ਦੀਵਾਲ਼ੀ ਜਾਂ ਦੀਵਾਲ਼ਾ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਸਾਡੀ ਕਾਹਦੀ ਦੀਵਾਲ਼ੀ ਹੈ ਮਿੱਤਰੋ ,
ਜ਼ਿੰਦਗ਼ੀ ਹੀ ਕਾਲ਼ੀ ਹੈ ਮਿੱਤਰੋ ,
ਜਦ ਤਾਂ ਲੋੜ ਹੁੰਦੀ ਹੈ ਵੋਟਾਂ ਦੀ ,
ਸਾਡੇ ਨਾਂ ਦੀ ਫੇਰਦੇ ਮਾਲ਼ਾ ।
ਮਗਰੋਂ ਆਪੇ ਚੁਣੇਂ ਹੋਏ ਆਗੂ ਹੀ,
ਕੱਢਣ ਨੂੰ ਫਿਰਨ ਦੀਵਾਲ਼ਾ ।

ਕਦੇ ਨੋਟ ਬੰਦੀ ਕਦੇ ਜੀ ਐਸ ਟੀ ,
ਕਦੇ ਨਵੇਂ ਕਾਨੂੰਨ ਬਣਾਉਂਦੇ ਨੇ।
ਕਦੇ ਪਹਿਲਿਆਂ ਦੇ ਵਿੱਚ ਸੋਧਾਂ ਕਰ,
ਨਵੀਆਂ ਹੀ ਘੁੰਡੀਆਂ ਪਾਉਂਦੇ ਨੇ ।
ਚਾਰੇ ਪਾਸਿਓਂ ਫਿਰਦੇ ਘੇਰਨ ਨੂੰ ,
ਹੁੰਦਾ ਜਿਓਂ ਮੱਕੜੀ ਦਾ ਜਾਲ਼ਾ ।
ਸਾਡੀ ਕਾਹਦੀ ਦੀਵਾਲ਼ੀ ਹੈ ਮਿੱਤਰੋ —

ਆਖੇ ਲੱਗ ਕੇ ਸ਼ਾਹੂਕਾਰਾਂ ਦੇ ,
ਅੱਖਾਂ ਰੱਖੀਂ ਫਿਰਨ ਜ਼ਮੀਨਾਂ ‘ਤੇ।
ਕਹਿੰਦੇ ਨੌਕਰ ਚਾਕਰ ਰੱਖ ‘ਲਾਂਗੇ,
ਥੋਨੂੰ ਖੇਤਾਂ ਵਿੱਚ ਮਸ਼ੀਨਾਂ ‘ਤੇ ।
ਲਗਦੈ ਰੌਲ਼ਾ ਨਵੇਂ ਕਨੂੰਨਾਂ ਦਾ ,
ਬਣ ਜੂ ਕਈ ਜਾਨਾਂ ਦਾ ਗਾਲ਼ਾ ।
ਸਾਡੀ ਕਾਹਦੀ ਦੀਵਾਲ਼ੀ ਹੈ ਮਿੱਤਰੋ—

ਖ਼ੁਸ਼ ਵਿਸ਼ਵ ਬੈਂਕ ਨੂੰ ਕਰਨ ਲਈ ,
ਸਾਡੇ ਗਲ਼ ਵਿੱਚ ਗੂਠਾ ਦੇਣ ਲੱਗੇ ।
ਵੀਹ ਸੌ ਬਾਈ ਲਈ ਅਤੇ ਚੌਵੀ ਲਈ,
ਵੱਡਿਆਂ ਤੋਂ ਗੱਫੇ ਲੈਣ ਲੱਗੇ ।
ਕਹਿੰਦੇ ਐਸੀ ਸਿਆਸਤ ਖੇਡਾਂਗੇ ,
ਕਰ ਦਿਆਂਗੇ ਘਾਲ਼ਾ ਮਾਲ਼ਾ ।
ਸਾਡੀ ਕਾਹਦੀ ਦੀਵਾਲ਼ੀ ਹੈ ਮਿੱਤਰੋ—

ਹੁਣ ਤਾਂ ਸਾਨੂੰ ਵੀ ਮੱਤ ਆ ਗਈ ਏ ,
ਰਲ਼ ਮਿਲ ‘ਕੱਠਾ ਹੋਣਾਂ ਆ ਗਿਆ ਏ।
ਬੁੜਿ੍ਆਂ , ਗੱਭਰੂਆਂ ਤੇ ਔਰਤਾਂ ਨੂੰ ,
ਇੱਕੋ ਥਾਂ ‘ਤੇ ਖਲੋਣਾਂ ਆ ਗਿਆ ਏ ।
ਲੋਕ ਸ਼ਕਤੀ ਹੁੰਦੀ ਹੈ ਉਹ ਕੁੰਜੀ ,
ਜਿਹੜੀ ਖੋਲ੍ ਦਿੰਦੀ ਹਰ ਤਾਲ਼ਾ ।
ਸਾਡੀ ਕਾਹਦੀ ਦੀਵਾਲ਼ੀ ਹੈ ਮਿੱਤਰੋ—

ਸਾਡੀ ਲੰਘੂ ਦੀਵਾਲ਼ੀ ਸੜਕਾਂ ‘ਤੇ ,
ਜਾਂ ਫਿਰ ਰੇਲ ਗੱਡੀ ਦੀਆਂ ਲਾਈਨਾਂ ‘ਤੇ।
ਸਾਨੂੰ ਟੇਕ ਹੈ ਅਪਣੇ ਏਕੇ ‘ਤੇ ,
ਨਾ ਪਾਕਿ ਉੱਤੇ ਨਾ ਹੀ ਚਾਈਨਾਂ ‘ਤੇ ।
ਐਨਾਂ ਛੇਤੀ ਮਾਰਿਆਂ ਨਈਂ ਮਰਦਾ ,
ਸ਼ਰਮਾ ਪਿੰਡ ਰੰਚਣਾਂ ਵਾਲ਼ਾ ।
ਸਾਡੀ ਕਾਹਦੀ ਦੀਵਾਲ਼ੀ ਹੈ ਮਿੱਤਰੋ—

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 9478408898

Previous articleਪਿੰਡ ਢੇਪੁਰ ‘ਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਵੰਡਿਆ ਅਨਾਜ
Next articleਪਿਆਰੇ – ਪਿਆਰੇ ਬੱਚਿਆਂ ਦਾ ਦਿਨ : ਬਾਲ ਦਿਵਸ