“ਅੱਜ ਬਾਪੂ ਮੈਨੂੰ ਕੁੱਝ ਉਦਾਸ ਉਦਾਸ ਜਿਹਾ ਲੱਗਿਆ, ਪਰ ਨਹੀਂ ਪਹਿਲਾਂ ਵੀ ਉਦਾਸ ਹੀ ਰਹਿੰਦਾ ਹੋਣਾ ਉਹ ਤਾਂ ਮੈਂ ਹੀ ਅੱਜ ਧਿਆਨ ਨਾਲ ਵੇਖਿਆ ਬਾਪੂ ਵੱਲ।” ਫੋਨ ਨੂੰ ਚਾਰਜਿੰਗ ਤੇ ਲਾਉਂਦਿਆਂ ਗੁਰਦੀਪ ਬਾਪੂ ਵੱਲ ਬੜੇ ਧਿਆਨ ਨਾਲ ਵੇਖ ਕੇ ਸੋਚੀ ਪੈ ਗਿਆ।
“ਓਏ ਕੋਈ ਕੰਮ-ਕਾਜ ਵੀ ਕਰ ਲਿਆ ਕਰ, ਸਵੇਰ ਤੋਂ ਸ਼ਾਮ ਤੱਕ ਇਸੇ ਵਿੱਚ ਵੜਿਆ ਰਹਿਨਾ ਏ, ਨਾਲੇ ਤੈਨੂੰ ਕਿਹਾ ਸੀ ਵੀ ਮੇਰੇ ਫੋਨ ਦਾ ਰਿਚਾਰਜ ਕਰਾ ਦੇਵੀਂ, ਤੈਨੂੰ ਤਾਂ ਇਸ ਫੋਨ ਨੇ ਪੱਟ ਲਿਆ ਜਮਾਂ, ਆਖੇ ਨਹੀਂ ਲੱਗਦਾ ਹੁਣ ਤੂੰ ਗੈਰੀ।” ਜਗੀਰ ਸਿੰਘ ਨੇ ਮੱਥੇ ਤੋਂ ਮੁੜਕਾ ਪੂੰਝਦਿਆਂ ਆਪਣੇ ਇਕਲੌਤੇ ਪੁੱਤਰ ਗੁਰਦੀਪ ਨੂੰ ਕਿਹਾ।
ਐਨੇ ਨੂੰ ਜਗੀਰ ਸਿੰਘ ਦੀ ਘਰਵਾਲੀ ਸੰਤੀ ਪਾਣੀ ਦਾ ਗਿਲਾਸ ਜਗੀਰ ਸਿੰਘ ਨੂੰ ਫੜਾਉਂਦਿਆਂ ਬੋਲਦੀ ਹੈ, “ਕਿ ਗੱਲ ਜੀ, ਮੈਂ ਦੋ-ਤਿੰਨ ਦਿਨਾਂ ਤੋਂ ਵੇਖ ਰਹੀ ਹਾਂ, ਤੁਸੀਂ ਬੜੇ ਉਦਾਸ-ਉਦਾਸ ਜਹੇ ਰਹਿਨੇ ਓਂ।ਮਾਂ ਦੀ ਗੱਲ ਦੀ ਹਾਮੀ ਭਰਦਿਆਂ ਗੁਰਦੀਪ ਵੀ ਵਿੱਚ ਹੀ ਬੋਲਿਆ, “ਹਾਂ ਮਾਂ ਮੈਂ ਵੀ ਵੇਖ ਰਿਹਾ ਬਾਪੂ ਚੁੱਪ-ਚੁੱਪ ਜਿਹਾ ਹੀ ਰਹਿੰਦਾ।
ਆਪਣੇ ਪੁੱਤ ਦੀ ਇਹ ਗੱਲ ਸੁਣ ਜਗੀਰ ਸਿੰਘ ਉਸ ਨੂੰ ਝਿੜਕਦਾ ਹੈ “ਅੱਛਾ ਵਈ ਇਹ ਤੇ ਕਮਾਲ ਹੀ ਹੋ ਗਈ ਪੁੱਤਰਾ, ਤੈਨੂੰ ਕਿਵੇਂ ਮੋਬੈਲ ਤੋਂ ਟੈਂਮ ਮਿਲ ਗਈ ਇਹ ਵੇਖਣ ਦਾ ਕਿ ਬਾਪੂ ਤੇਰਾ ਚੁੱਪ-ਚੁੱਪ ਰਹਿੰਦਾ ਹੈ।ਸਾਰਾ ਦਿਨ ਸਾਰੀ ਰਾਤ ਤੂੰ ਇਸ ਫੋਨ ‘ਚ ਵੜਿਆ ਰਹਿੰਦਾ ਹੈ, ਕੋਈ ਕੰਮ ਨਹੀਂ ਕਰਦਾ, ਕੋਈ ਨਾ ਪੁੱਤ ਨਾ ਕਰੋ ਕੰਮ ਹੁਣ ਪਤਾ ਲੱਗ ਜਾਵੇਗਾ ਜਦ ਸਰਕਾਰ ਨੇ ਬਿੱਲ ਪਾਸ ਕਰਤਾ, ਦਿਹਾੜੀਆਂ ਲਾਉਣੀਆਂ ਪੈਣੀਆਂ ਨੇ, ਅੱਜ ਵੀ ਸੋਚ ਲਵੋ, ਇਹਨਾਂ ਗਾਇਕਾਂ ਨੇ ਕੁੱਝ ਨਹੀਂ ਦੇਣਾ, ਅਜੇ ਪਿਛਲੇ ਹਫ਼ਤੇ ਹੀ ਇਹਨਾਂ ਗਾਇਕਾਂ ਪਿੱਛੇ ਹੋਈ ਤੇਰੀ ਲੜਾਈ ਤੇ 20 ਹਜ਼ਾਰ ਫੂਕ ਕੇ ਹਟਿਆ ਹਾਂ, ਨਾਲੇ ਇਹ ਗੇਮਾਂ, ਚੰਗਾ ਹੋਇਆ ਬੰਦ ਕਰਤੀਆਂ ਸਰਕਾਰਾਂ ਨੇ, ਨਹੀਂ ਸਾਰੀ ਰਾਤ ਨੀ ਸੌਣ ਦਿੰਦਾ ਸੀ ਤੂੰ, ਨਾਲੇ ਦੱਸ ਰਿਚਾਰਜ ਨਹੀਂ ਕਰਵਾਇਆ ਤੂੰ, ਤੈਨੂੰ ਕੱਲ ਦੇ ਪੈਸੇ ਦਿੱਤੇ ਹੋਏ ਨੇ, ਯੂਨੀਅਨ ਆਲਿਆਂ ਨੂੰ ਫੋਨ ਕਰਨੇ ਹੁੰਦੇ ਆ।”
ਪਰ ਗੈਰੀ ਨੇ ਤਾਂ ਉਹਨਾਂ ਪੈਸਿਆਂ ਦਾ ਆਪਣਾ ਰਿਚਾਰਜ ਕਰਾ ਲਿਆ ਸੀ ਅਤੇ ਬਾਪੂ ਦੇ ਡਰੋਂ ਇਹ ਗੱਲ ਉਸਨੇ ਆਪਣੀ ਮਾਂ ਨੂੰ ਦੱਸ ਦਿੱਤੀ ਸੀ। ਮਾਂ ਦੇ ਲਾਡ ਪਿਆਰ ਨੇ ਇਕਲੌਤੇ ਪੁੱਤ ਨੂੰ ਕੁੱਝ ਜ਼ਿਆਦਾ ਹੀ ਵਿਗਾੜਿਆ ਹੋਇਆ ਸੀ।
“ਉਹ ਰਿਚਾਰਜ ਆਲੇ ਪੈਸਿਆਂ ਦੀ ਤਾਂ ਮੈਂ ਖੰਡ ਮੰਗਵਾ ਲਈ ਸੀ ਜੀ ਗੈਰੀ ਤੋਂ, ਖੰਡ ਮੁੱਕ ਚੁੱਕੀ ਸੀ।” ਮਾਂ ਨੇ ਗੁਰਦੀਪ ਦੀ ਗਲਤੀ ਤੇ ਪਰਦਾ ਪਾਉਂਦਿਆਂ ਆਪਣੇ ਘਰਵਾਲੇ ਨੂੰ ਕਿਹਾ। ਬਾਪੂ ਨੇ ਪੰਜ ਸੋ ਦਾ ਨੋਟ ਕੱਢਦਿਆਂ ਇੱਕ ਵਾਰ ਫਿਰ ਗੈਰੀ ਨੂੰ ਝਾੜਦਿਆਂ ਕਿਹਾ,”ਇੱਕ ਆਹ ਮੁੰਡੇ ਨੇ ਸਿਮ ਬਦਲਾਅ ਦਿੱਤਾ, ਆਖੇ ਵੀ ਡੈਡੀ ਜੀਓ ਤਾਂ ਫਰੀ ਆ, ਆਹ ਵੇਖਲਾ ਫਰੀ ਦੇ ਨਜ਼ਾਰੇ, ਦੁਨੀਆਂ ਨੂੰ ਮਗਰ ਲਾ ਕੇ ਕਰਤਾ ਨਾ ਮਹਿੰਗਾ ਸਾਰੀਆਂ ਸਿਮਾਂ ਤੋਂ, ਮੇਰਾ ਤਾਂ ਬੀ ਐਸ ਐਨ ਐਲ ਹੀ ਠੀਕ ਸੀ ਨਾਲੇ ਸਰਕਾਰੀ ਨਾਲੇ ਸਸਤਾ।”
”ਉਹ ਤਾਂ ਭਾਪੇ ਹੁਣ ਬੰਦ ਹੋਣ ਵਾਲੀ ਆ ਕੰਪਨੀ” ਗੁਰਦੀਪ ਫੋਨ ਨੂੰ ਚਾਰਜਿੰਗ ਤੋਂ ਹਟਾਉਂਦਿਆਂ ਡਰਦੇ-ਡਰਦੇ ਆਪਣੇ ਬਾਪੂ ਤੋਂ ਪੰਜ ਸੋ ਦਾ ਨੋਟ ਫੜਦਿਆਂ ਬੋਲਿਆ।
“ਆਹੋ ਬੰਦ ਹੀ ਹੋਣੀ ਸੀ, ਫਰੀ ਆਲੀ ਸਿਮ ਵੇਖ ਕੇ ਸਾਰਿਆਂ ਨੇ ਬਦਲ ਲਈਆਂ ਸਿਮਾਂ ਤੇ ਘਾਟਾ ਤਾਂ ਪੈਣਾ ਹੀ ਸੀ, ਤੇ ਵੇਖੀ ਜਾਈਂ ਪੁੱਤਰਾ ਆਹੀ ਕੁੱਝ ਕਿਸਾਨੀ ਨਾਲ ਹੋਵੇਗਾ ਜੇ ਕਿੱਧਰੇ ਇਹ ਬਿਲ ਖ਼ਤਮ ਨਾ ਕੀਤੇ ਸਰਕਾਰਾਂ ਨੇ” ਇਹ ਕਹਿੰਦਿਆਂ ਪਰਨੇ ਨੂੰ ਠੀਕ ਕਰਦਿਆਂ ਬਾਪੂ ਬਾਹਰ ਨੂੰ ਨਿਕਲ ਗਿਆ ਅਤੇ ਗੁਰਦੀਪ ਫਿਰ ਮੋਬਾਈਲ ਵਿੱਚ ਵੜ ਗਿਆ।
ਬਾਪੂ ਦੇ ਫੋਨ ਦੀ ਰਿੰਗ ਵੱਜੀ ਜਗੀਰ ਸਿੰਘ ਨੇ ਫੋਨ ਕੰਨ ਨੂੰ ਲਾਇਆ ਅਤੇ ਉੱਥੇ ਦਾ ਉੱਥੇ ਹੀ ਖੜ੍ਹ ਗਿਆ। ਜਿਵੇਂ ਜਗੀਰ ਸਿੰਘ ਦੇ ਸਾਰੇ ਸਰੀਰ ‘ਚ ਕੰਬਣੀ ਛਿੜ ਗਈ ਹੋਵੇ ਅਤੇ ਉਹ ਬਸ ਬੋਲੀ ਹੀ ਜਾ ਰਿਹਾ ਸੀ, “ਪਾਸ ਹੋ ਗਏ ਨੇ ਬਿਲ, ਬਣ ਗਏ ਨੇ ਕਾਲੇ ਕਨੂੰਨ, ਮਾਰੂ ਕਨੂੰਨ, ਸਾਂਭ ਲਵੋ ਪੁੱਤਰੋ ਜ਼ਮੀਨਾਂ, ਇਕੱਠੇ ਹੋ ਜੋ ਮੁੰਡਿਓ, ਇਕੱਠੇ ਹੋਜੋ, ਕਿਰਤੀਆਂ, ਕਾਮਿਆਂ ਨੂੰ ਨਾਲ ਲੈਕੇ ਚੱਲਿਓ, ਸਾਰਿਆਂ ਦੇ ਸਾਥ ਦੀ ਲੋੜ ਆ, ਤੁਸੀਂ ਲੜਨੀ ਆ ਹੁਣ ਇਹ ਲੜਾਈ, ਇਕੱਠੇ ਹੋ ਜੋ, ਛੱਡ ਦੋ ਇਹਨਾਂ ਫੋਨਾਂ ਨੂੰ, ਛੱਡ ਦੋ, ਨਹੀਂ ਸੱਭ ਕੁੱਝ ਖ਼ਤਮ ਹੋ ਜਾਣਾ।” ਇਹ ਕਹਿੰਦੇ-ਕਹਿੰਦੇ ਬੇਹੋਸ਼ ਹੋ ਕੇ ਜਗੀਰ ਸਿੰਘ ਧਰਤੀ ਤੇ ਡਿੱਗ ਪਿਆ ਤੇ ਮੁੜ ਕੇ ਨਾ ਉਠਿਆ।
ਚਰਨਜੀਤ ਸਿੰਘ ਰਾਜੌਰ
8427929558