ਵਾਸ਼ਿੰਗਟਨ/ਪਿਟਸਬਰਗ (ਸਮਾਜ ਵੀਕਲੀ) : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਲਈ ਵੋਟ ਪਾਉਣ ਖਾਤਰ ਲੋਕ ਕਤਾਰਾਂ ਬੰਨ੍ਹ ਕੇ ਖੜ੍ਹੇ ਨਜ਼ਰ ਆਏ। ਮੁਲਕ ਦੇ ਇਤਿਹਾਸ ਵਿਚ ਸਭ ਤੋਂ ਫ਼ੈਸਲਾਕੁੰਨ ਇਨ੍ਹਾਂ ਕੁੜੱਤਣ ਭਰੀਆਂ ਚੋਣਾਂ ਵਿਚ ਮੌਜੂਦਾ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਡੈਮੋਕਰੈਟ ਜੋਅ ਬਾਇਡਨ ਨੇ ਚੁਣੌਤੀ ਦਿੱਤੀ ਹੈ। ਮਹਾਮਾਰੀ ਦਰਮਿਆਨ ਕਰੀਬ 10 ਕਰੋੜ ਲੋਕ ਪਹਿਲਾਂ ਹੀ ਵੋਟ ਪਾ ਚੁੱਕੇ ਹਨ। ਅਮਰੀਕਾ ਵਿਚ ਕਰੀਬ ਇਕ ਸਦੀ ਬਾਅਦ ਐਨੀ ਭਰਵੀਂ ਵੋਟਿੰਗ ਹੋ ਰਹੀ ਹੈ। ਡਾਕ ਰਾਹੀਂ ਪਈਆਂ ਵੋਟਾਂ ਨੂੰ ਗਿਣਨ ਲਈ ਦਿਨ ਜਾਂ ਹਫ਼ਤੇ ਲੱਗ ਸਕਦੇ ਹਨ। ਇਸ ਲਈ ਜੇਤੂ ਦਾ ਐਲਾਨ ਵੋਟਾਂ ਖ਼ਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਨਹੀਂ ਕੀਤਾ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਲੰਘੇ ਚਾਰ ਸਾਲਾਂ ਦੌਰਾਨ ਦੁਨੀਆ ਭਰ ਦੇ ਮੁਲਕਾਂ ਨੇ ਇਕ ਬਿਲਕੁਲ ਵੱਖ ਤਰ੍ਹਾਂ ਦਾ ਅਮਰੀਕੀ ਰਾਸ਼ਟਰਪਤੀ ਦੇਖਿਆ ਹੈ। ਕਈ ਪੁਰਾਣੀਆਂ ਭਾਈਵਾਲੀਆਂ ਖ਼ਤਮ ਹੋ ਗਈਆਂ, ਸਮਝੌਤੇ ਰੱਦ ਕਰ ਦਿੱਤੇ ਗਏ, ਟੈਕਸ ਲਾਏ ਗਏ ਤੇ ਫੰਡ ਵਾਪਸ ਲੈ ਲਏ ਗਏ। ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਇਨ੍ਹਾਂ ਚੋਣਾਂ ਉਤੇ ਟਿਕੀਆਂ ਹੋਈਆਂ ਹਨ। ਚੋਣਾਂ ਨਾਲ ਜੁੜੀ ਹਿੰਸਾ ਦੇ ਖ਼ਦਸ਼ਿਆਂ ਕਾਰਨ ਵਾਈਟ ਹਾਊਸ ਤੇ ਪੂਰੇ ਅਮਰੀਕਾ ਵਿਚ ਕਾਰੋਬਾਰੀ ਥਾਵਾਂ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਵਾਰ ਦੀਆਂ ਚੋਣਾਂ ਬੇਹੱਦ ਵੰਡਪਾਊ ਤੇ ਕੌੜਾ ਤਜਰਬਾ ਸਾਬਿਤ ਹੋਈਆਂ ਹਨ। ਅਹਿਮ ਸਰਕਾਰੀ ਟਿਕਾਣੇ ਹਾਈ ਅਲਰਟ ਉਤੇ ਹਨ।
ਸੀਕ੍ਰੇਟ ਸਰਵਿਸ ਨੇ ਵਾਈਟ ਹਾਊਸ ਨੂੰ ਕਿਲ੍ਹੇ ਵਿਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਤੇ ਬਾਇਡਨ ਨੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਆਖ਼ਰੀ ਹੰਭਲਾ ਮਾਰਿਆ। ਟਰੰਪ (74) ਨੇ ਪ੍ਰਚਾਰ ਲਈ ਸੋਮਵਾਰ ਵਿਸਕੌਨਸਿਨ, ਮਿਸ਼ੀਗਨ, ਉੱਤਰੀ ਕੈਰੋਲੀਨਾ ਤੇ ਪੈਨਸਿਲਵੇਨੀਆ ਦਾ ਦੌਰਾ ਕੀਤਾ ਜਦਕਿ 77 ਸਾਲਾ ਬਾਇਡਨ ਪੈਨਸਿਲਵੇਨੀਆ ਤੇ ਓਹਾਇਓ ਵਿਚ ਵੋਟਰਾਂ ਨਾਲ ਰਾਬਤਾ ਕਰਦੇ ਰਹੇ। ਬਾਇਡਨ ਨੇ ਇਸ ਮੌਕੇ ਕਿਹਾ ਕਿ ਟਰੰਪ ਨੂੰ ਹਰਾਉਣਾ ਕਰੋਨਾਵਾਇਰਸ ਨੂੰ ਮਾਤ ਦੇਣ ਵੱਲ ਪਹਿਲਾ ਕਦਮ ਹੈ। ਬਾਇਡਨ ਨੇ ਪਿਟਸਬਰਗ ’ਚ ਕਿਹਾ ਕਿ ਟਰੰਪ ਦੀ ਚਾਰ ਸਾਲਾਂ ਵਿਚ ਦੇਸ਼ ਨੂੰ ਕੋਈ ਦੇਣ ਨਹੀਂ ਹੈ। ਟਰੰਪ ਨੇ ਬਾਇਡਨ ’ਤੇ ਨਿਸ਼ਾਨਾ ਸੇਧਦਿਆਂ ਲੋਕਾਂ ਨੂੰ ਕਿਹਾ ‘ਡੈਮੋਕਰੈਟ ਉਮੀਦਵਾਰ ਨੂੰ ਵੋਟ ਦੇਣਾ ਕਾਮਰੇਡਾਂ, ਸਮਾਜਵਾਦੀਆਂ ਤੇ ਅਮੀਰ ਲਿਬਰਲ ਧਿਰਾਂ ਨੂੰ ਵੋਟ ਦੇਣ ਦੇ ਬਰਾਬਰ ਹੈ, ਜੋ ਤੁਹਾਨੂੰ ਚੁੱਪ ਕਰਵਾ ਕੇ ਤੇ ਖ਼ਾਰਜ ਕਰ ਕੇ ਸਜ਼ਾ ਦੇਣਗੇ।’