ਪਟਿਆਲਾ, (ਸਮਾਜ ਵੀਕਲੀ) : ਪਟਿਆਲਾ ਪੁਲੀਸ ਨੇ ਨਾਭਾ ਜੇਲ੍ਹ ’ਚ ਬੰਦ ਏ ਗਰੇਡ ਦੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਦੋ ਨੇੜਲੇ ਸਾਥੀ ਗੈਂਗਸਟਰਾਂ ਨੂੰ ਦੋ ਪਿਸਤੌਲਾਂ ਅਤੇ ਛੀਟਾਂਵਾਲਾ ਤੋਂ ਖੋਹੀ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਭਾਵੇਂ ਅਜੇ ਪੁਲੀਸ ਜਾਂਚ ਜਾਰੀ ਹੈ, ਪਰ ਮੁਢਲੀ ਤਫ਼ਤੀਸ਼ ਦੇ ਹਵਾਲੇ ਨਾਲ਼ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਦਿਲਪ੍ਰੀਤ ਬਾਬਾ ਜੇਲ੍ਹ ਵਿਚ ਬੈਠ ਕੇ ਹੀ ਜਿਥੇ ਆਪਣੇ ਗਰੋਹਾਂ ਨੂੰ ਸਰਗਰਮ ਰੱਖ ਰਿਹਾ ਹੈ, ਉਥੇ ਹੀ ਉਸ ਨੇ ਇਨ੍ਹਾਂ ਗਰੋਹਾਂ ਰਾਹੀਂ ਵੱਡੇ ਕਾਰੋਬਾਰੀਆਂ ਕੋਲ਼ੋਂ ਫਿਰੌਤੀਆਂ ਵਸੂਲਣ ਦਾ ਧੰਦਾ ਵੀ ਕਥਿਤ ਰੂਪ ਵਿਚ ਜਾਰੀ ਰੱਖਿਆ ਹੋਇਆ ਹੈ। ਦੱਸਣਯੋਗ ਹੈ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਪਟਿਆਲਾ ਪੁਲੀਸ ਬਾਬੇ ਨੂੰ ਵੀ ਭਲਕੇ ਨਾਭਾ ਜੇਲ੍ਹ ਤੋਂ ਪ੍ਰਾਡਕਸ਼ਨ ਵਾਰੰਟਾਂ ’ਤੇ ਲਿਆ ਰਹੀ ਹੈ। ਪਟਿਆਲਾ ਦੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਮੁਤਾਬਿਕ ਇਨ੍ਹਾਂ ਮੁਲਜ਼ਮਾਂ ਵਿੱਚ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਵਾਸੀ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਅਤੇ ਕੁਲਵੰਤ ਸਿੰਘ ਜੱਗੂ ਵਾਸੀ ਪੱਕੀ ਟਿੱਬੀ ਜ਼ਿਲ੍ਹਾ ਸ੍ਰੀ ਮੁਕਤਸਰ ਦੇ ਨਾਮ ਸ਼ਾਮਲ ਹੈ।