ਨਵੀਂ ਦਿੱਲੀ (ਸਮਾਜ ਵੀਕਲੀ) :ਮੁਲਕ ਵਿਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਰੋਨਾਵਾਇਰਸ ਦੇ ਰੋਜ਼ਾਨਾ ਆ ਰਹੇ ਕੇਸਾਂ ਦੀ ਗਿਣਤੀ ਅੱਜ ਪਹਿਲੀ ਵਾਰ 50 ਹਜ਼ਾਰ ਤੋਂ ਘੱਟ ਆਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਮੁਲਕ ਵਿਚ ਕੁੱਲ ਕਰੋਨਾ ਕੇਸਾਂ ਦੀ ਗਿਣਤੀ ਵਧ ਕੇ ਹੁਣ 75,97,063 ਆਈ ਹੈ। ਅੱਜ ਭਾਰਤ ਵਿਚ 46,790 ਨਵੇਂ ਕਰੋਨਾ ਕੇਸ ਆਏ ਤੇ 24 ਘੰਟਿਆਂ ਦੌਰਾਨ 587 ਜਣਿਆਂ ਨੇ ਕਰੋਨਾ ਨਾਲ ਦਮ ਤੋੜ ਦਿੱਤਾ, ਜਿਸ ਮਗਰੋਂ ਮਰਨ ਵਾਲਿਆਂ ਦੀ ਕੁੱਲ ਗਿਣਤੀ 1,15,197 ਹੋ ਗਈ ਹੈ।
ਲਗਾਤਾਰ ਦੂਜੇ ਦਿਨ ਅੱਜ ਮਰਨ ਵਾਲਿਆਂ ਦਾ ਅੰਕੜਾ 600 ਤੋਂ ਹੇਠਾਂ ਆਇਆ ਹੈ। 67 ਲੱਖ ਲੋਕ ਕਰੋਨਾ ਨੂੰ ਮਾਤ ਦੇ ਚੁੱਕੇ ਹਨ। ਪਿਛਲੇ ਚਾਰ ਦਿਨਾਂ ਤੋਂ ਸਰਗਰਮ ਕੇਸਾਂ ਦੀ ਗਿਣਤੀ 8 ਲੱਖ ਤੋਂ ਘੱਟ ਆ ਰਹੀ ਹੈ। ਦੇਸ਼ ਵਿਚ 28 ਜੁਲਾਈ ਨੂੰ 47,703 ਕਰੋਨਾ ਕੇਸ ਆਏ ਸਨ। ਸਰਗਰਮ 7,48,538 ਕੇਸਾਂ ਵਿਚੋਂ 67,33,328 ਦੇ ਠੀਕ ਹੋਣ ਨਾਲ ਦੇਸ਼ ਵਿਚ ਕਰੋਨਾ ਦਾ ਰਿਕਵਰੀ ਰੇਟ 88.63 ਫ਼ੀਸਦੀ ਰਿਹਾ ਜਦਕਿ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਕੁੱਲ ਕੇਸਾਂ ਦਾ 1.52 ਫ਼ੀਸਦੀ ਹੈ।