(ਸਮਾਜ ਵੀਕਲੀ)
ਪੁਰਾਣੇ ਵੇਲਿਆਂ ਵਿਚ ਇਕ ਗਰੀਬ ਲੱਕੜਹਾਰਾ ਸੀ।ਉਹ ਜੰਗਲ ਦੇ ਕੰਢੇ ਆਪਣੇ ਦੋ ਬੱਚਿਆਂ ਅਤੇ ਉਨਾਂ ਦੀ ਸੌਤੈਲੀ ਮਾਂ ਦੇ ਨਾਲ ਰਹਿੰਦਾ ਸੀ।ਉਹਦੇ ਨਾਂ ਦਾ ਤਾਂ ਪਤਾ ਨਹੀ ਅਤੇ ਨਾ ਹੀ ਉਨਾਂ ਦੀ ਪਤਨੀ ਦਾ,ਪਰ ਉਨਾਂ ਦੇ ਬੱਚਿਆ ਦਾ ਨਾਂ ਹੰਸੇਲ ਅਤੇ ਗ੍ਰੇਟੇਲ ਸਨ।
ਸ਼ੁਰੂ ਸੁæਰੂ ਵਿਚ ਜੰਗਲ ਬਿਲਕੁਲ ਸ਼ਾਂਤ ਸੀ।ਥੱਲੇ ਹਰਾ ਹਰਾ ਘਾਹ ਅਤੇ ਉਪਰ ਪੱਤਿਆ ਦੀ ਸ਼ਾਂ-ਸ਼ਾਂ ਜਿਹੀ ਲੱਗੀ ਰਹਿੰਦੀ ਸੀ।ਕਦੀ ਧੁੱਪ ਅਤੇ ਕਦੀ ਬੱਦਲ ਬਾਈ ਜਿਹੀ ਬਣੀ ਰਹਿੰਦੀ।ਹੌਲੀ ਹੌਲੀ ਅਸਮਾਨ ਵਿਚੋ ਬਦਲ ਦੀਆਂ ਬੂੰਦਾਂ ਵੀ ਪੈਣ ਲੱਗ ਗਈਆਂ।ਆਲੇ ਦੁਆਲੇ ਚਿਕੜ ਹੀ ਚਿਕੜ ਅਤੇ ਟੋਏ ਹੀ ਟੋਏ ਬਣ ਗਏ ਸਨ।ਜਮੀਨ ਵੀ ਬਹੁਤ ਸਖਤ ਹੋ ਗਈ ਸੀ ਅਤੇ ਉਸ ਵਿਚ ਤਰੇੜਾਂ ਪੈ ਗਈਆਂ ਸਨ।ਸਾਰੇ ਖੇਤ ਪਹਿਲਾਂ ਪੀਲੇ ਹੋਏ ਅਤੇ ਫਿਰ ਭੂਰੇ ਰੰਗ ਦੇ ਹੋ ਗਏ।ਘਾਹ ਨਾ ਮਿਲਣ ਦੇ ਕਾਰਨ ਜਾਨਵਰ ਵੀ ਮਰਣੇ ਸ਼ੁਰੂ ਹੋ ਗਏ।ਲੋਕ ਵੀ ਭੁੱਖੇ ਅਤੇ ਸਹਿਮੇ ਹੋਏ ਸਨ।
ਲੱਕੜਹਾਰਾ ਆਪਣੇ ਬੱਚਿਆ ਨੂੰ ਲੈ ਕੇ ਬਹੁਤ ਚਿੰਤਾਂ ਵਿਚ ਸੀ ਕਿ ਨਾ ਤਾਂ ਉਸ ਕੋਲ ਕੋਈ ਕੰਮ ਕਾਰ ਹੁੰਦਾ ਸੀ ਅਤੇ ਨਾ ਹੀ ਉਸ ਨੂੰ ਨੀਂਦ ਠੀਕ ਤਰਾਂ ਆਉਦੀ ਸੀ।
“ਕੀ ਕਰੀਏ ਅਸੀਂ?”ਲੱਕੜਹਾਰੇ ਨੇ ਆਪਣੀ ਪਤਨੀ ਨੂੰ ਪੁੱਛਿਆ।”ਸਾਡੇ ਕੋਲ ਖਾਣਾ ਨਹੀ ਹੈ,ਬੱਚਿਆ ਲਈ ਵੀ ਕੁਝ ਨਹੀ ਹੈ।”
“ਮੱਛੀਆਂ ਫੱੜਣ ਜਾਉ,”ਪਤਨੀ ਨੇ ਕਿਹਾ।ਲੱਕੜਹਾਰਾ ਆਪਣਾ ਬੁੱਝਿਆ ਜਿਹਾ ਚਿਹਰਾ ਲੈ ਕੇ ਚਲਾ ਗਿਆ।ਉਸ ਨੇ ਨਦੀ ਵਿਚ ਜੋ ਆਖਰੀ ਮੱਛੀ ਛੋਟੀ ਜਿਹੀ ਸੀ ਉਹ ਫੜ ਲਈ।ਮੱਛੀ ਖਾਣ ਤੋ ਬਾਅਦ ਲੱਕੜਹਾਰੇ ਦਾ ਸਾਰਾ ਟੱਬਰ ਉਸ ਦੀਆਂ ਹੱਡੀਆਂ ਵੱਲ ਦੇਖਦਾ ਰਿਹਾ।ਬੱਚੇ ਹੱਡੀਆਂ ਨੂੰ ਚੂਸਣਾ ਚਾਹੁੰਦੇ ਸਨ ਪਰ ਮਾਂ ਨੇ ਸਖਤ ਹੁਕਮ ਦਿਤਾ,”ਬੱਚਿਉ ਜਾਉ ਸੌਂ ਜਾਉ।ਤੁਹਾਡੇ ਲਈ ਖਾਣ ਵਾਸਤੇ ਹੋਰ ਕੁਝ ਨਹੀਂ ਹੈ।ਉਸ ਨੇ ਲੂਣ ਲੱਗੀ ਅੱਧੀ ਡਬਲਰੋਟੀ ਲਕੋ ਕੇ ਰੱਖੀ ਹੋਈ ਸੀ।ਉਸ ਨੂੰ ਉਹ ਬੱਚਿਆਂ ਤੋਂ ਚੋਰੀ ਖਾਣਾ ਚਾਹੁੰਦੀ ਸੀ।
ਹੰਸੇਲ ਅਤੇ ਗ੍ਰੇਟੇਲ ਭੁਖੇ ਹੀ ਸੌਣ ਚਲੇ ਗਏ।ਉਨਾਂ ਦੀ ਸੌਤੈਲੀ ਮਾਂ ਨੇ ਇਕ ਬਰਤਨ ਵਿਚੋ ਹੱਡੀਆਂ ਕੱਢੀਆਂ ਅਤੇ ਉਸ ਨੂੰ ਸੁੰਘਣਾ ਸ਼ੁਰੂ ਕਰ ਦਿਤਾ।ਆਪਣੇ ਪਤੀ ਵਲ ਦੇਖ ਕੇ ਬੋਲੀ ਕਿ,”ਇਹ ਮੱਛੀ ਦੀਆਂ ਹੱਡੀਆਂ ਦੇ ਰੱਸ ਦੇ ਸਹਾਰੇ ਸਿਰਫ ਦੋ ਜਣੇ ਹੀ ਗੁਜ਼ਾਰਾ ਕਰ ਸਕਦੇ ਹਨ,ਇਨਾਂ ਨਾਲ ਚਾਰ ਜਣਿਆ ਦਾ ਗੁਜਾਰਾ ਹੋਣਾ ਬਹੁਤ ਔਖਾ ਹੈ।”
“ਪਰ ਅਸੀਂ ਤਾਂ ਚਾਰ ਜਣੇ ਹਾਂ,ਫਿਰ ਕਿਵੇ ਗੁਜਾਰਾ ਹੋਏਗਾ।”ਉਸ ਦੇ ਪਤੀ ਨੇ ਕਿਹਾ।ਉਸ ਦੀ ਪਤਨੀ ਨੇ ਝੱਟ ਦੇਣਾ ਜੁਵਾਬ ਦਿਤਾ ਕਿ “ਬੱਚਿਆ ਨੂੰ ਤਾਂ ਫਿਰ ਘਰੋਂ ਜਾਣਾ ਹੀ ਪਵੇਗਾ।”
“ਇਹ ਕਦੀ ਨਹੀ ਹੋ ਸਕਦਾ,”ਪਤੀ ਨੇ ਜੋਰ ਦੇ ਕੇ ਕਿਹਾ,”ਇਹ ਗੱਲ ਤੂੰ ਸੋਚ ਵੀ ਕਿਵੇਂ ਲਈ?”
“ਏਨੇ ਨਰਮ ਨਾ ਬਣੋ,”ਪਤਨੀ ਨੇ ਆਪਣੇ ਪਤੀ ਨੂੰ ਝਿੜਕਾ ਮਾਰਦੇ ਹੋਏ ਕਿਹਾ।
“ਇੰਨਾਂ ਨੂੰ ਜੰਗਲ ਵਿਚ ਲੈ ਜਾਉ।ਜੰਗਲ ਵਿਚ ਲਿਜਾ ਕੇ ਅੱਗ ਬਾਲ ਕੇ ਉਥੇ ਬਿਠਾ ਕੇ ਮੇਰੇ ਕੋਲ ਜਿਹੜੀ ਡਬਲਰੋਟੀ ਹੈ ਉਹ ਇੰਨਾਂ ਨੂੰ ਦੇ ਦੇਵਾਗੇ।ਬਸ ਇਹੀ ਇਕ ਉਪਾਅ ਹੈ।”
“ਨਹੀਂ-ਨਹੀਂ!”ਲੱਕੜਹਾਰਾ ਉੱਚੀ ਉੱਚੀ ਗਿੜ-ਗਿੜਾਇਆ।”ਇਹ-ਕਦੀ ਨਹੀ ਹੋ ਸਕਦਾ।ਮੈਂ ਇਹ ਬਿਲਕੁਲ ਨਹੀ ਕਰਾਂਗਾ।”
“ਤੈਨੂੰ ਏਹੀ ਕਰਨਾ ਪਵੇਗਾ,ਨਹੀ ਤਾਂ ਹਫਤੇ ਭਰ ਵਿਚ ਅਸੀਂ ਸਾਰੇ ਮਰ ਜਾਵਾਂਗੇ।”ਉਹ ਡੁੱਸ ਡੁੱਸ ਕਰਕੇ ਰੋਣ ਲੱਗ ਪਈ।”ਜੇ ਤੂੰ ਮੇਰੇ ਨਾਲ ਪਿਆਰ ਕਰਦਾ ਏ ਤਾਂ ਤੈਨੂੰ ਇਹ ਸੱਭ ਕੁਝ ਕਰਨਾ ਹੀ ਪਏਗਾ।”ਬਸ ਇਹੀ ਬਾਰ ਬਾਰ ਕਹਿੰਦੀ ਗਈ।
ਬੜੀ ਜਦੋ-ਜਹਿਦ ਕਰਨ ਤੋਂ ਬਾਅਦ ਉਸ ਦਾ ਪਤੀ ਰਾਜ਼ੀ ਹੋ ਗਿਆ।
“ਬਹੁਤ ਵਧੀਆਂ ਗੱਲ ਹੈ ਕਿ ਤੂੰ ਮੇਰੀ ਗੱਲ ਨਾਲ ਸਹਿਮਤ ਹੋਇਆ,”ਉਸ ਦੀ ਪਤਨੀ ਨੇ ਖੁਸ਼ ਹੁੰਦੇ ਹੋਏ ਕਿਹਾ।
“ਮੈਂ ਜਾਣਦੀ ਸੀ ਕਿ ਤੂੰ ਗੱਲ ਜਰੂਰ ਮੇਰੇ ਹੱਕ ਦੀ ਕਰੇਂਗਾ।ਹੁਣ ਆਰਾਮ ਨਾਲ ਸੌਂ ਜਾਉ,ਇਕ ਬਾਰ ਇਹ ਕੰਮ ਹੋਜਾਏ ਫਿਰ ਆਪਾਂ ਨੂੰ ਕੋਈ ਚਿੰਤਾਂ ਨਹੀ ਹੋਵੇਗੀ।”ਉਪਰ ਵਾਲੇ ਕਮਰੇ ਵਿਚ ਹੰਸੇਲ ਅਤੇ ਗ੍ਰੇਟੇਲ ਆਪਣੇ ਬਿਸਤਰੇ ਵਿਚ ਲੇਟੇ ਹੋਏ ਇਹ ਸਭ ਸੁਣ ਰਹੇ ਸਨ।ਹੰਸੇਲ ਆਪਣੇ ਬਿਸਤਰੇ ਵਿਚਂੋ ਨਿਕਲਿਆ ਅਤੇ ਆਪਣੀ ਭੈਣ ਦੇ ਕੋਲ ਆ ਗਿਆ ਅਤੇ ਬੋਲਿਆ ਕਿ,”ਡਰਨਾ ਨਹੀ!ਮੈਂ ਤੇਰੀ ਦੇਖਭਾਲ ਕਰਾਂਗਾ।ਮੈ ਜਾਣਦਾ ਹਾਂ ਕਿ ਅਸੀ ਆਪਣੀ ਦੇਖਭਾਲ ਕਿਵੇਂ ਕਰਨੀ ਹੈ।”ਹੰਸੇਲ ਥੱਲੇ ਉਤਰਿਆ,ਆਪਣਾ ਕੋਟ ਪਹਿਨਿਆ ਅਤੇ ਚਾਂਦਨੀ ਦੇ ਉਜਾਲੇ ਵਿਚ ਬਗੀਚੇ ਵਿਚ ਗਿਆ।ਹਰ ਚੀਜ਼ ਉਸ ਨੂੰ ਬੇਜ਼ਾਨ ਲੱਗ ਰਹੀ ਸੀ।ਸਿਰਫ ਚਿੱਟੇ ਸਫੇਦ ਛੋਟੇ ਛੋਟੇ ਪੱਥਰ ਜੋ ਰਸਤੇ ਵਿਚ ਦੋਹਾਂ ਪਾਸੇ ਲੱਗੇ ਸਨ,ਮੋਤੀਆਂ ਦੀ ਤਰਾਂ ਚਮਕ ਰਹੇ ਸਨ।ਹੰਸੇਲ ਨੇ ਕੁਝ ਪੱਥਰ ਚੁੱਕ ਕੇ ਆਪਣੀ ਜੇਬ ਵਿਚ ਪਾ ਲਏ ਅਤੇ ਆਪਣੇ ਬਿਸਤਰੇ ਤੇ ਚੁਪ ਚਾਪ ਆ ਕੇ ਲੇਟ ਗਿਆ।
ਦੂਸਰੇ ਦਿਨ ਤੜਕੇ ਸਵੇਰੇ ਬੱਚਿਆ ਦੀ ਸੌਤੇਲੀ ਮਾਂ ਨੇ ਉਨਾਂ ਨੂੰ ਜਗਾਇਆ।”ਉਠੋ!”ਉਹ ਚੀਕੀ,”ਮੂੰਹ ਹੱਥ ਧੋ ਲਵੋ,ਕੱਪੜੇ ਬਦਲ ਲਵੋ,ਅਸੀਂ ਜੰਗਲ ਵਿਚ ਲਕੜੀ ਕੱਟਣ ਲਈ ਜਾ ਰਹੇ ਹਾਂ।
ਉਨਾਂ ਦੇ ਪਿਤਾ ਨੇ ਕੁਹਾੜੀ ਅਤੇ ਆਰੀ ਚੁੱਕ ਲਈ।ਉਸ ਨੇ ਕਮੀਜ਼ ਦੀ ਕਫ ਨਾਲ ਆਪਣੀਆਂ ਭਿਜੀਆਂ ਹੋਈਆਂ ਅੱਖਾਂ ਨੂੰ ਸਾਫ ਕਰਦੇ ਹੋਏ ਇਕ ਵਾਰੀ ਫਿਰ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ।ਉਹ ਆਪਣੀ ਪਤਨੀ,ਹੰਸੇਲ ਅਤੇ ਗ੍ਰੇਟੇਲ ਨੂੰ ਨਾਲ ਲੈ ਕੇ ਹਰੇ ਹਰੇ ਜੰਗਲ ਵਲ ਨੂੰ ਹੋ ਤੁਰੇ।ਉਨਾਂ ਨੂੰ ਉਦੋ ਤਕ ਘੁੰਮਾਉਦੇ ਰਹੇ ਜਦੋ ਤਕ ਉਹ ਥੱਕ ਨਹੀ ਗਏ।ਰਸਤੇ ਵਿਚ ਚਲਦੇ ਚਲਦੇ ਕਦੀ ਕਦੀ ਹੰਸੇਲ ਰੁਕ ਜਾਂਦਾ ਅਤੇ ਪਿਛੇ ਵਲ ਮੁੜ ਕੇ ਦੇਖਦਾ।
“ਤੂੰ ਰੁੱਕ ਕਿਉ ਜਾਂਦਾ ਏ?ਅਤੇ ਪਿਛੇ ਮੁੜ ਕੇ ਕੀ ਦੇਖਦਾ ਏ?”ਸੌਤੈਲੀ ਮਾਂ ਨੇ ਹੰਸੇਲ ਨੂੰ ਘੂਰਦੇ ਹੋਏ ਕਿਹਾ।
“ਮੈਂ ਪਿਛੇ ਮੁੜ ਕੇ ਆਪਣੀ ਬਿੱਲੀ ਨੂੰ ਦੇਖਦਾ ਹਾਂ।ਉਹ ਆਪਣੀ ਛੱਤ ਤੇ ਬੈਠੀ ਹੈ ‘ਤੇ ਮੈਨੂੰ ਵਿਦਾਈ ਦੇ ਰਹੀ ਹੈ।”
“ਬੇਵਕੂਫ ਲੜਕੇ!” ਸੌਤੈਲੀ ਮਾਂ ਨੇ ਉਸ ਦੀ ਬਾਂਹ ਨੂੰ ਖਿੱਚਦੇ ਹੋਏ,ਝਿੜਕ ਕੇ ਕਿਹਾ।”ਉਹ ਤੇਰੀ ਸਫੈਦ ਬਿੱਲੀ ਨਹੀਂ ਹੈ।ਉਹ ਤਾਂ ਸਵੇਰ ਦੀ ਧੁੱਪ ਹੈ ਜੋ ਚਿਮਨੀ ਤੇ ਪੈ ਕੇ ਚਮਕਦੀ ਹੈ।”
ਹੰਸੇਲ ਨੇ ਕੋਈ ਜੁਵਾਬ ਨਹੀ ਦਿਤਾ।ਉਹ ਤਾਂ ਆਪਣੀ ਸਫੈਦ ਬਿੱਲੀ ਨੂੰ ਦੇਖ ਹੀ ਨਹੀ ਰਿਹਾ ਸੀ।ਉਹ ਤਾਂ ਆਪਣੇ ਸਫੈਦ ਚਿੱਟੇ ਪੱਥਰਾਂ ਦੇ ਨਿਸ਼ਾਨ ਬਣਾ ਰਿਹਾ ਸੀ।ਘਰ ਵਾਪਸ ਜਾਣ ਵਾਸਤੇ ਰਸਤਾ ਦਿਖਾਉਣ ਦੇ ਲਈ।
ਕੁਝ ਦੇਰ ਬਾਅਦ ਬੱਚਿਆ ਤੋਂ ਤੁਰਿਆ ਨਹੀ ਜਾ ਰਿਹਾ ਸੀ।ਉਨਾਂ ਦੇ ਪਿਤਾ ਨੇ ਲੱਕੜੀਆਂ ਨੂੰ ਅੱਗ ਲਗਾ ਕੇ ਬੱਚਿਆ ਨੂੰ ਅੱਗ ਸੇਕਣ ਲਈ ਕਹਿ ਕੇ ਨੇੜੇ ਬਿਠਾ ਦਿਤਾ,” ਤੁਸੀ ਏਥੇ ਅੱਗ ਸੇਕੋ ਅਤੇ ਅਰਾਮ ਕਰੋ,ਅਸੀ ਲੱਕੜੀਆਂ ਕੱਟਣ ਜਾ ਰਹੇ ਹਾਂ।ਅੱਗ ਦੇ ਕੋਲ ਹੀ ਰਹਿਣਾ ਇਧਰ ਉਧਰ ਜਾਣ ਦੀ ਕੋਸ਼ਿਸ਼ ਨਾ ਕਰਨਾ,ਜੰਗਲ ਬਹੁਤ ਸੰਘਣਾ ਹੈ।”
“ਚਲੋ,”ਉਸ ਦੀ ਪਤਨੀ ਬੋਲੀ,”ਜਲਦੀ ਚਲੋ ਹਨੇਰਾ ਹੋਣ ਵਾਲਾ ਹੈ।”ਉਸ ਨੇ ਰੋਟੀ ਦਾ ਇਕ ਕੋਨਾ ਤੋੜ ਕੇ ਦੇ ਦਿੱਤਾ, “ਸਾਰੀ ਰੋਟੀ ਇਕ ਵਾਰੀ ਹੀ ਨਹੀ ਖਾ ਲੈਣਾ।”ਇਹ ਕਹਿ ਕੇ ਪਤੀ ਪਤਨੀ ਜਲਦੀ-ਜਲਦੀ ਦਰੱਖਤਾਂ ਦੇ ਥੱਲੇ-ਥੱਲੇ ਨਿਕਲ ਗਏ।ਸੂਰਜ ਛੁੱਪ ਗਿਆ ਅਤੇ ਜੰਗਲ ਵਿਚ ਹਨੇਰਾ ਹੀ ਹਨੇਰਾ ਛਾ ਗਿਆ।ਕਦੇ ਕਦੇ ਪੱਤਿਆਂ ਦੀ ਸ੍ਰਸ੍ਰਾਹਟ,ਜਾਂ ਕਦੀ ਕਦੀ ਕੋਈ ਅਵਾਜ਼ ਸੁਣਾਈ ਦਿੰਦੀ ਸੀ।ਚਾਰੇ ਪਾਸੇ ਹੋਰ ਕੋਈ ਵੀ ਅਵਾਜ਼ ਸੁਣਾਈ ਨਹੀ ਦੇ ਰਹੀ ਸੀ।ਹੰਸੇਲ ਅਤੇ ਗ੍ਰੇਟੇਲ ਬਹੁਤ ਡਰ ਦੇ ਮਾਰੇ ਸਹਿਮ ਗਏ ਸਨ।ਪਰ ਉਹ ਅੱਗ ਦੇ ਮੁਹਰੇ ਲੇਟੇ ਰਹੇ।ਆਖਿਰਕਾਰ ਉਨਾਂ ਨੂੰ ਨੀਂਦ ਆ ਗਈ।
ਜਦੋ ਅੱਗ ਬੁਝੀ ਤਾਂ ਉਨਾਂ ਦੀ ਨੀਂਦ ਖੁਲ ਗਈ,ਉਨਾਂ ਨੇ ਚਾਰੇ ਪਾਸੇ ਨਿਗਾਹ ਮਾਰੀ ਤਾਂ ਆਲੇ ਦੁਆਲੇ ਸਿਵਾਏ ਜੰਗਲ, ਹਨੇਰੇ ਦੇ ਕੁਝ ਵੀ ਨਜ਼ਰ ਨਹੀ ਆ ਰਿਹਾ ਸੀ।ਗ੍ਰੇਟੇਲ ਨੇ ਹੌਲੀ ਦੇਣਾ ਹੰਸੇਲ ਦੇ ਕੰਨ ਵਿਚ ਕਿਹਾ,”ਸਾਨੂੰ ਬਿਲਕੁਲ ਇਕੱਲਿਆ ਛੱਡ ਕੇ ਚਲੇ ਗਏ ਹਨ।”
“ਜਾਣਦਾ ਹਾਂ,”ਹੰਸੇਲ ਨੇ ਜਵਾਬ ਦਿੱਤਾ,”ਪਰ ਅਸੀਂ ਦੋਵੇ ਸਹੀ ਸਲਾਮਤ ਘਰ ਪਹੁੰਚ ਜਾਵਾਂਗੇ।ਦੇਖਦੇ ਜਾਓ।”
ਜਦੋ ਚੰਦ ਅਸਮਾਨ ਵਿਚ ਥੋੜਾ ਜਿਹਾ ਉਚਾ ਹੋਇਆ ਤਾਂ ਉਸ ਦੀਆਂ ਕਿਰਨਾਂ ਨਾਲ ਗੋਲ ਸਫੈਦ ਪੱਥਰ ਮੋਤੀਆਂ ਵਾਂਗ ਚਮਕਣ ਲੱਗੇ,ਜਿਵੇ ਕਿਸੇ ਨੇ ਮੋਤੀਆਂ ਦੀ ਮਾਲਾ ਪਹਿਨੀ ਹੋਵੇ।ਹੰਸੇਲ ਅਤੇ ਗ੍ਰੇਟੇਲ ਮੋਤੀ ਵਾਂਗ ਚਮਕਦੇ ਪੱਥਰਾਂ ਦੇ ਸਹਾਰਿਆ ਨਾਲ ਆਪਣੇ ਘਰ ਵਲ ਨੂੰ ਦੌੜ ਪਏ ਅਤੇ ਠੀਕ ਉਸ ਸਮੇਂ ਘਰ ਪਹੁੰਚੇ ਜਦੋ ਉਨਾਂ ਦੀ ਸੌਤੈਲੀ ਮਾਂ ਮੱਛੀ ਦਾ ਸੂਪ ਪੀ ਰਹੀ ਸੀ।
“ਨਿਕੰਮੇ ਕਿਸੇ ਥਾਂ ਦੇ!ਕਹਿਣਾ ਨਹੀ ਮੰਨਿਆ ਤੁਸੀ!”ਉਸ ਨੇ ਗੁਸੇ ਵਿਚ ਝਿੜਕਦੇ ਹੋਏ ਕਿਹਾ,”ਤੁਸੀ ਅੱਗ ਦੇ ਮੋਹਰੇ ਏਨੀ ਦੇਰ ਕਿਉ ਸੁੱਤੇ ਰਹੇ?”ਉਨਾਂ ਦੇ ਪਿਤਾ ਨੇ ਕੁਝ ਨਹੀ ਕਿਹਾ।ਉਸ ਨੇ ਆਪਣੀਆਂ ਬਾਹਾਂ ਵਿਚ ਲੈ ਕੇ ਦੋਹਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ।
ਉਸ ਰਾਤ ਬੱਚੇ ਫਿਰ ਆਪਣੇ ਬਿਸਤਰ ਤੇ ਜਾ ਕੇ ਲੇਟ ਗਏ।ਉਨਾਂ ਦੀ ਸੌਤੈਲੀ ਮਾਂ ਫਿਰ ਕੋਈ ਨਵੀਂ ਬਿਊਤ ਬਣਾ ਰਹੀ ਸੀ।ਉਨਾਂ ਨੇ ਫਿਰ ਆਪਣੀ ਸੌਤੈਲੀ ਮਾਂ ਦੀ ਸਾਰੀ ਗੱਲ ਸੁਣ ਲਈ।ਉਹ ਕਹਿ ਰਹੀ ਸੀ ਕਿ,”ਇਸ ਵਾਰੀ ਤਾਂ ਕੁਝ ਵੀ ਨਹੀ ਬਚਿਆ,ਮੱਛੀ ਦੀਆਂ ਹੱਡੀਆਂ ਵੀ ਨਹੀ ਬਚੀਆਂ।”ਹੁਣ ਤਾਂ ਇਹ ਹੈ ਕਿ ਜਾਂ ਤਾਂ ਇਸ ਘਰ ਵਿਚ ਮੈਂ ਰਹਾਂਗੀ ਜਾਂ ਫਿਰ ਇਸ ਘਰ ਵਿਚ ਇਹ ਬੱਚੇ ਰਹਿਣਗੇ।
ਪਿਤਾ ਨੇ ਫਿਰ ਕਿਹਾ ਕਿ,”ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਇਹਨਾਂ ਨੂੰ ਜੰਗਲ ਵਿਚ ਛੱਡ ਕੇ ਆਉਣਾ ਠੀਕ ਨਹੀ ਹੈ,ਚੰਗਾ ਤਾਂ ਇਹੀ ਹੈ ਕਿ ਆਪਾ ਜੋ ਵੀ ਸਾਡੇ ਕੋਲ ਹੈ ਮਿਲ ਵੰਡ ਕੇ ਖਾ ਲੈਦੇ ਹਾਂ।”
“ਇਹ ਤਾਂ ਬਹੁਤ ਵੱਡੀ ਬੇਵਕੂਫੀ ਹੈ,”ਪਤਨੀ ਨੇ ਫਿਰ ਉਸ ਨੁੰ ਬਹੁਤ ਜੋਰ ਨਾਲ ਝਿੱੜਕਿਆ,ਕੀ ਹੈ ਸਾਡੇ ਕੋਲ, ਹੈ ਹੀ ਕੁਝ ਨਹੀ ਤੂੰ ਕੀ ਵੰਡੇਗਾ।ਪਹਿਲੀ ਵਾਰ ਤਾਂ ਜਾਣ ਲਈ ਰਾਜ਼ੀ ਹੋ ਗਿਆ ਸੀ ਹੁਣ ਕੀ ਹੋ ਗਿਆ ਹੈ।ਦੂਸਰੀ ਵਾਰ ਵੀ ਤੈਨੂੰ ਜਾਣਾ ਹੀ ਪਵੇਗਾ।”
ਉਪਰ ਆਪਣੇ ਬਿਸਤਰੇ ਵਿਚ ਪਏ ਹੰਸੇਲ ਅਤੇ ਗ੍ਰੇਟੇਲ ਨੇ ਆਪਣੇ ਮਾਂ ਪਿਉ ਦੀ ਇਹ ਸਾਰੀ ਗੱਲ ਸੁਣ ਲਈ ਸੀ।ਹੰਸੇਲ ਨੇ ਗ੍ਰੇਟੇਲ ਨੂੰ ਵੱਡਿਆਂ ਦੀ ਤਰਾਂ ਸਮਝਾਉਦੇ ਹੋਏ ਕਿਹਾ,”ਗ੍ਰੇਟੇਲ ਤੂੰ ਚਿੰਤਾਂ ਨਾ ਕਰ।ਮੈਂ ਤੈਨੂੰ ਸਹੀ ਸਲਾਮਤ ਰੱਖਾਂਗਾ ਜਿਵੇ ਪਹਿਲਾਂ ਰੱਖਿਆ ਸੀ।”ਹੰਸੇਲ ਉਠਿਆ ਤਾਂ ਹੌਲੀ ਹੌਲੀ ਥੱਲੇ ਵਲ ਨੂੰ ਗਿਆ।ਉਸ ਨੇ ਬਾਹਰ ਵਾਲੇ ਗੇਟ ਦੀ ਕੁੰਡੀ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਕੁੰਡੀ ਨਾ ਖੁਲਣ ਕਰਕੇ ਵਾਪਸ ਆਪਣੇ ਬਿਸਤਰੇ ਤੇ ਆ ਕੇ ਲੇਟ ਗਿਆ।ਸੌਤੈਲੀ ਮਾਂ ਨੇ ਜਿੰਦਰਾਂ ਲਗਾ ਕੇ ਕੁੰਜ਼ੀ ਆਪਣੇ ਕੋਲ ਰੱਖੀ ਹੋਈ ਸੀ।ਦੂਸਰੇ ਦਿਨ ਤੜਕੇ ਸਵੇਰੇ ਹੀ ਉਨਾਂ ਦੀ ਸੌਤੈਲੀ ਮਾਂ ਨੇ ਉਨਾਂ ਨੂੰ ਫਿਰ ਉਠਾ ਲਿਆ।ਉਨਾਂ ਦੇ ਕੋਲ ਨਾਸ਼ਤੇ ਵਿਚ ਲੂਣ ਲੱਗੀ ਰੋਟੀ ਤੋਂ ਇਲਾਵਾ ਹੋਰ ਕੁਝ ਵੀ ਨਹੀ ਸੀ।
“ਅਜੇ ਨਾ ਖਾਓ!ਤੁਹਾਨੂੰ ਇਸ ਦੀ ਬਾਅਦ ਵਿਚ ਜਰੂਰਤ ਪਏਗੀ,”ਸੌਤੈਲੀ ਮਾਂ ਨੇ ਦੋਹਾਂ ਨੂੰ ਕਿਹਾ।ਉਹ ਫਿਰ ਸੰਘਣੇ ਜੰਗਲ ਵਲ ਨੂੰ ਤੁਰੇ ਜਾਂਦੇ ਜਾਂਦੇ ਜੰਗਲ ਦੇ ਅੱਧ ਵਿਚਕਾਰ ਪਹੁੰਚ ਗਏ।
ਹੰਸੇਲ ਫਿਰ ਕਦੀ ਕਦੀ ਰੁਕ ਜਾਂਦਾ ਅਤੇ ਪਿੱਛੇ ਮੁੜ ਕੇ ਆਪਣੇ ਘਰ ਵਲ ਦੇਖਦਾ।”ਹੰਸੇਲ ਪਿੱਛੇ ਮੁੜ ਕੇ ਦੇਖਣ ਦਾ ਕੀ ਫਾਇਦਾ?”ਉਸ ਦੀ ਸੌਤੈਲੀ ਮਾਂ ਨੇ ਪੁੱਛਿਆ।” ਤੂੰ ਜਾਣਦਾ ਨਹੀ ਅਸੀ ਅੱਗੇ ਵਲ ਜਾ ਰਹੇ ਹਾਂ।”
“ਮੈ ਆਪਣੇ ਕਬੂਤਰ ਨੂੰ ਦੇਖ ਰਿਹਾ ਹਾਂ ਉਹ ਆਪਣੀ ਛੱਤ ਤੇ ਖੜਾ ਸਾਨੂੰ ਵਿਦਾਈ ਦੇ ਰਿਹਾ ਹੈ।”ਹੰਸੇਲ ਨੇ ਕਿਹਾ।
ਸੋਤੈਲੀ ਮਾਂ ਨੇ ਝਿੜਕਦੇ ਹੋਏ ਕਿਹਾ ਕਿ,”ਮੂਰਖ ਲੜਕੇ!ਉਹ ਤੇਰਾ ਕਬੂਤਰ ਨਹੀ,ਉਹ ਤਾਂ ਆਪਣੀ ਚਿਮਨੀ ਤੇ ਧੁੱਪ ਪੈ ਰਹੀ ਹੈ।”
ਹੰਸੇਲ ਨੇ ਕੋਈ ਜਵਾਬ ਨਹੀ ਦਿਤਾ।ਕਿਉਕਿ ਉਹ ਕਿਹੜਾ ਕਬੂਤਰ ਦੇਖ ਰਿਹਾ ਸੀ,ਉਹ ਤਾਂ ਡਬਲਰੋਟੀ ਖਿਲਾਰ ਕੇ ਆਪਣੇ ਵਾਪਸੀ ਲਈ ਨਿਸ਼ਾਨ ਬਣਾ ਰਿਹਾ ਸੀ।
ਆਖੀਰ ਵਿਚ ਉਹ ਸਾਰੇ ਇਕ ਜਗਾ ਤੇ ਆ ਕੇ ਰੁੱਕ ਗਏ।ਪਿਤਾ ਨੇ ਕੁਝ ਲੱਕੜਾਂ ਇਕੱਠੀਆਂ ਕਰਕੇ ਅੱਗ ਜਲਾਈ,ਅਤੇ ਆਪਣੇ ਬੱਚਿਆ ਨੂੰ ਫਿਰ ਉਹੀ ਬਹਾਨਾ ਲਗਾ ਦਿਤਾ ਕਿ ਤੁਸੀ ਏਥੇ ਬੈਠੋ ਅਸੀ ਲੱਕੜਾਂ ਵੱਢ ਕੇ ਲਿਆਉਦੇ ਹਾਂ।ਤੁਸੀ ਸਾਡਾ ਏਥੇ ਹੀ ਇੰਤਜਾਰ ਕਰਨਾ।”ਸਾਨੂੰ ਬਹੁਤ ਸਮਾਂ ਲੱਗ ਜਾਏਗਾ ਇਸ ਕਰਕੇ ਤੁਸੀ ਅੱਗ ਦੇ ਕੋਲ ਹੀ ਬੈਠੇ ਰਹਿਣਾ ਇਧਰ ਉਧਰ ਨਹੀ ਜਾਣਾ ਜੰਗਲ ਵਿਚ ਜਾਨਵਰ ਬਹੁਤ ਫਿਰਦੇ ਹਨ।”
ਇਸ ਵਾਰ ਹੰਸੇਲ ਅਤੇ ਗ੍ਰੇਟੇਲ ਹੋਰ ਵੀ ਜਿਆਦਾ ਡਰੇ ਹੋਏ ਸਨ,ਪਰ ਅੱਗ ਦੇ ਸੇਕ ਵਿਚ ਉਨਾਂ ਨੂੰ ਨੀਂਦ ਆ ਗਈ।ਜਦੋਂ ਉਨਾਂ ਦੀ ਨੀਂਦ ਖੁੱਲੀ ਤਾਂ ਜੰਗਲ ਨੂੰ ਵੀ ਰਾਤ ਦੀ ਪ੍ਰਛਾਈ ਨੇ ਘੇਰਿਆ ਹੋਇਆ ਸੀ।ਬੁਝਦੀ ਅੱਗ ਦੀਆਂ ਲਕੜਾਂ ਖਿਸਕ ਰਹੀਆਂ ਸਨ,ਚਿੰਗਾਰੀਆ ਆਸਮਾਨ ਵਲ ਉਡ ਰਹੀਆਂ ਸਨ।
ਇਕ ਬੁਢਾ ਆਦਮੀ ਉਨਾਂ ਦੇ ਨੇੜੇ ਦੀ ਲੰਘਿਆ ਤਾਂ ਦੇਖਿਆ ਕਿ ਦੋ ਬੱਚੇ ਤਾਰਿਆਂ ਦੀ ਛਾਂ ਵਿਚ ਬੈਠੇ ਹਨ।ਬਸ ਦੇਖਦਾ ਹੀ ਅੱਗੇ ਵਲ ਨੂੰ ਚਲਾ ਗਿਆ।ਜਲਦੀ ਹੀ ਹਨੇਰਾ ਹੋ ਗਿਆ,ਉਨਾਂ ਦੋਹਾਂ ਨੇ ਇਕ ਦੂਜੇ ਵਲ ਨੂੰ ਦੇਖਿਆ।
“ਬੁਢਾ ਆਦਮੀ ਚਲਾ ਗਿਆ?”ਗ੍ਰੇਟੇਲ ਨੇ ਪੁਛਿਆ।
“ਮੈਨੂੰ ਤਾਂ ਭੁੱਖ ਲੱਗੀ ਹੋਈ ਆ,”ਹੰਸੇਲ ਨੇ ਕਿਹਾ।
“ਮੈ ਆਪਣਾ ਰੋਟੀ ਦਾ ਟੁੱਕੜਾ ਬਚਾ ਕੇ ਰੱਖਿਆ ਹੈ,ਭੁੱਖ ਲੱਗੀ ਹੈ ਤਾਂ ਅੱਧਾ ਤੂੰ ਖਾ ਸਕਦਾ ਏ।”
“ਮੈਂ ਆਪਣੇ ਹਿਸੇ ਦੀ ਰੋਟੀ ਦੇ ਟੁਕੜੇ ਦੇ ਚੂਰੇ ਨਾਲ ਰਾਹ ਵਿਚ ਨਿਸ਼ਾਨ ਬਣਾ ਆਇਆ ਹਾਂ।ਜਦੋ ਚੰਦ ਨਿਕਲੇਗਾ ਤਾਂ ਦੇਖਣਾ ਉਹ ਰਾਹ ਮੋਤੀਆ ਵਾਂਗ ਚਮਕੇਗਾ।”
ਪਰ ਜਦੋ ਚੰਦ ਨਿਕਲਿਆ ਤਾਂ ਰਾਹ ਵਿਚ ਚੂਰੇ ਦੇ ਨਿਸ਼ਾਨ ਨਹੀ ਸਨ।ਰਾਹ ਵਿਚ ਖਿਲਰੇ ਡਬਲਰੋਟੀ ਦੇ ਚੂਰੇ ਨੂੰ ਕੀੜੀਆਂ,ਚਿੜੀਆਂ ਖਾ ਗਈਆਂ ਸਨ।ਹੁਣ ਰਾਹ ਵਿਚ ਕੋਈ ਵੀ ਨਿਸ਼ਾਨ ਨਹੀ ਰਹਿ ਗਿਆ ਸੀ।ਹੰਸੇਲ ਤੇ ਗ੍ਰੇਟੇਲ ਇਕ ਦੂਜੇ ਦਾ ਹੱਥ ਫੜਦੇ ਹੋਏ,ਸਾਰੀ ਰਾਤ ਜੰਗਲ ਵਿਚੋ ਬਾਹਰ ਨਿਕਲਣ ਦਾ ਰਾਹ ਹੀ ਲੱਭਦੇ ਰਹੇ।ਸਾਰੀ ਰਾਤ ਘੁੰਮਦੇ ਰਹੇ ਅਤੇ ਦੂਸਰਾ ਦਿਨ ਵੀ ਇਸ ਤਰਾਂ ਹੀ ਨਿਕਲ ਗਿਆ,ਪਰ ਘਰ ਵਾਪਸ ਜਾਣ ਦਾ ਕੋਈ ਰਾਹ ਨਹੀ ਮਿਲਿਆ।
ਤੀਜਾ ਦਿਨ ਖਤਮ ਹੋਣ ਤਕ ਬਹੁਤ ਜਿਆਦਾ ਥੱਕ ਗਏ ਸਨ,ਉਨਾਂ’ਤੋਂ ਅੱਗੇ ਤੁਰਿਆ ਵੀ ਨਹੀ ਜਾ ਰਿਹਾ ਸੀ।ਇਕ ਦਰੱਖਤ ਥੱਲੇ ਦੋਵੇਂ ਲੰਮੇ ਪੈ ਗਏ ਅਤੇ ਅੱਖਾਂ ਮੀਚ ਲਈਆਂ।ਦਰੱਖਤ ਦੀਆਂ ਟਾਹਣੀਆਂ ਦੇ ਉਪਰ ਦੀ ਚੰਦ ਨੇ ਉਨਾਂ ਨੂੰ ਦੇਖਿਆ ਅਤੇ ਮੁਸਕਰਾਇਆ।ਸੱਚ ਤਾਂ ਇਹ ਸੀ ਕਿ ਉਸ ਦਿਨ ਚੰਦ ਹੀ ਨਹੀ ਨਿਕਲਿਆ ਸੀ।ਇਕ ਡੈਣ,ਆਪਣੇ ਲੰਮੇ ਝਾੜੂ ਤੇ ਸਵਾਰ,ਰਾਹ ਭਟਕੇ ਹੋਏ ਮੁਸਾਫਿਰਾਂ ਨੂੰ ਟੋਹ ਲੈਦੀ,ਨੇੜੇ ਦੀ ਲੰਘ ਗਈ।ਉਸ ਨੇ ਸੁਤੇ ਪਏ ਬੱਚਿਆ ਨੂੰ ਦੇਖਿਆ ਅਤੇ ਉਨਾਂ ਦੇ ਕੰਨਾ ਵਿਚ ਇਕ ਮੰਤਰ ਪੜਿਆ:-
ਸੌਂ ਜਾਉ ਪਿਆਰੇ ਬੱਚੋ ਸੌਂ ਜਾਉ,
ਇਸ ਸੰਘਣੇ ਜੰਗਲ ਵਿਚ ਸੌ ਜਾਉ,
ਤੁਸੀ ਵੀ ਭੁੱਖੇ ਹੋ ਅਤੇ ਮੈ ਵੀ,
ਤੁਹਾਡੀ ਦੇਖਭਾਲ ਕੌਣ ਕਰੇਗਾ?
ਸੌਂ ਜਾਉ ਪਿਆਰੇ ਬੱਚੋ ਸੌਂ ਜਾਉ,
ਇਸ ਸੰਘਣੇ ਜੰਗਲ ਵਿਚ ਸੌ ਜਾਉ,
ਜਦੋ ਤੁਸੀ ਜਾਗੋਗੇ ਤਾਂ ਪਾਉਗੇ।
ਤਰਾਂ ਤਰਾਂ ਦੀ ਮਿਠਿਆਈ,ਪਕਵਾਨ,
ਲੱਭਣ ਤੇ ਵੀ ਦੇਖੋਗੇ ਉਨਾਂ ਨੂੰ,
ਸੁੰਦਰ ਬੱਚੋ,ਆ ਜਾਉ ਮੇਰੇ ਕੋਲ।
ਜਦੋਂ ਹੰਸੇਲ ਅਤੇ ਗ੍ਰੇਟੇਲ ਸੌ ਕੇ ਉਠੇ ਤਾਂ ਉਨਾਂ ਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ – ਬਹੁਤ ਹੀ ਅਜੀਬ ਜਿਹਾ।
ਹੰਸੇਲ ਨੇ ਕਿਹਾ ਕਿ,”ਮੈਨੂੰ ਕੋਈ ਖਿੱਚ ਰਿਹਾ ਹੈ।”
“ਮੈਨੂੰ ਵੀ ਕੁਝ ਇਸ ਤਰਾਂ ਹੀ ਲੱਗ ਰਿਹਾ ਹੈ,”ਗ੍ਰੇਟੇਲ ਨੇ ਕਿਹਾ।
ਬੱਚੇ ਜੰਗਲ ਵਿਚੋ ਹੁੰਦੇ ਹੋਏ ਤੁੱਰ ਪਏ,ਡੈਣ ਦੇ ਜਾਦੂ ਦੇ ਸਹਾਰੇ,ਕੁਝ ਦੇਰ ਤੁਰਨ ਤੋਂ ਬਾਅਦ ਉਹ ਇਕ ਪਿਆਰੇ ਜਿਹੇ ਘਰ ਵਿਚ ਪਹੁੰਚ ਗਏ,ਜੋ ਕਿ ਚਾਕਲੇਟ,ਟੌਫੀ,ਬਿਸਕੁਟ,ਮਠਿਆਈਆਂ ਨਾਲ ਬਣਿਆ ਹੋਇਆ ਸੀ।ਉਸ ਦੀ ਛੱਤ ਕੇਕ ਦੀ ਬਣੀ ਹੋਈ ਸੀ,ਬਾਹਰ ਵੱਲ ਬਗੀਚਾ ਚਾਸਣੀ ਦਾ ਸੀ,ਲੌਲੀਪੌਪ ਦਾ ਵਿਹੜਾ ਅਤੇ ਟੌਫੀਆਂ ਦੇ ਸੇਬ ਦੇ ਦਰੱਖਤ,ਮਿਠੇ ਸੋਢੇ ਦਾ ਫੁਆਰਾ,ਆਈਸਕ੍ਰੀਮ ਦੀਆਂ ਬੱਤਖਾਂ ਦਾ ਝੁੰਡ।ਬੱਚਿਆਂ ਨੂੰ ਆਪਣੇ ਆਪ ਤੇ ਵੀ ਵਿਸ਼ਵਾਸ਼ ਨਹੀ ਹੋ ਰਿਹਾ ਸੀ।
ਡੈਣ ਵੀ ਬਹੁਤ ਖੁਸ਼ ਸੀ।ਉਹ ਉਪਰ ਚੋਟੀ ਤੇ ਬੈਠੀ ਹੋਈ ਸੀ,ਉਥੇ ਹੰਸੇਲ ਅਤੇ ਗ੍ਰੇਟੇਲ ਉਸ ਨੂੰ ਦੇਖ ਨਹੀ ਸਕਦੇ ਸਨ।ਡੈਣ ਨੇ ਆਪਣੇ ਬੁੱਲ੍ਹਾਂ ਤੇ ਜੀਭ ਫੇਰੀ,ਇਕ ਕਾਲੀ ਬਿਲੀ ਹੌਲੀ ਹੌਲੀ ਮਿਆਊ ਮਿਆਊ ਕਰਦੀ ਉਸ ਦੇ ਪੈਰਾਂ ਨੂੰ ਚਿਬੜੀ ਹੋਈ ਸੀ।
ਹੰਸੇਲ ਅਤੇ ਗ੍ਰੇਟੇਲ ਪਿਆਰੇ ਜਿਹੇ ਘਰ ਵਲ ਨੂੰ ਦੌੜੇ।ਉਹ ਕੇਕ ਅਤੇ ਸ਼ੱਕਰ ਖਾਣ,ਚਾਕਲੇਟ ਅਤੇ ਟੌਫੀ ਨਾਲ ਮੂੰਹ ਭਰਨ,ਸੋਢਾ ਖਤਮ ਕਰਨ,ਆਈਸਕ੍ਰੀਮ ਖਾ ਜਾਣ ਲਈ ਉਨਾਂ ਕੋਲੋ ਸਬਰ ਨਹੀ ਹੋ ਰਿਹਾ ਸੀ।ਗ੍ਰੇਟੇਲ ਨੇ ਇਕ ਚਿੱਠੀਆਂ ਵਾਲਾ ਡੱਬਾ ਖੋਲਿਆ ਤਾਂ ਉਹ ਉਸ ਦਾ ਮਜ਼ਾ ਲੈਣ ਬੈਠ ਗਿਆ।ਉਹ ਅਜੇ ਬੈਠਿਆ ਹੀ ਸੀ ਤਾਂ ਉਪਰੋ ਤੋਂ ਇਕ ਫਟੀ ਜਿਹੀ ਅਵਾਜ਼ ਆਈ।
ਕੁਤਰੋ ਕੁਤਰੋ ਨੰਨੇ ਚੂਹੋ
ਮੇਰਾ ਘਰ ਕੌਣ ਕੁਤਰ ਰਿਹਾ ਹੈ?
ਗ੍ਰੇਟੇਲ ਨੇ ਚਿਠੀਆਂ ਵਾਲਾ ਡੱਬਾ ਥੱਲੇ ਰੱਖ ਦਿਤਾ ਅਤੇ ਥੋੜਾ ਜਿਹਾ ਸਾਹ ਲੈ ਕੇ ਬੋਲੀ,
ਮੈਂ ਨਹੀ,ਮੈਂ ਨਹੀ,
ਅਕਾਸ਼ ਦੀ ਬੇਟੀ ਹਵਾ ਹੈ।
ਅਤੇ ਉਸ ਨੇ ਇਕ ਵਾਰ ਫਿਰ ਕੁਤਰਿਆਂ।
ਡੈਣ ਉਪਰ ਤੋਂ ਥੱਲੇ ਉਤਰੀ ਤਾਂ ਦਰਵਾਜ਼ੇ ਦੇ ਬਾਹਰ ਦੇਖਿਆ।ਜਦੋ ਉਸ ਦੀ ਕਾਲੀ ਬਿਲੀ ਨੇ ਬੱਚਿਆ ਨੂੰ ਦੇਖਿਆ ਤਾਂ ਉਸ ਨੇ ਆਪਣੇ ਪੰਜ਼ਿਆਂ ਨੂੰ ਖੋਲਿਆਂ।ਉਸ ਦੀਆਂ ਠੰਢੀਆਂ ਹਰੀਆਂ ਹਰੀਆਂ ਅੱਖਾਂ ਪੰਨਿਆਂ ਦੀ ਤਰਾਂ ਚਮਕਣ ਲੱਗੀਆਂ।
“ਆਉ ਆਉ ਪਿਆਰੇ ਬੱਚਿਓ,”ਡੈਣ ਨੇ ਮੁਸਕਰਾ ਕੇ ਬੁਲਾਇਆ।”ਅੰਦਰ ਆ ਜਾਓ ਗਰਮ ਗਰਮ ਬਿਸਤਰ ਲੱਗੇ ਹਨ,ਅੱਗ ਦੇ ਕੋਲ ਬੈਠੋ ਮੈ ਤੁਹਾਡੇ ਲਈ ਗਰਮ ਗਰਮ ਖਾਣਾ ਲੈ ਕੇ ਆਉਦੀ ਹਾਂ।”
ਕੀ ਉਨਾਂ ਨੂੰ ਅੰਦਰ ਚਲੇ ਜਾਣਾ ਚਾਹੀਦਾ ਹੈ?ਨਹੀ ਬਿਲਕੁਲ ਨਹੀ।ਪਰ ਗ੍ਰੇਟੇਲ ਨੇ ਉਨਾਂ ਦਾ ‘ਧੰਨਵਾਦ’ਕੀਤਾ।ਹੰਸੇਲ ਨੇ ਕਿਹਾ ਠੀਕ ਹੈ ਅਤੇ ਉਹ ਅੰਦਰ ਚਲੇ ਗਏ।
ਜਿਵੇਂ ਹੀ ਉਹ ਘਰ ਦੇ ਅੰਦਰ ਵੜੇ ਤਾਂ,ਚਾਕਲੇਟ ਅਤੇ ਟੌਫੀ,ਸਾਰੇ ਬਿਸਕੁਟ ਅਤੇ ਮਠਿਆਈ,ਲੌਲੀਪੌਪ ਦਾ ਵਾੜਾ ਅਤੇ ਟੌਫੀਆਂ ਦੇ ਸੇਬ ਦਾ ਦਰੱਖਤ,ਮਿਠੇ ਸੋਢੇ ਦਾ ਫੁਆਰਾ ਅਤੇ ਆਈਸਕ੍ਰੀਮ ਦੀਆਂ ਬੱਤਖਾਂ,ਸਭ ਉਥੌ ਗਾਇਬ ਹੋ ਗਈਆਂ,ਘਰ ਸਿਰਫ ਮਿਟੀ ਅਤੇ ਲੱਕੜੀ ਦਾ ਬਣਿਆ ਹੋਇਆ ਸੀ,ਨਾ ਹੀ ਮੇਜ਼ ਤੇ ਖਾਣਾ ਸੀ ਅਤੇ ਨਾ ਹੀ ਗਰਮ ਗਰਮ ਬਿਸਤਰਾ ਉਥੇ ਸੀ।ਸਿਰਫ ਲੋਹੇ ਦੇ ਪਿੰਜ਼ਰੇ ਦੇ ਕੋਲ ਬਹੁਤ ਸਾਰੇ ਚੀਥੜੇ ਪਏ ਹੋਏ ਸਨ।ਹੰਸੇਲ ਅਤੇ ਗ੍ਰੇਟੇਲ ਨੇ ਬੁੱਢੀ ਵੱਲ ਦੇਖਿਆ ਤਾਂ ਬੁੱਢੀ ਦੇ ਚਿਹਰੇ ਤੇ ਕੋਈ ਦਇਆ ਨਹੀ ਸੀ।ਹੰਸੇਲ ਅਤੇ ਗ੍ਰੇਟੇਲ ਬਹੁਤ ਦੇਰ ਬਾਅਦ ਸਮਝੇ।ਪਰ ਇਸ ਤੋਂ ਪਹਿਲਾਂ ਕਿ ਉਹ ਵਾਪਸ ਮੁੜਦੇ ਅਤੇ ਨੱਠਦੇ-ਭੱਜਦੇ,ਡੈਣ ਨੇ ਹੰਸੇਲ ਦੀ ਧੌਣ ਫੜ ਲਈ ਤੇ ਉਸ ਨੂੰ ਪਿੰਜ਼ਰੇ ਵਿਚ ਧੱਕਾ ਦੇ ਕੇ ਧੜੱਮ ਦੇਣਾ ਪਿੰਜ਼ਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ।ਲੋਹੇ ਦੀ ਕੁੰਜ਼ੀ ਨਾਲ ਪਿੰਜਰੇ ਨੂੰ ਵੱਡਾ ਸਾਰਾ ਜ਼ਿੰਦਰਾਂ ਲਗਾ ਦਿਤਾ।
“ਉਠੋ,”ਉਸ ਨੇ ਗ੍ਰੇਟੇਲ ਨੂੰ ਕਿਹਾ,”ਉਠ,ਕੋਈ ਕੰਮ ਕਰ ਲੈ,ਮੈਨੂੰ ਵਧੀਆ ਜਿਹਾ ਨਾਸ਼ਤਾ ਬਣਾ ਕੇ ਦੇ,ਦੋ ਜਣਿਆ ਲਈ ਨਾਸ਼ਤਾ ਚਾਹੀਦਾ, ਮੇਰੇ ਲਈ ਅਤੇ ਤੇਰੇ ਭਰਾ ਦੇ ਲਈ।ਮੈਂ ਉਸ ਨੂੰ ਬਹੁਤ ਸਾਰਾ ਖਾਣਾ ਖਵਾ ਕੇ ਜਲਦੀ ਮੋਟਾ ਕਰ ਦੇਵਾਂਗੀ,ਮੋਟਾ ਤਾਜ਼ਾ ਹੋ ਜਾਏਗਾ ਤਾਂ ਮੈਂ ਉਸ ਨੂੰ ਹਜ਼ਮ ਕਰ ਜਾਵਾਂਗੀ।”ਇਸ ਤਰਾਂ ਹੀ ਹੋਇਆ,ਹੰਸੇਲ ਪਿੰਜ਼ਰੇ ਵਿਚ ਬੰਦ ਹੀ ਸੀ।ਉਸ ਨੂੰ ਮੋਟਾ ਤਾਜ਼ਾ ਕਰਨ ਵਾਸਤੇ ਗ੍ਰੇਟੇਲ ਉਸ ਨੂੰ ਰੋਜ਼ ਹੀ ਦਲੀਆ ਬਣਾ ਕੇ ਖੁਆਉਦੀ,ਪਰ ਆਪ ਬਿਲਕੁਲ ਇਕ ਚਮਚ ਵੀ ਨਾ ਖਾਂਦੀ।ਬੁੱਢੀ ਡੈਣ ਉਸ ਨੂੰ ਕੁਝ ਵੀ ਖਾਣ ਨੂੰ ਨਹੀ ਦਿੰਦੀ,ਸਿਰਫ ਲੂਣ ਲੱਗੀ ਥੋੜੀ-ਜਿਹੀ ਰੋਟੀ ਦਾ ਟੁਕੜਾ”ਤੇਰੀ ਵਾਰੀ ਬਾਅਦ ਵਿਚ ਆਏਗੀ।””ਪਹਿਲਾਂ ਤੇਰੇ ਭਰਾ ਨੂੰ ਖਾ ਲਵਾਂ,ਉਸ ਤੋਂ ਬਾਅਦ,”ਕਾਲੀ ਬਿਲੀ ਆਪਣੀ ਜਗ੍ਹਾ ਤੇ ਬੈਠੀ ਮੁਸਕ੍ਰਾਉਦੀ,ਉਸ ਵੱਲ ਦੇਖਿਆ ਕਰਦਾ।
ਹਰ ਰੋਜ਼ ਸਵੇਰੇ ਡੈਣ ਹੰਸੇਲ ਦੇ ਪਿੰਜ਼ਰੇ ਨੂੰ ਖੜਕਾਉਦੀ।”ਸੀਖਾਂ ਦੇ ਵਿਚੋਂ ਆਪਣੀਆਂ ਉਗਲਾਂ ਬਾਹਰ ਕੱਢ ਤਾਂ ਕਿ ਮੈਂ ਦਬਾ ਕੇ ਦੇਖਾਂ ਕਿ ਤੂੰ ਮੋਟਾ ਹੋ ਰਿਹਾ ਹੈ ਜਾਂ ਨਹੀ”
ਹਰ ਰੋਜ ਹੰਸੇਲ ਨੂੰ ਪਿੰਜ਼ਰੇ ਵਿਚ ਇਕ ਪੁਰਾਣੀ ਹੱਡੀ ਪਈ ਮਿਲਦੀ ਪਰ ਹੰਸੇਲ ਉਸ ਨੂੰ ਬਾਹਰ ਸੁੱਟ ਦਿੰਦਾ।ਡਾਇਨ,ਜਿਸ ਦੀਆਂ ਅੱਖਾਂ ਕਮਜੋਰ ਸੀ,ਪਰ ਹੱਡੀ ਨੂੰ ਉਗਲਾਂ ਦੇ ਵਿਚ ਦਬਾ ਕੇ ਦੇਖਦੀ,ਉਸ ਨੂੰ ਸੁੰਘ ਕੇ ਆਲੇ ਦੁਆਲੇ ਦੇਖਦੀ ਤੇ ਸਿਰ ਹਿਲਾਉਦੀ ਉਚੀ ਉਚੀ ਬੋਲਦੀ ਕਿ ਗ੍ਰੇਟੇਲ ਤੂੰ ਖਾਣਾ ਠੀਕ ਨਹੀ ਬਣਾਉਦੀ ਇਸ ਨਾਲ ਹੰਸੇਲ ਕਿਵੇ ਜਲਦੀ ਮੋਟਾ ਤਾਜ਼ਾ ਹੋਵੇਗਾ।ਮੈ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਕਿ ਕਦੋਂ ਹੰਸੇਲ ਮੋਟਾ ਤਾਜ਼ਾ ਹੋਵੇ ਤਾਂ ਮੈ ਆਪਣੀ ਭੁੱਖ ਮਿਟਾ ਸਕਾਂ।
ਉਸ ਹਨੇਰੇ ਘਰ ਵਿਚ ਉਦਾਸੀ ਜਿਹੇ ਮਹੌਲ ਵਿਚ ਹੌਲੀ ਹੌਲੀ ਸਮਾਂ ਲੰਘਦਾ ਗਿਆ।ਇਕ ਦਿਨ ਹਨੇਰੀ ਤੁਫਾਨੀ ਰਾਤ ਨੂੰ ਡੈਣ ਨੇ ਰੋਜ਼ ਦੀ ਤਰਾਂ ਆਪਣੀ ਬਿੱਲੀ ਨੂੰ ਬੁਲਾਇਆ,ਆਪਣੇ ਝਾੜੂ ਤੇ ਸਵਾਰ ਹੋ ਕੇ ਚਲੇ ਗਈ,ਦਰੱਖਤਾਂ ਦੇ ਉਪਰ ਤੋਂ,ਝਾੜੀਆਂ ਦੇ ਵਿਚ ਦੀ,ਟੋਇਆਂ ਵਿਚੋ ਝਾਕਦੀ ਹੋਈ,ਉਨਾਂ ਮੁਸਾਫਰਾਂ ਦਾ ਪਤਾ ਲਗਾਉਦੀ ,ਜਿਹੜੇ ਮੁਸਾਫਰ ਰਾਹ ਭੁੱਲ ਗਏ ਹੋਣ।
ਉਧਰ ਘਰ ਵਿਚ ਅੱਗ ਬੁਝ ਗਈ ਸੀ।ਕਮਰੇ ਵਿਚ ਬਹੁਤ ਜਿਆਦਾ ਹਨੇਰਾ ਹੋ ਗਿਆ ਸੀ।ਗ੍ਰੇਟੇਲ ਨੇ ਕੱਪੜਿਆਂ’ਚੋ ਦੀ ਨਿਕਲ ਕੇ,ਮੋਮਬੱਤੀ ਜਲਾ ਕੇ ਸਾਰਾ ਘਰ ਲੱਭਿਆ ਪਰ ਉਸ ਨੂੰ ਪਿੰਜ਼ਰੇ ਦੀ ਕੁੰਜ਼ੀ ਕਿਤਿਓੁ ਨਹੀ ਮਿਲੀ।ਹੌਲੀ ਹੌਲੀ ਉਹ ਹੰਸੇਲ ਦੇ ਪਿੰਜ਼ਰੇ ਦੇ ਨਾਲ ਲੱਗ ਕੇ ਸਹਿਮ ਕੇ ਖੜ ਗਈ।ਦੋਨੋ ਇਕ ਦੂਜੇ ਕੋਲ ਕੋਲ ਆ ਗਏ ਤਾਂ ਉਨਾਂ ਨੇ ਇਕ ਦੂਜੇ ਦਾ ਹੱਥ ਘੁੱਟ ਕੇ ਫੜ ਲਿਆ।
“ਹੁਣ ਨਹੀ ਤਾਂ ਕਦੀ ਨਹੀ ਗ੍ਰੇਟੇਲ,”ਹੰਸੇਲ ਨੇ ਕਿਹਾ ਕਿ,”ਗ੍ਰੇਟੇਲ ਤੂੰ ਏਥੌ ਦੌੜ ਜਾ,ਡੈਣ ਤਾਂ ਮੇਰੀ ਭੁੱਖੀ ਹੈ।ਜਿਆਦਾ ਉਡੀਕ ਨਾ ਕਰ। ਜਾ,ਡੈਣ ਦੇ ਆਉਣ ਤੋਂ ਪਹਿਲਾਂ ਪਹਿਲਾਂ ਏਥੋ ਨਿਕਲ ਜਾ।”
“ਤੇਰੇ ਬਿੰਨਾਂ ਮੈਂ ਕਿਥੇ ਜਾਵਾਂਗੀ,ਹੰਸੇਲ?”
“ਕਿਤੇ ਵੀ।ਕਿਸੇ ਵੀ ਜਗ੍ਹਾ ਚਲੀ ਜਾ ਕੋਈ ਵੀ ਜਗ੍ਹਾ ਇਸ ਤੋਂ ਖਰਾਬ ਨਹੀ ਹੋਵੇਗੀ।”
“ਫਿਰ ਹੰਸੇਲ ਤੂੰ ਇਕੱਲਾ ਕੀ ਕਰੇਗਾਂ?”
“ਮੈਂ ਏਥੇ ਹੀ ਠਹਿਰ ਕੇ,ਜੋ ਮੇਰੇ ਨਾਲ ਹੋਣ ਵਾਲਾ ਹੈ ਉਸ ਦਾ ਸਾਹਮਣਾ ਕਰਾਂਗਾ।”
“ਪਰ ਤੂੰ ਇਕੱਲੀ ਨਹੀ ਹੈ-ਕਦੀ ਵੀ ਨਹੀ।ਜੋ ਵੀ ਹੋਵੇਗਾ ਅਸੀ ਦੋਵੇਂ ਉਸ ਦਾ ਇਕੱਠੇ ਮੁਕਾਬਲਾ ਕਰਾਂਗੇ।”
ਏਨੇ ਨੂੰ ਉਨਾਂ ਦੀ ਛੱਤ ਤੇ ਕਿਸੇ ਦੇ ਛਾਲ ਮਾਰਨ ਦੀ ਅਵਾਜ਼ ਆਈ। “ਬਹੁਤ ਦੇਰ ਹੋ ਚੁੱਕੀ ਹੈ,ਗ੍ਰੇਟੇਲ,”ਹੰਸੇਲ ਨੇ ਕਰਲਾਂਉਦੇ ਹੋਏ ਕਿਹਾ। “ਬਿਸਤਰ ਵਿਚ ਜਲਦੀ ਦੇਣਾ ਵੜ ਜਾ।”ਜਿਵੇਂ ਹੀ ਗ੍ਰੇਟੇਲ ਨੇ ਕੱਪੜਿਆਂ ਦੇ ਢੇਰ ਦੇ ਥੱਲੇ ਲੁਕ ਕੇ ਅੱਖਾਂ ਬੰਦ ਕੀਤੀਆਂ ਤਾਂ ਡੈਣ ਚਿਮਨੀ ਤੋਂ ਥੱਲੇ ਉਤਰ ਆਈ।ਆਪਣੇ ਵਾਲਾਂ ਤੋਂ ਕਾਲਖ ਝਾੜਣ ਲੱਗੀ।ਉਸ ਨੂੰ ਸਾਰੀ ਰਾਤ ਕੋਈ ਸ਼ਿਕਾਰ ਨਹੀ ਮਿਲਿਆ ਸੀ,ਅਤੇ ਉਹ ਭੁੱਖੀ,ਥੱਕੀ ਹੋਈ ਸੀ।ਹੰਸੇਲ ਦੇ ਪਿੰਜਰੇ ਦੇ ਕੋਲ ਜਾ ਕੇ ਉਸ ਨੇ ਪਿੰਜਰੇ ਦੀਆਂ ਸੀਖਾਂ ਨੂੰ ਖੜਕਾਇਆ ਤਾਂ ਹੰਸੇਲ ਨੇ ਆਪਣੀਆ ਉਗਲਾਂ ਉਸ ਨੂੰ ਦਿਖਾਉਣ ਲਈ ਬਾਹਰ ਕੱਢੀਆਂ।ਉਹ ਪਹਿਲਾਂ ਦੀ ਤਰਾਂ ਦੁਬਲਾ ਪਤਲਾ ਹੀ ਸੀ।
“ਜਾਗੋ,ਗ੍ਰੇਟੇਲ,”ਡੈਣ ਉਚੀ ਦੇਣਾ ਚੀਕੀ।”ਉਠ!ਬਦਸੂਰਤ,ਬੇਵਕੂਫ ਲੜਕੀ!ਤੇਰੇ ਭਰਾ ਦੇ ਸਰੀਰ ਤੇ ਜਰਾ ਜਿੰਨੀ ਵੀ ਚਰਬੀ ਨਹੀ ਚੜੀ,ਉਠ,ਅੱਗ ਜਲਾ,ਤੰਦੂਰ ਜਲਾ,ਅੱਜ ਮੈ ਇਸ ਨੂੰ ਹੀ ਪਕਾਉਗੀ,ਦੁਬਲਾ ਹੋਵੇ ਜਾਂ ਪਤਲਾ।”
ਗ੍ਰੇਟੇਲ ਅੱਗ ਬਾਲਣ ਗਈ ਤਾਂ ਉਸ ਨੂੰ ਕੁਝ ਵੀ ਦਿਖਾਈ ਨਹੀ ਦੇ ਰਿਹਾ ਸੀ।ਉਸ ਦੀਆਂ ਅੱਖਾਂ ਰੋ ਰੋ ਕੇ ਦਰਦ ਕਰ ਰਹੀਆਂ ਸਨ।ਪਰ ਅੱਗ ਤਾਂ ਉਸ ਨੂੰ ਜਲਾਉਣੀ ਹੀ ਪੈਣੀ ਸੀ।ਹੋਰ ਕਰਦੀ ਵੀ ਕੀ?ਹੰਸੇਲ ਇਹ ਸਭ ਦੇਖ ਰਿਹਾ ਸੀ-ਉਹ ਜਾਣਦਾ ਸੀ ਕਿ ਅੱਗ ਕਿਸ ਕਰਕੇ ਜਲਾ ਰਹੇ ਹੈ।ਹੌਲੀ ਹੌਲੀ ਲੱਕੜੀਆਂ ਲਾਲ ਹੋ ਗਈ ਅਤੇ ਪੁਰਾਣੀਆਂ ਇੱਟਾਂ ਦਾ ਤੰਦੂਰ ਵੀ ਗਰਮ ਹੋ ਗਿਆ।ਖਾਣ ਦਾ ਸੋਚ ਕੇ ਡੈਣ ਦੀ ਭੁੱਖ ਹੋਰ ਵੀ ਤੇਜ਼ ਹੋ ਗਈ।
ਡੈਣ ਨੇ ਆਪਣੀ ਕਾਲੀ ਬਿੱਲੀ ਨੂੰ ਕਿਹਾ ਕਿ,”ਇਕ ਹੀ ਬਹੁਤ ਹੈ।ਦੋ ਤਾਂ ਜਿਆਦਾ ਹੋ ਜਾਣਗੇ।”ਬਿਲੀ ਨੇ ਵੀ ਆਪਣੇ ਬੁੱਲਾਂ ਤੇ ਜੀਭ ਫੇਰੀ।ਡੈਣ ਨੇ ਕਿਹਾ ਕਿ “ਗ੍ਰੇਟੇਲ,ਤੰਦੂਰ ਨੂੰ ਦੇਖ ਕੇ ਦੱਸ ਕਿ ਤੰਦੂਰ ਗਰਮ ਹੋ ਗਿਆ ਹੈ ਕਿ ਨਹੀ।”
ਗ੍ਰੇਟੇਲ ਨੇ ਤੰਦੂਰ ਵਿਚ ਦੇਖ ਕੇ ਦੱਸਿਆ ਕੇ,”ਮੇਰੇ ਦੇਖਣ ਮੁਤਾਬਿਕ ਤੰਦੂਰ ਗਰਮ ਹੋ ਗਿਆ ਹੈ,ਪਰ ਉਹ ਤੰਦੂਰ ਦੇ ਪਿੱਛੇ ਕੁਝ ਹੈ-ਤੰਦੂਰ ਦੇ ਪਿਛੇ ਕੀ ਹੋ ਸਕਦਾ ਹੈ?”
“ਮੇਰੇ ਰਾਹ ਵਿਚੋ ਪਰ੍ਹੇ ਹੱਟ ਬੇਵਕੂਫ!ਮੈ ਦੇਖਦੀ ਹਾਂ ਤੰਦੂਰ ਦੇ ਪਿਛੇ ਕੀ ਹੈ,”ਡੈਣ ਗੁੱਸੇ ਵਿਚ ਬੋਲੀ।
“ਹਾਂ,ਹਾਂ,ਮਾਸੀ,”ਗ੍ਰੇਟੇਲ ਬੋਲੀ,”ਤੂੰ ਝੁੱਕ ਕੇ ਦੇਖ ਤੰਦੂਰ ਪਿੱਛੇ ਕੀ ਹੈ।”
ਜਿਵੇਂ ਹੀ ਡੈਣ ਥੱਲੇ ਝੁੱਕ ਕੇ ਤੰਦੂਰ ਦੇ ਪਿੱਛੇ ਦੇਖਣ ਲੱਗੀ,ਤਾਂ ਗ੍ਰੇਟੇਲ ਨੇ ਆਪਣੇ ਪੂਰੇ ਜ਼ੋਰ ਨਾਲ ਡੈਣ ਨੂੰ ਤੰਦੂਰ ਵਿਚ ਧੱਕਾ ਦੇ ਦਿਤਾ।ਡੈਣ ਆਪਣੇ ਹੀ ਤੰਦੂਰ ਵਿਚ ਡਿੱਗ ਪਈ।ਗ੍ਰੇਟੇਲ ਨੇ ਤੰਦੂਰ ਦਾ ਦਰਵਾਜਾ ਜੋਰ ਨਾਲ ਬੰਦ ਕਰ ਦਿਤਾ,ਅਤੇ ਕੰਬਦੀ ਕੰਬਦੀ ਉਥੇ ਹੀ ਖੜ ਗਈ।
ਡੈਣ ਦੇ ਅੰਤ ਦੇ ਨਾਲ ਨਾਲ ਕਾਲੀ ਬਿਲੀ ਦਾ ਵੀ ਅੰਤ ਹੋ ਗਿਆ।ਡੈਣ ਸੜ ਕੇ ਰਾਖ ਹੋ ਗਈ।ਗ੍ਰੇਟੇਲ ਨੂੰ ਜਿਥੇ ਡੈਣ ਬੈਠਦੀ ਸੀ ਉਥੋ ਹੀ ਪਿੰਜ਼ਰੇ ਦੀ ਕੁੰਜ਼ੀ ਮਿਲ ਗਈ।ਉਸ ਨੇ ਕੁੰਜ਼ੀ ਚੁੱਕੀ ਤਾਂ ਹੌਲੀ ਜਿਹੇ ਪਿੰਜਰੇ ਦਾ ਦਰਵਾਜ਼ਾ ਖੋਲ ਲਿਆ।ਦਰਵਾਜ਼ਾ ਖੁੱਲਦਿਆ ਹੀ ਹੰਸੇਲ ਖੁਸ਼ੀ ਖੁਸ਼ੀ ਬਾਹਰ ਆ ਗਿਆ ਤੇ ਗ੍ਰੇਟੇਲ ਨੂੰ ਗਲੇ ਲੱਗ ਕੇ ਮਿਲਿਆਂ।ਕਾਫੀ ਦੇਰ ਮਿਲਣ ਤੋਂ ਬਾਅਦ ਅਰਾਮ ਨਾਲ ਬੈਠ ਕੇ ਅੱਗੇ ਦੀ ਤਰਕੀਬ ਬਾਰੇ ਸੋਚਣ ਲੱਗੇ।
ਕੁੱਝ ਦੇਰ ਸੋਚਣ ਦੇ ਬਾਅਦ ਹੰਸੇਲ ਨੇ ਕਿਹਾ ਕਿ,”ਸਾਰੀਆਂ ਡੈਣ ਦੇ ਕੋਲ ਗੁਪਤ ਖਜ਼ਾਨਾ ਹੁੰਦਾ ਹੈ,”ਆ ਆਪਾ ਮਿਲ ਕੇ ਖਜਾਨੇ ਦੀ ਭਾਲ ਕਰੀਏ।ਉਨਾਂ ਨੇ ਸਾਰੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।ਅਲਮਾਰੀ ਵਿਚ ਪਿਆ ਸਾਰਾ ਸਮਾਨ ਖਿੱਲਰ ਗਿਆ,ਪਰਦੇ ਵੀ ਫੱਟ ਗਏ,ਉਥੇ ਪਏ ਕਪੜੇ ਵੀ ਤਲਾਸ਼ੀ ਲੈਦਿਆਂ ਫੱਟ ਗਏ,ਘਰ ਵਿਚ ਸਾਰੀਆਂ ਕਿਤਾਬਾਂ ਉਨਾਂ ਨੇ ਅੱਗ ਵਿਚ ਸੁੱਟ ਕੇ ਸਾੜ ਦਿਤੀਆਂ,ਦਵਾਈਆਂ ਨੂੰ ਜਦ ਸਾੜਿਆ ਤਾਂ ਕੁਝ ਦੇਰ ਲਈ ਅਸਮਾਨ ਵੀ ਧੂਏਂ ਦੀ ਲਪੇਟ ਵਿਚ ਆ ਗਿਆ।
ਸਾਰਾ ਘਰ ਉਲਟ-ਪੁਲਟ ਅਤੇ ਖੇਰੂ-ਖੇਰੂ ਹੋ ਗਿਆ।ਏਨੇ ਨੂੰ ਹੰਸੇਲ ਦੀ ਨਜ਼ਰ ਇਕ ਕੋਇਲੇ ਨਾਲ ਭਰੇ ਬਕਸੇ ਤੇ ਪਈ।ਹੰਸੇਲ ਨੇ ਆਪਣੇ ਪੈਰ ਨਾਲ ਉਸ ਬਕਸੇ ਨੂੰ ਧੱਕਿਆ ਤਾਂ ਉਸ ਵਿਚੋ ਸਾਰੇ ਕੋਇਲੇ ਫਰਸ਼ ਉਤੇ ਢੇਰੀ ਹੋ ਗਏ।ਕੋਇਲੇ ਨਿਕਲਣ ਤੋਂ ਬਾਅਦ ਕੋਈ ਚਮਕੀਲੀ ਜਿਹੀ ਚੀਜ਼ ਨਿਕਲੀ,ਇਕ ਵੱਡਾ ਸਾਰਾ ਚਾਂਦੀ ਦਾ ਡੱਬਾ।ਗ੍ਰੇਟੇਲ ਨੇ ਚਾਕੂ ਨਾਲ ਉਸ ਨੂੰ ਖੋਲ ਲਿਆ।
ਚਾਂਦੀ ਦਾ ਡੱਬਾ,ਚਾਂਦੀ,ਸੋਨੇ ਦੇ ਸਿਕੇ,ਅੰਗੂਠੀਆਂ,ਕੰਨਾਂ ਦੇ ਵਾਲੇ,ਗਲ੍ਹ ਦੀਆਂ ਮਾਲਾ ਅਤੇ ਤਰਾਂ ਤਰਾਂ ਦੇ ਗਹਿਣਿਆਂ ਨਾਲ ਭਰਿਆ ਹੋਇਆ ਸੀ।ਉਸ ਹਨੇਰੇ ਘਰ ਵਿਚ ਰਹਿੰਦਿਆ,ਸੈਕੜੇ ਸਾਲਾਂ ਵਿਚ ਡੈਣ ਨੇ ਜਿੰਨਾਂ ਲੋਕਾਂ ਨੂੰ ਮਾਰ ਕੇ ਖਾਦਾ ਸੀ,ਉਨਾਂ ਦੀਆਂ ਜੇਬਾਂ ਵਿਚੋ ਨਿਕਲੀਆਂ ਚੀਜ਼ਾਂ ਉਥੇ ਪਈਆਂ ਸਨ।ਉਨਾਂ ਵਿਚ ਹੀਰੇ,ਮਾਣਿਕ,ਪੰਨਾ,ਨੀਲਮ,ਖੂੰਨ ਵਰਗਾ ਲਾਲ ਮੂੰਗਾ ਅਤੇ ਦੁੱਧ ਵਰਗਾ ਚਿੱਟਾ ਮੋਤੀ ਸੀ।ਹੀਰਿਆਂ ਨਾਲ ਜੜੀ ਘੜੀ ਵੀ ਸੀ ਜੋ ਅਜੇ ਤੱਕ ਟਿਕ ਟਿਕ ਕਰ ਰਹੀ ਸੀ।
ਬੱਚਿਆ ਨੇ ਕੀਮਤੀ ਹੀਰਿਆਂ ਨਾਲ ਆਪਣੀਆਂ ਜੇਬਾਂ ਭਰ ਲਈਆਂ ਅਤੇ ਇਕ ਦੂਜੇ ਦਾ ਹੱਥ ਫੜ ਕੇ ਪੱਤੀਆਂ ਦੇ ਉਪਰ ਦੀ ਦੌੜ ਗਏ।ਥੋੜਾ ਅੱਗੇ ਜਾ ਕੇ ਉਨਾਂ ਪਿੱਛੇ ਮੁੜ ਕੇ ਦੇਖਿਆਂ ਤਾਂ ਡੈਣ ਦਾ ਘਰ ਨਹੀ ਸੀ,ਸਿਰਫ ਰਾਖ ਦਾ ਢੇਰ ਹੀ ਸੀ।ਰਾਖ ਦੇ ਢੇਰ ਵਿਚੋ ਦੀ ਹਰੇ ਪੌਦੇ ਨਿਕਲੇ ਹੋਏ ਸਨ।
ਇਕ ਦੋ ਮੀਲ ਚੱਲਣ ਤੋਂ ਬਾਅਦ ਗ੍ਰੇਟੇਲ ਅਤੇ ਹੰਸੇਲ ਇਕ ਬਹੁਤ ਤੇਜ਼ ਵਗਦੀ ਨਦੀ ਦੇ ਕਿਨਾਰੇ ਕੋਲ ਪਹੁੰਚ ਗਏ।ਹੰਸੇਲ ਨੇ ਕਿਹਾ ਕਿ,”ਮੈਨੂੰ ਪੂਰਾ ਯਕੀਨ ਹੈ ਕਿ ਸਾਡਾ ਘਰ ਇਸ ਨਦੀ ਦੇ ਉਸ ਪਾਰ ਹੈ।ਪਰ ਇਸ ਨਦੀ ਨੂੰ ਪਾਰ ਕਿਵੇਂ ਕਰਾਂਗੇ?”
ਗ੍ਰੇਟੇਲ ਨੇ ਕਿਹਾ ਕਿ,”ਕੋਈ ਨਾ ਕੋਈ ਜਰੂਰ ਸਾਡੀ ਮਦਦ ਕਰਨ ਆਏਗਾ।”
ਇਹ ਉਸ ਦੇ ਕਹਿਣ ਦੀ ਹੀ ਦੇਰ ਸੀ ਕਿ ਦੋ ਹੰਸ ਨਦੀ ਵਿਚ ਤੈਰਦੇ ਹੋਏ ਆ ਗਏ।
“ਹੰਸ ਪਿਤਾ ਜੀ,ਹੰਸ ਮਾਂ ਜੀ,ਅਸੀ ਨਦੀ ਪਾਰ ਕਰਨਾ ਚਾਹੁੰਦੇ ਹਾਂ,ਕੀ ਤੁਸੀ ਸਾਡੀ ਮਦਦ ਕਰ ਸਕਦੇ ਹੋ?”ਗ੍ਰੇਟੇਲ ਨੇ ਤਰਲਾ ਜਿਹਾ ਪਾ ਕੇ ਕਿਹਾ।ਹੰਸਾਂ ਨੇ ਆਪਣੀ ਜਾਣਕਾਰ ਅੱਖਾਂ ਨਾਲ ਉਨਾਂ ਵੱਲ ਦੇਖਿਆਂ ਤਾਂ ਆਪਣੀ ਹੀ ਮੌਨ ਭਾਸ਼ਾ ਵਿਚ ਇਕ ਦੂਜੇ ਨਾਲ ਗੱਲ ਕਰਕੇ ਹਾਂ ਵਿਚ ਸਿਰ ਹਿਲਾ ਕੇ ਨਦੀ ਦੇ ਕਿਨਾਰੇ ਆ ਗਏ।ਦੋਹਾਂ ਬੱਚਿਆਂ ਨੂੰ ਆਪਣੇ ਆਪਣੇ ਪਿੱਠ ਦੇ ਬਿਠਾ ਕੇ ਅੱਗੇ ਤੁੱਰ ਗਏ।
ਨਦੀ ਦੇ ਦੂਸਰੇ ਕਿਨਾਰੇ ਜਾ ਕੇ ਉਤਰੇ ਅਤੇ ਉਤਰਦੇ ਹੀ ਦੋਹਾਂ ਬੱਚਿਆ ਨੇ ਦੋਵੇਂ ਹੱਥ ਜੋੜ ਕੇ ਹੰਸਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਘਰ ਦੀ ਤਲਾਸ਼ ਵਿਚ ਅੱਗੇ ਨਿਕਲ ਗਏ।
ਹੌਲੀ-ਹੌਲੀ ਜੰਗਲ ਜਾਣਿਆ ਪਹਿਚਾਣਿਆ ਜਿਹਾ ਲੱਗਣ ਲੱਗਾ ਤਾਂ ਹੰਸੇਲ ਅਤੇ ਗ੍ਰੇਟੇਲ ਦੌੜ ਪਏ।ਕੁਝ ਹੀ ਦੂਰ ਜਾ ਕੇ ਉਨਾਂ ਨੂੰ ਆਪਣੇ ਪਿਤਾ ਦਾ ਘਰ ਦਿਖਾਈ ਦੇਣ ਲੱਗਾ।ਉਹ ਸੜਕ ਤੋਂ ਹੁੰਦੇ ਹੋਏ,ਬਾਗ ਵਿਚੋ ਹੁੰਦੇ ਹੋਏ ਆਪਣੇ ਘਰ ਮੋਹਰੇ ਪਹੁੰਚ ਗਏ।ਘਰ ਦਾ ਦਰਵਾਜ਼ਾ ਖੁਲਾ ਹੀ ਸੀ।ਮੇਜ਼ ਦੇ ਸਾਹਮਣੇ ਉਸ ਦੇ ਪਿਤਾ ਜੀ ਬੈਠੇ ਹੋਏ ਸਨ।ਉਹ ਲੱਕੜ ਵਿਚੋ ਬੱਚਿਆ ਦੀ ਸ਼ਕਲ ਦੇ ਪੁਤਲੇ ਬਣਾ ਰਿਹਾ ਸੀ।ਜਦੋ ਉਸ ਨੇ ਸਿਰ ਚੁੱਕ ਕੇ ਦੇਖਿਆ ਸਾਹਮਣੇ ਖੜੇ ਆਪਣੇ ਬੱਚਿਆਂ ਨੂੰ ਦੇਖ ਹੈਰਾਨ ਰਹਿ ਗਿਆ ਅਤੇ ਮੁਸਕ੍ਰਾਇਆ।ਉਹ ਜਦੋ ਤੋਂ ਆਪਣੇ ਬੱਚਿਆ ਨੂੰ ਜੰਗਲ ਵਿਚ ਛੱਡ ਕੇ ਆਇਆ ਸੀ ਉਸ ਦਿਨ ਤੋਂ ਬਾਅਦ ਅੱਜ ਮੁਸਕ੍ਰਾਇਆ ਸੀ।ਇਹ ਉਸ ਦੀ ਅੱਜ ਤਕ ਦੀ ਸਭ ਤੋਂ ਵੱਡੀ ਮੁਸਕਾਨ ਸੀ।
ਹੰਸੇਲ ਅਤੇ ਗ੍ਰੇਟੇਲ ਦੌੜ ਕੇ ਉਸ ਦੀਆਂ ਫੈਲੀਆਂ ਬਾਹਾਂ ਵਿਚ ਚਲੇ ਗਏ।ਜਦੋ ਗਲੇ ਲੱਗਣਾ ਬੰਦ ਹੋਇਆ ਤਾਂ ਉਨਾਂ ਨੇ ਰਸੋਈ ਵਿਚ ਜਾ ਕੇ ਮੇਜ਼ ਤੇ ਆਪਣੀਆਂ ਸਾਰੀਆਂ ਜੇਬਾਂ ਖਾਲੀ ਕਰ ਦਿਤੀਆ।ਖਜ਼ਾਨਾ ਸੂਰਜ ਦੀ ਰੌਸ਼ਨੀ ਵਿਚ ਜਗ ਮਗ,ਜਗ ਮਗ ਕਰ ਰਿਹਾ ਸੀ।ਇਹ ਕੋਈ ਜਾਦੂ ਤਾਂ ਨਹੀ ਜੋ ਛੂੰ ਮੰਤਰ ਹੋ ਜਾਂਦਾ।
ਪਰ ਉਨਾਂ ਦੀ ਬੇਰਹਿਮ ਸੌਤੈਲੀ ਮਾਂ ਦਾ ਕੀ ਹੋਇਆ?ਹੁਣ ਉਹ ਉਥੇ ਨਹੀ ਸੀ।ਜਿਸ ਸਮੇ ਡੈਣ ਮਰੀ ਸੀ ਠੀਕ ਉਸ ਸਮੇ ਹੀ ਉਨਾਂ ਦੀ ਬੇਰਹਿਮ ਸੌਤੈਲੀ ਮਾਂ ਵੀ ਮਰ ਗਈ ਸੀ।
ਅੱਗੇ ਕੀ ਹੋਇਆ?ਮੈਂ ਬਸ ਐਨਾਂ ਹੀ ਦਸ ਸਕਦਾ ਹਾਂ,ਹੰਸੇਲ ਅਤੇ ਗ੍ਰੇਟੇਲ ਤੇ ਉਨਾਂ ਦਾ ਪਿਤਾ ਆਪਣੇ ਘਰ ਵਿਚ ਸੁਖ ਸ਼ਾਂਤੀ ਨਾਲ ਰਹਿਣ ਲੱਗੇ।ਉਸ ਦਿਨ ਤੋਂ ਉਹ ਕਦੀ ਵੀ ਭੁੱਖੇ ਨਹੀ ਰਹੇ।
ਮੂਲ ਲੇਖਿਕ:-ਹੇਨਰੀਟਾ ਬ੍ਰੇਫ਼ਰਡ
ਅਨੁਵਾਦ:-ਅਮਰਜੀਤ ਚੰਦਰ