ਸ੍ਰੀ ਆਨੰਦਪੁਰ ਸਾਹਿਬ (ਸਮਾਜ ਵੀਕਲੀ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਮੰਗ ’ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਸੂਬਾ ਸਰਕਾਰ ਨੇ ਲੈਣਾ ਹੈ ਪਰ ਜਿਸ ਢੰਗ ਨਾਲ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦੇ ਕੇ ਸੈਸ਼ਨ ਸੱਦਣ ਅਤੇ ਬਾਈਕਾਟ ਦੀ ਧਮਕੀ ਦਿੱਤੀ ਹੈ ਉਹ ਬਿਲਕੁਲ ਗੈਰਵਾਜਬ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਕਿਸੇ ਦਬਾਅ ਥੱਲੇ ਨਹੀਂ ਬੁਲਾਇਆ ਜਾ ਸਕਦਾ।
ਸਪੀਕਰ ਰਾਣਾ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਦੀ ਮੰਗ ਕਰਨਾ ਹੋਰ ਗੱਲ ਹੈ ਪਰ ਕਿਸਾਨ ਜਥੇਬੰਦੀਆਂ ਦਾ ਤਰੀਕਾ ਠੀਕ ਨਹੀਂ। ਸਪੀਕਰ ਨੇ ਅਗੰਮਪੁਰ ਅਨਾਜ ਮੰਡੀ ਦਾ ਦੌਰਾ ਕਰਨ ਵੇਲੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਗਏ ਹਨ ਅਤੇ ਸਾਡੀ ਲੜਾਈ ਵੀ ਕੇਂਦਰ ਸਰਕਾਰ ਨਾਲ ਹੈ ਅਤੇ ਕਿਸਾਨਾਂ ਵਲੋਂ ਆਪਣੀ ਹੱਕੀ ਮੰਗਾਂ ਲਈ ਆਪਣੇ ਘਰ ਸੂਬੇ ਪੰਜਾਬ ਵਿਚ ਰੇਲਾਂ ਰੋਕੀਆਂ ਜਾ ਰਹੀਆਂ ਹਨ ਜਿਸ ਕਾਰਨ ਸੂਬੇ ਵਿਚ ਤੇਲ, ਖਾਦਾਂ ਅਤੇ ਸਬਜ਼ੀਆਂ ਦੀ ਕਿੱਲਤ ਆ ਰਹੀ ਹੈ।
ਕੋਲੇ ਦੀ ਕਿੱਲਤ ਕਾਰਨ ਆਉਣ ਵਾਲੇ ਦਿਨਾਂ ਵਿਚ ਪੂਰੇ ਪੰਜਾਬ ਅੰਦਰ ਬਿਜਲੀ ਦਾ ਬਹੁਤ ਵੱਡਾ ਸੰਕਟ ਪੈਦਾ ਹੋ ਜਾਵੇਗਾ, ਜਿਸ ਨਾਲ ਸਮੁੱਚਾ ਪੰਜਾਬ ਪ੍ਰਭਾਵਿਤ ਹੋਵੇਗਾ। ਇਸ ਲਈ ਇਹ ਸਾਰੇ ਮੋਰਚੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਲਾਏ ਜਾਣੇ ਚਾਹੀਦੇ ਹਨ।