ਪੰਜ ਸਾਲਾਂ ਦੀ ਕੁੰਭਕਰਨੀ ਨੀਂਦ ਜਾਗਿਆ ਭਾਸ਼ਾ ਵਿਭਾਗ ਕਿਸਾਨੀ ਨਾਲ ਕੋਝਾ ਮਜ਼ਾਕ

ਰਮੇਸ਼ਵਰ ਸਿੰਘ ਪਟਿਆਲਾ
(ਸਮਾਜ ਵੀਕਲੀ)

ਕਿਸਾਨ ਸੰਘਰਸ਼ ਦੀ ਰੁੱਤੇ ਜਦ ਸਾਰੇ ਦੇਸ਼ ਦੇ ਕਿਸਾਨ ਆਪਣੀ ਹੋਂਦ ਲਈ ਮੋਰਚੇ ਤੇ ਹਨ,ਇਹ ਮੌਸਮ ਵਿਚ ਇਨਾਮ ਭਾਸ਼ਾ ਵਿਭਾਗ ਵੱਲੋਂ ਖਾਲੀ ਖਜ਼ਾਨੇ ਦਾ ਰੌਲਾ ਪਾਉਂਦੇ ਹੋਏ ਅਚਾਨਕ ਦੇਣ ਦਾ ਐਲਾਨ ਕਰਨਾ, ਸਾਡੀ ਕਿਸਾਨੀ ਜੋ ਕਿ ਭਾਰਤ ਦਾ ਮੁੱਖ ਆਧਾਰ ਹਨ। ਉਨ੍ਹਾਂ ਦਾ ਪੰਜਾਬੀ ਮਾਂ ਬੋਲੀ ਨਾਲ ਕੋਈ ਸਬੰਧ ਨਹੀਂ?ਉਨ੍ਹਾਂ ਤੋਂ ਚੋਰੀ ਛਿਪੇ ਮੇਲੇ ਲਗਾਉਣੇ ਅਤਿ ਨਿੰਦਣਯੋਗ ਹੈ।ਸਾਡੇ ਨੌਜਵਾਨ ਜੋ ਕਿ ਪੰਜਾਬੀ ਸਾਹਿਤ ਦੇ ਪਾਠਕ ਤੇ ਲੇਖਕ ਵੀ ਹਨ ਉਨ੍ਹਾਂ ਦਾ ਵੀ ਕਿਸਾਨੀ ਨਾਲ ਗੂੜ੍ਹਾ ਸਬੰਧ ਹੈ ਹਰ ਸਮੇਂ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਅੱਗੇ ਖੜ੍ਹੇ ਹੁੰਦੇ ਹਨ।ਤਿੰਨਾਂ ਮਹੀਨਿਆਂ ਤੋਂ ਉਹ ਆਪਣਾ ਵੱਖ ਵੱਖ ਥਾਵਾਂ ਤੇ ਧਰਨੇ ਲਾ ਕੇ ਆਪਣਾ ਸਰਕਾਰ ਨਾਲ ਰੋਸ ਪ੍ਰਗਟਾ ਰਹੇ ਹਨ।

ਭਾਸ਼ਾ ਵਿਭਾਗ ਜੋ ਪੰਜਾਬ ਸਰਕਾਰ ਦਾ ਅਦਾਰਾ ਹੈ ਇਸ ਨੂੰ ਪੰਜ ਸਾਲ ਪਹਿਲਾਂ ਲਟਕਦੇ ਆ ਰਹੇ ਇਨਾਮ ਦੇਣ ਦਾ ਚੇਤਾ ਆ ਗਿਆ ਹੈ।ਕਹਿੰਦੇ ਹਨ ਕੋਈ ਆਪਣੇ ਦੁੱਖ ਵਿੱਚ ਰੋਂਦਾ ਹੋਵੇ ਜੇ ਉਸ ਨਾਲ ਮਿਲ ਕੇ ਰੋ ਨਹੀਂ ਸਕਦੇ, ਤਾਂ ਰੋਣੀ ਸ਼ਕਲ ਤਾਂ ਬਣਾ ਲੈਣੀ ਚਾਹੀਦੀ ਹੈ।ਭਾਸ਼ਾ ਵਿਭਾਗ ਪੰਜਾਬ ਦੀ ਇਹ ਨੀਰੋ ਵਾਲੀ ਬੰਸਰੀ ਹੈ।ਸਾਡੇ ਲੇਖਕ ਬੁੱਧੀਜੀਵੀ ਤੇ ਕਲਾਕਾਰ ਆਪਣੇ ਹੀ ਹਨ, ਉਹ ਵੀ ਕਿਸਾਨਾਂ ਵਿੱਚੋਂ ਹੀ ਹਨ ਜਿਨ੍ਹਾਂ ਨੂੰ ਖ਼ਾਸ ਐਵਾਰਡ ਦੇਣ ਦੀ ਸੂਚੀ ਜਾਰੀ ਕੀਤੀ ਹੈ। ਅਨੇਕਾਂ ਇਨਾਮ ਪ੍ਰਾਪਤ ਕਰਨ ਵਾਲੇ ਵੀ ਉਨ੍ਹਾਂ ਧਰਨਿਆਂ ਵਿਚ ਜੇ ਹਾਜ਼ਰ ਨਹੀਂ ਹੋਣਗੇ ਤਾਂ ਆਪਣੇ ਆਪਣੇ ਤਰੀਕੇ ਨਾਲ ਕਿਸਾਨਾਂ ਦੇ ਦੁੱਖ ਵਿਚ ਜ਼ਰੂਰ ਹਾਮੀ ਭਰਦੇ ਹੋਣਗੇ।

ਭਾਸ਼ਾ ਵਿਭਾਗ ਪੰਜਾਬ ਦਾ ਮੁੱਖ ਕੰਮ ਹੈ, ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਜਿਸ ਲਈ ਇਨ੍ਹਾਂ ਨੇ ਪੰਜਾਬੀ ਸਾਹਿਤ ਦੇ ਮਹੀਨਾਵਾਰ ਰਸਾਲੇ ਜਨ ਸਾਹਿਤ,ਪੰਜਾਬੀ ਦੁਨੀਆਂ ਤੇ ਹਿੰਦੀ ਵਿਚ ਪੰਜਾਬ ਸੌਰਵ ਚਾਲੂ ਕੀਤੇ ਹੋਏ ਹਨ। ਲੰਮੇ ਸਮੇਂ ਤੋਂ ਇਹ ਰਸਾਲੇ ਬੰਦ ਪਏ ਹਨ।ਖ਼ਾਸ ਵਿਸ਼ਿਆਂ ਤੇ ਇਸ ਵਿਭਾਗ ਨੇ ਕਿਤਾਬਾਂ ਛਾਪਣੀਆਂ ਹੁੰਦੀਆਂ ਹਨ ਲੰਮੇ ਸਮੇਂ ਤੋਂ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਗਿਆ।ਦੋ ਦਹਾਕਿਆਂ ਤੋਂ ਬਹੁਤ ਵਾਰ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਦੀ ਕੁਰਸੀ ਖਾਲੀ ਹੁੰਦੀ ਹੈ ਭਰਨ ਲਈ ਸਾਲ ਵੀ ਲੱਗ ਜਾਂਦੇ ਹਨ।ਕੁੱਲ ਮਿਲਾ ਕੇ 80%ਅਧਿਕਾਰੀਆਂ ਤੇ ਕਰਮਚਾਰੀ ਸੇਵਾਮੁਕਤ ਹੋ ਗਏ ਉਨ੍ਹਾਂ ਦੀ ਥਾਂ ਤੇ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ।

ਪੰਜਾਬੀ ਮਾਂ ਬੋਲੀ ਲਈ ਜ਼ਿਲ੍ਹਾ ਵਾਰ ਭਾਸ਼ਾ ਅਧਿਕਾਰੀ ਹੁੰਦੇ ਹਨ ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਕੋਈ ਭਾਸ਼ਾ ਅਧਿਕਾਰੀ ਨਹੀਂ, ਤੇ ਹਾਸੋਹੀਣੀ ਗੱਲ ਇਹ ਵੀ ਹੈ ਸਰਕਾਰ ਦੇ ਜਦੋਂ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਥਾਂ ਖਾਲੀ ਹੋਵੇ ਤਾਂ ਉਸ ਦਾ ਕੰਮ ਚਲਾਉਣ ਲਈ ਦੂਸਰੇ ਕਿਸੇ ਅਧਿਕਾਰੀ ਨੂੰ ਅਧਿਕਾਰ ਦਿੱਤੇ ਜਾਂਦੇ ਹਨ। ਅਜਿਹਾ ਵੀ ਜ਼ਿਲ੍ਹਿਆਂ ਵਿੱਚ ਨਹੀਂ ਕੀਤਾ ਜਾ ਸਕਿਆ।ਪਿਛਲੇ ਸਾਲ ਦੀ ਗੱਲ ਹੈ ਪੰਜਾਬੀ ਸਾਹਿਤ ਸਭਾ ਧੂਰੀ ਨੇ ਪੰਜਾਬੀ ਮਾਂ ਬੋਲੀ ਲਈ ਕੋਈ ਮੰਗ ਪੱਤਰ ਸੰਗਰੂਰ ਵਿਖੇ ਭਾਸ਼ਾ ਵਿਭਾਗ ਅਧਿਕਾਰੀ ਨੂੰ ਦੇਣਾ ਸੀ ਥਾਂ ਖਾਲੀ ਹੋਣ ਕਰਕੇ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਸੰਗਰੂਰ ਦੇ ਦਫਤਰ ਜਾ ਕੇ ਜਾਣਕਾਰੀ ਮੰਗੀ ਤਾਂ ਪਤਾ ਲੱਗਿਆ ਕਿ ਕਿਸੇ ਅਧਿਕਾਰੀ ਨੂੰ ਭਾਸ਼ਾ ਵਿਭਾਗ ਦਾ ਅਧਿਕਾਰ ਵੀ ਨਹੀਂ ਦਿੱਤਾ ਹੋਇਆ ਸੀ।

ਇਕ ਘੰਟਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁੱਖ ਅਧਿਕਾਰੀ ਸੋਚਦੇ ਰਹੇ ਕਿ ਮੰਗ ਪੱਤਰ ਕੌਣ ਪ੍ਰਾਪਤ ਕਰੇ ਕੀ ਇਹ ਹਾਸੋਹੀਣੀ ਗੱਲ ਨਹੀਂ ਹੈ।ਭਾਸ਼ਾ ਵਿਭਾਗ ਪੰਜਾਬ ਦੀ ਮੁੱਖ ਇਮਾਰਤ ਪਟਿਆਲਾ ਵਿਖੇ ਸੁਸ਼ੋਭਿਤ ਹੈ ਜਿਸ ਦੀ ਖਸਤਾ ਹਾਲਤ ਵਾਰੇ ਵਿਚਾਰ ਚਰਚਾ ਮੀਡੀਆ ਉੱਤੇ ਆਮ ਚਲਦੀ ਰਹਿੰਦੀ ਹੈ।ਕਰਮਚਾਰੀਆਂ ਨੂੰ ਸਮੇਂ ਤੇ ਤਨਖਾਹ ਨਹੀਂ ਮਿਲਦੀ ਇਸ ਦਾ ਰਾਗ ਵੀ ਮੀਡੀਆ ਤੇ ਆਮ ਤੌਰ ਤੇ ਅਲਾਪਿਆ ਜਾਂਦਾ ਹੈ।ਪਿਛਲੇ ਮਹੀਨੇ ਨਵਾਂ ਪੰਜਾਬ ਦਿਵਸ ਮਨਾਉਣ ਦਾ ਭਾਸ਼ਾ ਵਿਭਾਗ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਕਿਉਂਕਿ ਕਹਿੰਦੇ ਹਨ ਜੇਬ ਖਾਲੀ ਹੈ।ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਭ ਕੁਝ ਬੰਦ ਹੈ ਵਿਭਾਗ ਬਿਮਾਰ ਹੈ। ਫੇਰ ਪੰਜਾਬ ਭਾਸ਼ਾ ਵਿਭਾਗ ਕਿਹੜਾ ਹੋਇਆ? ਜਿਸ ਨੇ ਦੁੱਖ ਝੱਲ ਰਹੀ ਕਿਸਾਨੀ ਦੇ ਦਿਨਾਂ ਵਿਚ ਇਨਾਮ ਦੇਣ ਦਾ ਐਲਾਨ ਕਰ ਦਿੱਤਾ।

ਇਸ ਸਾਲ ਦੇ ਸ਼ੁਰੂ ਵਿੱਚ ਹੀ ਕੋਰੋਨਾ ਮਹਾਂਮਾਰੀ ਦਾ ਪੂਰੀ ਦੁਨੀਆਂ ਤੇ ਹਮਲਾ ਹੋ ਗਿਆ।ਭਾਸ਼ਾ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਅਧੂਰੇ ਹਨ ਅਜਿਹੇ ਪੰਜ ਸਾਲਾਂ ਦੇ ਪੁਰਸਕਾਰ ਦੇਣ ਲਈ ਬਹੁਤ ਮੀਟਿੰਗਾਂ ਕਰਨੀਆਂ ਪਈਆਂ ਹੋਣਗੀਆਂ ਕੋਰੋਨਾ ਮਹਾਂਮਾਰੀ ਲਾਗ ਦੀ ਬਿਮਾਰੀ ਹੋਣ ਕਰਕੇ ਇਕੱਠੇ ਵੀ ਨਹੀਂ ਬੈਠ ਸਕਦੇ ਸੀ ਸਰਕਾਰ ਵੱਲੋਂ ਖ਼ਾਸ ਰੋਕ ਸੀ ਇਹ ਕਦੋਂ ਤੇ ਕਿੱਥੇ ਮੀਟਿੰਗਾਂ ਹੋਈਆਂ ਹੋਣਗੀਆਂ? ਸੋਚਣ ਵਾਲੀ ਗੱਲ ਹੈ।ਇਨਾਮ ਪ੍ਰਾਪਤ ਕਰਤਾ ਲੇਖਕ ਬੁੱਧੀਜੀਵੀ ਕਲਾਕਾਰ ਸਭ ਮੇਰੇ ਹੀ ਭੈਣ ਭਾਈ ਹਨ ਮੈਨੂੰ ਕਿਸੇ ਨੂੰ ਇਨਾਮ ਦੇਣ ਦਾ ਇਤਰਾਜ਼ ਨਹੀਂ ਮੈਂ ਸੱਚੇ ਦਿਲੋਂ ਕਹਿੰਦਾ ਹਾਂ

ਪਰ ਇਹ ਇਨਾਮਾਂ ਦੀ ਸੂਚੀ ਕਿਹੜੀ ਪਤਲੀ ਗਲੀ ਨਿਕਲ ਕੇ ਆਈ ਇਹ ਸੋਚਣ ਵਾਲੀ ਗੱਲ ਹੈ।ਕਿਸਾਨੀ ਸਾਡੇ ਪੰਜਾਬ ਦਾ ਮੁੱਖ ਆਧਾਰ ਹੈ ਕਿਸਾਨਾਂ ਦੇ ਦੁੱਖਾਂ ਵਿੱਚ ਸ਼ਾਮਲ ਹੋਣ ਲਈ ਸਾਡੇ ਅੰਤਰਰਾਸ਼ਟਰੀ ਖਿਡਾਰੀਆਂ ਬੁੱਧੀਜੀਵੀਆਂ ਸਰਕਾਰ ਵੱਲੋਂ ਮਿਲੇ ਸਨਮਾਨ ਵਾਪਸ ਕਰਨ ਦਾ ਖ਼ਾਸ ਰੋਸ ਉਪਰਾਲਾ ਕੀਤਾ ਹੈ।ਬੇਹੱਦ ਕੜੀ ਮਿਹਨਤ ਨਾਲ ਸਾਡੇ ਖਿਡਾਰੀਆਂ ਨੇ ਇਨਾਮ ਤੇ ਸਨਮਾਨ ਪ੍ਰਾਪਤ ਕੀਤੇ ਹੋਣਗੇ ਕੌਣ ਆਪਣਾ ਮਾਣ ਵਾਪਸ ਕਰਨ ਬਾਰੇ ਸੋਚਦਾ ਹੈ?ਸਦਕੇ ਜਾਈਏ ਅਜਿਹੇ ਖਿਡਾਰੀਆਂ ਦਾ ਜੋ ਜਾਣਦੇ ਹਨ, ਕਿ ਇਨਾਮ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਵਿੱਚ ਬਹੁਤ ਦੁੱਖ ਸਹਿਣੇ ਪੈਂਦੇ ਹਨ।

ਇਸੇ ਲਈ ਤਾਂ ਉਹ ਅੱਜ ਕਿਸਾਨਾਂ ਦੇ ਦੁੱਖ ਵਿਚ ਆਪਣੇ ਸਹੀ ਤਰੀਕੇ ਨਾਲ ਸ਼ਾਮਲ ਹੋਏ ਹਨ। ਪੰਜਾਬੀ ਮਾਂ ਬੋਲੀ ਦੇ ਮਾਣ ਮੱਤੇ ਗਾਇਕ ਸੇਵਾਦਾਰ ਹਰਭਜਨ ਮਾਨ ਜੀ ਨੂੰ ਜਦੋਂ ਇਹ ਜਾਣਕਾਰੀ ਮਿਲੀ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗਾਇਕ ਇਨਾਮ ਮਿਲ ਰਿਹਾ ਹੈ।ਉਨ੍ਹਾਂ ਨੇ ਤੁਰੰਤ ਕਿਸਾਨੀ ਸੰਘਰਸ਼ ਦਾ ਵਾਹ ਵਾਸਤਾ ਪਾਉਂਦੇ ਹੋਏ ਕਿਹਾ “ਕਿ ਮੈਂ ਕਿਸਾਨੀ ਦੇ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹਾਂ ਮੈਂ ਖ਼ੁਦ ਕਿਸਾਨ ਦਾ ਪੁੱਤਰ ਹਾਂ।ਮੈਂ ਆਪਣੀ ਰੋਜ਼ੀ ਰੋਟੀ ਲਈ ਵਿਦੇਸ਼ ਚਲਾ ਗਿਆ ਸੀ ਗਾਇਕੀ ਨਾਲ ਜੁੜਿਆ ਪਰ ਪੰਜਾਬ ਦੇ ਉਹ ਖ਼ਾਸ ਲੋਕ ਜਿਨ੍ਹਾਂ ਵਿੱਚ ਮੁੱਖ ਕਿਸਾਨ ਹਨ ਉਨ੍ਹਾਂ ਨੇ ਮੈਨੂੰ ਗਾਇਕੀ ਦੇ ਉੱਚ ਪੱਧਰ ਤੇ ਪਹੁੰਚਾਇਆ

ਅੱਜ ਉਹ ਦੁੱਖਾਂ ਦੀ ਘੜੀ ਵਿੱਚ ਹਨ ਮੈਂ ਅਜਿਹਾ ਇਨਾਮ ਪ੍ਰਾਪਤ ਕਰਾਂ ਮੇਰੇ ਲਈ ਚੰਗੀ ਗੱਲ ਨਹੀਂ ਹੈ”।ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਰਭਜਨ ਮਾਨ ਦੀ ਕੌਣ ਪੰਜਾਬੀ ਤਾਰੀਫ਼ ਨਹੀਂ ਕਰੇਗਾ?ਅੱਜ ਲੇਖਕ ਤੇ ਅਨੇਕਾਂ ਕਲਾਕਾਰਾਂ ਨਾਲ ਮੇਰੀ ਗੱਲਬਾਤ ਹੋਈ ਤਾਂ ਸਾਰੇ ਇਸ ਸੋਚ ਵਿੱਚ ਸਨ।ਕਿ ਅੱਜ ਸਾਡਾ ਕਿਸਾਨ ਮਜ਼ਦੂਰ ਜੋ ਪੰਜਾਬ ਦਾ ਧੁਰਾ ਹੈ ਉਹ ਦੁੱਖਾਂ ਵਿੱਚ ਘਿਰਿਆ ਹੋਇਆ ਹੈ ਕਿਸੇ ਨੂੰ ਕਿਵੇਂ ਵਧਾਈ ਦੇ ਸਕਦੇ ਹਾਂ?ਹਰ ਕੋਈ ਬੁੱਧੀਜੀਵੀ ਲੇਖਕ ਕਲਾਕਾਰ ਆਪਣੀ ਮਿੱਟੀ ਨਾਲ ਪੂਰਨ ਰੂਪ ਵਿੱਚ ਜੁੜਿਆ ਹੁੰਦਾ ਹੈ

ਇਸੇ ਲਈ ਤਾਂ ਉਹ ਉੱਚ ਕੋਟੀ ਦੇ ਇਨਾਮ ਪ੍ਰਾਪਤ ਕਰਦਾ ਹੈ।ਅੱਜ ਉਨ੍ਹਾਂ ਦੀ ਮਿੱਟੀ ਨੂੰ ਸੋਨਾ ਬਣਾਉਣ ਵਾਲੇ ਵਰਗ ਨੂੰ ਦੁੱਖ ਹੋਵੇ ਕੌਣ ਇਨਾਮ ਲੈਣ ਦੀ ਸੋਚ ਰੱਖੇਗਾ।ਅਨਾਜ ਪੈਦਾ ਕਰਨ ਵਾਲੇ ਹੀ ਸਾਡੇ ਪੰਜਾਬ ਦੀ ਸ਼ਾਨ ਹਨ ਕੀ ਸਰਕਾਰ ਨੇ ਲੇਖਕਾਂ ਕਲਾਕਾਰਾਂ ਤੇ ਜਨਤਾ ਨੂੰ ਤੋੜਨ ਦਾ ਕੋਈ ਉਪਰਾਲਾ ਤਾਂ ਨਹੀਂ ਕੀਤਾ ਇਹ ਸਾਡੇ ਸਭਨਾਂ ਲਈ ਸੋਚਣ ਵਾਲੀ ਗੱਲ ਹੈ। ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਨੂੰ ਚਾਹੀਦਾ ਹੈ ਪਹਿਲਾਂ ਆਪਣੀ ਭਾਸ਼ਾ ਪੰਜਾਬੀ ਮਾਂ ਬੋਲੀ ਦਾ ਆਧਾਰ ਮਜ਼ਬੂਤ ਕਰਨ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਅਸਾਮੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।ਤੁਹਾਡੇ ਬੰਦ ਕੀਤੇ ਰਸਾਲੇ ਲੋਕ ਉਡੀਕਦੇ ਹਨ ਕੀ ਉਹ ਸ਼ੁਰੂ ਕਰਕੇ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਨਹੀਂ ਹੋਣਾ ਚਾਹੀਦਾ?

ਅਜੋਕੀ ਨੌਜਵਾਨ ਪੀੜ੍ਹੀ ਨੂੰ ਤਾਂ ਤੁਹਾਡੇ ਵੱਲੋਂ ਚਲਾਏ ਹੋਏ ਰਸਾਲਿਆਂ ਦਾ ਕੋਈ ਥਹੁ ਪਤਾ ਵੀ ਨਹੀਂ? ਤਿੰਨ ਕੁ ਦਹਾਕਿਆਂ ਤੋਂ ਇਹ ਜੋ ਇਨਾਮ ਸਨਮਾਨ ਦਿੱਤੇ ਜਾਂਦੇ ਹਨ ਹਮੇਸ਼ਾਂ ਪਛੜ ਕੇ ਹੀ ਦਿੱਤੇ ਹਨ ਹੁਣ ਕਿਹੜੀ ਅਜਿਹੀ ਜ਼ਰੂਰਤ ਪੈ ਗਈ ਸੀ ਕਿਹੜੇ ਪੰਜਾਬੀ ਮਾਂ ਬੋਲੀ ਦੇ ਖ਼ਤਰੇ ਨੂੰ ਇਹ ਇਨਾਮ ਸਨਮਾਨ ਦੇ ਕੇ ਰੋਕਿਆ ਜਾ ਸਕਦਾ ਹੈ?ਪੰਜਾਬੀ ਮਾਂ ਬੋਲੀ ਦੇ ਸੇਵਕ ਹੋਣ ਨਾਤੇ ਮੇਰੇ ਵੱਲੋਂ ਬੇਨਤੀ ਹੈ ਉਹ ਸਮਾਗਮ ਜਿਸ ਵਿਚ ਤੁਸੀਂ ਇਹ ਇਨਾਮ ਦੇਵੋਗੇ, ਉਸ ਸਰਕਾਰੀ ਸਮਾਗਮ ਤੇ ਜਿੰਨਾ ਖਰਚਾ ਹੋਵੇਗਾ ਉਸ ਨਾਲ ਰਸਾਲੇ ਆਨ ਸਾ਼ਨ ਨਾਲ ਚਾਲੂ ਕੀਤੇ ਜਾ ਸਕਦੇ ਹਨ।

ਚਲੋ ਇਨਾਮਾਂ ਦੀ ਸੂਚੀ ਤਾਂ ਦੇਰ ਸਵੇਰ ਨਾਲ ਉਸ ਵਿੱਚ ਕੋਈ ਫ਼ਰਕ ਨਹੀਂ ਆਵੇਗਾ। ਪੰਜ ਸਾਲ ਨਿਕਲ ਗਏ ਜੇ ਹੋਰ ਵੀ ਥੋੜ੍ਹਾ ਸਮਾਂ ਕੱਢ ਲਿਆ ਜਾਵੇ ਤਾਂ ਕਿਸਾਨ ਮੋਰਚੇ ਦਾ ਵੀ ਮਜ਼ਾਕ ਨਹੀਂ ਉਡੇਗਾ ਤੇ ਤੁਹਾਡਾ ਆਧਾਰ ਵੀ ਮਜ਼ਬੂਤ ਕਰਨ ਲਈ ਫੰਡ ਪ੍ਰਾਪਤ ਕਰਕੇ ਦਹਾਕਿਆਂ ਤੋਂ ਰੁਕੇ ਕੰਮ ਪੂਰੇ ਕਰ ਲੈਣੇ ਚਾਹੀਦੇ ਹਨ। ਆਓ ਸੋਚੀਏ ਮੇਰੇ ਪੰਜਾਬ ਦੇ ਸਮੂੰਹ ਨਿਵਾਸੀਓ ਬੁੱਧੀਜੀਵੀ ਲੇਖਕ ਤੇ ਕਲਾਕਾਰੋ ਸਾਡੇ ਕਿਸਾਨਾਂ ਮਜ਼ਦੂਰਾਂ ਤੋਂ ਹੱਕ ਖੋਹੇ ਜਾ ਰਹੇ ਹਨ ਪੂਰੀ ਦੁਨੀਆਂ ਇਨ੍ਹਾਂ ਨਾਲ ਜੁੜ ਕੇ ਖਡ਼੍ਹੀ ਹੈ,ਸਾਡਾ ਹਰ ਪੰਜਾਬੀ ਦੇਸ਼ ਜਾਂ ਵਿਦੇਸ਼ ਵਿੱਚ ਹੋਵੇ ਤਨ ਮਨ ਅਤੇ ਧਨ ਨਾਲ ਸੇਵਾ ਕਰ ਰਹੇ ਹਨ ਸਾਰੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ।

ਇਹ ਮੋਰਚਾ ਅਸੀਂ ਜ਼ਰੂਰ ਜਿੱਤਾਂਗੇ ਜੋ ਕਿ ਦੁਨੀਆਂ ਦਾ ਇਕ ਨਵਾਂ ਇਤਿਹਾਸ ਹੋਵੇਗਾ। ਹਰ ਬੋਲੀ ਦੇ ਪਹਿਰੇਦਾਰ ਬੁੱਧੀਜੀਵੀ ਲਿਖਾਰੀ ਤੇ ਕਲਾਕਾਰ ਹੀ ਹੁੰਦੇ ਹਨ ਇਨ੍ਹਾਂ ਨੂੰ ਇਨਾਮ ਪੁਰਸਕਾਰ ਹਮੇਸਾ ਮਿਲਦੇ ਰਹਿਣੇ ਚਾਹੀਦੇ ਹਨ।ਪਰ ਹਰ ਤਿੱਥ ਤਿਉਹਾਰ ਲਈ ਕੋਈ ਖ਼ਾਸ ਸਮਾਂ ਵੀ ਹੋਣਾ ਚਾਹੀਦਾ ਹੈ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਸਲਾਹ ਤੋਂ ਬਿਨਾਂ ਖਾਸ ਕਾਨੂੰਨ ਪਾਸ ਕੀਤੇ ਜਦੋਂ ਉਹ ਆਪਣੇ ਹੱਕਾਂ ਲਈ ਵੱਡਾ ਧਰਨਾ ਲਗਾ ਰਹੇ ਹਨ। ਪੰਜਾਬ ਸਰਕਾਰ ਅਜਿਹੇ ਸਮੇਂ ਇਨਾਮ ਦੇਣ ਦਾ ਉਪਰਾਲਾ ਕਰੇ ਇਹ ਇਕ ਮਜ਼ਾਕ ਹੀ ਹੋਵੇਗਾ?ਇੱਕ ਘਰ ਸੱਥਰ ਵਿਛਿਆ ਹੋਵੇ ਤੇ ਦੂਜੇ ਘਰ ਭੰਗੜਾ ਪੈਂਦਾ ਹੋਵੇ ਕੌਣ ਇਸ ਨੂੰ ਚੰਗਾ ਕਹੇਗਾ?

ਅੱਜ ਇਨਾਮ ਪ੍ਰਾਪਤ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।ਭਾਸ਼ਾ ਵਿਭਾਗ ਪੰਜਾਬ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਸ਼ਾ ਤੇ ਵਿਭਾਗ ਦੀ ਪਰਿਭਾਸ਼ਾ ਸਿੱਖੋ ਜੋ ਤੁਹਾਡੇ ਸੰਵਿਧਾਨ ਅਨੁਸਾਰ ਕੰਮ ਹਨ ਪਹਿਲਾਂ ਉਹ ਪੂਰੇ ਕਰੋ।ਖੁੱਲ੍ਹੇ ਦਿਲ ਨਾਲ ਅਜਿਹੇ ਇਨਾਮ ਦਿੰਦੇ ਰਹੋ ਪਰ ਇੱਕ ਗੱਲ ਹਮੇਸ਼ਾਂ ਯਾਦ ਰੱਖਣਾ “ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ ਹੁੰਦੀਆਂ ਹਨ।”

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਦਿਲੋਂ ਜੁੜੇ ਲੋਕ
Next articleਅਣਖੀ ਪੁੱਤ ਪੰਜਾਬ ਦੇ