ਰਬ ਨੂੰ ਮਿਹਣਾ

(ਸਮਾਜ ਵੀਕਲੀ)

ਵੇਖ ਅਸੀਂ ਤਾਂ ਜਿਓੰਦੇ ਮੋਏ
ਇਸ ਦੁਨੀਆਂ ਤੋਂ ਵੱਖ ਜੇ ਹੋਏ
ਸਾਨੂੰ ਵੀ ਭੁੱਖ ਲੱਗਣੋ ਹਟਾਦੇ
ਜਾਂ ਫਿਰ ਢਿੱਡ ਸਾਡੇ ਤੂੰ ਭਰਜਾ
ਬੈਠ ਰੱਬਾ ਦੋ ਗੱਲਾਂ ਕਰਜਾ
ਜਾਂ ਤੂੰ ਸ਼ਰਮਾਂ ਨਾਲ ਹੀ ਮਰਜਾ ।

ਇਹ ਕੀ ਰੱਬਾ ਕਹਿਰ ਕਮਾਤਾ
ਜਿਹੜਾ ਸਾਨੂੰ ਮਨੁੱਖ ਬਣਾਤਾ
ਭੁੱਖਿਆਂ ਰਹਿ ਰਹਿ ਪਿੰਜਰ ਬਾਕੀ
ਇਹਨੂੰ ਵੀ ਹੁਣ ਚੀਰ ਕੇ ਧਰਜਾ
ਬੈਠ ਰੱਬਾ ਦੋ ਗੱਲਾਂ ਕਰਜਾ
ਜਾਂ ਤੂੰ ਸ਼ਰਮਾਂ ਨਾਲ ਹੀ ਮਰਜਾ ।

ਸਾਡੇ ਬੁੱਤਾਂ ਦਾ ਸਿਰਜਣਹਾਰ ਤੂੰ
ਸਿਰਜ ਕੇ ਕੀਤਾ ਅਤਿਆਚਾਰ ਤੂੰ
ਨਾ ਲੈਂਦਾ ਆ ਕੇ ਸਾਡੀ ਸਾਰ ਤੂੰ
ਆ ਕੇ ਸਾਡੇ ਸਭ ਦੁੱਖ ਹਰਜਾ
ਬੈਠ ਰੱਬਾ ਦੋ ਗੱਲਾਂ ਕਰਜਾ
ਜਾਂ ਤੂੰ ਸ਼ਰਮਾਂ ਨਾਲ ਹੀ ਮਰਜਾ।

ਬੰਦਾ, ਬੰਦੇ ਦੀ ਕਹਿੰਦੇ ਦਾਰੂ
ਧਰਮਾ ਲਈ ਪਰ ਸਭ ਨੂੰ ਮਾਰੂ
ਇਹ ਕਿਉਂ ਰੱਬਾ ਪਾੜਾ ਪਾਇਆ
ਹੁੰਦੇ ਕਤਲੇਆਮ ਤੋਂ ਡਰਜਾ
ਬੈਠ ਰੱਬਾ ਦੋ ਗੱਲਾਂ ਕਰਜਾ
ਜਾਂ ਤੂੰ ਸ਼ਰਮਾਂ ਨਾਲ ਹੀ ਮਰਜਾ ।

ਸਭ ਕੁੱਝ ਮਿਲਦਾ ਤੇਰੇ ਦਰ ਤੋੰ
ਮੰਗਾਂ ਦਸ ਮੈਂ ਕਿਹੜੇ ਘਰ ਤੋਂ
ਤੂੰ ਤਾਂ ਸੱਚੀਂ ਪੱਥਰ ਹੋਇਆ
ਦੱਸ ਤੈਨੂੰ ਕੀ ਦੇਵਾਂ ਦਰਜਾ
ਬੈਠ ਰੱਬਾ ਦੋ ਗੱਲਾਂ ਕਰਜਾ
ਜਾਂ ਤੂੰ ਸ਼ਰਮਾਂ ਨਾਲ ਹੀ ਮਰਜਾ ।

ਜਿਓਣੇ ਵੱਲੋਂ ਹੈ ਮਿਹਣਾ ਰੱਬਾ
ਕਿਉਂ ਪੈਂਦਾ ਭੁੱਖੇ ਰਹਿਣਾ ਰੱਬਾ
ਟੁੱਕੋੰ ਵਿਲਕਦੇ ਵੇਖ ਕੇ ਸਾਨੂੰ
ਰੱਬਾ ਜਿਓੰਦੇ ਜੀ ਹੀ ਸੜਜਾ
ਬੈਠ ਰੱਬਾ ਦੋ ਗੱਲਾਂ ਕਰਜਾ
ਜਾਂ ਤੂੰ ਸ਼ਰਮਾਂ ਨਾਲ ਹੀ ਮਰਜਾ
ਜਾਂ ਤੂੰ ਸ਼ਰਮਾਂ ਨਾਲ ਹੀ ਮਰਜਾ ……।

ਜਤਿੰਦਰ ਭੁੱਚੋ

 

 

 

 

 

 

9501475400

Previous articleTired my best to provide water in Tumkur: Deve Gowda
Next articleDelhi: Fresh Covid cases above 5,000 for 4th straight day