ਚੀਨ ਪੁਰਾਣੀ ਸਥਿਤੀ ਬਹਾਲ ਕਰੇ: ਭਾਰਤ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਨੇ ਅੱਜ ਫ਼ੌਜੀ ਪੱਧਰ ਦੀ ਸੱਤਵੇਂ ਗੇੜ ਦੀ ਬੈਠਕ ਦੌਰਾਨ ਚੀਨ ਨੂੰ ਅਪਰੈਲ ਵਾਲੀ ਸਥਿਤੀ ਬਹਾਲ ਕਰਨ ਦਾ ਦਬਾਅ ਬਣਾਇਆ। ਊਨ੍ਹਾਂ ਸਰਹੱਦੀ ਵਿਵਾਦ ਦੇ ਹੱਲ ਲਈ ਚੀਨ ਨੂੰ ਪੂਰਬੀ ਲੱਦਾਖ ’ਚੋਂ ਸਾਰੇ ਵਿਵਾਦਤ ਖੇਤਰਾਂ ’ਚੋਂ ਆਪਣੀ ਫ਼ੌਜ ਵੀ ਪਿੱਛੇ ਹਟਾਊਣ ਲਈ ਕਿਹਾ ਹੈ। ਦੋਵੇਂ ਮੁਲਕਾਂ ਵਿਚਕਾਰ ਗੱਲਬਾਤ ਦੁਪਹਿਰ 12 ਵਜੇ ਦੇ ਕਰੀਬ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤੀ ਇਲਾਕੇ ਚੁਸ਼ੂਲ ’ਚ ਸ਼ੁਰੂ ਹੋਈ ਜੋ ਰਾਤ ਸਾਢੇ 8 ਵਜੇ ਤੱਕ ਚਲਦੀ ਰਹੀ।

ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਿਤ 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਿਸ ’ਚ ਸੰਯੁਕਤ ਸਕੱਤਰ (ਪੂਰਬੀ ਏਸ਼ੀਆ) ਨਵੀਨ ਸ੍ਰੀਵਾਸਤਵ ਵੀ ਹਾਜ਼ਰ ਸਨ। ਵਾਰਤਾ ਦੇ ਵੇਰਵਿਆਂ ਬਾਰੇ ਅਜੇ ਸਰਕਾਰੀ ਤੌਰ ’ਤੇ ਕੁਝ ਵੀ ਨਹੀਂ ਕਿਹਾ ਗਿਆ ਹੈ ਪਰ ਸੂਤਰਾਂ ਨੇ ਕਿਹਾ ਕਿ ਗੱਲਬਾਤ ਦਾ ਏਜੰਡਾ ਸਾਰੇ ਵਿਵਾਦਤ ਸਥਾਨਾਂ ਤੋਂ ਫ਼ੌਜ ਨੂੰ ਪਿਛਾਂਹ ਹਟਾਊਣ ਦੇ ਖਾਕੇ ਨੂੰ ਅੰਤਿਮ ਰੂਪ ਦੇਣਾ ਸੀ। ਚੀਨ ਨਾਲ ਸਰਹੱਦੀ ਵਿਵਾਦ ਛੇਵੇਂ ਮਹੀਨੇ ’ਚ ਦਾਖ਼ਲ ਹੋ ਗਿਆ ਹੈ ਪਰ ਇਸ ਦੇ ਛੇਤੀ ਸੁਲਝਣ ਦੇ ਆਸਾਰ ਘੱਟ ਹੀ ਜਾਪਦੇ ਹਨ। ਪੂਰਬੀ ਲੱਦਾਖ ’ਚ ਸਰਹੱਦ ਦੇ ਦੋਵੇਂ ਪਾਸਿਆਂ ’ਤੇ ਭਾਰਤੀ ਅਤੇ ਚੀਨੀ ਫ਼ੌਜ ਦੇ ਕਰੀਬ ਇਕ ਲੱਖ ਜਵਾਨ ਤਾਇਨਾਤ ਹਨ।

Previous articleਦਲਿਤ ਵਿਦਿਆਰਥੀਆਂ ਨੂੰ ਮਿਲੇਗੀ ਨਵੀਂ ਵਜ਼ੀਫ਼ਾ ਸਕੀਮ
Next articleਸਟੈਨਫੋਰਡ ਦੇ ਮਿਲਗਰੋਮ ਤੇ ਵਿਲਸਨ ਨੂੰ ਅਰਥਸ਼ਾਸਤਰ ਦਾ ਨੋਬੇਲ