ਪਟਨਾ/ਮੁੰਗੇਰ (ਸਮਾਜ ਵੀਕਲੀ): ਸੋਮਵਾਰ ਨੂੰ ਦੁਰਗਾ ਪੂਜਾ ਸਮਾਗਮ ਦੌਰਾਨ ਹੋਈ ਹਿੰਸਾ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਮੁੰਗੇਰ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਐੱਸਪੀ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਇਕ ਟੋਲੇ ਨੇ ਅੱਜ ਸ਼ਹਿਰ ਵਿੱਚ ਹੁੱਲੜਬਾਜ਼ੀ ਕਰਦਿਆਂ ਪੁਲੀਸ ਸਟੇਸ਼ਨਾਂ ਤੇ ਕੁਝ ਚੌਕੀਆਂ ਨੂੰ ਅੱਗ ਲਾ ਦਿੱਤੀ ਤੇ ਐੱਸਪੀ ਦਫ਼ਤਰ ਦੀ ਭੰਨਤੋੜ ਵੀ ਕੀਤੀ।
ਇਸ ਦੌਰਾਨ ਚੋਣ ਕਮਿਸ਼ਨ ਨੇ ਸੋਮਵਾਰ ਦੇਰ ਰਾਤ ਦੇਵੀ ਦੁਰਗਾ ਦੀਆਂ ਮੂਰਤੀਆਂ ਨੂੰ ਪਾਣੀ ਵਿੱਚ ਹੜਾਉਣ ਮੌਕੇ ਹੋਈ ਫਾਇਰਿੰਗ ਤੇ ਪੱਥਰਬਾਜ਼ੀ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ਦੌਰਾਨ ਇਕ ਵਿਅਕਤੀ ਦੀ ਮੌਤ ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ ਸਨ। ਚੋਣ ਕਮਿਸ਼ਨ ਨੇ ਮਗਧ ਦੇ ਡਿਵੀਜ਼ਨ ਕਮਿਸ਼ਨਰ ਅਸੰਗਬਾ ਚੁਬਾ ਏਓ ਨੂੰ ਜਾਂਚ ਮੁਕੰਮਲ ਕਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਮੁੰਗੇਰ ਨੂੰ ਜਲਦੀ ਹੀ ਨਵਾਂ ਡੀਐੱਮ ਤੇ ਐੱਸਪੀ ਮਿਲ ਜਾਣਗੇ।
ਸੋਮਵਾਰ ਰਾਤ ਦੀ ਘਟਨਾ ਲਈ ਐੱਸਪੀ ਤੇ ਹੋਰਨਾਂ ਪੁਲੀਸ ਮੁਲਾਜ਼ਮਾਂ ਖਿਲਾਫ਼ ਕਥਿਤ ਕੋਈ ਕਾਰਵਾਈ ਨਾ ਹੋਣ ਤੋਂ ਨਾਰਾਜ਼ ਮੁਜ਼ਾਹਰਾਕਾਰੀਆਂ ਨੇ ਅੱਜ ਮੁੰਗੇਰ ਕਸਬੇ ਦੇ ਮੁਫ਼ਾਸਿਲ ਤੇ ਮਹਿਲਾ ਪੁਲੀਸ ਸਟੇਸ਼ਨਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਪੁਰਬ ਸਰਾਈ ਤੇ ਬਾਸੁਦਿਓਪੁਰ ਸਥਿਤ ਪੁਲੀਸ ਚੌਕੀਆਂ ਨੂੰ ਕਥਿਤ ਅੱਗ ਲਾਈ ਤੇ ਐੱਸਪੀ ਦਫ਼ਤਰ ਤੇ ਕਈ ਹੋਰਨਾਂ ਪੁਲੀਸ ਸਟੇਸ਼ਨਾਂ ਤੇ ਚੌਕੀਆਂ ਦੀ ਭੰਨਤੋੜ ਕੀਤੀ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਐੱਸਡੀਓ ਦਫ਼ਤਰ ਨੂੰ ਵੀ ਕਥਿਤ ਨਿਸ਼ਾਨਾ ਬਣਾਇਆ। ਮੌਕੇ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਨ੍ਹਾਂ ਪੁਲੀਸ ਸਟੇਸ਼ਨਾਂ ਵਿੱਚ ਮੌਜੂਦ ਪੁਲੀਸ ਅਮਲਾ ਪ੍ਰਦਰਸ਼ਨਕਾਰੀਆਂ ਦੇ ਹਜੂਮ ਨੂੰ ਵੇਖ ਦੇ ਉਥੋਂ ਭੱਜ ਗਏ। ਸੂਤਰਾਂ ਮੁਤਾਬਕ ਹਿੰਸਾ ’ਤੇ ਉਤਾਰੂ ਹਜੂਮ ਨੇ ਕੋਤਵਾਲੀ ਤੇ ਕਾਸਿਮ ਬਾਜ਼ਾਰ ਪੁਲੀਸ ਸਟੇਸ਼ਨਾਂ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਹਜੂਮ ਨੂੰ ਖਿੰਡਾਉਣ ਲਈ ਹਵਾ ਵਿੱਚ ਗੋਲੀ ਵੀ ਚਲਾਈ।
ਹਜੂਮ ਨੇ ਮੁੰਗੇਰ ਕਸਬੇ ਦੇ ਰਾਜੀਵ ਚੌਕ ਨਜ਼ਦੀਕ ਟਾਇਰ ਸਾੜ ਕੇ ਸੋਮਵਾਰ ਦੀ ਘਟਨਾ ਲਈ ਜ਼ਿੰਮੇਵਾਰ ਐੱਸਪੀ ਤੇ ਪੁਲੀਸ ਅਮਲੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ੲੇਡੀਜੀਪੀ ਜੀਤੇਂਦਰ ਕੁਮਾਰ ਨੇ ਪਟਨਾ ਵਿੱਚ ਦੱਸਿਆ ਕਿ ਮੁੰਗੇਰ ਵਿੱਚ ਵਧੇਰੇ ਪੁਲੀਸ ਬਲ ਭੇਜ ਦਿੱਤੇ ਗਏ ਹਨ। ਮੁੰਗੇਰ ਦੇ ਡੀਆਈਜੀ ਮਨੂ ਮਹਾਰਾਜ ਨੇ ਹਾਲਾਤ ਨੂੰ ਕਾਬੂ ਹੇਠ ਕਰਨ ਲਈ ਕਸਬੇ ਵਿੱਚ ਫਲੈਗ ਮਾਰਚ ਵੀ ਕੀਤਾ।