ਧਾਰਮਿਕ ਹਿੱਤਾਂ ਦੀ ਰਾਖੀ ਲਈ ਹੋਂਦ ਵਿੱਚ ਆਇਆ ਸੀ।ਬੇਸ਼ੱਕ ਇਹ ਦਲ ਧਾਰਮਿਕ ਸੰਗਠਨ ਸੀ ਪਰ!
1919 ਅਤੇ 1935 ਦੇ ਅੰਗਰੇਜ ਸਰਕਾਰ ਦੇ ਕਨੂੰਨਾਂ ਅਨੁਸਾਰ ਅਤੇ ਉਨ੍ਹਾਂ ਦੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਅਨੁਸਾਰ ਸਿਖਾਂ ਨੂੰ ਕੇਂਦਰੀ ਵਿਧਾਨ ਮੰਡਲ ‘ਚ ਅਲੱਗ ਪ੍ਰਤੀਨਿਧਤਾ ਮਿਲੀ ਅਤੇ ਆਜ਼ਾਦੀ ਤੋਂ ਪਹਿਲਾਂ ਇਹ ਸੰਗਠਨ ਸਿਆਸਤ ਵਿੱਚ ਸਰਗਰਮ ਹੋ ਗਿਆ। ਦਰਅਸਲ ‘ਸ਼ਹਾਦਤ ਅਤੇ ਸਿਆਸਤ’ ਸਾਨੂੰ ਗੁੜਤੀ ‘ਚ ਮਿਲਦੀ ਏ। ਆਜ਼ਾਦੀ ਦੀ ਲੜਾਈ ਵਿੱਚ ਅਤੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਹਿੱਸੇ ਹੀ ਆਈਆਂ ਨੇ,ਤੇ ਗੱਲ ਕਰੀਏ ਸਿਆਸਤ ਦੀ ਤਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖੁਸ਼ਹਾਲ ਰਾਜ ਦਾ ਹਿੱਸਾ ਸੀ।
ਇਸ ਪਾਰਟੀ ਨੇ ਅਸਲ ਸਿਆਸਤ 1966 ਵਿੱਚ ਪੰਜਾਬੀ ਸੂਬਾ ਬਣਨ ਬਾਅਦ ਸ਼ੁਰੂ ਕੀਤੀ,ਜਦੋਂ ਇਸਦੇ ਪਹਿਲੇ ਮੁੱਖ ਮੰਤਰੀ ਸਰਦਾਰ ਗੁਰਨਾਮ ਸਿੰਘ ਨੇ ‘ਪੰਜਾਬੀ ਸੂਬੇ ਦੀ 1966 ਵਾਗਡੋਰ ਸੰਭਾਲ਼ੀ, ਪਰ! ਉਹ ਜਲਦ ਹੀ ਅਸਤੀਫਾ ਦੇ ਗਏ,ਅਤੇ 1969 ਦੀਆਂ ਆਮ ਚੋਣਾਂ ਵਿੱਚ ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ,ਪਰ! ਇਸ ਵਾਰ ਵੀ ਉਹ ਆਪਣੇ ਰਾਜਭਾਗ ਤੋਂ 27ਮਾਰਚ,1970 ਨੂੰ ਕਰੀਬ ਇੱਕ ਸਾਲ ਬਾਅਦ ਹੀ ਅਸਤੀਫਾ ਦੇ ਗਏ ਅਤੇ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸਰਪ੍ਰਸਤੀ ਕੀਤੀ ਤੇ ਹੁਣ ਤੱਕ ਲੰਮੇ ਸਮੇਂ ਤੱਕ ਪੰਜਾਬ ਦੀ ਸੱਤਾ ਉੱਪਰ ਕਾਬਜ਼ ਰਹੇ, ਉਨ੍ਹੇ ਨੇ ਆਪਣੀ ਸਿਆਸਤ ਵਿੱਚ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਪੰਜਾਬ ਦੀ ਵਾਗਡੋਰ ਸੰਭਾਲ਼ੀ, ਅਤੇ 2007 ਤੋਂ 2017 ਤੱਕ ਲਗਾਤਾਰ 2 ਵਾਰ ਮੁੱਖ ਮੰਤਰੀ ਬਣੇ,ਜੋ ਕਿ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਉਮਰ ਦੇ ਵਿਅਕਤੀ ਸਨ,ਜਿਨ੍ਹਾਂ ਨੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਇਸ ਸੰਗਠਨ ਨੇ ਪੰਜਾਬ ਦੀ ਸੱਤਾ ਦੀ ਵਾਗਡੋਰ ਸੰਭਾਲੀ ਅਤੇ ਨਾਲ ਹੀ ਗੁਰੂ ਘਰਾਂ ਦੀ ਸੰਭਾਲ ਦਾ ਜਿੰਮਾ ਲਿਆ।ਇਸ ਪਾਰਟੀ ਨੇ ਪੰਜਾਬ ਨੂੰ ਬਹੁਤ ਦਿੱਗਜ਼ ਲੀਡਰ ਦਿੱਤੇ ਹਨ,ਜਿਨ੍ਹਾਂ ਨੇ ਆਪਣੀ ਸਖਸ਼ੀਅਤ ਸਦਕੇ ਅਤੇ ਆਪਣੀ ਰਾਜਨੀਤੀ ਨਾਲ ਪੂਰੇ ਪੰਜਾਬ ਨੂੰ ਅਤੇ ਭਾਰਤ ਦੇ ਨਾਲ ਨਾਲ ਬਾਕੀ ਮੁਲਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ,ਜਿਨ੍ਹਾਂ ਵਿੱਚ ਸੁਰਜੀਤ ਸਿੰਘ ਬਰਨਾਲਾ,ਗੁਰਚਰਨ ਸਿੰਘ ਟੌਹੜਾ,ਹਰਚੰਦ ਸਿੰਘ ਲੌਂਗੋਵਾਲ,ਪ੍ਰਕਾਸ਼ ਸਿੰਘ ਬਾਦਲ,ਸਿਮਰਨਜੀਤ ਸਿੰਘ ਮਾਨ ਆਦਿ।ਇਨ੍ਹਾਂ ਨੇ ਆਪਣੀ ਸਖਸ਼ੀਅਤ ਨਾਲ ਪੰਜਾਬ ਦੀ ਸੱਤਾ ਨੂੰ ਸਦਾ ਪ੍ਰਭਾਵਿਤ ਕੀਤਾ ਏ।
ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ ਦਲ) ਇਸੇ ਅਕਾਲੀ ਦਲ ‘ਚੋਂ ਨਿੱਕਲਿਆ ਦਲ ਹੈ,ਜਿਸਨੂੰ ‘ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਨੀਤੀਆਂ ਠੀਕ ਨਹੀਂ ਸੀ ਲੱਗੀਆਂ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਪੰਜ ਵਾਰ ਸੱਤਾ ਉਪਰ ਕਬਜ਼ਾ ਕੀਤਾ ਏ। ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਰਾਜ ਸਭਾ ਦੇ ਸਪੀਕਰ ‘ਨਰੇਸ਼ ਗੁਜਰਾਲ’ ਇਸੇ ਦਲ ਦੇ ਦਿੱਗਜ਼ ਲੀਡਰ ਹਨ।ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਸਿੱਖ ਧਰਮ ਦੀ ਪਾਰਟੀ ਕਹੀ ਜਾਂਦੀ ਐ,ਪਰ! 2007 ਦੀਆਂ ਚੋਣਾਂ ਵਿੱਚ ਗੈਰ ਸਿੱਖਾਂ ਨੂੰ ਇਸ ਪਾਰਟੀ ਨੇ 75 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜੋ ਦਲਿਤ,ਹਿੰਦੂ,ਅਤੇ ਮੁਸਲਿਮ ਵਰਗ਼ ਨਾਲ ਸਬੰਧਿਤ ਸਨ।
ਬੇਸ਼ੱਕ ਅਕਾਲੀ ਦਲ ਦਾ ਇਤਿਹਾਸ ਸਾਡੇ ਸਿੱਖ ਇਤਿਹਾਸ ਲਈ ਮਹੱਤਵਪੂਰਨ ਅੰਗ ਹੈ,ਪਰ ਪਿਛਲੇ ਕੁੱਝ ਸਮੇਂ ਦੌਰਾਨ ‘ਅਕਾਲੀ ਦਲ ਬਾਦਲ’ ਦੀਆਂ ਗਲਤੀਆਂ ਅਤੇ ਪਰਿਵਾਰਵਾਦ ਨੇ ਅਕਾਲੀ ਦਲ ਬਾਦਲ ਨੂੰ ਪਤਨ ਵੱਲ੍ਹ ਲੈ ਜਾ ਰਿਹਾ ਜਾਪਦਾ ਹੈ।ਟਕਸਾਲੀ ਅਤੇ ਪੁਰਾਣੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ,ਰਣਜੀਤ ਸਿੰਘ ਬ੍ਰਹਮਪੁਰਾ ਆਦਿ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਅਤੇ ‘ਡੇਮੋਕ੍ਰੇਟਿਕ ਅਕਾਲੀ ਦਲ’ ਨਾਮ ਦਾ ਸੰਗਠਨ ਬਣਾ ਲਿਆ।ਇਨ੍ਹਾਂ ਲੀਡਰਾਂ ਨੇ ਪਾਰਟੀ ਦੀਆਂ ਗੈਰਕਨੂੰਨੀ ਗਤੀਵਿਧੀਆਂ ਨੂੰ ਗਲਤ ਦੱਸਦੇ ਹੋਏ ਇਹ ਨਵੇਂ ਰਾਹ ਨੂੰ ਅਪਣਾਇਆ। ਦਰਅਸਲ ਇਹ ਪਾਰਟੀ ਪਰਿਵਾਰਵਾਦ ਦਾ ਸ਼ਿਕਾਰ ਹੋ ਰਹੀ ਹੈ,ਜਿਸ ਦੀ ਉਦਾਹਰਣ ਇਸ ਦੇ ਮੌਜੂਦਾ ਪ੍ਰਧਾਨ ਦਾ ਹੋਣਾ ਏ।
1920 ਦੇ ਸਿੱਖ ਮੋਰਚਿਆਂ ‘ਚੋਂ ਉਭਰਿਆ ਇਹ ਸੰਗਠਨ ਬੇਸ਼ੱਕ ਅੱਜ ਆਪਣੇ ਪਤਨ ਵੱਲ੍ਹ ਜਾਦਾਂ ਜਾਪ ਰਿਹਾ ਏ,ਪਰ! ਸ਼੍ਰੌਮਣੀ ਅਕਾਲੀ ਦਲ’ ਨੇ ਪੰਜਾਬ ਸਿੱਖ ਗੁਰੂ ਘਰਾਂ ਦੇ ਸੁਧਾਰਾਂ ਲਈ ਆਪਣੀਂਆ ਕੀਮਤੀ ਜਾਨਾਂ ਕੁਰਬਾਨ ਕਰ ਦਿੱਤੀਆਂ।ਅਤੇ ਆਪਣੀ ਵਿਲੱਖਣ ਸਿਆਸਤ ਸਦਕਾ ਪੰਜਾਬ ਅਤੇ ਪੰਜਾਬ ਦੀ ਰਾਜਨੀਤੀ ਨੂੰ ਸਦਾ ਹੀ ਪ੍ਰਭਾਵਿਤ ਕੀਤਾ। ਹੁਣ ਵੀ ਇਸ ਸੰਗਠਨ ਵਿੱਚ ਅਜਿਹੇ ਲੀਡਰ ਹਨ ਜੋ ਅੱਗੇ ਚੱਲਕੇ ਆਮ ਲੋਕਾਂ ਦੀ ਨੁਮਾਇੰਦਗੀ ਕਰ ਸਕਦੇ ਹਨ,ਪਰ! ਉਨ੍ਹਾਂ ਨੂੰ ਪਰਿਵਾਰਵਾਦ, ਨਿੱਜਤਾ ਦਾ ਤਿਆਗ ਕਰਕੇ,ਆਮ ਲੋਕਾਂ ਦੀ ਆਵਾਜ ਬਣਨਾ ਪੈਣਾ ਏ।ਨਹੀਂ ਉਨ੍ਹਾਂ ਦੀ ਸ਼ਤਾਬਦੀ ਦਾ ਇਹ ਵਰ੍ਹਾ ਉਨ੍ਹਾਂ ਦੇ ਪਤਨ ਦਾ ਵਰ੍ਹੇ ਬਣਨ ਦਾ ਕਾਰਣ ਨਾ ਬਣ ਜਾਵੇ।
ਹਰਕਮਲ ਧਾਲੀਵਾਲ
ਸੰਪਰਕ:- 8437403720