ਟੋਹਾਣਾ (ਸਮਾਜ ਵੀਕਲੀ): ਹਿਸਾਰ ਦੀ ਚੰਡੀਗੜ੍ਹ ਰੋਡ ’ਤੇ ਪੈਂਦੀ ਬੱਚਿਆਂ ਦੀ ਬਾਲ ਸੁਧਾਰ ਜੇਲ੍ਹ ਵਿੱਚ ਰਾਤ ਦਾ ਖਾਣਾ ਖਾਣ ਮਗਰੋਂ 17 ਨਾਬਾਲਗ ਕੈਦੀ ਤਿੰਨ ਗਾਰਡਾਂ ਦੀ ਕੁੱਟਮਾਰ ਕਰਕੇ ਗੇਟ ਦੇ ਤਾਲੇ ਦੀ ਚਾਬੀ ਖੋਹ ਕੇ ਫ਼ਰਾਰ ਹੋ ਗਏ। ਫ਼ਰਾਰ ਹੋਏ ਕੈਦੀਆਂ ਵਿੱਚੋਂ 8 ਬਾਲ ਕੈਦੀ ਕਤਲ ਦੇ ਮਾਮਲਿਆਂ ’ਚ ਬੰਦੀ ਹਨ। ਇਸੇ ਦੌਰਾਨ ਪੁਲੀਸ ਵੱਲੋਂ ਸੱਤ ਫ਼ਰਾਰ ਨਾਬਾਲਗ ਕੈਦੀਆਂ ਨੂੰ ਕਾਬੂ ਕਰ ਲਏ ਜਾਣ ਦੀ ਸੂਚਨਾ ਹੈ। ਪੁਲੀਸ ਮੁਤਾਬਕ ਫ਼ਰਾਰ ਨਾਬਾਲਗ ਕੈਦੀਆਂ ਵਿੱਚ ਕਤਲ, ਲੁੱਟਖੋਹਾਂ ਤੇ ਜਬਰ-ਜਨਾਹ ਨਾਲ ਸਬੰਧਤ ਕੈਦੀ ਵੀ ਸ਼ਾਮਲ ਹਨ।
ਇਸ ਘਟਨਾ ਮਗਰੋਂ ਹਿਸਾਰ ਜ਼ਿਲ੍ਹੇ ਦੀਆਂ ਸੜਕਾਂ ’ਤੇ ਪੁਲੀਸ ਦੀਆਂ ਗੱਡੀਆਂ ਦੇ ਸਾਇਰਨ ਵੱਜਦੇ ਰਹੇ ਤੇ ਪੁਲੀਸ ਪਿੰਡਾਂ ਵਿੱਚ ਪੁੱਜਣ ਵਾਲੇ ਨਾਬਾਲਗ ਕੈਦੀਆਂ ਨੂੰ ਕਾਬੂ ਕਰਨ ਲਈ ਮਦਦ ਬਾਰੇ ਸਪੀਕਰਾਂ ਰਾਹੀਂ ਜਾਣਕਾਰੀ ਸਾਂਝੀ ਕਰਦੀ ਰਹੀ।
ਪੁਲੀਸ ਅਧਿਕਾਰੀਆਂ ਮੁਤਾਬਕ ਸੋਮਵਾਰ ਰਾਤ ਖਾਣਾ ਖਾਣ ਲਈ ਕੰਪਾਊਂਡ ’ਚ ਲਿਆਂਦੇ ਗਏ ਇਹ ਬਾਲ ਕੈਦੀ ਵਾਪਸੀ ਸਮੇਂ ਗੇਟ ਦੇ ਪਿੱਛੇ ਕੰਧ ਨਾਲ ਲੁਕ ਗਏ।
ਗੇਟ ਬੰਦ ਕਰਨ ਸਮੇਂ ਉਨ੍ਹਾਂ ਗਾਰਡ ’ਤੇ ਹਮਲਾ ਕਰ ਦਿੱਤਾ ਅਤੇ ਉਸਦੇ ਬਚਾਅ ਲਈ ਆਏ ਦੂਜੇ ਗਾਰਡ ਨੂੰ ਵੀ ਫੜ ਲਿਆ। ਗਾਰਡਾਂ ਦੀ ਕੁੱਟਮਾਰ ਕਰਨ ਮਗਰੋਂ ਗੇਟ ਦੀਆਂ ਚਾਬੀਆਂ ਖੋਹ ਕੇ ਉਹ ਫਰਾਰ ਹੋ ਗਏ। ਇਸੇ ਦੌਰਾਨ ਪੁਲੀਸ ਨੇ ਤਲਾਸ਼ ਦੌਰਾਨ ਸੱਤ ਫ਼ਰਾਰ ਬਾਲ ਕੈਦੀਆਂ ਨੂੰ ਕਾਬੂ ਕਰ ਲਿਆ ਲਿਆ ਗਿਆ ਪਰ ਪੁਲੀਸ ਵਿਭਾਗ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਬਾਲ ਸੁਧਾਰ ਜੇਲ੍ਹ ਦੇ ਜ਼ਖ਼ਮੀ ਹੋਏ ਗਾਰਡ ਚੰਦਰਕਾਂਤ ਤੇ ਤਲਵਿੰਦਰ ਨੂੰ ਹਿਸਾਰ ਹਸਪਤਾਲ ’ਚ ਭਰਤੀ ਕਰਵਾਇਆ ਹੈ। ਉਨ੍ਹਾਂ ਦੇ ਸਿਰ ਵਿੱਚ ਸੱਟਾਂ ਹਨ।